ਕਵਿਤਾ ਖਿੜਕੀ 'ਚ ਪੜ੍ਹੋ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ ਬਿਆਨਦੀਆਂ ਕਵਿਤਾਵਾਂ

Monday, Sep 19, 2022 - 05:27 PM (IST)

ਕਵਿਤਾ ਖਿੜਕੀ 'ਚ ਪੜ੍ਹੋ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ ਬਿਆਨਦੀਆਂ ਕਵਿਤਾਵਾਂ

ਰੰਗ ਬਦਲਦੀ ਦੁਨੀਆ 

ਦੁਨੀਆ ਸੋਹਣੀਆਂ ਸ਼ਕਲਾਂ ਪਿੱਛੇ ਭੱਜੀ ਫਿਰਦੀ ਏ 
ਅਕਲਾਂ ਵੱਲੋਂ ਲਗਦਾ ਜਿਵੇਂ, ਦਿਵਿਆਂਗ ਹੋ ਗਈ ਏ 

ਕਦਰ ਨਹੀਂ ਇਹ ਕਰਦੀ ਚੰਦਰੀ,ਚਿੱਟੇ ਧੌਲਿਆਂ ਦੀ 
ਧੌਲੇ ਛੱਡਕੇ ਧੇਲਿਆਂ ਦੀ ,ਮੁਹਤਾਜ ਹੋ ਗਈ ਏ 

ਮਾਂ ਤਰਸਦੀ ਮਿਲਣ ਵਾਸਤੇ ,ਪੁੱਤ ਪਰਦੇਸੀਆਂ ਨੂੰ 
ਜੋ FACE TIME ਦੇ ਮੇਲਿਆਂ ਦੀ, ਮੁਹਤਾਜ ਹੋ ਗਈ ਏ 

ਹੀਰ ਲਾਈਕ ਨੀ ਕਰਦੀ ,ਮੱਝਾਂ ਵਾਲੇ ਰਾਂਝਣ ਨੂੰ 
ਉਹ ਕਾਰਾਂ ਵਾਲੇ ਸਹੇਲਿਆਂ ਦੀ ,ਮੁਹਤਾਜ ਹੋ ਗਈ ਏ 

ਟਿੱਕ ਟੌਕ ਨੇ ਦੁਨੀਆ ਸਾਰੀ ਕਮਲੀ ਕਰ ਦਿੱਤੀ 
ਇਹ ਕੈਂਸਰ ਜਿਹੀ ਬਿਮਾਰੀ, ਬੇਇਲਾਜ ਹੋ ਗਈ ਏ 

ਸ਼ਾਮ ਸਵੇਰੇ ਪੋਸਟ ਪਾ ਕੇ,ਗਾਲ੍ਹਾਂ ਕੱਢ ਕੱਢ ਲੜਦੇ ਆ 
Facebook ਵੀ ਵਿਹਲਿਆਂ ਦੀ, ਮੁਹਤਾਜ ਹੋ ਗਈ ਏ 

ਤਾਜ ਮਹਿਲ ਵਿਚ ਜਾ ਕੇ ਕਸਮਾਂ ,ਖਾਧੀਆਂ ਸੀ ਜਿਸਨੇ 
ਉਹ ਵੀ ਚੰਦਰੀ ਗੈਰਾਂ ਦੀ , ਮੁਮਤਾਜ ਹੋ ਗਈ ਏ 

ਕਹਿੰਦੀ ਸੀ ਜੋ ਤੇਰੇ ਪੱਗ ਦੀ ਝਾਲਰ ਆਂ ਸੱਜਣਾ 
ਡਾਣਸੀਵਾਲੀਆ ਕਿਸੇ ਦੇ ਸਿਰ ਦਾ, ਤਾਜ ਹੋ ਗਈ ਏ 

ਕੁਲਵੀਰ ਸਿੰਘ ਡਾਨਸੀਵਾਲ 

*********************************
ਪਿਆਰੇ ਬੱਚੇ

ਹੱਸਦੇ ਖੇਡਦੇ ਬੱਚੇ ਪਿਆਰੇ
ਬਚਪਨ ਦੇ ਏ ਲੈਣ ਨਜ਼ਾਰੇ
ਨੱਚਣ,ਕੁੱਦਣ ਖੁਸ਼ੀ ਮਨਾਉਣ
ਸਭ ਦੇ ਏ ਦਿਲਾਂ ਨੂੰ ਭਾਉਣ।

ਸੁਭਾ ਬੱਸ 'ਤੇ ਸਕੂਲੇ ਨੇ ਜਾਂਦੇ
ਖੱਟੀ ਮਿੱਠੀ ਚੀਜੀ ਨੇ ਖਾਂਦੇ
ਬੂਹੇ ਵਿੱਚ ਖੜ੍ਹ ਕੇ ਰੌਲੀ ਪਾਉਣ
ਸਭ ਦੇ ਦਿਲਾਂ ਨੂੰ ਏ ਭਾਉਣ।

ਸਕੂਲ ਵਿੱਚੋਂ ਜਦ ਹੋਵੇ ਛੁੱਟੀ
ਜਾਂਦੇ ਫਿਰ ਨੇ ਧੂੜਾਂ ਪੁੱਟੀ
ਬਾਹਾਂ ਦੇ ਵਿੱਚ ਬਸਤੇ ਪਾਉਣ
ਸਭ ਦੇ ਦਿਲਾਂ ਨੂੰ ਏ ਭਾਉਣ।

ਬੱਚੇ ਦਿਲ ਦੇ ਸਾਫ਼ ਨੇ ਹੁੰਦੇ
ਸਿਰਾਂ ਦੇ ਉੱਤੇ ਜੂੜੇ ਗੁੰਦੇ
ਬਾਲ ਸਭਾ ਵਿੱਚ ਗਾਣੇ ਗਾਉਣ
ਸਭ ਦੇ ਦਿਲਾਂ ਨੂੰ ਏ ਭਾਉਣ।

ਬੜੇ ਮਿਹਨਤੀ ਬੀਬੇ ਬੱਚੇ
ਮਨ ਦੇ ਨੇ ਏ ਸੱਚੇ ਬੱਚੇ
ਸੁਖਚੈਨ, ਰੋਂਦਿਆਂ ਤਾਈਂ ਹਸਾਉਣ
ਸਭ ਦੇ ਏ ਦਿਲਾਂ ਨੂੰ ਏ ਭਾਉਣ।
ਸੁਖਚੈਨ ਸਿੰਘ,ਠੱਠੀ ਭਾਈ,


-----------------------

ਹਸਪਤਾਲ

ਕੋਈ ਇੱਥੇ ਪਹਿਲਾਂ ਤੇ ਕੋਈ ਆਖਰੀ ਸਾਹ ਲੈਂਦਾ,
ਕਿਸੇ ਤੋਂ ਜਿੱਤਦੀ ਮੌਤ ਤੇ ਕੋਈ ਮੌਤ ਨੂੰ ਢਾਅ ਲੈਂਦਾ,
ਖੌਰੇ ਤੇਰੇ ਕਰਕੇ ਕਿਸੇ ਦੀ ਜਾਨ ਹੀ ਬਚ ਜਾਵੇ,
ਖ਼ੂਨਦਾਨ ਦੇ ਬਹਾਨੇ ਫੇਰਾ ਪਾ ਆਵੀਂ ਤੂੰ,
ਜੇ ਲੋੜ੍ਹੋ ਵੱਧ ਖੁਦ ਉੱਤੇ ਮਾਣ ਹੋ ਜਾਵੇ, 
ਇੱਕ ਗੇੜ੍ਹਾ ਇਬਾਦਤ ਕਰਦੇ ਆਂ ਲਾ ਆਵੀਂ ਤੂੰ,

ਕਈ ਉੱਥੇ ਮੌਤ ਨਾਲ ਲੜੀ ਜਾਂਦੇ ਹੋਣਗੇ,
ਡਿੱਗ ਡਿੱਗ ਪੈਰਾਂ ਉੱਤੇ ਖੜੀ ਜਾਂਦੇ ਹੋਣਗੇ,
ਤੇਰੀਆ ਅੱਖਾਂ ਨੇ ਆ ਸਦਾ ਸੁੱਖ ਦੇਖਿਆ,
ਹੁੰਦਾ ਕੀ ਆ ਦੁੱਖ ਇਹਨਾਂ ਨੂੰ ਦਿਖਾ ਆਵੀਂ ਤੂੰ,
ਜੇ ਲੋੜ੍ਹੋ ਵੱਧ ਖੁਦ ਉੱਤੇ ਮਾਣ ਹੋ ਜਾਵੇ,
ਇੱਕ ਗੇੜ੍ਹਾ ਹਸਪਤਾਲ ਲਾ ਆਵੀਂ ਤੂੰ,

ਉੱਥੇ ਡਾਕਟਰਾਂ 'ਚ ਵਸਦਾ ਤੈਨੂੰ ਰੱਬ ਲੱਗੂਗਾ,
ਉੱਥੇ ਦੇਖ ਦੁੱਖ ਦੁਖੀ ਸਾਰਾ ਜੱਗ ਲੱਗੂਗਾ,
ਮਹਿਫ਼ਲਾਂ 'ਚ ਤੂੰ ਫਿਰੇ ਹਾਸੇ ਵੰਡਦਾ,
ਦੁੱਖ ਵੀ ਕਿਸੇ ਦਾ ਵੰਡਾ ਆਵੀਂ ਤੂੰ,
ਜੇ ਲੋੜ੍ਹੋ ਵੱਧ ਖੁਦ ਉੱਤੇ ਮਾਣ ਹੋ ਜਾਵੇ, 
ਇੱਕ ਗੇੜ੍ਹਾ ਹਸਪਤਾਲ ਲਾ ਆਵੀ ਤੂੰ,

ਦੇਖ ਦੁੱਖ ਉੱਥੇ ਸੀਨੇ ਖੋ ਪਊਗੀ,
ਵੱਡੇ ਵੱਡੇ ਪੱਥਰਾਂ ਦੀ ਅੱਖ ਰੋ ਪਊਗੀ,
ਸੰਦੀਪ ਆਖਦਾ ਏ ਤੈਨੂੰ ਹਾਲਾਤ ਨੇ ਕਠੋਰ ਕਰਤਾ,
ਕਿੰਨਾ ਕੁ ਏ ਕਠੋਰ ਅਜ਼ਮਾ ਆਵੀਂ ਤੂੰ,
ਜੇ ਲੋੜ੍ਹੋ ਵੱਧ ਖੁਦ ਉੱਤੇ ਮਾਣ ਹੋ ਜਾਵੇ, 
ਇੱਕ ਗੇੜ੍ਹਾ ਹਸਪਤਾਲ ਲਾ ਆਵੀ ਤੂੰ,

-----------------------------

ਇਬਾਦਤ ਕਰਦੇ ਆਂ

ਅਸੀ ਸਾਂਭ ਸਾਂਭ ਆ ਰੱਖਦੇ ਮਿੱਟੀ ਦਿਆਂ ਸਰੀਰਾਂ ਨੂੰ,
ਸੱਜ ਧੱਜ ਆ ਲੈਂਦੇ ਪਾ ਵੰਨ ਸੁਵੰਨੀਆਂ ਲੀਰਾਂ ਨੂੰ,
ਛੱਡ ਦੇਹ ਨੂੰ ਅੱਜ ਰੂਹ ਦੀ ਹਿਫਾਜ਼ਤ ਕਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ

ਜਿਹੜਾ ਹਰ ਪਲ ਸਾਨੂੰ ਪਾਲਦਾ ਰਹਿੰਦਾ ਏ,
ਓਹਨੂੰ ਪਤਾ ਸਾਡੇ ਹਰ ਹਾਲ ਦਾ ਰਹਿੰਦਾ ਏ,
ਅਸੀਂ ਓਹਦੀ ਰਜ਼ਾ 'ਚ ਕਦੋਂ ਬਗਾਵਤ ਕਰਦੇ ਆਂ
ਚੱਲ ਮਨਾ ਅੱਜ ਇਬਾਦਤ ਕਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ

ਪੈਸੇ ਨਾਲੋਂ ਤੋੜ ਕੇ ਮੋਹ ਦੀਆਂ ਤੰਦਾਂ ਨੂੰ,
ਭੁੱਲ ਕੇ ਆਪਣੇ ਤੇ ਘਰ ਦੀਆਂ ਕੰਧਾਂ ਨੂੰ,
ਮੈਂ ਮੈਂ ਨੂੰ ਛੱਡ ਦੋ ਸ਼ਬਦ ਮੌਲਾ ਦੇ ਪੜ੍ਹਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ

ਵਧਦੀਆਂ ਹੀ ਜਾਣ ਨਾ ਮੁੱਕਦੀਆਂ ਲੋੜਾਂ ਨੇ,
ਸਭ ਕੁੱਝ ਹੀ ਮਿਲਜੇ ਸਾਨੂੰ ਲੱਗੀਆਂ ਹੋੜ੍ਹਾਂ ਨੇ,
ਸੰਦੀਪ ਭੁੱਲ ਦੁਨੀਆਦਾਰੀ ਨੂੰ ਓਹਦੇ ਅੱਗੇ ਹਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ,
ਚੱਲ ਮਨਾ ਅੱਜ ਇਬਾਦਤ ਕਰਦੇ ਆਂ


***********************************
 ਸੰਘਰਸ਼ਾਂ ਦੇ ਪੈਂਡੇ 

ਅਸੀਂ ਕਿੱਦਾਂ ਪੁੱਜੇ ਮੰਜ਼ਿਲਾਂ 'ਤੇ , ਇਹ ਰਾਹਵਾਂ ਜਾਣਦੀਆਂ 
ਸਾਨੂੰ ਕਿੱਦਾਂ ਸਾੜਿਆ ਧੁੱਪਾਂ ਨੇ , ਇਹ ਸ਼ਾਵਾਂ ਜਾਣਦੀਆਂ 

ਐਵੇਂ ਨਹੀਓਂ ਦੁਨੀਆ 'ਤੇ ਅੱਜ ,ਬੱਲੇ ਬੱਲੇ ਹੁੰਦੀ ਆ 
ਅਸੀਂ ਡੋਹਲਿਆ ਮੁੜ੍ਹਕਾ ਜੁੱਸਿਆਂ ਚੋਂ,ਇਹ ਥਾਹਵਾਂ ਜਾਣਦੀਆਂ 

ਕਿੰਝ ਤਰੱਕੀਆਂ ਆਈਆਂ ਪਾ ਕੇ,ਚੂੜਾ ਸਾਡੇ ਵਿਹੜਿਆਂ ਨੂੰ 
ਨਾਲ ਮਿਹਨਤਾਂ ਲਈਆਂ ਇਹ ਤਾਂ , ਲਾਵਾਂ ਜਾਣਦੀਆਂ 

ਅਸੀਂ ਕਿਵੇਂ ਚੱਟਾਨਾਂ ਬਣਕੇ ਮੱਥੇ ,ਲਾਏ ਨਾਲ ਤੂਫਾਨਾਂ ਦੇ 
ਕਿੰਝ ਹਿੰਮਤਾਂ ਸਾਡੀਆਂ ਲੜੀਆਂ,ਤੇਜ਼ ਹਵਾਂਵਾਂ ਜਾਣਦੀਆਂ 

ਅਸੀਂ ਕਿੰਝ ਗੁਜਾਰੇ ਕੀਤੇ ,ਲੜਕੇ ਨਾਲ ਗ਼ਰੀਬੀਆਂ ਦੇ 
ਇਹ ਤਾਂ ਡਾਣਸੀਵਾਲੀਆ ਸਾਡੀਆਂ, ਮਾਵਾਂ ਜਾਣਦੀਆਂ 

ਕੁਲਵੀਰ ਸਿੰਘ ਡਾਨਸੀਵਾਲ 


author

Harnek Seechewal

Content Editor

Related News