ਕਹਾਣੀਨਾਮਾ ''ਚ ਪੜ੍ਹੋ ਅੱਜ ਦੀ ਕਹਾਣੀ ''ਵਰਦਾਨ''

Monday, Dec 26, 2022 - 12:25 AM (IST)

"ਧੀਆਂ ਨਾਲ ਘਰ ਭਰ ਲਿਆ... ਅੱਜ ਕੱਲ੍ਹ ਤਾਂ ਬਥੇਰੇ ਹੀਲੇ ਵਸੀਲੇ ਨੇ ਕਰ ਲੈਂਦੀ ਕੁਸ਼ ਜੰਮਣ ਤੋਂ ਪਹਿਲਾਂ। " ਬਿੰਦਰ ਇਹੀ ਸੁਣਦੀ ਆਈ ਸੀ ਆਪਣੀ ਸੱਸ ਤੋਂ । ਉਸ ਦੀ ਗੁਆਂਢਣ ਵੀ ਆ ਕੇ ਸਲਾਹਾਂ ਦਿੰਦੀ ਜਿਹਨੇ ਆਪਣੀ ਸਭ ਤੋਂ ਪਹਿਲੀ ਕੁੜੀ ਨੂੰ ਹੀ ਜਨਮ ਦਿੱਤਾ। ਉਸ ਤੋਂ ਬਾਅਦ ਤਿੰਨ ਕੁੜੀਆਂ ਖਤਮ ਕਰਕੇ ਮਸਾਂ ਮਸਾਂ ਪੁੱਤ ਦਾ ਮੂੰਹ ਦੇਖਿਆ ਸੀ। ਬਿੰਦਰ ਅਤੇ ਉਸ ਦੇ ਪਤੀ ਦਾ ਕਦੇ ਦਿਲ ਨਹੀਂ ਕੀਤਾ ਪਾਪ ਕਰਨ ਨੂੰ । ਦੋਵੇਂ ਰੱਬ ਤੋਂ ਡਰਨ ਵਾਲੇ ਸਨ। ਦੁਨੀਆਂ ਦੀਆਂ ਗੱਲਾਂ ਕਈ ਵਾਰ ਜ਼ਖਮੀ ਕਰ ਸੁੱਟਦੀਆਂ, ਮਨ ਉਦਾਸ ਵੀ ਹੋ ਜਾਂਦਾ। ਜਦੋਂ ਕੋਈ ਬਜ਼ੁਰਗ ਔਰਤ ਆਖ ਦਿੰਦੀ, " ਦੋਏ ਜੀਅ ਤੁਸੀਂ ਬਥੇਰੇ ਚੰਗੇ ਓਂ ....ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ।" ਮਨ ਵਿੱਚ ਕਿਤੇ ਕਮਜ਼ੋਰੀ ਤਾਂ ਰੜਕਦੀ ਪੁੱਤ ਨਾ ਹੋਣ ਦੀ....ਅੱਖਾਂ ਵੀ ਭਰਦੀਆਂ ਪਰ ਧੀਆਂ ਦੀ ਰੌਣਕ ਸਭ ਭੁਲਾ ਦਿੰਦੀ। ਕੁੜੀਆਂ ਵੱਡੀਆਂ ਹੋ ਕੇ ਸਾਰੇ ਕੰਮ ਵਿੱਚ ਮਾਪਿਆਂ ਦਾ ਹੱਥ ਵਟਾਉਂਦੀਆਂ... । 'ਕੱਲੀ ਪੜ੍ਹਾਈ ਤੇ ਨਾ ਰਹੀਆਂ .....ਕੋਈ ਵੀ ਕੰਮ ਮਾਪਿਆਂ ਨੂੰ ਸਿਖਾਉਣਾ ਨਾ ਪਿਆ ਦੇਖ ਦੇਖ ਕੇ ਹੀ ਨਿੱਕੇ ਨਿੱਕੇ ਹੱਥਾਂ ਨਾਲ ਕਰਨ ਲੱਗ ਪਈਆਂ । ਜਦੋਂ ਤਿੰਨ ਚਹੁੰ ਵਰ੍ਹਿਆਂ ਦੀ ਛੋਟੀ ਕੁੜੀ ਪੋਚਾ ਲਾ ਕੇ ਸੋਟੀ ਲੈ ਕੇ ਬੂਹੇ ਵਿੱਚ ਬੈਠ ਜਾਂਦੀ ਕਿ ਪੋਚਾ ਸੁੱਕਣ ਤੱਕ ਅੰਦਰ ਨਹੀਂ ਵੜਨਾ ਤਾਂ ਉਹ ਹੱਸ ਹੱਸ ਦੂਹਰੇ ਹੁੰਦੇ ਜਾਂਦੇ ।ਮਾਪਿਆਂ ਨੇ ਵੀ ਕਦੇ ਧੀਆਂ ਨੂੰ ਕੰਮ ਕਰਨ ਤੋਂ ਨਾ ਰੋਕਿਆ ਸਗੋਂ ਸ਼ਾਬਾਸ਼ ਦਿੰਦੇ । ਉਹਨਾਂ ਨੇ ਲੋਕਾਂ ਦੇ ਤਜ਼ਰਬਿਆਂ ਤੋਂ ਸਿੱਖਿਆ ਹੋਇਆ ਸੀ। ਕਈ ਘਰਾਂ ਵਿੱਚ ਇਹ ਗੱਲਾਂ ਹੁੰਦੀਆਂ ਦੇਖੀਆਂ ਹੋਈਆਂ ਸਨ ਕਿ ਸ਼ੁਰੂ ਸ਼ੁਰੂ ਵਿੱਚ ਮਾਪੇ ਆਪਣੀ ਔਲਾਦ ਨੂੰ ਲਾਡਾਂ ਲਾਡਾਂ ਨਾਲ ਕੰਮ ਨਹੀਂ ਕਰਨ ਦਿੰਦੇ, ਜਦੋਂ ਉਹਨਾਂ ਦੀਆਂ ਵਿਹਲੇ ਰਹਿਣ ਵਾਲੀਆਂ ਆਦਤਾਂ ਪੱਕ ਜਾਂਦੀਆਂ ਤਾਂ ਉਹੀ ਮਾਪੇ ਉਹਨਾਂ ਦੀਆਂ ਵਿਹਲੜ ਆਦਤਾਂ ਤੋਂ ਤੜਫਦੇ ਨੇ । 

ਧੀਆਂ ਦੇ ਨਿੱਕੇ ਹੱਥ ਜਦੋਂ ਵੱਡੇ ਹੋਏ ਤਾਂ ਕਿਤਾਬਾਂ ਚੁੱਕਣ ਦੇ ਨਾਲ ਨਾਲ ਮਾਪਿਆਂ ਦੀ ਮਦਦ ਲਈ ਵੀ ਤਿਆਰ ਰਹਿੰਦੇ। ਪਰ ਬਿੰਦਰ ਨੂੰ ਉਦਾਸੀ ਆ ਘੇਰਦੀ। ਕੁੜੀਆਂ ਸਿਆਣੀਆਂ ਹੋ ਗਈਆਂ। ਮਾਂ ਦੀ ਉਦਾਸੀ ਸਮਝਦੀਆਂ । ਹੁਣ ਉਹ ਲੋਕਾਂ ਦੀਆਂ ਉਹਨਾਂ ਗੱਲਾਂ ਤੇ ਖਿਝਦੀਆਂ ਜਿਹੜੀਆਂ ਉਹਨਾਂ ਦੀ ਮਾਂ ਨੂੰ ਉਦਾਸ ਕਰ ਦਿੰਦੀਆਂ।  ਕਈ ਵਾਰ ਆਪਣੀ ਮਾਂ ਨੂੰ ਪੁੱਛਦੀਆਂ," ਮਾਂ ਅਸੀਂ ਕੁਸ਼ ਵੀ ਨਹੀਂ ਤੇਰੀ ਨਿਗਾਹ ਵਿੱਚ ...ਲੋਕਾਂ ਦੇ ਕਹਿਣ ਤੇ ਵਿਚਾਰੀ ਜਿਹੀ ਬਣ ਕੇ ਅੱਖਾਂ ਭਰ ਲੈਨੀ ਐਂ।" ਇੱਕ ਦਿਨ ਵੱਡੀ ਕੁੜੀ ਨੇ ਮਾਂ ਨੂੰ ਬਾਂਹ ਤੋਂ ਫੜਿਆ ਤੇ ਪੌੜੀਆਂ ਦੇ ਅਧ ਵਿਚਕਾਰ ਜਾ ਕੇ ਰੁਕ ਗਈ, " ਮੰਮੀ ਅਹੁ ਸਾਹਮਣੇ ਦੇਖੋ ਗੁਆਂਢੀਆਂ ਦੇ ਘਰ ਵੱਲ।" 

" ਨਾ ਪੁੱਤ ਐਂ ਨੀ ਕਿਸੇ ਦੇ ਘਰ ਵੱਲ ਝਾਕੀਦਾ...ਬੁਰਾ ਲੱਗਦਾ ਐ।" ਮਾਂ ਨੇ ਧੀ ਨੂੰ ਰੋਕਿਆ। ਮਾਂ ਦੀ ਗੱਲ ਸੁਣ ਕੇ ਕੁੜੀ ਦੋ ਪੌੜੀਆਂ ਹੇਠਾਂ ਹੋ ਗਈ। " ਚਲੋ....ਹੁਣ ਦੇਖੋ.....ਆਪਾਂ ਨਹੀਂ ਦਿਸਦੀਆਂ ਹੁਣ।" 
ਮਾਂ ਨੇ ਦੇਖਿਆ ਗੁਆਂਢੀਆਂ ਦਾ ਮੁੰਡਾ ਚਿੱਟਾ ਕੁੜਤਾ ਪਜਾਮਾ ਪਾਈ ਮਾਂ ਦੇ ਸਿਰਹਾਣੇ ਖੜ੍ਹਾ ਕੁਝ ਬੋਲ ਰਿਹਾ ਸੀ ਉਸ ਦੀਆਂ ਹਰਕਤਾਂ ਤੋਂ ਲੱਗਦਾ ਸੀ ਕਿ ਉਹ ਮਾਂ ਨਾਲ ਲੜਾਈ ਕਰ ਰਿਹਾ ਹੈ। ਮਾਂ ਸਿਰ ਨੀਵਾਂ ਕਰ ਕੇ ਮੱਝਾਂ ਲਈ ਸੰਨ੍ਹੀ ਰਲਾ ਰਹੀ ਸੀ,  ਜਦੋਂ ਟੋਕਰਾ ਭਰ ਗਿਆ ਉਹਨੇ ਮੁੰਡੇ ਵੱਲ ਦੇਖਿਆ..... ਫੇਰ ਆਪੇ ਔਖੀ ਹੋ ਕੇ ਟੋਕਰਾ ਚੁੱਕ ਕੇ ਢਿੱਡ ਨਾਲ ਲਾਇਆ ਤੇ ਖੁਰਲੀ ਤੱਕ ਲੈ ਗਈ। ਮੁੰਡਾ ਉਸ ਦੇ ਮਗਰ ਖੁਰਲੀ ਤੱਕ ਤਾਂ ਗਿਆ ਪਰ ਟੋਕਰੇ ਨੂੰ ਹੱਥ ਨਾ ਲਵਾਇਆ। ਫਿਰ ਅੰਦਰੋਂ ਕੁਝ ਲੈ ਕੇ ਆਈ ਸ਼ਾਇਦ ਰੁਪਏ ਸਨ ਜਾਂ ਕੋਈ ਹੋਰ ਵਸਤ...... ਮੁੰਡੇ ਨੂੰ ਫੜਾਏ....ਨਹੀਂ ਨਹੀਂ ਫੜਾਏ ਨਹੀਂ ਉਸ ਨੇ ਹੱਥਾਂ ਵਿੱਚੋਂ ਖਿੱਚ ਲਏ ਤੇ ਬੁਲ੍ਹਟ ਤੇ ਕਿੱਕ ਮਾਰਕੇ.... ਦੁੱਗ.. ਦੁੱਗ ...ਕਰਦਾ ਅਹੁ ਗਿਆ....ਅਹੁ ਗਿਆ । ਇਹ ਉਹੀ ਪੁੱਤ ਸੀ ਜਿਸ ਪਿੱਛੇ ਤਿੰਨ ਧੀਆਂ ਖਤਮ ਕੀਤੀਆਂ ਸੀ ਤੇ .... ਲਾਡਲੇ ਪੁੱਤ ਨੂੰ ਕਦੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਜ਼ਮੀਨ ਨੇ ਉਸ ਨੂੰ ਪੜ੍ਹਨ ਨਾ ਦਿੱਤਾ। ਪਰ ਹੁਣ ਉਹ ਹੱਥਾਂ ਵਿੱਚੋਂ ਨਿਕਲ ਗਿਆ....ਪਿਉ ਕੁਝ ਆਖਦਾ ਤਾਂ ਮਾਂ ਪੁੱਤ ਦੀਆਂ ਗਲਤੀਆਂ 'ਤੇ ਪਰਦੇ ਪਾਉਂਦੀ.... ਹੁਣ ਜਵਾਨ ਹੋ ਗਿਆ... ਏਸ ਡਰੋਂ ਨਹੀਂ ਕੁੱਝ ਆਖਦੇ... ਕਿਤੇ ਕੁਸ਼ ਕਰ ਨਾ ਲਵੇ.... । ਜਿੰਨਾ ਚਿਰ ਘਰ ਨਹੀਂ ਮੁੜਦਾ ਮਾਪਿਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਐ। ਜਦੋਂ ਸੂਰਜ ਡੁੱਬਣ ਲੱਗਦਾ ਐ ਮਾਪਿਆਂ ਦਾ ਦਿਲ ਵੀ ਡੁੱਬਣ ਲੱਗਦਾ। ਜਿੰਨਾ ਚਿਰ ਘਰੇ ਨਾ ਮੁੜੇ ਕੰਧਾਂ ਕੌਲ਼ਿਆਂ ਨਾਲ ਲੱਗਦੇ ਫਿਰਨਗੇ। ਜਦੋਂ ਉਹ ਘਰ ਆ ਜਾਂਦਾ ਐ ਫਿਰ ਆਵਦੀ ਇੱਜ਼ਤ ਬਚਾਉਣ ਲਈ ਉਸ ਤੋਂ ਪਰੇ ਟਲਦੇ ਫਿਰਨਗੇ। ਮਾਂ ਆਪਣੀ ਮਰ ਚੁੱਕੀ ਸੱਸ ਦੇ ਸਿਵੇ ਫਰੋਲਦੀ ਗਾਲ਼ਾਂ ਕੱਢਦੀ। ਸਾਰਾ ਕਸੂਰ ਉਸੇ ਦਾ ਕੱਢਦੀ ਆਖਦੀ, " ਜਿੰਨਾ ਚਿਰ ਮੁੰਡਾ ਨੀ ਹੋਇਆ...ਮੇਰੇ ਪੈਰ ਨੀ ਲੱਗਣ ਦਿੱਤੇ। ਨਾਲੇ ਮੈਥੋਂ ਧੀਆਂ ਦੇ ਪਾਪ ਕਰਵਾਏ...ਪਤਾ ਨਹੀਂ ਹੁਣ ਉਹੀ ਪਾਪ ਡੋਬ ਰਹੇ ਨੇ ਇਸ ਘਰ ਨੂੰ।" ਜਦੋਂ ਬਿੰਦਰ ਸੁਣਦੀ ਉਸ ਦਾ ਜੀਅ ਕਰਦਾ ਆਖ ਦੇਵੇ ਕਿ ਉਦੋਂ ਤਾਂ ਤੇਰੀ ਵੀ ਸਲਾਹ ਵਿੱਚੇ ਹੁੰਦੀ ਸੀ। ਪਰ ਉਹ ਸੋਚਦੀ ਕਿ ਦੁਖੀ ਬੰਦੇ ਨੂੰ ਹੋਰ ਦੁਖੀ ਕਰਨਾ ਵੀ ਪਾਪ ਈ ਐ। ਆਪਾਂ ਕਾਹਨੂੰ ਪਾਪਾਂ ਦੇ ਭਾਗੀ ਬਣੀਏ।

" ਮੰਮੀ ਇਹੋ ਜਿਹੇ ਪੁੱਤਾਂ ਨੂੰ ਤਰਸਦੇ ਓ ਤੁਸੀਂ ? ਜੇ ਸਾਡੇ ਭਰਾ ਹੁੰਦਾ ਤੁਸੀਂ ਵੀ ਉਹਨੂੰ ਕੁਸ਼ ਨ੍ਹੀਂ ਸੀ ਆਖਣਾ.... ਉਹਦੀ ਗਲਤੀ ਤੇ ਸਾਨੂੰ ਝਿੜਕਿਆ ਕਰਨਾ ਸੀ ।"  ਕੁੜੀ ਐਨਾ ਆਖ ਕੇ ਹੇਠਾਂ ਆ ਗਈ । ਬਿੰਦਰ ਉੱਥੇ ਹੀ ਖੜ੍ਹੀ ਸੋਚ ਰਹੀ ਸੀ। ਉਹਨੂੰ ਕੁੜੀ ਦਾ ਕਿਹਾ ਸੱਚ ਜਿਹਾ ਲੱਗਿਆ।  ਸੋਚ ਰਹੀ ਸੀ, 'ਊਂ  ਗੱਲ ਤਾਂ ਠੀਕ ਐ ਮੇਰੀ ਜਾਨ ਕਿੰਨੀ ਸੌਖੀ ਐ ਜਦੋਂ ਸੰਨ੍ਹੀ ਰਲਾਉਂਦੀ ਆਂ ਤਾਂ ਟੋਕਰਾ ਚੱਕਣ ਲਈ ਆਲੇ ਦੁਆਲੇ ਧੀਆਂ ਖੜ੍ਹੀਆਂ ਹੁੰਦੀਆਂ ਨੇ। ਟੋਕਰਾ ਭਰਨ ਤੋਂ ਪਹਿਲਾਂ ਹੀ ਟੋਕਰੇ ਨੂੰ ਹੱਥ ਪਾ ਲੈਂਦੀਆਂ ਨੇ ਤੇ ਦੁੱਗ... ਦੁੱਗ ਕਹਿੰਦੀਆਂ ਖੁਰਲੀ ਵਿੱਚ ਪਾ ਆਉਂਦੀਆਂ ਨੇ। ਪਰ ਇਸ ਦੁੱਗ ਦੁੱਗ ਵਿੱਚ ਤੇ ਬੁਲ੍ਹਟ ਵਾਲੀ ਦੁੱਗ ਦੁੱਗ ਵਿੱਚ ਕਿੰਨਾ ਫਰਕ ਐ... ਇੱਕ ਮਾਂ ਦਾ ਸੀਨਾ ਚੀਰਦੀ ਐ ਦੂਜੀ ਠੰਢ ਪਾਉਂਦੀ ਐ।'  ਜਿਸ ਗੱਲ ਨੂੰ ਉਹ ਹੁਣ ਤੱਕ ਸਰਾਪ ਸਮਝਦੀ ਰਹੀ ਅੱਜ ਉਸ ਨੂੰ ਵਰਦਾਨ ਜਾਪਿਆ। 

ਅੰਮ੍ਰਿਤ ਕੌਰ (ਬਡਰੁੱਖਾਂ) 
ਸੰਗਰੂਰ। 
9876714004


Mandeep Singh

Content Editor

Related News