ਪੰਚਾਇਤਾਂ ਅਤੇ ਛੋਟੇ ਮੁਲਾਜ਼ਮ
Thursday, Jul 12, 2018 - 05:02 PM (IST)
73ਵੀਂ ਸੰਵਿਧਾਨਿਕ ਸੋਧ ਤੋਂ ਬਾਅਦ ਪੰਜਾਬ ਰਾਜ ਨੇ ਅਪ੍ਰੈਲ 1994 ਵਿਚ ਪੰਜਾਬ ਪੰੰਚਾਇਤੀ ਐਕਟ ਦੀ ਸਥਾਪਨਾ ਕੀਤੀ । ਇਸੇ ਲੜੀ ਤਹਿਤ ਗ੍ਰਾਮ ਪੰੰਚਾਇਤਾਂ ਨੂੰ ਸਵੈ ਸਰਕਾਰਾਂ ਦਾ ਸਰੂਪ ਦੇਣ ਲਈ ਯਤਨ ਅਰੰਭੇ ਗਏ । ਗ੍ਰਾਮ ਪੰੰਚਾਇਤਾਂ ਨੂੰ ਅਧਿਕਾਰਾਂ, ਕਰਤੱਵਾਂ ਅਤੇ ਕੰਮਾਂ ਦੇ ਸੂਤਰ ਵਿਚ ਵੱਖ-ਵੱਖ ਧਾਰਾਵਾਂ ਤਹਿਤ ਪਰੋਇਆ ਗਿਆ । ਇਨ੍ਹਾਂ ਧਾਰਾਵਾਂ ਤਹਿਤ ਪੰੰਚਾਇਤਾਂ ਨੇ ਸਾਰਥਿਕ ਕਦਮ ਚੁੱਕ ਕੇ ਕਾਫੀ ਸੁਧਾਰ ਵੀ ਕੀਤੇ ।
ਪ੍ਰਸ਼ਾਸ਼ਨ ਦੀ ਮੂਲ ਇਕਾਈ ਪਿੰਡ ਅਤੇ ਪਿੰਡਾਂ ਵਿਚ ਕੰਮ ਕਰਦੇ ਛੋਟੇ ਮੁਲਾਜ਼ਮ ਹੁੰਦੇ ਹਨ । ਸਰਕਾਰ ਦੇ ਅੰਕੜੇ ਅਤੇ ਨੀਤੀਆਂ ਵਿਚ ਛੋਟੇ ਮੁਲਾਜ਼ਮਾਂ ਦਾ ਵੱਡਾ ਯੋਗਦਾਨ ਹੁੰਦਾ ਹੈ । ਕਈ ਵਾਰ ਪਿੰਡਾਂ ਦੀਆਂ ਧੜੇਬੰਦੀਆਂ ਕਾਰਨ ਛੋਟਾ ਮੁਲਾਜ਼ਮ ਪੀਸਿਆ ਜਾਂਦਾ ਹੈ ।ਕਿਤੇ-ਕਿਤੇ ਨੋਬਤ ਇਹ ਵੀ ਆ ਜਾਂਦੀ ਹੈ ਕਿ ਉੱਚ ਅਧਿਕਾਰੀ ਛੋਟੇ ਮੁਲਾਜ਼ਮ ਨੂੰ ਸੁਣਨ ਤੋਂ ਟਾਲਾ ਵੱਟ ਲੈਂਦੇ ਹਨ । ਉਹਨਾਂ ਦਾ ਇਕੋ ਇਕ ਪ੍ਰੋਗਰਾਮ ਰਾਜਨਿਤਕ ਆਕਾ ਨੂੰ ਖੁਸ਼ ਕਰਨਾ ਹੁੰਦਾ ਹੈ । ਪੰਜਾਬ ਪੰੰਚਾਇਤੀ ਰਾਜ ਐਕਟ ਨੇ ਧਾਰਾ 38 ਤਹਿਤ ਛੋਟੇ ਮਲਾਜ਼ਮਾਂ ਦੇ ਗਲਤ ਵਿਵਹਾਰ ਨੂੰ ਘੋਖਣ ਅਤੇ ਜਾਂਚ ਕਰਨ ਦਾ ਅਧਿਕਾਰ ਗ੍ਰਾਮ ਪੰਚਇਤਾਂ ਨੂੰ ਦਿੱਤਾ ਹੈ । ਛੋਟਾ ਮੁਲਾਜ਼ਮ ਸਰਕਾਰੀ ਹੈਸੀਅਤ ਵਿਚ ਜੇ ਕਿਸੇ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਪੰੰਚਾਇਤ ਮਾਮਲੇ ਦੀ ਘੋਖ ਕਰਕੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰ ਸਕਦੀ ਹੈ। ਪਿੰਡਾਂ ਲਈ ਮਾਣ-ਤਾਣ ਵਾਲਾ ਅਹੁਦਾ ਪਟਵਾਰੀ ਦਾ ਹੁੰਦਾ ਹੈ । ਪੰਜਾਬੀਅਤ ਦਾ ਵਿਅੰਗ ਵੀ ਹੈ ਕਿ ਡੀ. ਸੀ. ਸਾਹਿਬ ਨੂੰ ਘਰਵਾਲੀ ਨੇ ਪੁੱਛਿਆ ਸੀ ਕਿ ਤੁਸੀਂ ਪਟਵਾਰੀ ਕਦੋਂ ਲੱਗਣਾ ਹੈ ਪੰਜਾਬ ਪੰੰਚਾਇਤੀ ਰਾਜ ਐਕਟ ਨੇ ਪਟਵਾਰੀ ਦੀ ਨਿਗਰਾਨੀ ਕਰਨ ਦਾ ਅਧਿਕਾਰ ਅਤੇ ਚੌਕੀਦਾਰ ਦੀ ਨਿਗਰਾਨੀ ਦਾ ਅਧਿਕਾਰ ਐਕਟ ਦੀ ਧਾਰਾ 39 ਤਹਿਤ ਗ੍ਰਾਮ ਪੰੰਚਾਇਤ ਨੂੰ ਦਿੱਤਾ ਹੈ । ਇਸ ਧਾਰਾ ਤਹਿਤ ਗ੍ਰਾਮ ਪੰੰਚਾਇਤ ਦੀ ਰਿਪੋਰਟ ਦੇ ਕੀਤੀ ਕਾਰਵਾਈ ਦੀ ਸੂਚਨਾ ਸੰਬੰਧਿਤ ਅਧਿਕਾਰੀ ਗ੍ਰਾਮ ਪੰਚਾਇਤ ਨੂੰ ਦੇਣ ਦਾ ਪਾਬੰਦ ਹੈ ।
ਪਿੰਡਾਂ ਵਿਚ ਛੋਟੇ ਮਸਲਿਆਂ ਨੂੰ ਨਬੇੜਨ ਲਈ ਪੰਚਾਇਤਾਂ ਨੂੰ ਅਧਿਕਾਰ ਦਿੱਤੇ ਗਏ ਹਨ । ਜਿਸ ਦੇ ਨਤੀਜੇ ਸਹੀ ਵੀ ਹਨ । ਪੰੰਚਾਇਤਾਂ ਦਾ ਖਾਸ ਤੌਰ ਤੇ ਛੋਟੇ ਮੁਲਾਜ਼ਮਾਂ ਨਾਲ ਰਿਸ਼ਤਾ ਨਿੱਘਾ ਹੋਣਾ ਚਾਹੀਦਾ ਹੈ । ਇਸ ਨਾਲ ਵਿਕਾਸ ਦੀ ਗਤੀ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਿਚ ਤਸੱਲੀ ਅਤੇ ਤੇਜ਼ੀ ਆਉਂਦੀ ਹੈ । ਜਿਨਾਂ ਪਿੰਡਾਂ ਵਿਚ ਪੰੰਚਾਇਤ ਨਾਲ ਪਿੰਡ ਦੇ ਮੁਲਾਜ਼ਮਾਂ ਦੀ ਟੋਕਾ-ਟਾਕੀ ਰਹਿੰਦੀ ਹੈ ਅਜਿਹੀ ਸਥਿਤੀ ਵਿਚ ਪ੍ਰਸ਼ਾਸਨਿਕ ਦੁਬਿਧਾ ਪੈਦਾ ਹੁੰਦੀ ਹੈ । ਅੱਜ ਪੰਚਾਇਤੀ ਰਾਜ ਵਿਚ ਯੋਗ ਨੁਮਾਇੰਦੇ ਆਉਂਦੇ ਹਨ । ਇਹਨਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾਂਦਾ ਹੈ । ਸਾਡੀਆਂ ਪੰੰਚਾਇਤਾਂ ਨਿਯਮਾਂ ਅਨੁਸਾਰ ਛੋਟੇ ਮੁਲਾਜ਼ਮਾਂ ਨਾਲ ਸੰਬੰਧ ਬਣਾਉਂਦੀਆਂ ਇਸ ਨਾਲ ਆਪਣੇ-ਆਪਣੇ ਪਿੰਡ ਵਿਚ ਸਾਰੇ ਪੱਖਾਂ ਦਾ ਵਿਕਾਸ ਕਰਦੀਆਂ ਹਨ । ਮੁਲਾਜ਼ਮਾਂ ਨੂੰ ਵੀ ਧੜੇਬੰਦੀ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
ਪੰਜਾਬ ਪੰੰਚਾਇਤੀ ਰਾਜ ਐਕਟ ਨੇ ਛੋਟੇ ਮੁਲਾਜ਼ਮਾਂ ਨਾਲ ਪੰੰਚਾਇਤਾਂ ਦਾ ਰਿਸ਼ਤਾਂ ਕਾਇਮ ਕਰਕੇ ਤਾਲਮੇਲ ਬਿਠਾਇਆ । ਇਸ ਐਕਟ ਦੇ ਲਾਗੂ ਹੋਣ ਨਾਲ ਪਿੰਡਾਂ ਵਿਚ ਸਿੱਖਿਆ, ਸਿਹਤ ਅਤੇ ਖੇਤੀ ਖੇਤਰ ਵਿਚ ਪੰੰਚਾਇਤਾਂ ਮੁਲਾਜ਼ਮਾਂ ਨਾਲ ਇਕ ਸੁਰ ਹੋ ਕੇ ਤਰੱਕੀ ਵਿਚ ਯੋਗਦਾਨ ਪਾ ਰਹੀਆਂ ਹਨ । ਅੱਜ ਲੋਕਤੰਤਰ ਵਿਚ ਪੰੰਚਾਇਤਾਂ ਨੂੰ ਲੋਕਾਂ ਦਾ ਅਤੇ ਛੋਟੇ ਮੁਲਾਜ਼ਮਾਂ ਨੂੰ ਪੰੰਚਾਇਤਾਂ ਦਾ ਡਰ ਰਹਿੰਦਾ ਹੈ ਜਿਸ ਨਾਲ ਪ੍ਰਸ਼ਾਸਨ ਦੀ ਗਤੀ ਬਿਨ੍ਹਾਂ ਕਿਸੇ ਵਿਘਨ ਤੋਂ ਚੱਲਦੀ ਰਹਿੰਦੀ ਹੈ ਅਤੇ ਲੋਕਾਂ ਨੂੰ ਸੁੱਖ ਸਹੁਲਤ ਮਾਨਣ ਦਾ ਹੱਕ ਮਿਲਦਾ ਹੈ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
