ਪੰਜਾਬੀ ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਮੁਹਾਵਰੇ’, ਬਦਲਦੇ ਮਾਹੌਲ ’ਚ ਇੰਝ ਕਰੋ ਵਰਤੋਂ
Saturday, Jan 02, 2021 - 04:23 PM (IST)
ਜਲੰਧਰ(ਹਰਨੇਕ ਸਿੰਘ ਸੀਚੇਵਾਲ): ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ‘ਚ ਸਿਖਿਆਰਥੀਆਂ ਨੂੰ ਦਿਮਾਗ਼ੀ ਕੰਮ ‘ਚ ਲਗਾਉਣ, ਉਨ੍ਹਾਂ ਨੂੰ ਕੁਝ ਨਵਾਂ ਸਿਰਜਣ/ਸੋਚਣ ਦੀ ਚਿਣਗ ਲਗਾਉਣ ਅਤੇ ਸੌਖੇ ਤਰੀਕੇ ਨਾਲ ਪੜ੍ਹਣ ਦਾ ਢੰਗ ਦੱਸਣ ਲਈ ਮੋਹਾਲੀ ਦੇ ਇਕ ਸਿੱਖਿਆ-ਸ਼ਾਸਤਰੀ ਨੇ ਮੁਹਾਵਰਿਆਂ ਦੀ ਨਿਵੇਕਲੇ ਢੰਗ ਦੀ ਵਰਤੋਂ ਕੀਤੀ ਹੈ। ਇਸ ਉੱਦਮ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਮੁਹਾਵਰਿਆਂ ਦੀ ਵਾਕਾਂ ’ਚ ਵਰਤੋਂ ਕਰਨ ਲਈ ਅਕਸਰ ਵਿਦਿਆਰਥੀਆਂ ਨੂੰ ਰੱਟੇ ਰਟਾਏ ਵਾਕ ਦੇ ਦਿੱਤੇ ਜਾਂਦੇ ਨੇ ਜਿਸ ਕਾਰਨ ਵਿਦਿਆਰਥੀ ਇਨ੍ਹਾਂ ਮੁਹਾਵਰਿਆਂ ਨੂੰ ਕੇਵਲ ਪੇਪਰਾਂ ‘ਚ ਕੁਝ ਅੰਕ ਲੈਣ ਲਈ ਹੀ ਯਾਦ ਕਰਦੇ ਹਨ। ਅਜਿਹੇ ਵਿਦਿਆਰਥੀ ਇਸ ਗੱਲ ਨੂੰ ਸਾਰੀ ਉਮਰ ਹੀ ਸਮਝ ਨਹੀਂ ਪਾਉਂਦੇ ਕਿ ਇਨ੍ਹਾਂ ਦੀ ਵਰਤੋਂ ਕੀਤੀ ਹੀ ਕਿਉਂ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ ਤਾਂ ਵੱਡੇ ਹੋ ਕੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਆਪਣੀ ਬੋਲ-ਚਾਲ ਦੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਹਿੱਤ ਉਹ ਇਨ੍ਹਾਂ ਦੀ ਵਰਤੋਂ ਕਰ ਹੀ ਨਹੀਂ ਸਕਦੇ। ਇਸ ਕਾਰਨ ਉਹ ਕਈ ਥਾਈਂ ਨੁਕਸਾਨ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਲਾਚਾਰ ਹੋ ਜਾਂਦੇ ਹਨ। ਐਨਾਂ ਹੀ ਨਹੀਂ ਮੁਹਾਵਰਿਆਂ ’ਚ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਦੀ ਸਦੀਆਂ ਦੀ ਸੋਚ ਅਤੇ ਸਮਝ ਬੱਝੀ ਪਈ ਹੁੰਦੀ ਹੈ। ਇਨ੍ਹਾਂ ਦੀ ਅਸਲੀ ਮਹੱਤਤਾ ਨੂੰ ਪਛਾਣਨ ਨਾਲ ਅਜੋਕੀ ਪੀੜ੍ਹੀ ਆਪਣੇ ਪੁਰਖਿਆਂ ਨਾਲ ਜੁੜਦੀ ਹੈ, ਜਿਸ ਕਾਰਨ ਪੀੜ੍ਹੀਆਂ ਦਾ ਪਾੜਾ ਘਟਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਮੁਹਾਵਰਿਆਂ ਦੀ ਰੱਟਾ ਅਧਾਰਤ ਸਕੂਲੀ ਵਰਤੋਂ ਦੀ ਥਾਂ ਜੇਕਰ ਇਨ੍ਹਾਂ ਦੀ ਸੁਭਾਵਿਕ ਵਰਤੋਂ ਹੋਣ ਲੱਗਦੀ ਹੈ ਤਾਂ ਸਮਾਜਿਕ ਸੰਤੁਲਨ ਬਣਾਈ ਰੱਖਣ ’ਚ ਵੀ ਯਕੀਨਨ ਸਹਾਇਤਾ ਮਿਲ ਸਕਦੀ ਹੈ।ਇਹ ਉਪਰਾਲਾ ਕੀਤਾ ਹੈ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਜੋ ਕਿ ਮੋਹਾਲੀ ਵਿਖੇ ਹੈੱਡਮਾਸਟਰ ਵਜੋਂ ਤਾਇਨਾਤ ਹਨ। ਇਸ ਸਟੇਟ ਐਵਾਰਡੀ ਹੈੱਡਮਾਸਟਰ ਦਾ ਮੰਨਣਾ ਹੈ ਕਿ ਇਨ੍ਹਾਂ ਮੁਹਾਵਰਿਆਂ ਦੀ ਪੰਜਾਬੀ ’ਚ ਵਰਤੋਂ ਕਰਨ ਨਾਲ ਪੰਜਾਬੀ ਵਿਦਿਆਰਥੀਆਂ ਅੰਦਰ ਮਾਂ ਬੋਲੀ ਪ੍ਰਤੀ ਮੋਹ ਵੀ ਵਧੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਪੰਜਾਬੀ ਦੇ ਅਧਿਆਪਕ/ਵਿਦਿਆਰਥੀ ਖ਼ੁਦ ਕਰਕੇ ਦੇਖ ਸਕਦੇ ਹਨ।
ਡਾ. ਜਿੰਦਲ ਨੇ ਦੱਸਿਆ ਕਿ ਇਨ੍ਹਾਂ ਮੁਹਾਵਰਿਆਂ ਦੀ ਵਰਤੋਂ ਨਵੇਂ ਤਰੀਕੇ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਹ ਬਣਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਦੇਣ। ਉਦਾਹਰਨ ਵਜੋਂ ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸ਼ਹਿਰਾਂ ਨਾਲੋਂ ਪਿੰਡਾਂ ‘ਚ ਵੱਧ ਪਿਆਰ-ਭਾਵਨਾ ਦਾ ਹੋਣਾ, ਮਜ਼ਦੂਰਾਂ/ਦਿਹਾੜੀਦਾਰਾਂ ਪ੍ਰਤੀ ਸੰਵੇਦਨਸ਼ੀਲਤਾ, ਲੋਕ-ਸੇਵਾ, ਵਿਦਿਆਰਥੀਆਂ ਨੂੰ ਫ਼ਿਲਹਾਲ ਘਰੋਂ ਪੜ੍ਹਣ ਲਈ ਪ੍ਰੇਰਣਾ, ਹਰ ਵਿਹਲੇ ਸਮੇਂ ਪੜ੍ਹਦੇ-ਲਿਖਦੇ ਰਹਿਣਾ, ਡਾਕਟਰੀ ਪੇਸ਼ੇ ਦਾ ਸਤਿਕਾਰ ਕਰਨਾ, ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸਹੀ ਜਾਣਕਾਰੀ ਦੀ ਮਹੱਤਤਾ, ਅਜਿਹੇ ਸਮੇਂ ਅਫ਼ਵਾਹਾਂ ਤੋਂ ਬਚਣ ਦੀ ਮਹੱਤਤਾ, ਕੋਰੋਨਾ ਉਪਰੰਤ ਆ ਸਕਣ ਵਾਲੀ ਆਰਥਿਕ ਮੰਦੀ ਲਈ ਸੋਝੀ, ਲੋਕ-ਸੇਵਾ ਆਦਿ ਸੁਨੇਹੇ ਇਹ ਮੁਹਾਵਰਿਆਂ ਦੀ ਵਰਤੋਂ ਰਾਹੀਂ ਆਪ ਮੁਹਾਰੇ ਹੀ ਮਿਲ ਜਾਂਦੇ ਹਨ।
ਪੜ੍ਹੋ ਮੁਹਾਵਰੇ
1. ਵਿਆਹ ‘ਚ ਬੀ ਦਾ ਲੇਖਾ (ਚੰਗੇ ਕੰਮ ‘ਚ ਭਿੰਗਣਾ ਪੈ ਜਾਣਾ): ਕੋਰੋਨਾ ਨਾਂ ਦੀ ਮਹਾਮਾਰੀ ਨੇ ਕਈ ਵਿਆਹਾਂ ‘ਚ ਤਾਂ ਬੀ ਦਾ ਲੇਖਾ ਈ ਪਾ ਦਿੱਤਾ।
2. ਚਾਦਰ ਦੇਖ ਕੇ ਪੈਰ ਪਸਾਰਨੇ (ਵਿੱਤ ਅਨੁਸਾਰ ਖਰਚ ਕਰਨਾ): ਕਰੋਨਾ ਨਾਂ ਦੀ ਮਹਾਮਾਰੀ ਤੋਂ ਬਾਅਦ ਆਉਣ ਵਾਲੀਆਂ ਆਰਥਿਕ ਤੰਗੀਆਂ ਦੌਰਾਨ ਉਹ ਲੋਕ ਹੀ ਸੁਖੀ ਰਹਿਣਗੇ ਜੋ ਚਾਦਰ ਦੇਖ ਕੇ ਪੈਰ ਪਸਾਰਨ ਵਾਲੇ ਹੋਣਗੇ।
3. ਪਰਛਾਵਾਂ ਵੀ ਨਾਲ ਨਾ ਰਹਿਣਾ (ਅਤਿ ਨੇੜਲੇ ਸਬੰਧੀਆਂ ਦਾ ਪਰਾਏ ਹੋ ਜਾਣਾ): ਕਰੋਨਾ ਰੋਗੀਆਂ ਦਾ ਤਾਂ ਅਕਸਰ ਪਰਛਾਵਾਂ ਵੀ ਸਾਥ ਛੱਡ ਰਿਹਾ ਹੈ।
4. ਉਸਤਰਿਆਂ ਦੀ ਮਾਲਾ (ਉਖਿਆਈ ਵਾਲਾ ਕੰਮ ਜਾਂ ਪਦਵੀ): ਕਰੋਨਾ ਮਹਾਮਾਰੀ ਦੌਰਾਨ ਡਾਕਟਰੀ ਵੀ ਉਸਤਰਿਆਂ ਦੀ ਮਾਲਾ ਬਣ ਗਈ ਸੀ ਪਰ ਡਾਕਟਰਾਂ ਦਾ ਸਿਰੜ ਦੇਖਣਾ ਵਾਲਾ ਸੀ।
5. ਉੱਕੜ-ਦੁੱਕੜ (ਵਿਰਲਾ ਵਿਰਲਾ): ਕਰੋਨਾ ਮਹਾਮਾਰੀ ਦੌਰਾਨ ਲੱਗਾ ਕਰਫ਼ਿਊ ਜਦੋਂ ਲੰਬਾ ਖਿੱਚ ਗਿਆ ਤਾਂ ਉੱਕੜ-ਦੁੱਕੜ ਦੁਕਾਨਾਂ ਖੁੱਲ੍ਹਣ ਲੱਗ ਪਈਆਂ।
6. ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ (ਮੱਤ ਮਾਰ ਦੇਣੀ, ਮੂਰਖ ਬਣਾ ਦੇਣਾ): ਕਰੋਨਾ ਮਹਾਮਾਰੀ ਨੇ ਤਾਂ ਚੰਗੇ-ਚੰਗੇ ਵਪਾਰੀਆਂ ਦੇ ਅੱਖਾਂ ਅੱਗੇ ਖੋਪੇ ਚਾੜ੍ਹ ਦਿੱਤੇ ‘ਤੇ ਕਈ ਬੇਚਾਰੇ ਘਾਟਾ ਨਾ ਜਰਦੇ ਹੋਏ ਮਾਨਸਿਕ ਤਨਾਅ ਦਾ ਸ਼ਿਕਾਰ ਰਹਿਣ ਲੱਗੇ, ਇੱਕ ਆਮ ਵਿਅਕਤੀ ਦੀ ਤਾਂ ਪੁੱਛੋ ਹੀ ਨਾ।
7. ਆਪਣੇ ਅੱਗੇ ਕੰਡੇ ਬੀਜਣਾ (ਅਜਿਹੇ ਕੰਮ ਕਰਨੇ, ਜਿਸ ਦਾ ਸਿੱਟਾ ਮਾੜਾ ਨਿਕਲੇ): ਕਰੋਨਾ ਮਹਾਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਜੇਕਰ ਤੁਸੀਂ ਬਾਹਰ ਨਿੱਕਲੋਗੇ ਤਾਂ ਇਹ ਆਪਣੇ ਅੱਗੇ ਕੰਡੇ ਬੀਜਣਾ ਹੀ ਹੋਵੇਗਾ।
8. ਅਸਮਾਨੀ ਗੋਲਾ (ਅਚਨਚੇਤ ਆ ਪਈ ਕੁਦਰਤੀ ਬਿਪਤਾ): ਕਰੋਨਾ ਮਹਾਮਾਰੀ ਪੂਰੇ ਸੰਸਾਰ ਲਈ ਅਸਮਾਨੀ ਗੋਲਾ ਹੈ।
9. ਸਿਰ ਪਰਨੇ (ਸਿਰ ਦੇ ਭਾਰ): ਕਰੋਨਾ ਮਹਾਮਾਰੀ ਦੌਰਾਨ ਹਰ ਤਰ੍ਹਾਂ ਦਾ ਕਾਰੋਬਾਰ ਸਿਰ ਪਰਨੇ ਆ ਡਿੱਗਾ।
10. ਸੱਠੀ ਦੇ ਚੌਲ ਖੁਆਉਣੇ (ਝਾੜ-ਝੰਬ ਕਰਨੀ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਦੋਂ ਦੁਕਾਨਾਂ ਖੁਲ੍ਹਣ ਲੱਗ ਪਈਆਂ ਤਾਂ ਪੁਲਿਸ ਨੂੰ ਲੋਕਾਂ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ।
11. ਸ਼ਨੀਚਰ ਆਉਣਾ (ਮੰਦੇ ਦਿਨ ਆਉਣੇ): ਕਰੋਨਾ ਮਹਾਮਾਰੀ ਦੌਰਾਨ ਹਰ ਤਰ੍ਹਾਂ ਦੇ ਕਾਰੋਬਾਰ ਸਿਰ ਸ਼ਨੀਚਰ ਆਉਣਾ ਸੁਭਾਵਿਕ ਹੀ ਸੀ। ਜ਼ਿੰਦਗੀ ਖੜ੍ਹ ਹੀ ਤਾਂ ਗਈ ਸੀ।
12. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਹੀ ਰੁੱਝੇ ਹੋਣਾ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਵੀ ਕਈ ਵਿਦਵਾਨਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ, ਉਹ ਸਾਰਾ ਸਾਰਾ ਦਿਨ ਪੜ੍ਹਦੇ-ਲਿਖਦੇ ਜੋ ਰਹਿੰਦੇ ਸਨ।
13. ਸੰਘ ਪਾੜ-ਪਾੜ ਕੇ ਕਹਿਣਾ (ਉੱਚੀ-ਉੱਚੀ ਬੋਲਣਾ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਦੋਂ ਕਦੇ ਢਿੱਲ ਮਿਲਦੀ ਤਾਂ ਦੁਕਾਨਦਾਰ ਸੰਘ ਪਾੜ-ਪਾੜ ਕੇ ਚੀਜ਼ਾਂ ਖ੍ਰੀਦਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ।
14. ਕੰਨਾਂ ਦਾ ਕੱਚਾ (ਹਰ ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ): ਕਰੋਨਾ ਮਹਾਮਾਰੀ ਦੌਰਾਨ ਕੰਨਾਂ ਦਾ ਕੱਚਾ ਹਰ ਸ਼ਖ਼ਸ ਆਮ ਲੋਕਾਂ ਨਾਲੋਂ ਵਧੇਰੇ ਤੰਗ ਹੋਇਆ ਕਿਉਂਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਕਰਕੇ ਛੇਤੀ ਸਹਿਮ ਜਾਂਦਾ ਸੀ।
15. ਕਲਮ ਦਾ ਧਨੀ (ਵੱਡਾ ਸਫ਼ਲ ਲਿਖਾਰੀ): ਮੇਰੇ ਮੁੱਖ-ਅਧਿਆਪਕ ਜੀ ਕਲਮ ਦੇ ਧਨੀ ਹਨ। ਜਦੋਂ ਆਮ ਲੋਕੀ ਕਰੋਨਾ ਮਹਾਮਾਰੀ ਦੌਰਾਨ ਡਰੇ-ਸਹਿਮੇ ਰਹਿੰਦੇ ਸਨ ਤਾਂ ਉਨ੍ਹਾਂ ਨੇ ਅਗਵਾਈ ਦਿੰਦੇ ਕਈ ਲੇਖ ਲਿਖੇ ਅਤੇ ਛਪਵਾਏ।
16. ਕਸਵੱਟੀ ਉੱਪਰ ਲਗਾਉਣਾ (ਪਰਖਣਾ): ਕਰੋਨਾ ਮਹਾਮਾਰੀ ਸਾਡੀ ਸੋਝੀ ਕਸਵੱਟੀ ਉੱਤੇ ਲੱਗਣ ਦਾ ਸਮਾਂ ਹੈ। ਸਾਨੂੰ ਧੀਰਜ ਅਤੇ ਸਮਝ ਤੋਂ ਕੰਮ ਲੈਂਦਿਆਂ ਇਸ ਮਹਾਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ।
17. ਕੁੱਬੇ ਨੂੰ ਲੱਤ ਕਾਰੀ ਲਾਉਣੀ (ਕਿਸੇ ਮਾੜੇ ਕੰਮ ਦਾ ਰਾਸ ਆਉਣਾ): ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਗੰਗਾ, ਯਮਨਾ ਵਰਗੇ ਪ੍ਰਦੂਸ਼ਿਤ ਦਰਿਆ ਨਿਰਮਲ ਹੋ ਗਏ ਸਨ, ਹਵਾ ਐਨੀ ਸਾਫ ਹੋ ਗਈ ਸੀ ਕਿ ਪੰਜਾਬ ਤੋਂ ਹਿਮਾਚਲ ਦੇ ਪਹਾੜ ਤੱਕ ਦਿਸਣ ਲੱਗ ਪਏ ਸਨ ਜੋ ਕਿ ਬਹੁਤ ਹੀ ਵਚਿੱਤਰ ਲੱਗਾ। ਇੰਜ ਲਗਦਾ ਸੀ ਕਿ ਕੁਦਰਤ ਲਈ ਤਾਂ ਮਨੁੱਖਤਾ ਨੂੰ ਪਈ ਇਹ ਬਿਪਤਾ ਜਿਵੇਂ ਕੁੱਬੇ ਨੂੰ ਲੱਤ ਕਾਰੀ ਲਾਉਣ ਵਾਲੀ ਗੱਲ ਹੋ ਗਈ ਹੋਵੇ।
18. ਖ਼ਾਨਾ ਖਰਾਬ ਹੋਣਾ (ਘਰ ਬਰਬਾਦ ਹੋਣਾ): ਕਰੋਨਾ ਮਹਾਮਾਰੀ ਕਾਰਨ ਕਈ ਪਰਿਵਾਰਾਂ ਅਤੇ ਵਪਾਰਾਂ ਦਾ ਖ਼ਾਨਾ ਖਰਾਬ ਹੋ ਗਿਆ। ਸਭ ਤੋਂ ਵੱਧ ਮਾੜੀ ਦਿਹਾੜੀਦਾਰਾਂ ਨਾਲ ਵਾਪਰੀ।
19. ਖੂਨ ਸਫੇਦ ਹੋਣਾ (ਸਬੰਧੀਆਂ ਦਾ ਆਪਸ ਵਿੱਚ ਪਿਆਰ ਨਾ ਰਹਿਣਾ, ਖੁਦਗਰਜ਼ ਹੋਣਾ): ਸਹੀ ਜਾਣਕਾਰੀ ਦੀ ਘਾਟ ਹੋਣ ਕਾਰਨ ਕਰੋਨਾ ਮਹਾਮਾਰੀ ਦੌਰਾਨ ਕਈ ਥਾਈਂ ਲੋਕਾਂ ਦਾ ਖੂਨ ਸਫੇਦ ਹੋਇਆ ਦਿਸਿਆ। ਕਿਤੇ ਇਸ ਬਿਮਾਰੀ ਨਾਲ ਫੌਤ ਹੋਏ ਵਿਅਕਤੀ ਦਾ ਸਸਕਾਰ ਕਰਨ ਲਈ ਥਾਂ ਦੇਣੋ ਲੋਕਾਂ ਨੇ ਨਾਂਹ ਕਰ ਦਿੱਤੀ ਅਤੇ ਕਿਤੇ ਲਾਸ਼ ਲੈਣ ਜਾਂ ਸਸਕਾਰ ਕਰਨ ਲਈ ਮਰੀਜ਼ ਦੇ ਪਰਿਵਾਰਿਕ ਮੈਂਬਰ ਹੀ ਨਾ ਬਹੁੜੇ।
20. ਖੰਭ ਲਾ ਕੇ ਉਡ ਜਾਣਾ (ਗੁੰਮ ਹੋ ਜਾਣਾ, ਥਹੁ ਪਤਾ ਨਾ ਲੱਗਣਾ): ਕਰੋਨਾ ਮਹਾਮਾਰੀ ਦੌਰਾਨ ਬਹਤੀ ਥਾਈਂ ਮਾਨਸਿਕ ਚੈਨ-ਅਰਾਮ ਅਤੇ ਪ੍ਰਦੂਸ਼ਣ ਤਾਂ ਜਿਵੇਂ ਖੰਭ ਲਾ ਕੇ ਹੀ ਉੱਡ ਗਏ ਸਨ।
ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ।
98761 - 35823