ਝੋਨੇ ਦੇ ਘਟੇ ਝਾੜ ਲਈ ਸਤੰਬਰ ਵਿੱਚ ਭਾਰੀ ਮੀਂਹ ਅਤੇ ਘਟਿਆ ਤਾਪਮਾਨ ਜ਼ਿੰਮੇਵਾਰ

Saturday, Feb 09, 2019 - 12:17 PM (IST)

ਝੋਨੇ ਦੇ ਘਟੇ ਝਾੜ ਲਈ ਸਤੰਬਰ ਵਿੱਚ ਭਾਰੀ ਮੀਂਹ ਅਤੇ ਘਟਿਆ ਤਾਪਮਾਨ ਜ਼ਿੰਮੇਵਾਰ

ਸਾਲ 2018 ਵਿੱਚ ਝੋਨੇ ਦਾ ਝਾੜ 2017 ਦੇ ਮੁਕਾਬਲਤਨ ਘਟ ਰਿਹਾ। ਝਾੜ ਵਿੱਚ ਇਹ ਕਮੀ ਕਿਸਾਨਾਂ ਅਤੇ ਮਾਹਿਰਾਂ ਲਈ ਚਰਚਾ ਦਾ ਵਿਸ਼ਾ ਹੈ। ਮਾਹਿਰਾਂ ਅਨੁਸਾਰ ਝਾੜ ਵਿੱਚ ਇਹ ਕਮੀ ਸਾਉਣੀ ਦੇ ਸੀਜ਼ਨ ਦੌਰਾਨ ਦੋ ਵਾਰ ਹੋਏ ਮੌਸਮੀ ਉਲਟ ਫੇਰ ਦਾ ਨਤੀਜਾ ਹੈ। ਝਾੜ ਘਟਣ ਦਾ ਮੁੱਖ
ਕਾਰਨ ਸਤੰਬਰ ਮਹੀਨੇ ਦੇ ਦੂਜੇ ਅੱਧ ਵਿੱਚ ਪਿਆ ਭਾਰੀ ਮੀਂਹ ਹੈ। ਪਿਛਲੇ ਸਾਲ ਇਸੇ ਸਮੇਂ ਹੋਈ
24.4 ਮਿ.ਮੀ. ਬਰਸਾਤ ਦੇ ਮੁਕਾਬਲੇ ਇਸ ਵਾਰ ਸਤੰਬਰ ਮਹੀਨੇ ਵਿੱਚ 250.6 ਮਿ.ਮੀ. ਬਰਸਾਤ ਹੋਈ ਇਸ ਨਾਲ ਸਤੰਬਰ ਦੇ ਦੂਜੇ ਅੱਧ ਤੋਂ ਸ਼ੁਰੂ ਹੋ ਕੇ ਝੋਨੇ ਦੇ ਪੱਕਣ ਤੱਕ ਤਾਪਮਾਨ ਆਮ ਨਾਲੋਂ ਲਗਾਤਾਰ 4-5 ਡਿਗਰੀ ਸੈਂਟੀਗ੍ਰੇਡ ਘੱਟ ਰਿਹਾ। ਇਸ ਲੰਮੇ ਅਤੇ ਅਨਿਯਮਿਤ ਪ੍ਰਭਾਵ ਕਾਰਨ
ਮੁੰਜਰਾਂ ਘੱਟ ਭਰੀਆਂ ਅਤੇ ਦਾਣੇ ਆਪਣਾ ਪੂਰਾ ਆਕਾਰ ਨਹੀਂ ਲੈ ਸਕੇ ।
ਦੂਜਾ ਮੌਸਮੀ ਪ੍ਰਭਾਵ ਜੂਨ-ਜੁਲਾਈ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵੱਧ ਮਾਨਸੂਨੀ ਬਰਸਾਤ ਦਾ ਹੋਣਾ ਹੈ। ਝੋਨੇ ਦੀ ਫ਼ਸਲ ਦੇ ਮੁੱਢਲੇ ਵਾਧੇ ਸਮੇਂ ਆਮਤੌਰ ਤੇ ਬੱਦਲਵਾਈ ਦਾ ਮੌਸਮ ਰਿਹਾ ਜਿਸ ਕਾਰਨ ਫ਼ਸਲ ਨੂੰ ਲੋੜ ਤੋਂ ਘੱਟ ਧੁੱਪ ਮਿਲੀ। ਇਸ ਨਾਲ ਪੌਦਿਆਂ ਨੇ ਆਮ ਨਾਲੋਂ ਘੱਟ
ਬੂਝਾ ਮਾਰਿਆ ।
ਝੋਨੇ ਦੇ ਝਾੜ ਵਿੱਚ ਆਈ ਕਮੀ ਨੂੰ ਲੁਆਈ ਦੀ ਤਾਰੀਕ ਵਿੱਚ 15 ਜੂਨ ਤੋਂ 20 ਜੂਨ ਤੱਕ ਕੀਤੀ ਤਬਦੀਲੀ ਨਾਲ ਵੀ ਜੋੜਿਆ ਜਾ ਰਿਹਾ ਹੈ । ਹਰਿਆਣੇ ਵਿੱਚ ਝੋਨੇ ਦੀ ਲੁਆਈ ਦੀਆਂ ਤਾਰੀਕਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਉਥੇ ਝੋਨੇ ਦੇ ਝਾੜ ਵਿੱਚ ਪੰਜਾਬ ਨਾਲੋਂ ਵਧੇਰੇ ਕਮੀ ਦਰਜ ਕੀਤੀ ਗਈ ਹੈ। ਸੇਮ ਪ੍ਰਭਾਵਿਤ ਜ਼ਿਲਾ ਮੁਕਤਸਰ ਵਿੱਚ 10 ਤੋਂ 20 ਜੂਨ ਦੌਰਾਨ ਲਾਏ ਝੋਨੇ ਦਾ ਵੀ ਘੱਟ ਝਾੜ ਦਰਜ ਕੀਤਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਨੂੰ ਮੌਸਮੀ ਉਲਟ ਫੇਰ ਤੋਂ ਘਬਰਾ ਕੇ ਪਾਣੀ ਬਚਾਉਣ ਦੇ ਉਦੇਸ਼ ਨਾਲ ਤਬਦੀਲ ਕੀਤੀ ਤਾਰੀਕ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ।


author

Aarti dhillon

Content Editor

Related News