ਪੜ੍ਹੋ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਸ਼ਾਇਰਾਂ ਦੇ ਜਜ਼ਬਾਤ

02/22/2023 3:54:14 PM

ਮਾਂ ਬੋਲੀਏ ਪੰਜਾਬੀਏ, ਅਤੀ ਦਿਲਾਂ ਨੂੰ ਪਿਆਰੀਏ
ਮਾਂ-ਪਿਓ ਨਾਲੋਂ ਵੀ ਵੱਧ ਤੈਨੂੰ ਸਤਿਕਾਰੀਏ।

ਨਾਥਾਂ ਜੋਗੀਆਂ ਪ੍ਰਣਾਈ, ਬੁੱਲ੍ਹੇ ਫਰੀਦਾਂ ਨੇ ਹੰਢਾਈ
ਗੁਰੂਆਂ ਗੁਰਮੁਖੀ ਬਣਾਈ, ਤੈਨੂੰ ਥਾਂ ਥਾਂ ਖਿਲਾਰੀਏ
ਮਾਂ ਬੋਲੀਏ..........

ਪਾਕਿ ਤੇ ਪਵਿੱਤਰ ਤੂੰ, ਸਕੀ ਮਾਂ ਦੇ ਦੁੱਧ ਵਾਂਗ ਨੀ
ਉਜਾੜਨਾ ਚਾਹੁੰਦੇ ਸਿਆਸੀ ਹੱਥ ਜਿਹੜੇ, ਦੇਵਾਂਗੇ ਅਸੀਂ ਛਾਂਗ ਨੀ
ਦੁਨੀਆ ਦੇ ਅਕਾਸ਼ੀਂ ਪਹੁੰਚਾਉਣੀ ਚਾਹੁੰਦਾ ਨੀ ਨਿਆਰੀਏ
ਮਾਂ ਬੋਲੀਏ ਪੰਜਾਬੀਏ............

ਸਾਡੇ ਨਾਲ ਜੰਮੀ ਤੇ ਵੱਡੀ ਹੋਈ ਲੋਰੀਏ
ਸ਼ਹਿਦ ਨਾਲੋਂ ਮਿੱਠੀ ਲੱਗੇਂ, ਗੰਨੇ ਦੀਏ ਪੋਰੀਏ
ਸਾਹਾਂ ਵਿੱਚ ਵਸਦੀ ਤੂੰ, ਹੀਰ-ਰਾਂਝੇ ਦੀਏ ਯਾਰੀਏ
ਮਾਂ ਬੋਲੀਏ ਪੰਜਾਬੀਏ.............

ਕਾਲਜ ਵੇਲੇ ਐਂਵੈਂ ਬੱਸ, ਮੈਡੀਕਲ ਸਾਇੰਸ ਜਿਹੀ ਰੱਖ ਲਈ
ਤੇਰੇ ਬਿਨਾਂ ਮਰ ਗਏ ਤਿਹਾਏ, ਬੱਸ ਜ਼ਹਿਰ ਜਿਹੀ ਚੱਖ ਲਈ
ਕਲਾ ਮਰ ਗਈ ਵੱਜ-ਵੱਜ, ਜ਼ਿੰਦਗੀ ਦੀਏ ਲਾਰੀਏ।
ਮਾਂ ਬੋਲੀਏ ਪੰਜਾਬੀਏ..............

ਜੋ ਮਜ਼ਾ ਮਾਤ ਭਾਸ਼ਾ ਪੜ੍ਹਨ ਲਿਖਣ ਵਿੱਚ, ਆਉਂਦਾ ਮੇਰੀ ਅੰਮੀਏ
ਇਹਤੋਂ ਬਿਨਾ ਜੱਗ ਵਿੱਚ, ਚੰਗਾ ਹੈ ਨਾ ਜੰਮੀਏ।
ਸਾਰੀ ਜ਼ਿੰਦਗੀ ਕਰੂੰ ਸਮਰਪਿਤ, ਹੁਣ ਜਦੋਂ ਆਊ ਵਾਰੀ ਏ।
ਮਾਂ ਬੋਲੀਏ ਪੰਜਾਬੀਏ............

ਕਰਮਜੀਤ ਭਲੂਰੀਆ ਅਹਿਸਾਨ ਮੰਨੇ, ਚੁਕਾ ਅਸੀਂ ਸਕੇ ਨਹੀਂ
ਰਹਿੰਦੀ ਜ਼ਿੰਦਗੀ ਨਾਮ ਤੇਰੇ, ਅਸੀਂ ਅਜੇ ਥੱਕੇ ਨਹੀਂ
ਸੱਤ ਜਨਮ ਕਰਜ਼ ਦੇਊਂ, ਕਿਵੇਂ ਅਸੀਂ ਹਾਰੀਏ
ਮਾਂ ਬੋਲੀਏ ਪੰਜਾਬੀਏ.............

ਇੰਜੀਨੀਅਰ ਕਰਮਜੀਤ ਸਿੰਘ ਭਲੂਰੀਆ


--------------

ਪੰਜਾਬੀ  ਬੋਲੀ ਮਾਂ ਨਾਲ ਗੂੜ੍ਹਾ ਹੈ ਪਿਆਰ ਜੀ

ੳ ਅ ੲ ਸ ਹ 
ਲਿਖ ਪੜ੍ਹੀ ਜਾਈਏ  ਵਾਰ-ਵਾਰ ਜੀ
ਕ ਖ ਗ ਘ ਙ 
ਅੱਖਰ ਘਰ ਬਾਰ ਦਾ ਸ਼ਿੰਗਾਰ ਜੀ
ਚ ਛ ਜ‌ ਝ ਞ
ਹਰ ਜਗ੍ਹਾ ਜਾ ਲਈਏ ਉਚਾਰ ਜੀ
ਟ ਠ ਡ ਢ ਣ 
ਟਲਣਾ ਨਹੀਂ ਏਥੋਂ ਕਹਾ ਵਾਰ-ਵਾਰ ਜੀ
ਤ ਥ ਦ ਧ ਨ 
ਤਾਰ ਦੇਵੇ ਬਾਣੀ ਦੀ ਵਿਚਾਰ ਜੀ
ਪ ਫ ਬ ਭ ਮ
ਪਰਮਾਤਮਾ ਕਰੇ ਕਰਾਵੇ ਕਾਰ ਜੀ
ਯ ਰ ਲ ਵ ੜ
ਯਾਰਾਂ ਦੇ ਸਾਰੇ ਹੈ ਯਾਰ ਜੀ
ਸੁਖਚੈਨ,ਭੁੱਲੋ ਨਾ ਬੋਲੀ ਸਮੁੰਦਰੋਂ ਜਾ ਪਾਰ ਜੀ।

ਸੁਖਚੈਨ ਸਿੰਘ ਠੱਠੀ ਭਾਈ


Harnek Seechewal

Content Editor

Related News