ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ-ਇਮਾਨਦਾਰ ਰਾਜੂ

Thursday, Sep 23, 2021 - 03:34 PM (IST)

ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ-ਇਮਾਨਦਾਰ ਰਾਜੂ

ਰਾਜੂ ਨੇ ਆਪਣਾ ਪੇਸ਼ਾਵਰ ਕਾਰੋਬਾਰ ਹੀ ਚਲਾਇਆ।  ਬਾਪ ਦੇ ਅਕਾਲ ਚਲਾਣੇ ਤੋਂ ਬਾਅਦ ਰਾਜੂ ਨੇ ਆਪਣੇ ਪਿਤਾ ਵਾਲਾ ਪੁਸ਼ਤੈਨੀ ਧੰਦਾ ਅਪਣਾਇਆ। ਕਮਲ ਅਤੇ ਸਿਮਰਨ ਉਸਦੇ ਦੋ ਪੁੱਤਰ ਸਨ । ਦੋਵੇਂ ਬੱਚੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਸਨ । ਕੱਪੜੇ ਪ੍ਰੈੱਸ ਕਰਨ ਦੇ ਮਾਮੂਲੀ ਕੰਮ 'ਚ ਰਾਜੂ ਦੇ ਪਰਿਵਾਰ ਦਾ ਗੁਜਾਰਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸੀ । ਕਮਲ ਸਕੂਲ ਤੋਂ ਵਾਪਸ ਘਰ ਆ ਕੇ ਆਪਣੇ ਪਿਤਾ ਨਾਲ ਹੱਥ ਵਟਾਇਆ ਕਰਦਾ । ਕੁੜੀ ਆਪਣੀ ਮਾਂ ਦੇ ਨਾਲ ਕੱਪੜੇ ਸਿਲਾਈ ਦਾ ਕੰਮ ਕਰਵਾਉਂਦੀ। 

ਰਾਜੂ ਦਾ ਕੰਮ ਦਿਨੋ-ਦਿਨ ਵਧਣ ਲੱਗਿਆ।  ਹੁਣ ਬੱਚੇ ਵੱਡੇ ਹੋਏ ਤਾਂ ਉਨ੍ਹਾਂ ਨੂੰ ਮੈਡੀਕਲ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ। ਪੜ੍ਹਾਈ ਦਾ ਖ਼ਰਚਾ ਵਧਣ ਦੇ ਬਾਵਜੂਦ ਰਾਜੂ ਨੇ ਇਮਾਨਦਾਰੀ ਦਾ ਪੱਲਾ ਫੜੀ ਆਪਣਾ ਕੰਮ ਜਾਰੀ ਰੱਖਿਆ।  ਇਮਾਨਦਾਰੀ 'ਚ ਰਾਜੂ ਬਹੁਤ ਜਿਆਦਾ ਮਸ਼ਹੂਰ ਹੋ ਗਿਆ।  ਉਸ ਨੇ ਲੇਖਕ ਦੇ ਪ੍ਰੈੱਸ ਕਰਨ ਲਈ ਆਏ ਕੋਟ 'ਚ 5100 ਰੁਪਏ ਵਾਪਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ।

ਲੇਖਕ ਨੇ ਰਾਜੂ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਇਨਾਮ ਦੇਣਾ ਚਾਹਿਆ ਪਰ ਰਾਜੂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਲੇਖਕ ਉਸਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, " ਰਾਜੂ ਨੀਅਤ ਨੂੰ ਮੁਰਾਦ ਹੈ । ਜੇਕਰ ਤੂੰ ਇਹ ਪੈਸੇ ਰੱਖ ਵੀ ਲੈਂਦਾ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਣਾ ਸੀ ਕਿਉਂਕਿ ਮੈਨੂੰ ਤਾਂ ਏਨ੍ਹਾਂ ਦਾ ਪਤਾ ਹੀ ਨਹੀਂ ਸੀ ਅਤੇ ਏਨ੍ਹਾਂ ਨਾਲ ਤੇਰੀ ਕੋਠੀ ਖੜ੍ਹੀ ਨਹੀਂ ਹੋ ਜਾਣੀ ਸੀ ।" 
          
ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋਵਾਂ ਭੈਣ-ਭਰਾਵਾਂ ਨੇ ਆਪਣੇ ਸ਼ਹਿਰ 'ਚ ਹੀ ਪ੍ਰੈਕਟਿਸ ਦੀ ਸ਼ੂਰੂਆਤ ਕਰ ਦਿੱਤੀ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਡਾਕਟਰ ਫ਼ੇਲ੍ਹ ਕਰ ਦਿੱਤੇ। ਮਰੀਜ ਵਧਣ ਲੱਗੇ। ਉਨ੍ਹਾਂ ਦਾ ਕਲੀਨਕ ਵੱਡਾ ਕਰਨ ਲਈ ਰਾਜੂ ਨੂੰ ਕਰਜ਼ੇ ਦੀ ਲੋੜ ਮਹਿਸੂਸ ਹੋਈ। ਲੇਖਕ ਨੂੰ ਇਸ ਸੰਬੰਧੀ ਗੱਲਬਾਤ ਦਾ ਪਤਾ ਲੱਗਣ ਨਾਲ  ਉਸਨੇ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਪਰ ਅਸੂਲਾਂ ਦਾ ਪੱਕਾ ਰਾਜੂ ਕਿੱਥੇ ਮੰਨਿਆ।  ਰਾਜੂ ਨੇ ਮੁਫ਼ਤ ਜ਼ਮੀਨ ਲੈਣ ਦੀ ਬਜਾਏ ਕਰਜ਼ਾ ਚੁੱਕ ਕੇ ਬਹੁਤ ਵਧੀਆ ਹਸਪਤਾਲ ਆਪਣੇ ਬੱਚਿਆਂ ਨੂੰ ਬਣਾ ਦਿੱਤਾ। ਪੰਜ ਸਾਲਾਂ 'ਚ ਸਾਰਾ ਕਰਜ਼ਾ ਰਾਜੂ ਨੇ ਮੋੜ ਦਿੱਤਾ। ਲੇਖਕ ਨੇ ਵੀ ਲੋਕਾਂ ਦੀ ਭਲਾਈ ਲਈ ਉਸ ਹਸਪਤਾਲ ਵਿੱਚ ਜਰਮਨ ਤੋਂ ਅੱਖਾਂ ਦੇ ਆਪ੍ਰੇਸ਼ਨਾਂ ਲਈ ਮੁਫ਼ਤ ਮਸ਼ੀਨ ਲਿਆ ਦਿੱਤੀ । 

ਬੱਚਿਉ, ਇਮਾਨਦਾਰੀ ਦੀ ਮਿਸਾਲ ਸੰਸਾਰ ਵਿੱਚ ਪੈਦਾ ਕਰੋ।  ਅਸੀਂ ਜਾਣਦੇ ਹੀ ਹਾਂ ਕਿ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ । ਆਉ ਅਸੀਂ ਵੀ ਇਮਾਨਦਾਰੀ ਦਾ ਪੱਲਾ ਫੜੀਏ। 

ਵਰਿੰਦਰ ਸ਼ਰਮਾ ਸੇਵਾਮੁਕਤ ਲੈਕਚਰਾਰ 
ਧਰਮਕੋਟ ਜ਼ਿਲ੍ਹਾ ਮੋਗਾ ਪੰਜਾਬ 
94172-80333


author

Harnek Seechewal

Content Editor

Related News