ਕਵਿਤਾ ਖਿੜਕੀ: ਪੜ੍ਹੋ ਸਮੇਂ ਦੀ ਸਿਆਸਤ ''ਤੇ ਕਰਾਰਾ ਵਿਅੰਗ ਕਰਦੀਆਂ ਕਵਿਤਾਵਾਂ
Wednesday, Jul 28, 2021 - 01:25 PM (IST)
ਸਮਾਂ
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਬੁੱਕਲ ਦੇ ਵਿੱਚ ਯਾਰੋ ਇਸ ਦੇ ,
ਮੰਨੋ ਕੁੱਲ ਜਹਾਨ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਕਿਸੇ ਲਈ ਫੁੱਲਾਂ ਦੇ ਸੇਜ ਸਾਜੇ
ਕਿਸੇ ਲਈ ਕੰਡਿਆਲਾ ਤਾਜ
ਕਿਸੇ ਨੂੰ ਖੁਸ਼ੀਆਂ ਖੇੜੇ ਵੰਡੇ,
ਕਿਸੇ ਨੂੰ ਦੁੱਖਾਂ ਦੀ ਦਾਤ।
ਸਮਾਂ ਬੜਾ ਬਲਵਾਨ ਏ ਯਾਰੋ
ਸਮਾਂ ਬੜਾ ਬਲਵਾਨ!
ਰਾਜਾ ਹੋ ਜਾਂ ਰੰਕ ਕੋਈ,
ਸਮਾਂ ਆਏ ਟੁਰ ਜਾਏ ।
ਇਸ ਦੀ ਮਾਰ ਤੋਂ ਹਰਗਿਜ਼ ਬੀਬਾ,
ਕਦੇ ਨਾ ਕੋਈ ਬਚ ਪਾਏ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਸਮਾਂ ਚਾਹੇ ਤਾਂ ਯੂਸੁਫ਼ ਨੂੰ ਵੀ,
ਵਿੱਚ ਬਾਜ਼ਾਰ ਵਿਕਾਏ।
ਇਹ ਚਾਹਵੇ ਤਾਂ ਜੇਲ੍ਹੋਂ ਕੱਢ,
ਹੱਥ ਰਾਜ ਭਾਗ ਸਮ੍ਹਾਏ।
ਸਮਾਂ ਬੜਾ ਬਲਵਾਨ ਏ ਯਾਰੋ,
ਸਮਾਂ ਬੜਾ ਬਲਵਾਨ!
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ: 9855259650
Abbasdhaliwal72@gmail.com
ਰਾਜ
ਰਾਜ ਸਾਡੇ ਕੋਲੋਂ ਖੋਹੇ ਉਹਦੀ ਕੀ ਸੀ ਮਜਾਲ
ਇਹਦਾ ਸਾਨੂੰ ਨੀ ਸੀ ਪਤਾ ਵਿਚ ਹੋਣਗੇ ਗੱਦਾਰ
ਗੱਲ ਬਦਲੇ ਜ਼ਮਾਨੇ ਦੀ ਸਭ ਕੀਤੇ ਬੇਹਾਲ
ਸੰਘਰਸ਼ ਨੇ ਚਲਦੇ ਖ਼ੂਨ ਖਾਂਦੇ ਨੇ ਉਬਾਲ
ਅੱਜ ਹੱਕਾਂ ਲਈ ਬੈਠੇ ਫਿਰ ਇਕ ਵਾਰ
ਸਬਰ ਤੇ ਸੰਤੋਖ ਹੀ ਸਾਡਾ ਹਥਿਆਰ
ਫਿਰਕੂ ਨੇ ਨੀਤੀਆਂ ਸਰਕਾਰ ਦੀ ਇਹ ਚਾਲ
ਨਹੀਂ ਜਿੱਤੇ ਬਿਨਾਂ ਜਾਂਦੇ ਇਹ ਗੱਲ ਲਈ ਠਾਨ
ਹਰਪ੍ਰੀਤ ਕਰੇ ਸਿਜਦਾ ਜੋ ਸ਼ਹੀਦਾਂ ਦੇ ਸਰਤਾਜ
ਜੋ ਹੈ ਕੂੜ ਨੀਤੀ ਮਾਲਕ ਆਪ ਲਊ ਸਾਰ
ਸਭ ਸਮੇਂ ਦੀ ਹੈ ਗੱਲ ਨਾ ਇਹਦਾ ਇਤਬਾਰ
ਦੌਰ ਆਊ ਬਾਜਾਂ ਵਾਲਾ ਸਰਦਾਰੀ ਨੂੰ ਸੰਭਾਲ
ਦੌਰ ਆਊ ਬਾਜਾਂ ਵਾਲਾ ਸਰਦਾਰੀ ਨੂੰ ਸੰਭਾਲ
ਹਰਪ੍ਰੀਤ ਸਿੰਘ ਮੂੰਡੇ
+919803170300
Harpreetmunde93@gmail.com
ਸ਼ਾਇਰੀ
ਮੈਨੂੰ ਵੱਡਾ ਲਾਓ ਪ੍ਰਧਾਨ ਮਿੱਤਰੋ
ਵੱਧ ਜਾਵੇ ਮੇਰੀ ਬੱਸ ਸ਼ਾਨ ਮਿੱਤਰੋ
ਡਰੋਂ ਨਾ ਕੰਮ ਕਰੋ ਨਾਲ ਦਲੇਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਐਸੇ ਬਣਾਊਗਾ ਕਾਨੂੰਨ ਮਿੱਤਰੋ
ਜੀਹਦਾ ਚਾਹੋ ਕਰੋ ਜੀ ਖ਼ੂਨ ਮਿੱਤਰੋ
ਝਾੜ ਦੇਵੋ ਡਲੇ ਮਾਰ ਬੇਰ ਬੇਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਵੋਟਾਂ ਪਾ ਕੇ ਮੈਨੂੰ ਜਤਾਓ ਮਿੱਤਰੋ
ਮੁੱਖ ਮੰਤਰੀ ਮੈਨੂੰ ਬਣਾਓ ਮਿੱਤਰੋ
ਕੇਸ ਲੜੂੰ ਵਿੱਚ ਥਾਣੇ ਕਚਹਿਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਇੱਕ ਵਾਰੀ ਸੱਤਾ 'ਚ ਲਿਆਓ ਮਿੱਤਰੋ
ਫੇਰ ਜਿੱਥੇ ਮਰਜ਼ੀ ਧੱਕੇ ਖਾਓ ਮਿੱਤਰੋ
ਬੰਦ ਕਰ ਦੇਊ ਖੱਡੇ ਰੇਤੇ ਨਹਿਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਗੁਰੂ ਬੇਅਦਬੀ ਮੁੱਦਾ ਮੁੱਖ ਮਿੱਤਰੋ
ਗੁਟਕਾ ਫ਼ੜ ਸਹੁੰ ਲੈਣੀ ਚੁੱਕ ਮਿੱਤਰੋ
ਸੁਖਚੈਨ,ਪੱਤੇ ਖੇਡਣੇ ਨੇ ਹੇਰਾ ਫੇਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਪੰਜ ਸਾਲ ਚੱਲੂ ਸਰਕਾਰ ਮਿੱਤਰੋ
ਸਭ ਦੀ ਚਕਾ ਦੇਣੀ ਛਾਲ ਮਿੱਤਰੋ
ਠੱਠੀ ਭਾਈ,ਬੁੱਲ ਨਹੀਓਂ ਟੇਰੀ ਦੇ
ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਸੁਖਚੈਨ ਸਿੰਘ, ਠੱਠੀ ਭਾਈ,
009715277632924