ਕਵਿਤਾ ਖਿੜਕੀ ''ਚ ਪੜ੍ਹੋ ਦੋ ਕਵਿਤਾਵਾਂ ''ਮੁਹੱਬਤ'' ਅਤੇ ''ਦੇਸ਼ ਪੰਜਾਬ ਦੇ ਵਾਸੀਓ''

Friday, Jul 30, 2021 - 04:26 PM (IST)

ਮੁਹੱਬਤ 

ਮੁਹੱਬਤ ਕੁੱਲ ਕਾਇਨਾਤ ਦਾ ਮੁਕੰਮਲ 
ਵਜ਼ੂਦ ਏ,
ਇਹ ਤਾਂ ਦੋ ਮਿੱਟੀਆਂ ਤੋਂ 
ਪਾਰ ਦੀ ਹਦੂਦ ਏ,

ਇਹ ਤਾਂ ਕਵਿਤਾ ਹੈ ਹਾਸਿਆਂ ਦੀ 
ਗਮਾਂ ਦੀ ,
ਫ਼ਨਾਹ ਹੋ ਜਾਂਦੀ ਜੋ ਜਲ੍ਹਦੀ ਹੋਈ 
ਸ਼ਮਾਂ ਦੀ ,
ਸਿਦਕ ਦੀ ਸਬਰ ਦੀ ਬਿਰਹੋਂ ਦੀ ਵਸਲ ਦੀ ,
ਜੁਦਾਈ ਦੀ, ਤਨਹਾਈ ਦੀ, ਹਿਜ਼ਰਾਂ ਦੇ ਅਸਲੋਂ ਅਜ਼ਲ ਦੀ ,

ਇਹ ਪਾਕ ਨਜ਼ਰਾਨਾ ਹੁੰਦੀ ਏ ,
ਖੁਦਾਈ ਖ਼ਜ਼ਾਨਾ ਹੁੰਦੀ ਏ ,

ਇਹ ਤੱਪਦੇ ਥਲਾਂ 'ਚ ਸੜਦੀ 
ਵਸਲਾਂ ਦੀ ਤਾਂਘ ਏ ,
ਆਪਾ ਨਿਛਾਵਰ ਕਰਨ ਦੀ 
ਉਲਾਂਘ ਏ ,

ਇਹ ਤਾਂ ਬੇਰੋਕ ਬੇਪਰਵਾਹ ਏ ,
ਇਹ ਖ਼ੁਦ ਦੀ ਬਾਦਸ਼ਾਹ ਏ ,

ਇਹ ਅਰਮਾਨਾਂ ਦੀ ਰਵਾਨਗੀ ਏ,
ਖੁਸ਼ਕ ਹੰਝੂਆਂ ਦੀ ਵੀਰਾਨਗੀ ਏ ,

ਮੁਹੱਬਤ ਕੁੱਲ ਕਾਇਨਾਤ ਦਾ ਮੁਕੰਮਲ ਵਜੂਦ ਏ ,
ਇਹ ਤਾਂ ਦੋ ਮਿੱਟੀਆਂ ਤੋਂ ਪਾਰ ਦੀ ਹਦੂਦ ਏ ,

ਇਹ ਦਿਲੇ ਸਮੁੰਦਰ 'ਚੋਂ ਉੱਠੀ ਤਬਾਹਕੁੰਨ ਲਹਿਰ ਏ ,
ਇਹ ਤਾਂ ਖ਼ੂਬਸੂਰਤ ਰੁਬਾਈ ਦੇ ਮਤਲੇ ਦੀ ਬਹਿਰ ਏ ,

ਇਹ ਸਾਹਾਂ ਤੇ ਚਾਵਾਂ ਦੀ ਕੁਰਬਾਨੀ ਏ ,
ਇਹ ਧੁਰ ਦਰਗਾਹੋਂ ਰੱਬ ਵੱਲੋਂ ਫੁਰਮਾਨੀ ਏ,

ਮੁਹੱਬਤ ਮਜ਼ਾਕ ਨੀ ਹੁੰਦੀ ,
ਮੁਹੱਬਤ ਤਹਿਜ਼ੀਬ ਏ ਖ਼ਾਕ ਨੀ ਹੁੰਦੀ ,

ਇਹ ਤਾਂ ਮਸਤ ਜਿਹੀ ਸਾਧਨਾ ਹੈ ,
ਮਹਿਬੂਬ ਪ੍ਰਤੀ ਕੀਤੀ ਅਰਾਧਨਾ ਹੈ ,

ਇਹ ਤਾਂ ਬਹਾਰ ਤੋਂ ਪਰੇ ਪੱਤਝੜ ਹੈ ,
ਪੱਤਝੜ ਵਿੱਚ ਬਹਾਰ ਹੈ ,
ਇਸਦਾ ਅਪਣਾ ਹੀ ਬੇਰੰਗਾ ਤੇ ਰੰਗੀਨ ਸੰਸਾਰ ਹੈ ,

ਇਹ ਤਾਂ ਰੂਹ ਦਾ ਮਿੱਠਾ ਗੀਤ ਹੁੰਦੀ ਏ ,
ਇਹ ਸਾਹਾਂ ਦਾ ਠੰਡਾ ਸੀਤ ਹੁੰਦੀ ਏ ,

ਇਹ ਤਾਂ ਮਨ ਦੀ ਉਦਾਸੀਨਤਾ ਹੈ ,
ਧੁਰ-ਅੰਦਰ ਦੀ ਪ੍ਰਵਾਨਿਤਾ ਹੈ ,

ਇਹ ਛਲ਼ ਕਪਟ ਮਲੀਨਤਾ ਤੋਂ ਪਰੇ ਫ਼ਕੀਰੀ ਹੁੰਦੀ ਹੈ ,
ਇਹ ਖੁਦਾਈ ਬਾਦਸ਼ਾਹਤ ਦੀ ਅਮੀਰੀ ਹੁੰਦੀ ਏ ,

ਇਹ ਤਾਂ ਸਪਸ਼ੱਟ ਬੇਬਾਕ ਬੇਲਿਹਾਜ਼ ਏ ,
ਇਹ ਖੁੱਲ੍ਹੇ ਆਲਮ ਦੀ ਆਜ਼ਾਦ ਪਰਵਾਜ਼ ਏ ,

ਇਹ ਤਾਂ ਕੁਦਰਤੀ ਜਵਾਲਾਮੁਖੀ ਦੀ ਅੱਗ ਏ ,
ਜਿਸ ਤੋਂ ਨਾਵਾਕਿਫ਼ ਏਹ ਜੱਗ ਏ ,

ਮੁਹੱਬਤ ਹਿਸਾਬ ਨੀ ਹੁੰਦੀ ,
ਕੋਈ ਇੱਕ ਪੰਨਾ ਜਾਂ ਕਿਤਾਬ ਨੀ ਹੁੰਦੀ ,

ਇਹ ਤਾਂ ਉੱਜੜੇ ਸੁਫ਼ਨਿਆਂ ਦਾ ਸੰਸਾਰ ਏ , ਜਿਵੇਂ ਗ਼ੁਲਾਬ ਦੇ ਫ਼ੁੱਲ ਨਾਲ ਖ਼ਾਰ ਏ ,

ਇਹ ਤਾਂ ਰੇਤ ਦਾ ਮਹਿਲ ਹੈ ,
ਫਿਰ ਵੀ ਆਸ਼ਕਾਂ ਦੀ ਪਹਿਲ ਹੈ ,

ਇਹ ਤਾਂ ਅਵੇਗ ਹੁੰਦੀ ਏ ,
ਸੁਹਿਰਦ ਹੁੰਦੀ ਏ ਸਹਿਜ ਹੁੰਦੀ ਏ ,

ਇਹ ਜਿਸਮਾਂ ਦੀ ਖੇਡ ਨਹੀਂ ਰੂਹੇ-ਇਬਾਦਤ ਹੈ ,
ਇਹ ਮਰਿਆਂ ਦੀ ਨਹੀਂ ਜਿਉਂਦਿਆਂ ਦੀ ਸ਼ਹਾਦਤ ਹੈ ,

ਇਹ ਸਮਝਾਂ ਦਾ ਪਛਤਾਵਾ ਨਹੀਂ ਹੁੰਦੀ ,
ਇਹ ਭੇਖੀ ਪਹਿਰਾਵਾ ਨਹੀਂ ਹੁੰਦੀ ,

ਇਹ ਤਾਂ ਝੱਲੀ ਕਮਲੀ ਦੀਵਾਨੀ ਹੁੰਦੀ ਹੈ , ਇਹ ਮੌਲਾ ਦਰ ਪ੍ਰਵਾਨੀ ਹੁੰਦੀ ਹੈ ,

ਇਹ ਤਾਂ ਰੂਹੇ ਜਜ਼ਬਾਤ ਹੁੰਦੀ ਹੈ,
ਇਹ ਇਲਾਹੀ ਸੌਗ਼ਾਤ ਹੁੰਦੀ ਹੈ ,
ਇਹ ਬੇਖ਼ੁਦੀ ਦੀ ਕਾਲੀ ਰਾਤ ਹੁੰਦੀ ਹੈ ,
ਇਹ ਸਿਦਕ ਦੀ ਸੰਦਲੀ ਪ੍ਰਭਾਤ ਹੁੰਦੀ ਏ ,

ਮੁਹੱਬਤ ਭਟਕਣ ਨੀ ਠਹਿਰਾਅ ਹੁੰਦੀ ਹੈ ,ਗਹਿਰਾ ਡੂੰਘਾ ਦਰਿਆ ਹੁੰਦੀ ਹੈ ,

ਮੁਹੱਬਤ ਔਖਾ ਪੈਂਡਾ ਔਖੀ ਘਾਟੀ ਹੈ ,
ਮੁਹੱਬਤੀ ਦਿਲਾਂ ਦੀ ਪਾਕ ਹੈਯਾਤੀ ਹੈ ,

ਇਹ ਹੰਝੂਆਂ ਦੀ ਬਰਸਾਤ ਹੁੰਦੀ ਹੈ ,
ਇਹ ਪਿਯਾ ਲਈ ਹੀ ਖ਼ਾਸ ਹੁੰਦੀ ਹੈ ,       

ਕਿਸੇ ਲਈ ਮਿੱਠਾ ਜ਼ਹਿਰ ਹੁੰਦੀ ਹੈ ,
ਬੇਦਰਦ ਬੇਕਿਰਕ ਕਹਿਰ ਹੁੰਦੀ ਹੈ ,

ਮੁਹੱਬਤ ਆਬੇ ਹੈਯਾਤ ਵੀ ਹੈ ,
ਜੰਨਤ ਦੀ ਹੁਸੀਨ ਬਾਤ ਵੀ ਹੈ ,

ਇਹ ਤਾਂ ਜੀਵਨ ਦੀ ਖ਼ਾਕ ਹੈ ,
ਖੁਆਹਿਸ਼ਾਂ ਦੀ ਰਾਖ਼ ਹੈ ,
ਇਹ ਤਾਂ ਜ਼ਿੰਦਾ ਲਾਸ਼ ਹੈ ,
ਇਹ ਉਮੀਦ ਆਸ ਧਰਵਾਸ ਹੈ ,

 ਇਹ ਬੰਧਨਾਂ ਦੀ ਲਕੀਰ ਹੈ ,
ਇਹ ਅਜ਼ਮਤ ਸ਼ਾਹੇ ਪੀਰ ਹੈ ,
ਇਹ ਨੈਣਾਂ ਦਾ ਅਣਿਆਲਾ ਤੀਰ ਹੈ ,
ਇਹ ਆਪੇ ਰਾਂਝਾ ਹੀਰ ਹੈ ,

ਇਹ ਦਿਲ ਦਾ ਗਹਿਣ ਵੈਰਾਗ ਹੈ ,
ਇਹ ਜਿੰਦ ਦਾ ਨਗ਼ਮੇ ਰਾਗ ਹੈ ,
ਨੂਰਾਨੀ ਰਮਜ਼ੇ-ਰਾਜ਼ ਏ 
ਅੰਤ ਜ਼ਿੰਦਗੀ ਦੇ ਅੰਤ ਦਾ ਸਾਜ ਹੈ !!!

ਰਾਜਵਿੰਦਰ ਕੌਰ ਵੜਿੰਗ 


ਦੇਸ਼ ਪੰਜਾਬ ਦੇ ਵਾਸੀਓ
ਦੇਸ਼ ਪੰਜਾਬ ਦੇ ਵਾਸੀਓ, ਤੁਹਾਡੇ ਨਾਵੇਂ ਸਿਰਨਾਵਾਂ ਏ,
ਧਰਤ ਪੰਜਾਬ 'ਤੇ ਪੈ ਰਿਹਾ, ਕੋਈ ਮਾੜਾ ਪਰਛਾਵਾਂ ਏ,

ਖੁਸ਼ਹਾਲੀ ਨੂੰ ਲੱਗ ਜਾਣੀਆਂ, ਲਗਦਾ ਮਾੜੀਆਂ ਨਜਰਾਂ,
ਲੈ ਬਹਿਣਾ ਸੋਹਣੇ ਪੰਜਾਬ ਨੂੰ, ਤੁਹਾਡੀਆਂ ਹੋਛੀਆਂ ਸਧਰਾਂ,
ਉੱਜੜੇ ਬੀਆਬਾਨ ਦੇ ਵੱਲ,  ਜਾਂਦੀਆਂ ਇਹ ਰਾਹਵਾਂ ਏ,
ਦੇਸ਼ ਪੰਜਾਬ ਦੇ ਵਾਸੀਓ.........................................।

ਤੁਹਾਡੇ ਦਰਿਆਵਾਂ ਨੂੰ, ਬੰਨ੍ਹੇ ਇਹਨਾਂ ਤੇ ਡੈਮ ਖਾ ਗਏ ਨੇ,
ਧਰਤੀ ਵਿੱਚ ਜੀਰਿਆ ਜੋ, ਪਾਣੀ ਉਹ ਬੋਰ ਮੁਕਾਗੇ ਨੇ,
ਨਾ ਫਿਰ ਹੋਣੀਆਂ ਫ਼ਸਲਾਂ, ਰੁੱਖ ਕੋਈ ਰਹਿਣਾਂ ਟਾਵਾਂ ਏ,
ਦੇਸ਼ ਪੰਜਾਬ ਦੇ ਵਾਸੀਓ...........................................।

ਵੱਧ ਪਾਉਣ ਦੀ ਚਾਹ ਨਾ, ਫਸਲਾਂ 'ਤੇ ਜ਼ਹਿਰਾਂ ਛਿੜਕ ਰਹੇ,
ਅੰਦਰੋਂ ਗਲ਼ ਰਹੀਆਂ ਨੇ ਜਾਨਾਂ, ਤੇ ਘਰ ਕਈ ਨੇ ਤਿੜਕ ਰਹੇ,
ਆਪਣੇ ਵੀ ਫਿਰ ਤੁਰ ਹੀ ਜਾਣੇ, ਕੀ ਕਰਨਾ ਕੱਠਾ ਕੀਤਾ ਮਾਵਾ ਏ,
ਦੇਸ਼ ਪੰਜਾਬ ਦੇ ਵਾਸੀਓ............................................।

ਦੌਲਤ ਸ਼ਹੁਰਤ ਪਿੱਛੇ ਕਈ, ਆਪਣੀ ਜ਼ਮੀਰ ਗਵਾਈ ਜਾਂਦੇ ਨੇ,
ਨਾਲ ਕੁਰਬਾਨੀਆਂ ਪਾਇਆ, ਓਹ ਕਿਰਦਾਰ ਗੁਆਈ ਜਾਂਦੇ ਨੇ,
ਪਾਰਜਾਤ ਦੇ ਰੁੱਖਾਂ ਨੂੰ ਪੁੱਟ ਕੇ, ਭਾਲਣੀਆਂ ਕਿੱਥੇ ਓਹ ਛਾਵਾਂ ਏ,
ਦੇਸ਼ ਪੰਜਾਬ ਦੇ ਵਾਸੀਓ..............................................।

ਸਾਂਭ ਲਵੋ ਤੁਸੀਂ ਲੁੱਟਦਾ ਜਾਂਦਾ,  ਮੁਹੱਬਤਾਂ ਵਾਲਾ ਸਰਮਾਇਆ ਬਈ,
ਪੱਲੇ ਦੇ ਵਿੱਚ ਕੁਝ ਨਾ ਪੈਣਾ, ਮਲ ਮਲ ਹੱਥ ਪਛਤਾਇਆ ਬਈ,
ਅਦਬ, ਕਦਰ ਕਰੋ ਕੁਦਰਤ ਦੀ ਸਾਰੇ, ਨਹੀ ਤਾਂ ਪੱਲੇ ਪੈਣੀਆਂ ਧਾਵਾਂ ਏ,
ਦੇਸ਼ ਮੇਰੇ ਦੇ ਵਾਸੀਓ......................................................।
ਅਦਬ ਨਵ ਸਿੰਘ


Harnek Seechewal

Content Editor

Related News