ਪੀਏਯੂ ਨੇ ਸੋਲਰ ਡਰਾਇਰ ਤਕਨੀਕ ਲਈ ਕੀਤਾ ਇਕ ਹੋਰ ਸਮਝੌਤਾ

Thursday, Apr 11, 2019 - 02:06 PM (IST)

ਪੀਏਯੂ ਨੇ ਸੋਲਰ ਡਰਾਇਰ ਤਕਨੀਕ ਲਈ ਕੀਤਾ ਇਕ ਹੋਰ ਸਮਝੌਤਾ

ਪੀਏਯੂ ਨੇ ਅੱਜ ਫਿਲੌਰ ਸਥਿਤ ਕੰਪਨੀ ਵਿਸ਼ਵਕਰਮਾ ਸੋਲਰ ਐਨਰਜੀ ਕਾਰਪੋਰੇਸ਼ਨ ਨਾਲ ਆਪਣੇ ਵਿਕਸਿਤ ਕੀਤੇ ਸੋਲਰ ਡਰਾਇਰ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਵਿਸ਼ਵਕਰਮਾ ਸੋਲਰ ਐਨਰਜੀ ਕਾਰਪੋਰੇਸ਼ਨ ਦੇ ਪ੍ਰਬੰਧਕੀ ਸਹਿਯੋਗੀ ਸ੍ਰੀ ਵਿਜੇ ਧੀਮਾਨ ਨੇ ਆਪਣੀਆਂ ਸੰਸਥਾਵਾਂ ਵੱਲੋਂ ਇਸ ਸਮਝੌਤੇ ਉਪਰ ਦਸਤਖਤ ਕੀਤੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਸੀਨੀਅਰ ਖੋਜ ਇੰਜੀਨੀਅਰ ਡਾ. ਸੁਖਮੀਤ ਸਿੰਘ ਨੇ ਦੱਸਿਆ ਕਿ ਪੀਏਯੂ ਵੱਲੋਂ ਵਿਕਸਿਤ ਇਹ ਸੋਲਰ ਡਰਾਇਰ ਮੱਧਮ ਯੋਗਤਾ ਵਾਲੀ ਤਕਨੀਕ ਹੈ ਜਿਸ ਵਿੱਚ ਖਾਲੀ ਨਲਕੀਆਂ ਰਾਹੀਂ 40 ਕਿੱਲੋ ਤਾਜ਼ੇ ਉਤਪਾਦ ਨੂੰ ਧੁੱਪ ਵਾਲੇ 2-5 ਦਿਨਾਂ ਵਿੱਚ ਸੁਕਾਇਆ ਜਾ ਸਕਦਾ ਹੈ । ਇਸ ਮਸ਼ੀਨ ਵਿੱਚ ਦੋਨਾਂ ਸਿਰਿਆਂ ਤੋਂ ਖੁੱਲ•ਣ ਵਾਲੀਆਂ ਪਰ ਉਚ ਯੋਗਤਾ ਵਾਲੀਆਂ ਦੋ ਨਲਕੀਆਂ ਲਗਾਈਆਂ ਗਈਆਂ ਹਨ ਅਤੇ ਇਸ ਮਸ਼ੀਨ ਦਾ ਕੁੱਲ ਘੇਰਾ 1.4 ਵਰਗ ਮੀਟਰ ਹੈ । ਸੌਰ ਫੋਟੋ ਬੋਲਟਿਕ ਪੈਨਲ ਨਾਲ ਚੱਲਣ ਵਾਲਾ ਪੱਖਾ ਇਸ ਮਸ਼ੀਨ ਵਿੱਚ ਲਗਾਇਆ ਗਿਆ ਹੈ । ਇਸ ਮਸ਼ੀਨ ਨੂੰ 2 ਮੀਟਰ 2.5 ਮੀਟਰ ਛਾਂ ਰਹਿਤ ਰਕਬਾ ਚਾਹੀਦਾ ਹੈ ਅਤੇ ਇਸ ਮਸ਼ੀਨ ਵਿੱਚ ਸਟੀਲ ਤੋਂ ਬਣੀਆਂ 6 ਪਰਤਾਂ ਹਨ ।
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਿੱਧੀ ਧੁੱਪ ਦੇ ਮੁਕਾਬਲੇ ਇਹ ਸੁਕਾਉਣ ਵਾਲੀ ਸੌਰ ਮਸ਼ੀਨ ਜਿਣਸ ਦਾ ਸੁਕਾਉਣ ਲਈ ਲੱਗਿਆ ਸਮਾਂ 72% ਤੱਕ ਘਟ ਸਮਾਂ ਲੈਂਦੀ ਹੈ । ਇਸ ਮੌਕੇ ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵਿਸ਼ਵਜੀਤ ਸਿੰਘ ਹਾਂਸ ਦੱਸਿਆ ਕਿ ਇਸ ਮਸ਼ੀਨ ਦੀ ਲਾਗਤ ਕੀਮਤ 45000 ਰੁਪਏ ਹੈ । ਇੱਥੇ ਵਰਣਨਯੋਗ ਹੈ ਕਿ ਇਸ ਤਕਨੀਕ ਨੂੰ ਡਾ. ਸੁਖਮੀਤ ਸਿੰਘ, ਡਾ. ਵਿਸ਼ਵਜੀਤ ਸਿੰਘ ਹਾਂਸ, ਡਾ. ਆਰ ਐਸ ਗਿੱਲ, ਡਾ. ਮਨਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਵਿਕਸਿਤ ਕੀਤਾ ਹੈ। ਅਡਜੰਕਟ ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 48 ਤਕਨੀਕਾਂ ਦੇ ਵਪਾਰੀਕਰਨ ਲਈ 205 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਨਸਲ, ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਸਿਰਕਾ ਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ ।


author

Aarti dhillon

Content Editor

Related News