ਕਹਾਣੀਨਾਮਾ 28: ਪੜ੍ਹੋ ਦੋ ਮਿੰਨੀ ਕਹਾਣੀਆਂ 'ਖ਼ਾਸ ਬੰਦਾ' ਅਤੇ 'ਉਠੋ! ਤੁਸੀਂ ਲੇਟ ਹੋ ਗਏ'

04/18/2021 1:56:00 PM

ਖ਼ਾਸ ਬੰਦਾ

ਫੌਜ 'ਚੋਂ ਸੇਵਾ ਮੁਕਤ ਉਮਰ ਦਾਰਾਜ਼ ਮੇਰੇ ਦਾਦਾ ਜੀ, ਦਾਦੀ ਜੀ ਦੀ ਮੌਤ ਤੋਂ ਦੋ ਕੁ ਮਹੀਨੇ ਬਾਅਦ ਹੀ ਅਚਾਨਕ ਅਕਾਲ ਚਲਾਨਾ ਕਰ ਗਏ ਤੇ ਉਨ੍ਹਾਂ ਦੀ ਮੌਤ ਨੇ ਸਾਰੇ ਟੱਬਰ ਨੂੰ ਜਿਵੇਂ ਸਕਤੇ ਵਿਚ ਪਾ ਦਿੱਤਾ ਸੀ। ਬਹੁਤਾ ਦੁੱਖ ਮੌਤ ਦਾ ਨਹੀਂ ਸੀ ਜਿੰਨਾਂ ਸਰਫੇ ਦੀ ਜ਼ਮੀਨ ਜਾਇਦਾਦ ਦੀ ਵੰਡ ਵੰਡਾਈ ਦਾ ਸੀ ਕਿਉਂਕਿ ਜਾਇਦਾਦ ਦੀ ਕੋਈ ਵਸੀਅਤ ਦਾਦਾ ਜੀ ਨੇ ਬਣਾਈ ਹੋਵੇ ਕਿਸੇ ਨੂੰ ਕੁਝ ਅਤਾ-ਪਤਾ ਨਹੀਂ ਸੀ। ਵੰਡ ਵੰਡਾਈ ਦਾ ਇਹ ਸਿਆਪਾ ਟੱਬਰ ਵਿਚ ਭੋਗ ਤੋਂ ਪਹਿਲਾਂ ਹੀ ਪੈ ਗਿਆ ਸੀ ਕਿਉਂਕਿ ਸਾਡੇ ਪਰਿਵਾਰ ਤੇ ਚਾਚੇ ਦੇ ਪਰਿਵਾਰ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ। ਭੋਗ ਤੋਂ ਚਾਰ ਕੁ ਦਿਨ ਪਹਿਲਾਂ ਮੇਰੀ ਵੱਡੀ ਭੂਆ ਬਿਸ਼ਨੋ ਨੇ ਇਕ ਵਸੀਅਤ ਮੇਰੇ ਦਾਦੇ ਦੇ ਦੋ ਪੁੱਤਰਾਂ ਭਾਵ ਮੇਰੇ ਬਾਪੂ ਅਤੇ ਚਾਚੇ ਸਾਹਮਣੇ ਲਿਆ ਧਰੀ ਜਿਸ ਵਿਚ ਦਾਦਾ ਜੀ ਨੇ ਆਪਣੇ ਤਿੰਨੋਂ ਬੱਚਿਆਂ ਦਰਮਿਆਨ ਘਰ ਅਤੇ ਜ਼ਮੀਨ ਦੀ ਵੰਡ ਵੰਡਾਈ ਬਰਾਬਰ ਤਿੰਨ ਹਿੱਸਿਆਂ ਵਿਚ ਕਰ ਦਿੱਤੀ ਹੋਈ ਸੀ। ਕੁਝ ਅੜੀ ਫੜੀ ਤੋਂ ਬਾਅਦ ਦੋਹਾਂ ਭਰਾਵਾਂ ਨੇ ਉਸ ਵਸੀਹਤ ਨੂੰ ਮੰਨ ਲਿਆ ਪਰ ਭੂਆ ਦੇ ਆਪਣਾ ਹਿੱਸਾ ਲੈ ਜਾਣ ਦੇ ਫ਼ੈਸਲੇ ਤੋਂ ਦੋਵੇਂ ਭਰਾ ਅੰਦਰੋ-ਅੰਦਰੀ ਔਖੇ ਜ਼ਰੂਰ ਸਨ। "ਬੁੜ੍ਹਾ ਕਰ ਗਿਆ ਨਾ ਫੌਜੀਆਂ ਵਾਲੀ!" ਬਾਪੂ ਮੈਨੂੰ ਸੰਬੋਧਨ ਹੁੰਦਿਆਂ ਬੋਲਿਆ ਸੀ। 
ਭੋਗ ਦੇ ਖਰਚ ਲਈ ਦਾਦਾ ਜੀ ਭੂਆ ਨੂੰ ਵੀਹ ਹਜ਼ਾਰ ਰੁਪਏ ਪਹਿਲਾਂ ਈ ਫੜਾ ਗਏ ਸਨ ਕਿਉਂਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਪੈਨਸ਼ਨ ਬੰਦ ਹੋ ਜਾਣੀ ਸੀ ਤੇ ਆਪਣਾ ਪਹਿਲਾ ਜਮ੍ਹਾਂ ਪੈਸਾ ਉਨ੍ਹਾਂ ਆਪਣੇ ਜਿਉਂਦੇ ਜੀ ਪੋਤੇ ਪੋਤੀਆਂ ਤੇ ਦੋਹਤੇ-ਦੋਹਤੀਆਂ ਦੇ ਨਾਂ ਕਰਵਾ ਦਿੱਤਾ ਸੀ।
ਬਾਕੀ ਵੰਡ ਵੰਡਾਈ ਤਾਂ ਸੁੱਖ ਸੁਵੀਲੀ ਹੋ ਗਈ ਪਰ ਦਾਦਾ ਜੀ ਤੌੜ ਅਤੇ ਮੋਟਰ ਦੀ ਵੰਡ ਕਰਨੀ ਭੁੱਲ ਗਏ ਸਨ। ਪਤਾ ਨਹੀਂ ਇਸ ਪਿੱਛੇ ਉਨ੍ਹਾਂ ਦੀ ਕੀ ਯੋਜਨਾ ਸੀ! ਭੂਆ ਨੇ ਤੌੜ ਅਤੇ ਮੋਟਰ ਤੋਂ ਆਪਣਾ ਹੱਕ ਛੱਡ ਦਿੱਤਾ। ਹੁਣ ਇਹ ਵੰਡ ਦੋਹਾਂ ਭਰਾਵਾਂ ਵਿਚ ਹੋਣੀ ਸੀ। ਤੌੜ ਦਾ ਮੁੱਲ ਪਾਇਆ ਗਿਆ ਤੇ ਕੁੱਲ੍ਹ ਪੈਸਿਆਂ ਦਾ ਅੱਧ ਬਾਪੂ ਨੇ ਚਾਚੇ ਨੂੰ ਦੇਣਾ ਮੰਨ ਕੇ ਤੌੜ ਰੱਖ ਲਿਆ। ਇਹ ਵੰਡ ਪੰਚਾਇਤ 'ਚ ਬਹਿ ਕੇ ਕਰ ਲਈ ਗਈ ਤੇ ਲਿਖ ਲਿਖਾ ਵਾਸਤੇ ਦੋਵੇਂ ਭਰਾ ਇਕ ਦਿਨ ਲੰਬੜਦਾਰ ਨੂੰ ਲੈ ਕੇ ਸ਼ਹਿਰ ਚਲੇ ਗਏ। ਮਸਲਾ ਲਿਖ ਲਿਖਾਈ ਦੇ ਖ਼ਰਚ ਦਾ ਉਠ ਪਿਆ ਕਿ ਇਹ ਪੰਜ ਸੌ ਰੁਪਏ ਕੌਣ ਦੇਵੇਗਾ? ਦੋਵੇਂ ਭਰਾ ਅੜ ਗਏ...ਤੂੰ ਦੇ! ਮੈਂ ਕਿਉਂ ਦੇਵਾਂ.....ਮੈਂ ਕਿਉਂ ਦੇਵਾਂ ?ਤੂੰ ਦੇ! ਕਰਦੇ ਕਰਦੇ ਬਿਨ੍ਹਾਂ ਲਿਖਤ ਪੜ੍ਹਤ ਕੀਤਿਆਂ ਘਰ ਆ ਗਏ। 
ਪਤਾ ਲੱਗਣ 'ਤੇ ਮੈਂ ਕਿਹਾ, "ਬਾਪੂ ਜੀ ਤੁਸੀਂ ਦੇ ਦਿੰਦੇ ਪੰਜ ਸੌ ਰੁਪਿਆ ਕੀ ਫਰਕ ਪੈ ਚੱਲਿਆ ਸੀ? "
"ਮੈਂ ਕਿਉਂ ਦੇ ਦਿੰਦਾ? ਲੰਬੜਦਾਰ ਮੇਰਾ ਖ਼ਾਸ ਬੰਦਾ...ਉਹ ਕਹਿੰਦਾ ਆਪਾਂ ਨੀ ਦੇਣੇ...ਆਪੇ ਦੇਣਗੇ ਜਿਨ੍ਹਾਂ ਪੈਹੇ ਵੱਟਣੇ ਆ...ਅਹੀਂ ਮੁੱਲ ਵੀ ਤਾਰੀਏ ਤੇ ਲਿਖਾਈਆਂ ਵੀ ਦੇਈਏ!", ਕਹਿੰਦਿਆਂ ਬਾਪੂ ਮੇਰੇ ਵੱਲ ਅੱਖਾਂ ਕੱਢਣ ਲੱਗ ਪਿਆ।
 "ਲੰਬੜਦਾਰ ਨੇ ਇਹੋ ਗੱਲ ਭਾਵੇਂ ਚਾਚੇ ਨੂੰ ਵੀ ਆਖਤੀ ਹੋਵੇ...ਚੰਗਾ ਫਿਰ ਭੋਗਿਓ ਹੁਣ...ਕੋਰਟ ਕਚਹਿਰੀ ਤੇ ਵਕੀਲਾਂ ਦੀਆਂ ਫੀਸਾਂ...ਫੈਸਲਾ ਭਾਵੇਂ ਦਸ ਸਾਲ ਨਾ ਹੋਵੇ!"
"ਨਾ ਹੋਵੇ ਫੈਸਲਾ, ਮੈਨੂੰ ਡਰੀ ਮਾਰੀ ਐ ...ਨਾਲੇ ਤੂੰ ਚੁੱਪ ਕਰ ਕਾਲੀ ਜ਼ੁਬਾਨ ਵਾਲਿਆਂ ਤੇਰੀਆਂ ਕਹੀਆਂ ਅੱਗੇ ਈ ਸੱਚੀਆਂ ਹੋ ਜਾਂਦੀਆਂ!" , ਬਾਪੂ ਬੋਲਦਾ ਬੋਲਦਾ ਬਾਹਰ ਨੂੰ ਚਲਾ ਗਿਆ।......ਚਾਚੇ ਕਿਆਂ ਨੇ ਤੌੜ ਦੀ ਵੰਡ ਦਾ ਕੇਸ ਕਰ ਦਿੱਤਾ ਤੇ ਦੋਵੇਂ ਧਿਰਾਂ ਲਿਖਾਈ ਦੇ ਪੈਸੇ ਬਚਾਉਂਦਿਆਂ ਬਚਾਉਂਦਿਆਂ ਸ਼ਹਿਰ ਦੇ ਗੇੜਿਆਂ ਤੇ ਹੋਰ ਖ਼ਰਚਿਆਂ 'ਤੇ ਆਪੋ ਆਪਣੀਆਂ ਜੇਬਾਂ ਹਲਕੀਆਂ ਕਰਨ ਲੱਗੀਆਂ। ਇਸ ਘਟਨਾ ਨੂੰ ਪੂਰੇ ਦਸ ਸਾਲ ਬੀਤ ਗਏ ....ਮੋਟਰ ਦੇ ਪਾਈਪ ਜੰਗਾਲੇ ਗਏ ਤੇ ਤੌੜ ਵਿਚ ਪੂਰਾ ਜੰਗਲ ਉੱਗ ਆਇਆ ਸੀ। ਦੋਵੇਂ ਧਿਰਾਂ ਜ਼ਿੱਦ ਦੀਆਂ ਮਾਰੀਆਂ ਲੰਬੜਦਾਰ ਦੀ ਮੋਟਰ ਤੋਂ ਮੁੱਲ ਦਾ ਪਾਣੀ ਆਪੋ ਆਪਣੇ ਖੇਤਾਂ ਨੂੰ ਲਾ ਰਹੀਆਂ ਸਨ...ਤੇ ਲੰਬੜਦਾਰ ਦੋਹਾਂ ਧਿਰਾਂ ਦਾ ਹੁਣ ਤੱਕ ਵੀ 'ਖ਼ਾਸ ਬੰਦਾ' ਬਣਿਆ ਹੋਇਆ ਸੀ। 
 

ਲੇਖਕ- ਡਾ.ਰਾਮ ਮੂਰਤੀ

PunjabKesari

ਇਹ ਵੀ ਪੜ੍ਹੋ- ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'

'ਉਠੋ! ਤੁਸੀਂ ਲੇਟ ਹੋ ਗਏ' -

ਅੱਜ ਤੜਕਸਾਰ ਮੈਨੂੰ ਇਕ ਸੁਪਨਾ ਆਇਆ ਜਿਸ ਦਾ ਜ਼ਿਕਰ ਮੈਂ ਇਥੇ ਕਰ ਰਿਹਾ ਹਾਂ :
ਸਾਡੇ ਮੁਲਕ ਦੇ ਇਕ ਪ੍ਰਧਾਨ ਮੰਤਰੀ ਬੈਂਕ ਵਿਚ ਮੈਨੇਜਰ ਲੱਗੇ ਹੋਏ ਹਨ। ਉਸ ਬੈਂਕ ਵਿਚ ਮੈਂ ਤੇ ਮੇਰਾ ਇਕ ਦੋਸਤ ਵੀ, ਮੁਲਾਜ਼ਮ ਹਾਂ।
ਸੁਪਨੇ ਦਾ ਪਹਿਲਾ ਦ੍ਰਿਸ਼ :
ਮੇਰੇ ਉਸ ਦੋਸਤ ਦੇ ਦੋ ਬੱਚੇ ਬੈਂਕ ਦੇ ਬਾਹਰ ਖੇਡ ਰਹੇ ਹਨ। ਬੜੇ ਪਿਆਰੇ ਤੇ ਕਿਊਟ ਬੱਚੇ ਹਨ। ਮੈਂ ਉਨ੍ਹਾਂ ਨਾਲ ਗੱਲੀਂ ਲੱਗ ਜਾਂਦਾ ਹਾਂ। ਉਨ੍ਹਾਂ ਨੂੰ ਪਿਆਰ ਕਰਨ ਲੱਗ ਜਾਂਦਾ ਹਾਂ। ਇਕ ਬੱਚਾ ਮੈਨੂੰ ਆਖਦਾ ਹੈ,"ਅੰਕਲ! ਖਿਡੌਣੇ ਦੇ ਦੋ, ਖੇਡਣਾ ਹੈ!"
ਮੈਂ ਆਪਣਾ ਬਟੂਆਂ ਤੇ ਇਕ ਸਟੀਲ ਦਾ ਗਿਲਾਸ ਉਨ੍ਹਾਂ ਨੂੰ ਦੇ ਦਿੰਦਾ ਹਾਂ। ਬੱਚੇ ਖੇਡਣ ਲੱਗ ਜਾਂਦੇ ਹਨ। ਮੈਂ ਬੈਂਕ ਦੇ ਅੰਦਰ ਚਲਾ ਜਾਂਦਾ ਹਾਂ।
ਸੁਪਨੇ ਦਾ ਦੂਜਾ ਦ੍ਰਿਸ਼ :
ਮੈਨੇਜਰ ਲੱਗੇ ਪ੍ਰਧਾਨ ਮੰਤਰੀ ਜੀ ਨੇ ਬੈਂਕ ਦੇ ਸਾਰੇ ਸਟਾਫ਼ ਦੀ ਮੀਟਿੰਗ ਬੁਲਾਈ ਹੋਈ ਹੈ। ਉਹ ਬੋਲਦੇ ਹਨ,
"ਬੈਂਕ ਦੇ ਕੁਝ ਸਟਾਫ਼ ਮੈਂਬਰਾਂ ਨੂੰ ਪਾਣੀ ਪੀਣ ਵਿਚ ਦਿੱਕਤ ਆਉਂਦੀ ਹੈ, ਇਸ ਲਈ ਬੈਂਕ ਵਿਚ ਪਾਣੀ ਦੇ ਦੋ ਘੜ੍ਹੇ ਰਖਾਏ ਜਾਣਗੇ...ਇਕ ਉਪਰ ਲਿਖਿਆ ਜਾਵੇਗਾ ਹਿੰਦੂ ਪਾਣੀ ਤੇ ਦੂਸਰੇ ਉਪਰ ਲਿਖਾਇਆ ਜਾਵੇਗਾ ਮੁਸਲਿਮ ਪਾਣੀ।ਸਕੂਲਾਂ ਕਾਲਜਾਂ 'ਚ ਵੀ ਇਵੇਂ ਹੀ ਕਰਾਂਗੇ।"
ਸਾਰਾ ਸਟਾਫ਼ ਚੁੱਪ ਰਹਿੰਦਾ ਹੈ। ਚੁੱਪ ਨੂੰ ਤੋੜਦਿਆਂ ਮੈਂ ਆਖਦਾ ਹਾਂ, "ਮੈਂ ਇਸ ਦਾ ਵਿਰੋਧ ਕਰਦਾ ਹਾਂ ਸਰ! ਮੈਂ ਮਤੇ ਉਪਰ ਇਸ ਦੇ ਵਿਰੋਧ 'ਚ ਦਸਤਖ਼ਤ ਕਰਾਂਗਾ...ਮੈਂ ਪੁੱਛਦਾ ਹਾਂ ਕੱਲ੍ਹ ਨੂੰ ਕੀ ਤੁਸੀਂ ਹੋਰ ਘੜ੍ਹੇ ਵੀ ਰਖਵਾਉਂਗੇ ਜਿਵੇਂ ਬ੍ਰਾਹਮਣ ਪਾਣੀ, ਚਮਾਰ ਪਾਣੀ, ਘੁਮਿਆਰ ਪਾਣੀ, ਨਾਈ ਪਾਣੀ...ਮੈਂ ਇਸ ਮਤੇ ਦਾ ਸਖ਼ਤ ਵਿਰੋਧ ਕਰਦਾ ਹਾਂ।"
ਮੇਰੀ ਗੱਲ ਸੁਣ ਕੇ ਮੈਨੇਜਰ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਹਨ,
"ਤੁਸੀ ਦਸਤਖ਼ਤ ਕਰੋ ਨਾ ਕਰੋ, ਵਿਰੋਧ 'ਚ ਕਰੋ ਜਾਂ ਹੱਕ 'ਚ ਕਰੋ , ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਹੋ ਕੇ ਰਹੇਗਾ… ਤੁਹਾਡੇ 'ਕੱਲਿਆਂ ਦੇ ਵਿਰੋਧ ਨਾਲ ਵੀ ਮਤਾ ਪਾਸ ਹੋ ਜਾਵੇਗਾ।"
ਦ੍ਰਿਸ਼ ਤੀਜਾ :
ਮੈਂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਨਿਕਲ ਜਾਂਦਾ ਹਾਂ। ਬਾਹਰ ਬਜ਼ਾਰਾਂ 'ਚ ਘੁੰਮਦਿਆਂ ਫਿਰਦਿਆਂ ਬਟੂਏ ਤੇ ਗਿਲਾਸ ਦਾ ਚੇਤਾ ਆਉਂਦਾ ਹੈ। ਫਿਰ ਬੈਂਕ ਦੇ ਗੇਟ ਅੱਗੇ ਆਉਂਦਾ ਹਾਂ...ਬੱਚੇ ਦਿਖਾਈ ਨਹੀਂ ਦਿੰਦੇ...ਅੰਦਰ ਜਾ ਕੇ ਦੋਸਤ ਨੂੰ ਪੁੱਛਦਾ ਹਾਂ...ਉਹ ਕਹਿੰਦਾ ਹੈ,
 "ਉਹ ਮੇਰੇ ਬੱਚੇ ਨਹੀਂ ਸਨ, ਤੁਹਾਨੂੰ ਭੁਲੇਖਾ ਪੈ ਗਿਆ, ਮੈਨੂੰ ਲੱਗਦਾ ਮੈਨੇਜਰ ਸਾਹਿਬ ਦੇ ਸਨ!"
ਦ੍ਰਿਸ਼ ਚੌਥਾ :  
ਮੈਨੇਜਰ ਸਾਹਿਬ ਆਉਣ ਵਾਲੇ ਹਨ...ਮੇਰੇ ਦੋਸਤ ਨੇ ਮਾਸਕ ਪਾਇਆ ਹੋਇਆ ਹੈ ਤੇ ਉਹ ਮੇਰੇ ਨਾਲ ਡਰਦਾ ਡਰਦਾ ਗੱਲ ਕਰ ਰਿਹਾ ਹੈ...ਅਚਾਨਕ ਬੈਂਕ ਦੇ ਦਰਵਾਜ਼ੇ ਇਕਦਮ ਖੁੱਲ੍ਹ ਜਾਂਦੇ ਹਨ...ਸਾਹਿਬ ਆ ਰਹੇ ਹਨ...ਮੈਂ ਬੈਂਕ ਤੋਂ ਬਾਹਰ ਆ ਜਾਂਦਾ ਹਾਂ...ਸਾਹਿਬ ਕਾਰ 'ਚੋਂ ਉਤਰ ਕੇ ਮਾਸਕ ਪਾਈ ਬੈਂਕ ਵੱਲ ਆ ਰਹੇ ਹਨ...ਮੈਂ ਸਾਹਿਬ ਨੂੰ ਨਮਸਤੇ ਬੁਲਾਉਂਦਾ ਹਾਂ ਤੇ ਉਹ ਥੋੜ੍ਹੀ ਜਿਹੀ ਧੌਣ ਝੁਕਾ ਕੇ ਮੈਨੂੰ ਉੱਤਰ ਦਿੰਦੇ ਹਨ...ਬੱਚਿਆਂ ਬਾਰੇ ਪੁੱਛਣ ਹੀ ਲੱਗਦਾ ਹਾਂ ਕਿ ਘਰ ਵਾਲੀ ਨੇ ਅਵਾਜ਼ ਮਾਰ ਦਿੱਤੀ, "ਉਠੋ! ਤੁਸੀਂ ਲੇਟ ਹੋ ਗਏ...ਛੇ ਵੱਜ ਗਏ...ਕਾਲਜ ਜਾਣਾਂ ਨੀ ਅੱਜ?"

ਕਹਾਣੀਕਾਰ -ਡਾ.ਰਾਮ ਮੂਰਤੀ


Aarti dhillon

Content Editor

Related News