ਕਵਿਤਾਵਾਂ : ‘ਰੱਬ ਨਾਲ ਦੋ ਗੱਲਾਂ’, ‘ਤੇਰੀਆਂ ਯਾਦਾਂ’

06/09/2020 3:12:50 PM

( ਰੱਬ ਨਾਲ ਦੋ ਗੱਲਾਂ ) 

ਰੱਬਾ ! ਜੀਅ ਕਰਦੈ !
ਅੱਜ ਤੇਰੇ ਨਾਲ ਦੋ ਗੱਲਾਂ ਕਰਾਂ !!
ਸੋਚਦੀ ਹਾਂ ਤੂੰ ਮੈਨੂੰ ਕਿਉਂ ਕੀਤਾ ਪੈਦਾ !!!

ਕੋਈ ਦੁੱਖੀ ਵੇਖਾਂ ਤਾਂ ਖੁਦ ਦੁਖੀ ਹੋਵਾਂ !
ਕੋਈ ਬੀਮਾਰ ਹੋਵੇ ਤੇ ਕਹਿੰਦੀ ਹਾਂ 
ਉਸਦੀ ਤਕਲੀਫ ਮੈਂ ਲੈ ਲਵਾਂ !!
ਕਿਸੇ ਗਰੀਬ ਤੇ ਭੁੱਖੇ ਨੂੰ ਮੈਂ ਦੇਖ ਨਾ ਸਕਾਂ !
ਸਭ ਨੂੰ ਬੇਪਨਾਹ ਮੁੱਹਬਤਾਂ ਕਰਾਂ !!

ਹਰ ਇਕ ਨੂੰ ਆਪਣਾ ਬਣਾ ਕੇ ਦੇਖ ਲਿਆ !
ਐਪਰ ਕੋਈ ਨਾ ਬਣਿਆ ਆਪਣਾ!!
ਸਭ ਰਿਸ਼ਤੇ ਝੂਠੇ ਸੱਜਣਾਂ !
ਕੋਈ ਨਾ ਇੱਥੇ ਆਪਣਾ !!

ਜਦ ਜੀਅ ਕਰੇ ਤੇਰੇ ਸਾਹਵੇਂ ਰੋ ਲੈਂਦੀ ਹਾਂ !
ਹਰ ਗੱਲ ਤੇਰੇ ਨਾਲ ਛੋਹ ਲੈਂਦੀ ਹਾਂ !!
ਤੂੰ ਹਮੇਸ਼ਾਂ ਮੇਰੇ ਵੱਲ ਏਂ ਸੱਜਣਾਂ!
ਮੇਰੇ ਕੋਲ ਮੇਰੇ ਨਾਲ ਖੜਾ !!

ਲੋਕੀਂ ਤੈਨੂੰ ਮੰਦਰ ਮਸਜਿਦ ਢੂੰਡਣ !
ਕੋਈ ਪੱਥਰਾਂ ਵਿੱਚ ਤੇ ਬੇਲੇ ਜੰਗਲ਼ !!
ਐਪਰ ਮੈ ਤੈਨੂੰ ਹਰ ਜਗ੍ਹਾ ਵੇਖਾਂ !
 ਜ਼ੱਰੇ ਜ਼ੱਰੇ ਵਿਚ ਤੱਕਾਂ !!
 ਹਰ ਇਨਸਾਨ ਦੇ ਅੰਦਰ ਤੂੰ ਰਮਿਆਂ !!!

ਰੱਬਾ ਕਦੇ ਕਦੇ 
ਮੈ ਤੇਰੀ ਦੁਨੀਆਂ ਤੇ ਹੱਸਾਂ! 
ਇੱਥੇ ਖ਼ਾਮੋਸ਼ੀ ਦੀ ਜ਼ਬਾਨ ਕਿਸੇ ਨੂੰ ਸਮਝ ਨਾ ਆਵੇ !!
ਸਿੱਧੇ ਬੰਦੇ ਨੂੰ ਹਮੇਸ਼ਾਂ ਹਰ ਕੋਈ ਡੇਗਣਾ ਚਾਹੇ !
ਭੁੱਖੇ ਨੂੰ ਕੋਈ ਦੇਵੇ ਨਾ ਰੋਟੀ !!
ਗੁਰਦੁਆਰੇ ਮੰਦਿਰ ਮਸਜਿਦ ਵਿੱਚ ਲੰਗਰ ਲਾਈ ਜਾਵੇ !
ਜਿਊਂਦੇ ਜੀਅ ਕੋਈ ਪੁੱਛੇ ਨਾ ਬਾਤ !

ਮੁਰਦੇ ਨੂੰ ਪੂਜੀ ਜਾਵੇ  !!ਰੱਬਾ ਇਹ ਕੀ ਹੋਈ ਜਾਵੇ !
ਬੱਚੀਆਂ ਦੀ ਪੱਤ ਲੁੱਟੀ ਜਾਵੇ !!
ਦਾਜ ਦੀ ਬਲੀ ਚੜ੍ਹ ਰਹੀਆਂ ਕੁੜੀਆਂ !
ਨਸ਼ੇੜੀ ਹੋ ਰਹੇ ਨੌਜਵਾਨ!!
ਕਿਸਾਨ ਕਰਨ ਖੁਦਕਸ਼ੀਆਂ !
ਵਾਹ ! ਤੇਰੀ ਇਹ ਦੁਨੀਆਂ ਰੱਬਾ !!
ਜਿੱਥੇ ਕੋਈ ਕਿਸੇ ਦਾ ਨਾ !
ਕੀ ਫ਼ਾਇਦਾ ਐਸੇ ਜੀਣ ਦਾ !!
ਦਿਲ ਕਰਦੈ !
ਇਕ ਵਾਰ ਤੇਰੇ ਨਾਲ ਗੱਲ ਕਰਾਂ !
ਇਹ ਜੋ ਨਿਤ ਵਾਪਰ ਰਿਹੈ !!
ਇਸ ਦੀ ਰਮਜ਼ ਫੜਾਂ !!!  
    
(  ਤੇਰੀਆਂ  ਯਾਦਾਂ   ) 
    
        ਅੜ੍ਹਿਆ ! 
  ਦੱਸ ਖਾਂ ਵੇ ਅੜ੍ਹਿਆ !! 
ਕੀ ਕਰਾਂ ਮੈਂ ਤੇਰੀਆਂ ਯਾਦਾਂ ਦਾ !!! 
 
ਜਿੰਨਾ ਮੈਂ ਇਹਨਾਂ ਤੋਂ ਪਿੱਛਾ 
  ਛੁਡਾਉਂਦੀ ਹਾਂ ! 
ਉਹ ਆਨੀ ਬਹਾਨੀ ਆ ਮੈਨੂੰ 
  ਘੇਰਾ ਘੱਤ ਲੈਂਦੀਆਂ ਨੇ !! 

 ਤੂੰ ਜਾਂਦਾ ਜਾਂਦਾ ਇਹਨਾਂ ਯਾਦਾਂ ਨੂੰ 
       ਨਾਲ ਕਿਉਂ ਨਹੀਂ ਲੈ ਗਿਆ ! 
    ਜੋ ਮੈਨੂੰ ਹਰ ਵੇਲੇ ਬੇਚੈਨ 
   ਕਰ ਰੱਖਦੀਆਂ ਨੇ !! 

          ਅੜ੍ਹਿਆ !
      ਦੱਸ ਖਾਂ ਵੇ ਅੜ੍ਹਿਆ !! 
   ਕੀ ਕਰਾਂ ਮੈਂ ਤੇਰੀਆਂ ਯਾਦਾਂ ਦਾ !!! 

   ਜੱਦ ਮੈਂ ਬੂਹਾ ਢੋਣ ਲਈ 
      ਜਾਂਦੀ ਹਾਂ ਤਾਂ ! 
ਉਹ ਹਵਾ ਦਾ ਝੋਂਕਾ ਬਣ 
   ਅੰਦਰ ਆ ਜਾਂਦੀਆਂ ਨੇ !! 

   ਜੱਦ ਮੈਂ ਸੌਣ ਦੀ ਕੋਸ਼ਿਸ਼ 
    ਕਰਦੀ ਹਾਂ ਤੇ ਉਹ ! 
  ਪਲਕਾਂ ਵਿੱਚ ਅੱਥਰੂ ਬਣ 
    ਠਹਿਰ ਜਾਂਦੀਆਂ ਨੇ !! 

         ਅੜ੍ਹਿਆ ! 
 ਦੱਸ ਖਾਂ ਵੇ ਅੜ੍ਹਿਆ !! 
  ਕੀ ਕਰਾਂ ਮੈਂ ਤੇਰੀਆਂ ਯਾਦਾਂ ਦਾ !!! 

   ਨਾ ਮੈਂ ਤੇਰੀ ਨਾ ਤੂੰ ਮੇਰਾ 
    ਫਿਰ ਇਹ ਅਹਿਸਾਸ ਕੈਸਾ ! 
    ਤੇਰੇ ਸਾਹਾਂ ਦੀ ਧੜ੍ਹਕਣ 
    ਮੇਰੇ ਸਾਹਾਂ ਵਿੱਚ ਮਹਿਸੂਸ ਹੁੰਦੀ ਹੈ !!

     ਜੱਦ ਮੈਂ ਤੁਰਦੀ ਹਾਂ ਤੇ ਉਹ 
  ਪ੍ਰਛਾਵਾਂ ਬਣ ਨਾਲ ਤੁਰਦੀਆਂ ਨੇ ! 
    ਜੱਦ ਮੈਂ ਖ਼ੁਸ਼ ਹੁੰਦੀ ਹਾਂ ਤੇ !!
ਉਹ ਮਹਿਕ ਬਣ ਫ਼ਿਜ਼ਾ ਨੂੰ 
  ਮਹਿਕਾ ਦਿੰਦੀਆਂ ਨੇ !!! 

          ਅੜ੍ਹਿਆ ! 
    ਦੱਸ ਖਾਂ ਵੇ ਅੜ੍ਹਿਆ !! 
   ਕੀ ਕਰਾਂ ਮੈਂ ਤੇਰੀਆਂ ਯਾਦਾਂ ਦਾ !!! 

    ਜੱਦ ਮੈਂ ਕੁਝ ਗੁਣਗੁਣਾਉਂਦੀ ਹਾਂ !
     ਤੇ ਉਹ ਗੀਤ ਬਣ ਮੇਰੇ ਹੋਂਠਾਂ ਤੇ 
        ਆ ਜਾਂਦੀਆਂ ਨੇ !! 
      ਜੱਦ ਮੈਂ ਕੁਝ ਲਿਖਣ ਬੈਠਦੀ ਹਾਂ !
      ਤੇ ਉਹ ਕਵਿਤਾ ਬਣ ਲਿਖੀ ਜਾਂਦੀ ਹੈ !!

           ਸ਼ਾਇਦ ਤੇਰੀਆਂ ਯਾਦਾਂ ਦਾ ! 
          ਬਾਰ ਬਾਰ ਆਉਣਾ !
       ਇਹੀ ਸਾਡੀ ਸੱਚੀ ਸੁੱਚੜੀ 
         ਰੂਹ ਦੀ ਪ੍ਰੀਤ ਹੈ !! 

ਅੜ੍ਹਿਆ ! 
ਦੱਸ ਖਾਂ ਵੇ ਅੜ੍ਹਿਆ !! 
ਕੀ ਕਰਾਂ ਮੈਂ ਤੇਰੀਆਂ ਯਾਦਾਂ ਦਾ !!!
ਅੜ੍ਹਿਆ !
ਤੇਰੀਆਂ ਯਾਦਾਂ  !! 
ਹਾਏ ! 
ਤੇਰੀਆਂ ਯਾਦਾਂ !!!

(  ਅਰਜ਼ੋਈ )
ਨਿੱਤ ਕਰਾਂ ਅਰਜ਼ੋਈ  ਦਾਤਾ ਮਿਹਰ ਕਰੋ !
  ਮੰਗਾਂ ਨਿੱਤ ਖ਼ੈਰਾਂ ਸਰਬੱਤ ਦੇ ਭਲੇ ਦੀਆਂ !
     ਦਾਤਾ ਮਿਹਰ ਕਰੋ !!

ਕੈਸਾ ਕਹਿਰ ਕਮਾਇਆ ਵਾਇਰਸ ਕਰੋਨਾ ਨੇ !
 ਲੋਕਾਂ ਨੂੰ ਭੱੜਥੂ ਪਾਇਆ ਇਸਦੇ ਕਹਿਰ ਨੇ !!
 ਦਾਤਾ ਮਿਹਰ ਕਰੋ !
ਨਿੱਤ ਕਰਾਂ ਅਰਜ਼ੋਈ ਦਾਤਾ ਮਿਹਰ ਕਰੋ !!

ਘਰਾਂ ਵਿੱਚ ਸਾਰੇ ਆਪਣੇ ਹੀ !
ਕੈਦੀ ਹੋ ਕੇ ਰਹਿ ਗਏ ਨੇ !!
ਜੋ ਢੁੱਕ ਢੁੱਕ ਨੇੜੇ ਬਹਿੰਦੇ ਸੀ 
ਹੁਣ ਦੂਰੋਂ ਹੀ ਹੱਥ ਹਿਲਾਉਂਦੇ ਨੇ !!
ਦਾਤਾ ਮਿਹਰ ਕਰੋ !
ਨਿੱਤ ਕਰਾਂ ਅਰਜ਼ੋਈ  ਦਾਤਾ ਮਿਹਰ ਕਰੋ !!

ਸੱਭ ਛੱਡ ਕੇ ਕੰਮਾਂ ਕਾਰਾਂ ਨੂੰ !
ਹੁਣ ਘਰਾਂ ਵਿੱਚ ਡਰ ਕੇ ਬਹਿ ਗਏ ਨੇ !!
ਚਿੰਤਾ ਵੀ ਬਹੁਤ ਸਤਾਉਂਦੀ ਹੈ !
ਕੀ ਬਣੂੰ ਹੁਣ ਸਾਡੀ ਰੋਜ਼ੀ ਰੋਟੀ ਦਾ !!
ਕਹਿੰਦੇ ਪਹਿਲਾਂ ਜਾਨ ਪਿਆਰੀ ਹੈ !
ਜਾਨ ਹੈ ਤੇ ਜਹਾਨ ਹੈ !!
ਦਾਤਾ ਮਿਹਰ ਕਰੋ !
ਨਿੱਤ ਕਰਾਂ ਅਰਜ਼ੋਈ ਦਾਤਾ ਮਿਹਰ ਕਰੋ !! 

ਕੀ ਹੋ ਗਈ ਐਸੀ ਗਲਤੀ 
ਸਾਰੀ ਖ਼ਲਕਤ ਤੋਂ !
ਬਖ਼ਸ਼ਣਹਾਰੇ ਬਖ਼ਸ਼ੋ ਹੁਣ 
ਹਰ ਵੇਲੇ ਜੱਪਦੇ ਤੇਰਾ ਨਾਮ !!
ਦਾਤਾ ਮਿਹਰ  ਕਰੋ !
ਨਿੱਤ ਕਰਾਂ ਅਰਜ਼ੋਈ ਦਾਤਾ ਮਿਹਰ ਕਰੋ !!

 ਜੋ ਤੈਨੂੰ ਭੁਲਾਈ ਬੈਠੇ ਸੀ ਹੁਣ !
ਹਰ ਸਾਹ ਵਿੱਚ ਜੱਪਦੇ ਤੇਰਾ ਨਾਮ !!
ਤੇਰੀਆਂ ਤੂੰ ਹੀ ਜਾਣੇ ਦਾਤਾ !
ਹੁਣ ਭੁੱਲਾਂ ਸਾਡੀਆਂ ਬਖ਼ਸ਼ ਦਿਉ !!
ਦਾਤਾ ਮਿਹਰ ਕਰੋ !
ਨਿੱਤ ਕਰਾਂ ਅਰਜ਼ੋਈ ਦਾਤਾ ਮਿਹਰ ਕਰੋ !!

ਮੰਗਾਂ ਨਿੱਤ ਖ਼ੈਰਾਂ ਸਰਬੱਤ ਦੇ ਭਲੇ ਦੀਆਂ !
ਦਾਤਾ ਮਿਹਰ ਕਰੋ !!
ਨਿੱਤ ਕਰਾਂ ਅਰਜ਼ੋਈ ਦਾਤਾ ਮਿਹਰ ਕਰੋ !
ਦਾਤਾ ਮਿਹਰ ਕਰੋ !! 
 ਦਾਤਾ ਮਿਹਰ ਕਰੇ !!!

PunjabKesari


rajwinder kaur

Content Editor

Related News