ਪੰਜਾਬ ਦੇ ਰਾਜਪਾਲ ਕਰਨਗੇ ਬਠਿੰਡੇ ਕਿਸਾਨ ਮੇਲੇ ਦਾ ਉਦਘਾਟਨ
Tuesday, Mar 27, 2018 - 04:11 PM (IST)

27 ਮਾਰਚ 2018 ਨੂੰ ਬਠਿੰਡੇ ਲੱਗਣ ਵਾਲੇ ਕਿਸਾਨ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਪੀ. ਏ. ਯੂ. ਦੇ ਚਾਂਸਲਰ ਮਾਣਯੋਗ ਸ਼੍ਰੀ ਵੀ ਪੀ ਸਿੰਘ ਬਦਨੌਰ ਕਰਨਗੇ ਅਤੇ ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਕਿਸਾਨਾਂ ਨੂੰ ਸੰਬੋਧਿਤ ਹੋਣਗੇ । ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ, ਗਵਰਨਰ ਪੰਜਾਬ ਦੇ ਸਕੱਤਰ ਸ਼੍ਰੀ ਬਾਲਾ ਮੂਰਗਨ ਆਈ ਏ ਐਸ, ਏ ਡੀ ਸੀ ਸ੍ਰੀ ਕੇ.ਵੀ. ਸਿੰਘ,ਬਠਿੰਡੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਦੀਪਾਰਵਾ ਲਾਕਰਾ ਇਸ ਮੇਲੇ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਣਗੇ । ਇਸ ਮੇਲੇ ਦੀ ਪ੍ਰਧਾਨਗੀ ਪੀ. ਏ. ਯੂ, ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ। ਇਸ ਦੀ ਜਾਣਕਾਰੀ ਦਿੰਦਿਆਂ ਪੀ. ਏ. ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਬਠਿੰਡੇ ਦੇ ਖੇਤਰੀ ਖੋਜ ਕੇਂਦਰ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਵਿਚ ਕਿਸਾਨ ਵੱਡੀ ਗਿਣਤੀ ਵਿਚ ਆਉਂਦੇ ਹਨ । ਫ਼ਲ, ਫੁੱਲ, ਬੂਟੇ ਅਤੇ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਵਿਸ਼ੇਸ਼ ਰੁਚੀ ਪੀ. ਏ. ਯੂ. ਦੇ ਖੇਤੀ ਸਾਹਿਤ ਵਿਚ ਹੁੰਦੀ ਹੈ । ਬਠਿੰਡਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਡਾ. ਮਾਹਲ ਨੇ ਕਿਹਾ ਕਿ ਕਿਸਾਨ ਮੇਲੇ ਪੀ. ਏ. ਯੂ. ਦੇ ਪਸਾਰ ਕਾਰਜ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ ਜਿੱਥੇ ਕਿਸਾਨ ਅਤੇ ਯੂਨੀਵਰਸਿਟੀ ਦੇ ਮਾਹਰ ਦੋ ਤਰਫਾ ਸੰਵਾਦ ਰਚਾਉਂਦੇ ਹਨ । ਇਹਨਾਂ ਮੇਲਿਆਂ ਰਾਹੀਂ ਪੀ. ਏ. ਯੂ. ਦੇ ਖੇਤੀ ਤਕਨਾਲੋਜੀ, ਸੁਧਰੇ ਬੀਜ, ਨਵੀਆਂ ਕਿਸਮਾਂ, ਮਸ਼ੀਨਰੀ ਅਤੇ ਹੋਰ ਸਿਫ਼ਾਰਸ਼ਾਂ ਕਿਸਾਨ ਤੱਕ ਪਹੁੰਚਦੀਆਂ ਹਨ। ਹਰ ਸਾਲ ਕਿਸਾਨਾਂ ਦੀ ਵੱਧਦੀ ਗਿਣਤੀ ਇਹ ਦੱਸਦੀ ਹੈ ਕਿ ਪੰਜਾਬ ਦਾ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਵਿਚ ਆਸਥਾ ਰੱਖਦਾ ਹੈ।