ਨਾਵਲ ਕੌਰਵ ਸਭਾ : ਕਾਂਡ- 20
Sunday, Nov 22, 2020 - 10:43 AM (IST)
ਪ੍ਰਤਾਪ ਸਿੰਘ ਨੂੰ ਉਨ੍ਹਾਂ ਨੇ ਪੰਜ ਵਜੇ ਮਿਲਣਾ ਸੀ। ਉਨ੍ਹਾਂ ਕੋਲ ਸਮਾਂ ਖੁੱਲ੍ਹਾ ਸੀ। ਕੁੱਝ ਚੀਜ਼ਾਂ ਉਨ੍ਹਾਂ ਨੇ ਇਥੋਂ ਖ਼ਰੀਦ ਲਈਆਂ। ਦੋ ਗਰਮ ਸੂਟ, ਚਾਰ ਅਰੈਸਟੋਕਰੇਟ ਦੇ ਕਮੀਜ਼ ਜੱਜ ਲਈ। ਦੋ ਬਨਾਰਸੀ ਸਾੜ੍ਹੀਆਂ ਮੈਡਮ ਲਈ। ਸਕਾਚ, ਡਰਾਈ-ਫਰੂਟ ਅਤੇ ਹੋਰ ਨਿੱਕ-ਸੁੱਕ ਉਨ੍ਹਾਂ ਨੇ ਚੰਡੀਗੜ੍ਹੋਂ ਖ਼ਰੀਦਣਾ ਸੀ। ਬਾਰਡਰ ਉਪਰ ਬਹੁਤ ਚੈਕਿੰਗ ਸੀ। ਭੈੜੇ ਦਿਨਾਂ ਵਿੱਚ ਮੁਸੀਬਤ ਮੱਲੋ-ਮੱਲੀ ਗਲ ਪੈਂਦੀ ਸੀ। ਨਾਲੇ ਉਥੇ ਸ਼ਰਾਬ ਸਸਤੀ ਸੀ।
ਪ੍ਰਾਈਵੇਟ ਸੈਕਟਰੀ ਲਈ ਦੋ ਕਮੀਜ਼, ਇੱਕ ਟਰੈਕ ਸੂਟ ਅਤੇ ਉਸਦੀ ਪਤਨੀ ਲਈ ਰੇਸ਼ਮੀ ਸਾੜ੍ਹੀ ਗੱਡੀ ਵਿੱਚ ਰਖਵਾਏ ਗਏ। ਵਿਸਕੀ ਅਤੇ ਫਰੂਟ ਉਥੋਂ ਖਰੀਦ ਲਿਆ ਜਾਣਾ ਸੀ।
ਸ਼ਹਿਰ ਪੁੱਜ ਕੇ ਉਨ੍ਹਾਂ ਪ੍ਰਤਾਪ ਸਿੰਘ ਨੂੰ ਫ਼ੋਨ ਕੀਤਾ। ਉਹ ਸਾਹਿਬ ਨੂੰ ਕਲੱਬ ’ਚ ਮਿਲਣਾ ਚਾਹੁੰਦੇ ਸਨ ਪਰ ਸਾਹਿਬ ਨੇ ਉਨ੍ਹਾਂ ਨੂੰ ਘਰ ਆਉਣ ਦੀ ਦਾਅਵਤ ਦਿੱਤੀ।
ਬਿਨਾਂ ਪੁੱਛ ਪੜਤਾਲ ਕੀਤੇ ਸਮੇਤ ਕਾਰ ਉਨ੍ਹਾਂ ਨੂੰ ਨੌਕਰ ਨੇ ਅੰਦਰ ਆਉਣ ਦਿੱਤਾ। ਬਾ-ਅਦਬ ਉਨ੍ਹਾਂ ਨੂੰ ਡਰਾਇੰਗ-ਰੂਮ ਵਿੱਚ ਬਿਠਾਇਆ ਗਿਆ।
ਸੂਟ ਅਤੇ ਸਾੜ੍ਹੀਆਂ ਵਾਲੇ ਡੱਬੇ ਉਨ੍ਹਾਂ ਨੇ ਹੱਥਾਂ ਵਿੱਚ ਫੜ ਲਏ। ਸਕਾਚ ਵਾਲਾ ਡੱਬਾ ਅਤੇ ਹੋਰ ਨਿੱਕ-ਸੁੱਕ ਡਰਾਈਵਰ ਨੇ ਚੁੱਕ ਲਿਆ। ਸੂਟ, ਸਾੜ੍ਹੀਆਂ ਵਾਲੇ ਡੱਬੇ ਉਨ੍ਹਾਂ ਨੇ ਸੋਫ਼ੇ ਵਿਚਕਾਰ ਪਏ ਕੱਚ ਦੇ ਟੇਬਲ ਉੱਪਰ ਰੱਖ ਦਿੱਤੇ। ਸਕਾਚ ਵਾਲਾ ਡੱਬਾ ਇੱਕ ਨੁੱਕਰ ਵਿੱਚ ਰੱਖ ਕੇ ਬਾਕੀ ਸਮਾਨ ਉਸਦੇ ਬਰਾਬਰ ਟਿਕਾ ਦਿੱਤਾ। ਨੌਕਰ ਤੁਰੰਤ ਠੰਡਾ ਪਾਣੀ ਲੈ ਆਇਆ। ਪਿਆਸ ਬੁਝਾ ਕੇ ਉਹ ਸਾਹਿਬ ਦਾ ਇੰਤਜ਼ਾਰ ਕਰਨ ਲਗੇ।
ਸਫ਼ੈਦ ਕੁੜਤੇ ਪਜਾਮੇ ਵਿੱਚ ਲਿਪਟਿਆ ਇੱਕ ਮਾੜਚੂ ਜਿਹਾ ਸਰੀਰ ਬੜੇ ਆਰਾਮ ਨਾਲ ਡਰਾਇੰਗ-ਰੂਮ ਵਿੱਚ ਦਾਖ਼ਲ ਹੋਇਆ। ਦੋਹਾਂ ਮਹਿਮਾਨਾਂ ਨਾਲ ਦੋਵੇਂ ਹੱਥ ਮਿਲਾ ਕੇ ਉਸਨੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ। ਆਏ ਸਮਾਨ ਉਪਰ ਸਾਹਿਬ ਦੀ ਨਜ਼ਰ ਪੈ ਜਾਣ ਬਾਅਦ ਨੌਕਰ ਹਰਕਤ ਵਿੱਚ ਆਇਆ। ਉਸਨੇ ਪਹਿਲਾਂ ਮੇਜ਼ ਉਪਰ ਪਏ ਡੱਬੇ ਅੰਦਰ ਪਹੁੰਚਾਏ ਅਤੇ ਫੇਰ ਸਕਾਚ ਅਤੇ ਡਰਾਈ-ਫਰੂਟ ਵਾਲੇ।
ਸਕਾਚ ਦੇ ਡੱਬੇ ਉਪਰ ‘ਟੀਚਰ’ ਬਰਾਂਡ ਵਾਲਾ ਲੇਬਲ ਦੇਖ ਕੇ ਸਾਹਿਬ ਦੇ ਚਿਹਰੇ ਉਪਰ ਜਿਹੜੀ ਹਲਕੀ ਜਿਹੀ ਖੁਸ਼ੀ ਦੀ ਭਾਅ ਉੱਭਰੀ, ਉਹ ਸਭ ਨੂੰ ਰਾਹਤ ਪਹੁੰਚਾਉਣ ਵਾਲੀ ਸੀ। ਪੰਕਜ ਹੋਰਾਂ ਦੇ ਮਨ ਅੰਦਰ ਆਸ ਦੀ ਜੋਤ ਜਗਣ ਲੱਗੀ।
“ਇੰਨੀ ਖੇਚਲ ਕਰਨ ਦੀ ਕੀ ਲੋੜ ਸੀ?” ਆਏ ਸਮਾਨ ’ਤੇ ਤਸੱਲੀ ਪ੍ਰਗਟ ਕਰਦੇ ਸਾਹਿਬ ਨੇ ਰਸਮੀ ਧੰਨਵਾਦ ਕੀਤਾ।
“ਸਰ ਆਪਾਂ ਕਿਹੜਾ ਕੋਈ ਚੀਜ਼ ਬਾਹਰੋਂ ਲਿਆਂਦੀ ਹੈ? ਇਹ ਮੇਰਾ ਦੋਸਤ ਅਜੇ ਹੈ। ਇਸ ਦਾ ਅਕਸਪੋਰਟ ਦਾ ਕੰਮ ਹੈ। ਸਾੜ੍ਹੀਆਂ ਮੈਂ ਸਾਊਥ ਗਿਆ ਲਿਆਇਆ ਸੀ।” ਪੰਕਜ ਨੇ ਮੋੜਵਾਂ ਰਸਮੀ ਜਵਾਬ ਦਿੱਤਾ। ਕੁਝ ਦੇਰ ਦੋਹਾਂ ਧਿਰਾਂ ਵਿਚਕਾਰ ਖਾਮੋਸ਼ੀ ਛਾਈ ਰਹੀ। ਪ੍ਰਤਾਪ ਸਿੰਘ ਸੋਚ ਰਿਹਾ ਸੀ ਕਿ ਪੁੱਤਰ ਹੁਣ ਬਾਪ ਦੇ ਨਕਸ਼ੇ-ਕਦਮਾਂ ਉਪਰ ਚੱਲਣ ਲਗ ਪਿਆ ਹੋਵੇਗਾ। ਅੱਤਵਾਦ ਦੌਰਾਨ ਲੋਕ ਪਲਾਟ ਕੋਠੀਆਂ ਖ਼ਰੀਦਣੋ ਹਟ ਗਏ ਸਨ। ਹੁਣ ਹਾਲਾਤ ਆਮ ਵਰਗੇ ਸਨ। ਸ਼ਾਇਦ ਇਸ ਨੇ ਨਵੀਂ ਕਾਲੋਨੀ ਉਸਾਰਣ ਦੀ ਯੋਜਨਾ ਬਣਾਈ ਹੋਵੇ ਅਤੇ ਪ੍ਰਤਾਪ ਸਿੰਘ ਨੂੰ ਕੋਈ ਪਲਾਟ ਦੇਣਾ ਹੋਵੇ।
“ਕਿਸ ਤਰ੍ਹਾਂ ਚੱਲ ਰਿਹਾ ਹੈ ਕਾਰੋਬਾਰ? ਮੋਹਨ ਤੋਂ ਬਾਅਦ ਕੋਈ ਨਵੀਂ ਕਾਲੋਨੀ ਨਹੀਂ ਕੱਟੀ?”
ਪ੍ਰਤਾਪ ਸਿੰਘ ਨੇ ਇਸੇ ਨਜ਼ਰੀਏ ਨਾਲ ਗੱਲ ਸ਼ੁਰੂ ਕੀਤੀ।
“ਨਹੀਂ ਸਰ! ਇਹ ਕਾਰੋਬਾਰ ਅਸੀਂ ਡੈਡੀ ਦੇ ਹੁੰਦਿਆਂ ਬੰਦ ਕਰ ਦਿੱਤਾ ਸੀ। ਪੁੱਡਾ ਵਾਲੇ ਤੰਗ ਕਰਦੇ ਸਨ। ਉਨ੍ਹਾਂ ਦੀਆਂ ਸ਼ਰਤਾਂ ਸਖ਼ਤ ਸਨ। ਦੋ ਪੈਟਰੋਲ ਪੰਪ ਸ਼ਹਿਰ ਦੇ ਵਿਚਕਾਰ ਮਿਲ ਗਏ ਸਨ। ਇੱਕ ਗੈਸ ਏਜੰਸੀ ਹੈ। ਖੰਨੇ ਘਿਓ ਅਤੇ ਮੈਦੇ ਦੀ ਮਿੱਲ ਮਿਲ ਗਈ ਸੀ। ਉਥੇ ਛੋਟਾ ਨੀਰਜ ਬੈਠਦਾ ਹੈ। ਇੱਕ ਸਾਈਕਲ ਪਾਰਟਸ ਬਨਾਉਣ ਦੀ ਫੈਕਟਰੀ ਹੈ। ਇੱਕ ਰੋਲਿੰਗ ਮਿੱਲ ਵਿੱਚ ਹਿੱਸਾ ਹੈ। ਉਥੋਂ ਹੀ ਵਿਹਲ ਨਹੀਂ ਮਿਲਦੀ।”
“ਚੰਗੀ ਗੱਲ ਹੈ। ਡਰਿੰਕ ਲੈਂਦੇ ਹੋ? " ਪ੍ਰਤਾਪ ਸਿੰਘ ਨੇ ਉੱਪਰਲੇ ਮਨੋਂ ਪੁੱਛਿਆ।
“ਲੈ ਤਾਂ ਲੈਂਦੇ ਹਾਂ ਪਰ ਅੱਜ ਨਹੀਂ। ਕਦੇ ਫੇਰ ਸਹੀ।” ਮਨ ਦੀ ਘਬਰਾਹਟ ਪੰਕਜ ਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਝੱਟਪਟ ਕੰਮ ਦੀ ਗੱਲ ’ਤੇ ਆਉਣਾ ਚਾਹੁੰਦਾ ਸੀ।
“ਰਾਮੂ ਕੋਲਡ ਲਿਆ ਫੇਰ!” ਨਰਮ ਸੋਫ਼ੇ ਤੇ ਬੈਠਾ ਪ੍ਰਤਾਪ ਸਿੰਘ ਉੱਸਲਵੱਟੇ ਲੈ ਰਿਹਾ ਸੀ। ਉਸਨੂੰ ਕਾਹਲ ਸੀ ਉਹ ਕੰਮ ਦੀ ਗੱਲ ਕਰਨ ਅਤੇ ਵਿਹਲੇ ਹੋਣ।
“ਕਿਸੇ ਵਿਆਹ ’ਤੇ ਆਏ ਸੀ?” ਆਖ਼ਰ ਸਾਹਿਬ ਨੇ ਆਪੇ ਅਸਲ ਮੁੱਦਾ ਛੋਹਿਆ।“ਨਹੀਂ ਸਰ! ਸਾਨੂੰ ਤੁਹਾਡੀ ਸਹਾਇਤਾ ਦੀ ਜ਼ਰੂਰਤ ਪੈ ਗਈ।”
“ਹਾਂ ਹਾਂ, ਦੱਸ। ਮੈਂ ਤੁਹਾਡੇ ਕਿਸ ਕੰਮ ਆ ਸਕਦਾ ਹਾਂ?”
ਕਿਸੇ ਕੰਮ ਦੀ ਆਸ ਨਾਲ ਪ੍ਰਤਾਪ ਸਿੰਘ ਦਾ ਮੁਰਝਾਉਂਦਾ ਜਾ ਰਿਹਾ ਚਿਹਰਾ ਮੁੜ ਤਾਜ਼ਗੀ ਫੜਨ ਲੱਗਾ। ਸ਼ਾਇਦ ਇਨ੍ਹਾਂ ਨੂੰ ਹਾਈਕੋਰਟ ਦੇ ਕਿਸੇ ਜੱਜ ਤਕ ਕੰਮ ਸੀ। ਇਸ ਲਈ ਉਨ੍ਹਾਂ ਨੂੰ ਪ੍ਰਤਾਪ ਸਿੰਘ ਦੀ ਸਹਾਇਤਾ ਦੀ ਜ਼ਰੂਰਤ ਸੀ। ਪ੍ਰਤਾਪ ਸਿੰਘ ਅੰਦਾਜ਼ੇ ਲਾਉਣ ਲੱਗਾ।
“ਤੁਸੀਂ ਜਾਣਦੇ ਹੋ ਸਰ ਕਿ ਮੇਰੇ ਡੈਡੀ ਨੇ ਕਾਲੋਨੀਆਂ ਦੇ ਕਾਰੋਬਾਰ ਵਿੱਚ ਮੇਰੇ ਚਾਚੇ ਨੂੰ ਹਿੱਸੇਦਾਰ ਬਣਾਇਆ ਸੀ। ਕਈ ਬੇ-ਨਾਮੀ ਪਲਾਟ ਉਸਦੇ ਨਾਂ ਖੜ੍ਹੇ ਸਨ। ਡੈਡੀ ਦੇ ਮਰਨ ਬਾਅਦ ਉਸਦਾ ਮਨ ਬੇਈਮਾਨ ਹੋ ਗਿਆ। ਇੱਕ ਪਲਾਟ ਨੂੰ ਲੈ ਕੇ ਸਾਡਾ ਦੀਵਾਨੀ ਮੁਕੱਦਮਾ ਚੱਲ ਪਿਆ।”
“ਉਹ ਤੁਹਾਡੇ ਖ਼ਿਲਾਫ਼ ਹੋ ਗਿਆ! ਤੁਸੀਂ ਹਾਈਕੋਰਟ ਵਿਚੋਂ ਬੰਦੀ ਲੈਣੀ ਹੈ? ਬੱਸ ਇੰਨਾ ਕੁ ਕੰਮ ਹੈ?” ਪ੍ਰਤਾਪ ਸਿੰਘ ਵਾਧੂ ਦੀ ਭੁਮਿਕਾ ਦੇ ਚੱਕਰ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਉਹ ਸਿੱਧਾ ਮੁੱਦੇ ’ਤੇ ਪੁੱਜਣਾ ਚਾਹੁੰਦਾ ਸੀ।
“ਨਹੀਂ ਸਰ ਇਹ ਗੱਲ ਨਹੀਂ। ਤੁਸੀਂ ਅਖ਼ਬਾਰਾਂ ਵਿੱਚ ਪੜ੍ਹਿਆ ਹੋਣਾ ਹੈ। ਮਾਇਆ ਨਗਰ ਇੱਕ ਡਕੈਤੀ ਹੋਈ ਹੈ। ਉਹ ਮੇਰੇ ਚਾਚੇ ਦੇ ਘਰ ਹੋਈ ਹੈ। ਚਾਚੇ ਦੇ ਮੁੰਡੇ ਦਾ ਕਤਲ ਹੋ ਗਿਆ। ਮੇਰੇ ਚਾਚੇ ਦਾ ਇੱਕ ਸਾਲਾ ਵਕੀਲ ਹੈ। ਪਰਚਾ ਕਾਲੇ ਕੱਛਿਆਂ ਵਾਲੇ ਗਰੋਹ ਵਿਰੁੱਧ ਦਰਜ ਹੋਇਆ ਹੈ। ਪਰ ਵਕੀਲ ਕੜਿੱਲ ਕੱਢਣਾ ਚਾਹੁੰਦਾ ਹੈ। ਪੁਲਸ ਨੂੰ ਪੈਸੇ ਦੇ ਕੇ ਉਸਨੇ ਸਾਡਾ ਨਾਂ ਸਾਜ਼ਿਸ਼ ਵਿੱਚ ਉਲਝਾ ਲਿਆ।”
ਪੰਕਜ ਨੇ ਆਪਣੀ ਸਮੱਸਿਆ ਪ੍ਰਤਾਪ ਸਿੰਘ ਅੱਗੇ ਰੱਖਣੀ ਸ਼ੁਰੂ ਕੀਤੀ।
“ਇਨ੍ਹਾਂ ਨੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸੈਸ਼ਨ ਕੋਰਟ ਵਿੱਚ ਲਾਈ ਹੈ। ਜੇ ਤੁਹਾਡੀ ਕਿਰਪਾ ਹੋ ਜਾਏ ਤਾਂ ਇਹ ਖੱਜਲ-ਖੁਆਰੀ ਤੋਂ ਬਚ ਜਾਣ। ਜੋ ਖ਼ਰਚ ਹੋਏਗਾ ਅਸੀਂ ਕਰਾਂਗੇ।”
ਅਗਲੀ ਗੱਲ ਕਰਦੇ ਪੰਕਜ ਨੂੰ ਝਿਜਕ ਹੋ ਰਹੀ ਸੀ। ਉਸਦੀ ਇਸ ਸਮੱਸਿਆ ਦਾ ਹੱਲ ਅਜੇ ਨੇ ਕੀਤਾ। ਪ੍ਰਤਾਪ ਸਿੰਘ ਦਾ ਦਿਮਾਗ਼ ਕੰਪਿਊਟਰ ਵਾਂਗ ਵਾਧੇ ਘਾਟੇ ਕਰਨ ਲੱਗਾ।
ਮਸਲਾ ਪੇਸ਼ਗੀ ਜ਼ਮਾਨਤ ਕਰਾਉਣ ਦਾ ਸੀ। ਮੁਕੱਦਮਾ ਕਤਲ, ਡਕੈਤੀ ਅਤੇ ਬਲਾਤਕਾਰ ਦਾ ਸੀ। ਇਨ੍ਹਾਂ ਵਿਚੋਂ ਜੇ ਇੱਕ ਜੁਰਮ ਵੀ ਲੱਗਾ ਹੋਵੇ ਤਾਂ ਪੇਸ਼ਗੀ ਜ਼ਮਾਨਤ ਨਹੀਂ ਹੁੰਦੀ। ਤਿੰਨੋਂ ਜੁਰਮ ਇਕੋ ਸਮੇਂ ਲੱਗੇ ਹੋਣ, ਫੇਰ ਕਿਸ ਮਾਈ ਦੇ ਲਾਲ ਦੀ ਹਿੰਮਤ ਹੈ, ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦੀ। ਵਾਰਦਾਤ ਤਾਜ਼ੀ ਸੀ। ਵਾਰਦਾਤ ਕਰਨ ਵਾਲੇ ਮੁਲਜ਼ਮ ਫੜੇ ਜਾ ਚੁੱਕੇ ਸਨ। ਪੰਕਜ ਹੋਰਾਂ ਦਾ ਸਬੰਧ ਘਟਨਾ ਨਾਲ ਜੋੜਨ ਲਈ ਪੁਲਸ ਨੇ ਪੱਕੇ ਸਬੂਤ ਹਾਸਲ ਕਰ ਲਏ ਸਨ। ਪ੍ਰੈਸ ਭੰਡੀ ਪਿੱਟ ਰਹੀ ਸੀ। ਹਕੂਮਤ ਆਪਣੀ ਧੌੜੀ ਬਚਾਉਣ ਵਿੱਚ ਲੱਗੀ ਹੋਈ ਸੀ। ਕੰਮ ਅਸੰਭਵ ਸੀ। ਦੂਜੇ ਪਾਸੇ ਇਹ ਅਸਾਮੀ ਮੋਟੀ ਸੀ। ਲੱਖ, ਦੋ ਲੱਖ ਅਸਾਨੀ ਨਾਲ ਬਣ ਸਕਦਾ ਸੀ।
ਕੋਈ ਰਾਹ ਲੱਭਣ ਦੀ ਨੀਅਤ ਨਾਲ ਪ੍ਰਤਾਪ ਸਿੰਘ ਨੇ ਮਾਇਆ ਨਗਰ ਵਿੱਚ ਲੱਗੇ ਜੱਜਾਂ ਦੀ ਲਿਸਟ ਘੋਖੀ। ਸੈਸ਼ਨ ਜੱਜ ਕਾਨੂੰਨ ਦਾ ਬਹੁਤਾ ਮਾਹਿਰ ਨਹੀਂ ਸੀ ਪਰ ਸੀ, ਪੂਰਾ ਈਮਾਨਦਾਰ। ਇਹੋ ਜਿਹੇ ਬੰਦੇ ਨੂੰ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਮੁਫ਼ਤ ਕੰਮ ਪ੍ਰਤਾਪ ਸਿੰਘ ਨੇ ਕਰਾਉਣਾ ਨਹੀਂ ਸੀ। ਇਹ ਕਿਹੜਾ ਉਸਦੀ ਮਾਸੀ ਦੇ ਪੁੱਤ ਸਨ। ਆਮ ਅਸਾਮੀ ਵਰਗੀ ਅਸਾਮੀ ਸੀ। ਸਾਰੇ ਪੈਸੇ ਉਹ ਇਕੱਲਾ ਜੇਬ ਵਿੱਚ ਪਾਉਣੇ ਨਹੀਂ ਸੀ ਚਾਹੁੰਦਾ। ਇਹ ਬਦਨਾਮੀ ਵਾਲੀ ਗੱਲ ਸੀ। ਹਿੱਸਾ-ਪੱਤੀ ਠੀਕ ਰਹਿੰਦਾ ਸੀ। ਇਥੇ ਲੈਣ-ਦੇਣ ਜਾਂ ਹਿੱਸੇ-ਪੱਤੀ ਦੀ ਕੋਈ ਸੰਭਾਵਨਾ ਨਹੀਂ ਸੀ।
ਸਾਧੂ ਸਿੰਘ ਨੂੰ ਛੱਡ ਕੇ ਬਾਕੀ ਦੇ ਅਡੀਸ਼ਨਲ ਸੈਸ਼ਨ ਜੱਜ ਉਸਦੇ ਕਾਬੂ ਆ ਸਕਦੇ ਸਨ। ਸਾਧੂ ਸਿੰਘ ਨਾਂ ਦਾ ਹੀ ਨਹੀਂ ਸੁਭਾਅ ਦਾ ਵੀ ਸਾਧੂ ਸੀ। ਨਾ ਉਸਨੇ ਕਦੇ ਪੈਸਾ ਲਿਆ ਸੀ ਨਾ ਲੈਣਾ ਸੀ। ਨਾ ਉਸਦੀ ਕੋਈ ਇਨਕੁਆਰੀ ਚੱਲਦੀ ਸੀ। ਨਾ ਉਸਨੂੰ ਚੰਗੇ ਮਾੜੇ ਸਟੇਸ਼ਨ ਦੀ ਪਰਵਾਹ ਸੀ। ਨਾ ਡਰਦਾ ਕੋਈ ਉਸਨੂੰ ਸਿਫਾਰਸ਼ ਕਰਦਾ ਸੀ। ਨਾ ਉਹ ਕਿਸੇ ਦੀ ਮੰਨਦਾ ਸੀ। ਕੋਈ ਭੁੱਲਿਆ ਚੁੱਕਿਆ ਸਿਫਾਰਸ਼ ਕਰ ਦੇਵੇ ਤਾਂ ਉਹ ਪਾਰਟੀ ਦੀ ਭਰੀ ਕਚਹਿਰੀ ਵਿੱਚ ਬੇਇਜ਼ਤੀ ਕਰਦਾ ਸੀ। ਇਹ ਆਖਕੇ ਮੁਕੱਦਮਾ ਉਲਟ ਕਰਦਾ ਸੀ ਕਿ ਉਸਨੇ ਜੱਜ ਤਕ ਪਹੁੰਚ ਕੀਤੀ ਸੀ। ਉਸਦਾ ਵਸਾਹ ਨਹੀਂ ਕਿ ਮਿਸਲ ਵਿੱਚ ਸਿਫ਼ਾਰਸ਼ੀ ਦਾ ਨਾਂ ਲਿਖ ਕੇ ਸਿਫ਼ਾਰਸ਼ੀ ਨੂੰ ਵਖਤ ਪਾ ਦੇਵੇ।
ਕੁੱਝ ਅਰਸੇ ਤੋਂ ਮਾਇਆ ਨਗਰ ਦੇ ਵਕੀਲਾਂ ਦੇ ਪ੍ਰਧਾਨ ਨੇ ਰਿਸ਼ਵਤਖੋਰੀ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਸੀ। ਇੱਕ ਸੈਸ਼ਨ ਜੱਜ ਨੂੰ ਮਜਬੂਰਨ ਪੈਨਸ਼ਨ ਤੇ ਜਾਣਾ ਪਿਆ ਸੀ। ਸ਼ਰਮ ਦਾ ਮਾਰਿਆ ਉਹ ਰਾਤੋ-ਰਾਤ ਸਮਾਨ ਚੁੱਕ ਕੇ ਲੈ ਗਿਆ ਸੀ। ਇੱਕ ਅਡੀਸ਼ਨਲ ਸੈਸ਼ਨ ਜੱਜ ਨੂੰ ਆਪਣੇ ਕਾਲੇ ਕਾਰਨਾਮਿਆਂ ਦਾ ਸਪੱਸ਼ਟੀਕਰਣ ਦੇਣਾ ਮੁਸ਼ਕਲ ਹੋ ਰਿਹਾ ਸੀ। ਉਸਨੂੰ ਬਰਖ਼ਾਸਤੀ ਦੇ ਨਾਲ-ਨਾਲ ਜੇਲ੍ਹ ਯਾਤਰਾ ਨਜ਼ਰ ਆਉਣ ਲੱਗੀ ਸੀ। ਸੰਗਰੂਰ ਬਦਲ ਕੇ ਗਏ ਦੀ ਉਸਦੀ ਦੋ ਮਹੀਨਿਆਂ ਬਾਅਦ ਮੌਤ ਹੋ ਗਈ ਸੀ। ਰਿਕਾਰਡ ਅਤੇ ਘਰਦਿਆਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਪਿਆ ਸੀ। ਉਂਝ ਸਭ ਨੂੰ ਪਤਾ ਸੀ ਉਸ ਨੇ ਖ਼ੁਦਕੁਸ਼ੀ ਕੀਤੀ ਸੀ। ਵਕੀਲਾਂ ਦੀ ਇਸ ਜੱਦੋ-ਜਹਿਦ ਦੇ ਮੱਦੇ-ਨਜ਼ਰ ਮਾਇਆ ਨਗਰ ਵਿੱਚ ਚੁਣਵੇਂ ਜੱਜ ਲਾਏ ਜਾ ਰਹੇ ਸਨ। ਸਾਧੂ ਸਿੰਘ ਉਨ੍ਹਾਂ ਵਿਚੋਂ ਇੱਕ ਸੀ।
ਬਾਕੀ ਦੇ ਜੱਜ ਈਮਾਨਦਾਰਾਂ ਦੀ ਸੂਚੀ ਵਿੱਚ ਤਾਂ ਆਉਂਦੇ ਸਨ, ਪਰ ਸਾਧੂ ਸਿੰਘ ਵਾਂਗ ਅੜੀਅਲ ਨਹੀਂ ਸਨ। ਕਦੇ-ਕਦਾਈਂ, ਸੋਚ ਸਮਝ ਕੇ ਦਾਅ ਲਾ ਲੈਂਦੇ ਸਨ। ਪੰਜਾਬ ਦਾ ਅੱਧਾ ਉਦਯੋਗ ਇਸ ਮਾਇਆ ਨਗਰ ਵਿੱਚ ਸੀ। ਹਜ਼ਾਰਾਂ ਮੁਕੱਦਮੇ ਅਜਿਹੇ ਚੱਲਦੇ ਸਨ, ਜਿਨ੍ਹਾਂ ਵਿੱਚ ਇੱਕ ਧਿਰ ਸਰਕਾਰ ਹੁੰਦੀ ਸੀ। ਬਿਜਲੀ ਦੀ ਚੋਰੀ, ਇਨਕਮ ਟੈਕਸ ਦੀ ਚੋਰੀ। ਸਰਕਾਰੀ ਪਲਾਟਾਂ ਦੀ ਅਲਾਟਮੈਂਟ। ਆਏ ਦਿਨ ਸਰਕਾਰ ਜ਼ਿਮੀਦਾਰਾਂ ਦੀ ਜ਼ਮੀਨ ‘ਅਕਵਾਇਰ’ ਕਰਦੀ ਸੀ। ਜ਼ਮੀਨ ਦੀ ਕੀਮਤ ਕੌਡੀਆਂ ਬਰਾਬਰ ਦਿੱਤੀ ਜਾਂਦੀ ਸੀ। ਕੀਮਤ ਵਧਾਉਣ ਦੇ ਮੁਕੱਦਮੇ ਚੱਲਦੇ ਰਹਿੰਦੇ ਸਨ। ਜੇ ਜੱਜ ਜ਼ਮੀਨ ਦੀ ਕੀਮਤ ਬਜ਼ਾਰ ਨਾਲੋਂ ਅੱਧੀ ਵੀ ਤੈਅ ਕਰ ਦੇਵੇ ਤਾਂ ਵੀ ਜ਼ਿਮੀਦਾਰਾਂ ਦਾ ਮੁਆਵਜ਼ਾ ਕਰੋੜਾਂ ਵਿੱਚ ਵਧ ਜਾਂਦਾ ਸੀ। ਅਜਿਹੇ ਕੇਸਾਂ ਵਿੱਚ ਜੇ ਜੱਜ ਕਚਹਿਰੀ ਬੈਠ ਕੇ ਪੈਸੇ ਲੈ ਲਏ ਤਾਂ ਵੀ ਕੋਈ ਨਹੀਂ ਸੀ ਬੋਲਦਾ। ਸਰਕਾਰ ਦਾ ਪੱਖ ਪੂਰਦੇ ਸਰਕਾਰੀ ਅਫ਼ਸਰ ਪਹਿਲਾਂ ਮਾਲਿਕਾਂ ਨਾਲ ਘਿਓ-ਖਿਚੜੀ ਹੋਏ ਰਹਿੰਦੇ ਸਨ। ਜੱਜ ਦੀ ਸ਼ਿਕਾਇਤ ਕਰੇਗਾ ਤਾਂ ਕੌਣ!
ਅਜਿਹੇ ਲੁਕਵੇਂ ਕੰਮ ਹਾਲੇ ਵੀ ਮਾਇਆ ਨਗਰ ਵਿੱਚ ਹੋ ਰਹੇ ਸਨ। ਆਪਣੇ ਪਾਪਾਂ ‘ਤੇ ਪਰਦਾ ਪਾਉਣ ਲਈ ਜੱਜ ਹਾਈਕੋਰਟ ਚੱਕਰ ਮਾਰਦੇ ਸਨ। ਉਨ੍ਹਾਂ ਨੂੰ ਪ੍ਰਤਾਪ ਸਿੰਘ ਤਕ ਗੌਂ ਰਹਿੰਦੀ ਸੀ। ਉਹ ਰਜਿਸਟਰਾਰ ਨੂੰ ਨਾਂਹ ਨਹੀਂ ਸਨ ਕਰ ਸਕਦੇ। ਉਨ੍ਹਾਂ ਵਿਚੋਂ ਕਿਸੇ ਕੋਲ ਸਿਫਾਰਸ਼ ਕੀਤੀ ਜਾ ਸਕਦੀ ਸੀ।
ਪ੍ਰਤਾਪ ਸਿੰਘ ਜੱਜ ਦੇ ਨਾਲ-ਨਾਲ ਉਨ੍ਹਾਂ ਨੁਕਤਿਆਂ ਦੀ ਵੀ ਖੋਜ ਕਰ ਰਿਹਾ ਸੀ, ਜਿਨ੍ਹਾਂ ਦੇ ਆਧਾਰ ’ਤੇ ਪੇਸ਼ਗੀ ਜ਼ਮਾਨਤ ਮਨਜ਼ੂਰ ਹੋ ਸਕਦੀ ਸੀ। ਪਰਚੇ ਵਿੱਚ ਦੋਸ਼ੀਆਂ ਦਾ ਨਾਂ ਨਹੀਂ ਸੀ ਪਰ ਪੰਕਜ ਹੋਰਾਂ ਦੀ ਮੁਦਈ ਧਿਰ ਨਾਲ ਦੁਸ਼ਮਣੀ ਸਾਬਤ ਹੁੰਦੀ ਸੀ। ਠੇਕੇਦਾਰ ਅਤੇ ਪੰਕਜ ਹੋਰਾਂ ਵਿੱਚ ਹੋਈ ਸਾਜ਼ਿਸ਼ ਦੇ ਸਬੂਤ ਮਿਸਲ ਤੇ ਆ ਚੁੱਕੇ ਸਨ। ਜੱਜ ਕੁੱਝ ਦਿਨਾਂ ਲਈ ਪੇਸ਼ਗੀ ਜ਼ਮਾਨਤ ਦੇ ਸਕਦਾ ਸੀ। ਫੇਰ ਜੇ ਪੁਲਸ ਮਦਦ ਕਰੇ ਅਤੇ ਪੁਲਿਸ ਹਿਰਾਸਤ ਦੀ ਮੰਗ ਨਾ ਕਰੇ ਤਾਂ ਜੱਜ ਜ਼ਮਾਨਤ ਪੱਕੀ ਕਰ ਸਕਦਾ ਸੀ। ਫੇਰ ਪ੍ਰਤਾਪ ਸਿੰਘ ਨੇ ਆਪਣੇ ਆਪ ਨੂੰ ਫੈਸਲਾ ਕਰਨ ਵਾਲੇ ਜੱਜ ਦੀ ਕੁਰਸੀ ਉਪਰ ਬੈਠਾਇਆ। ਫੇਰ ਉਸਨੇ ਸੋਚਿਆ ਜੇ ਫ਼ੈਸਲਾ ਪ੍ਰਤਾਪ ਸਿੰਘ ਨੇ ਕਰਨਾ ਹੋਵੇ ਤਾਂ ਪ੍ਰਤਾਪ ਸਿੰਘ ਕੀ ਕਰੇ?
ਸਾਧਾਰਨ ਹਾਲਾਤਾਂ ਵਿੱਚ ਪ੍ਰਤਾਪ ਸਿੰਘ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦਾ ਜ਼ੋਖਮ ਉਠਾ ਸਕਦਾ ਸੀ ਪਰ ਇਸ ਮੁਕੱਦਮੇ ਦੇ ਹਾਲਾਤ ਸਾਧਾਰਨ ਨਹੀਂ ਸਨ। ਦੋਸ਼ੀ ਧਿਰ ਬਹੁਤ ਅਮੀਰ ਸੀ। ਪੇਸ਼ਗੀ ਜ਼ਮਾਨਤ ਜੇ ਬਿਨਾਂ ਕੁੱਝ ਲਏ ਕਰ ਦਿੱਤੀ ਜਾਵੇ ਤਾਂ ਵੀ ਜੱਜ ਵੱਲ ਉਂਗਲ ਉੱਠਣੀ ਸੀ। ਮੀਡੀਆ ਪਿੱਛੇ ਪਿਆ ਹੋਇਆ ਸੀ। ਬਾਰ ਦੇ ਪ੍ਰਧਾਨ ਦਾ ਖੁਫ਼ੀਆਂ ਵਿਭਾਗ ਸਰਕਾਰ ਦੇ ਖੁਫ਼ੀਆ ਵਿਭਾਗ ਨਾਲੋਂ ਵੱਧ ਤੇਜ਼ ਸੀ। ਉਸਨੂੰ ਪਤਾਲ ਵਿੱਚ ਜਾ ਕੇ ਲਈ ਰਿਸ਼ਵਤ ਦੀ ਭਿਣਕ ਪੈ ਜਾਂਦੀ ਸੀ। ਜੱਜ ਲਈ ਖ਼ਤਰਾ ਹੀ ਖ਼ਤਰਾ ਸੀ।
ਪ੍ਰਤਾਪ ਸਿੰਘ ਦੀ ਇਹ ਕੰਮ ਕਰਨ ਦੀ ਜੁੱਰਅਤ ਨਹੀਂ ਸੀ। ਜਿਹੜਾ ਕੰਮ ਉਹ ਖ਼ੁਦ ਨਹੀਂ ਕਰ ਸਕਦਾ, ਉਸ ਦੀ ਦੂਸਰੇ ਕੋਲ ਸਿਫ਼ਾਰਸ਼ ਕਿਉਂ ਕਰੇ? ਸਾਰੇ ਵਾਧੇ-ਘਾਟੇ ਸੋਚ ਕੇ ਪ੍ਰਤਾਪ ਸਿੰਘ ਇਸ ਸਿੱਟੇ ’ਤੇ ਪੁੱਜਾ ਕਿ ਮਾਇਆ ਨਗਰ ਦਾ ਕੋਈ ਜੱਜ ਪੇਸ਼ਗੀ ਜ਼ਮਾਨਤ ਮਨਜ਼ੂਰ ਨਹੀਂ ਕਰ ਸਕਦਾ। ਇਸ ਲਈ ਹਾਲੇ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।
ਦੂਜੇ ਪਾਸੇ ਅਸਾਮੀ ਨੂੰ ਵੀ ਹੱਥੋਂ ਨਹੀਂ ਸੀ ਗਵਾਇਆ ਜਾ ਸਕਦਾ। ਪੇਸ਼ਗੀ ਜ਼ਮਾਨਤ ਨਾ-ਮਨਜ਼ੂਰ ਹੋਣ ਦੇ ਹੁਕਮ ਦੀ ਅਪੀਲ ਹਾਈਕੋਰਟ ਹੋਣੀ ਸੀ। ਹਾਈਕੋਰਟ ਉੱਚ ਅਦਾਲਤ ਸੀ। ਕੋਈ ਹਾਈਕੋਰਟ ਦੇ ਜੱਜ ਦੀ ਵਾਅ ਵੱਲ ਨਹੀਂ ਝਾਕ ਸਕਦਾ। ਸਾਹ ਕੱਢਣ ਵਾਲੇ ਉਪਰ ਮਾਨ-ਹਾਨੀ ਦਾ ਦੋਸ਼ ਲਾ ਕੇ ਉਸਨੂੰ ਜੇਲ੍ਹ ਭੇਜਿਆ ਜਾ ਸਕਦਾ ਸੀ। ਹਾਈਕੋਰਟ ਕੋਲੋਂ ਪ੍ਰਤਾਪ ਸਿੰਘ ਜਿਸ ਤਰ੍ਹਾਂ ਦਾ ਚਾਹੇ, ਹੁਕਮ ਕਰਵਾ ਸਕਦਾ ਸੀ। ਉਸ ਸਮੇਂ ਤਕ ਪਾਰਟੀ ਪ੍ਰਤਾਪ ਸਿੰਘ ਦੇ ਹੱਥ ਹੇਠ ਰਹਿਣੀ ਚਾਹੀਦੀ ਸੀ।
“ਤੂੰ ਮੇਰੇ ਪੁੱਤਰਾਂ ਵਰਗਾ ਹੈਂ। ਮੈਂ ਤੈਨੂੰ ਗ਼ਲਤ ਰਾਏ ਨਹੀਂ ਦੇ ਸਕਦਾ। ਤੇਰਾ ਪੈਸਾ ਬਰਬਾਦ ਨਹੀਂ ਕਰਵਾ ਸਕਦਾ। ਸਵਰਗ ਵਿੱਚ ਬੈਠਾ ਮੇਰਾ ਭਰਾ ਕੀ ਸੋਚੇਗਾ? ਮਾਇਆ ਨਗਰੋਂ ਤੇਰਾ ਕੰਮ ਨਹੀਂ ਹੋਣਾ।”
“ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਹਾਈਕੋਰਟੋਂ ਪਹਿਲੀ ਪੇਸ਼ੀ ਤੇ ਬੰਦੀ ਲੈ ਦਿਆਂਗਾ। ਅਗਲੀ ਪੇਸ਼ੀ ਤੇ ਚਾਹੇ ਮੁੱਖ ਮੰਤਰੀ ਜ਼ੋਰ ਲਾ ਲਏ, ਜ਼ਮਾਨਤ ਮਨਜ਼ੂਰ ਹੋ ਕੇ ਰਹੇਗੀ। ਹਾਈਕੋਰਟ ਆਪਣੀ ਚਲਣੀ ਹੈ। ਦਰਖ਼ਾਸਤ ਕਿਸ ਜੱਜ ਕੋਲ ਜਾਵੇ ਇਸਦਾ ਫ਼ੈਸਲਾ ਮੈਂ ਕਰਨਾ ਹੈ। ਆਪਾਂ ਆਪਣੇ ਮਿੱਤਰ ਜੱਜ ਕੋਲ ਭੇਜਾਂਗੇ। ਫੇਰ ਕੋਲ ਬੈਠ ਕੇ ਫ਼ੈਸਲਾ ਕਰਵਾਵਾਂਗੇ। ਬਸ ਪੰਜ ਚਾਰ ਦਿਨਾਂ ਦੀ ਗੱਲ ਹੈ। ਲੁੱਕ ਛਿਪ ਕੇ ਬਨਵਾਸ ਕੱਟ ਲਓ।”
“ਅੰਕਲ ਅਸੀਂ ਬੜੀ ਆਸ ਲੈ ਕੇ ਆਏ ਸੀ। ਦੋ ਪੇਟੀਆਂ, ਤਿੰਨ ਪੇਟੀਆਂ। ਜੋ ਕਹੋ, ਖ਼ਰਚ ਕਰ ਦਿਆਂਗੇ। ਪਲੀਜ਼ ਸਾਡਾ ਕੰਮ ਕਰਾਓ।”
ਅਜੇ ਨੂੰ ਲੱਗਾ ਮਸਲਾ ਪੈਸਿਆਂ ਦੀ ਖੋਲ੍ਹ-ਖੁਲ੍ਹਾਈ ’ਤੇ ਅਟਕਿਆ ਹੋਇਆ ਸੀ। ਜੱਜ ਸ਼ਾਇਦ ਪੈਸੇ ਖੋਲ੍ਹਣ ਤੋਂ ਝਿਜਕ ਰਿਹਾ ਸੀ। ਇਹ ਗੁੱਥੀ ਸੁਲਝਾਉਣ ਲਈ ਅਜੇ ਨੇ ਪੇਟੀਆਂ ਦੀ ਗੱਲ ਤੋਰੀ।
ਤਿੰਨ ਲੱਖ ਦੀ ਪੇਸ਼ਕਸ਼ ਹੋਣ ਤੇ ਪ੍ਰਤਾਪ ਸਿੰਘ ਨੇ ਇੱਕ ਵਾਰ ਫੇਰ ਦਿਮਾਗ਼ ’ਤੇ ਬੋਝ ਪਾਇਆ ਪਰ ਨਤੀਜਾ ਕੋਈ ਨਾ ਨਿਕਲਿਆ।
“ਸਵਾਲ ਪੈਸਿਆਂ ਦਾ ਨਹੀਂ ਹੈ। ਉਥੇ ਇਹ ਕੰਮ ਕਿਸੇ ਕੋਲੋਂ ਨਹੀਂ ਹੋਣਾ। ਇਥੋਂ ਹੋਏਗਾ। ਮੇਰੇ ਹੱਥੋਂ। ਫੇਰ ਵੀ ਤੁਸੀਂ ਕਲ੍ਹ ਮੈਨੂੰ ਫ਼ੋਨ ਕਰਨਾ। ਦੱਸਣਾ ਦਰਖ਼ਾਸਤ ਕਿਸ ਜੱਜ ਕੋਲ ਗਈ ਹੈ। ਕੋਸ਼ਿਸ਼ ਕਰਕੇ ਦੇਖ ਲਵਾਂਗੇ।”
ਪ੍ਰਤਾਪ ਸਿੰਘ ਨੇ ਸੁੱਟੀ ਕਮਾਨ ਫੇਰ ਸੰਭਾਲ ਲਈ। ਰਕਮ ਮੋਟੀ ਸੀ। ਸ਼ਾਇਦ ਕਿਸੇ ਜੱਜ ਦਾ ਸਿਰ ਫਿਰ ਜਾਵੇ।
“ਸੈਸ਼ਨ ਜੱਜ ਨੂੰ ਆਖ ਕੇ ਦੇਖ ਲਓ। ਦਰਖ਼ਾਸਤ ਕਿਸੇ ਤੁਹਾਡੇ ਵਾਕਫ਼ ਕੋਲ ਭੇਜ ਦੇਵੇ,” ਅਜੇ ਹਾਲੇ ਹਥਿਆਰ ਸੁੱਟਣ ਦੇ ਮੂਡ ਵਿੱਚ ਨਹੀਂ ਸੀ।
“ਕੋਈ ਫ਼ਾਇਦਾ ਨਹੀਂ। ਉਲਟਾ ਉਸ ਨੂੰ ਸ਼ੱਕ ਹੋਇਆ। ਜਿਥੇ ਲਾਉਂਦਾ ਹੈ, ਲਾਉਣ ਦਿਓ।”
“ਠੀਕ ਹੈ ਸਰ! ਜੇ ਉਥੇ ਗੱਲ ਨਾ ਬਣੀ ਤਾਂ ਇਥੇ ਤੁਸੀਂ ਸੰਭਾਲ ਲਓਗੇ ਨਾ?” ਪੰਕਜ ਨੇ ਪ੍ਰਤਾਪ ਸਿੰਘ ਕੋਲੋਂ ਪੱਕਾ ਵਾਅਦਾ ਲੈਣ ਦੀ ਨੀਅਤ ਨਾਲ ਪੁੱਛਿਆ।
“ਸੌ ਫ਼ੀਸਦੀ ਗਰੰਟੀ ਹੈ। ਇਥੇ ਪੁੱਤਰਾ ਤੇਰੇ ਅੰਕਲ ਦਾ ਰਾਜ ਹੈ। ਮੈਂ ਗਲ ਵਿੱਚ ਪਏ ਫਾਂਸੀ ਦੇ ਫੰਦੇ ਲੁਹਾ ਦਿਆਂ, ਇਹ ’ਤੇ ਜ਼ਮਾਨਤ ਹੈ।”
ਇੱਕ ਪੇਟੀ = ਇੱਕ ਲੱਖ
ਕੋਠੀਉਂ ਨਿਕਲਦੇ ਪੰਕਜ ਨੇ ਢੇਰੀ ਢਾਹ ਲਈ। ਜਿਹੜਾ ਕੰਮ ਪ੍ਰਤਾਪ ਸਿੰਘ ਤੋਂ ਨਹੀਂ ਹੋਇਆ, ਉਹ ਕਿਸੇ ਹੋਰ ਤੋਂ ਨਹੀਂ ਹੋਣਾ। ਉਸ ਨੂੰ ਲੱਗਾ ਜੇਲ੍ਹ ਯਾਤਰਾ ਪੱਕੀ ਸੀ।
“ਇਹ ਸੇਲ ਟੈਕਸ ਦੀ ਪੇਸ਼ੀ ਨਹੀਂ ਹੈ। ਕਤਲ ਦਾ ਮਾਮਲਾ ਹੈ। ਬਹੁਤ ਧੱਕੇ ਖਾਣੇ ਪੈਣਗੇ। ਨੰਦ ਲਾਲ ਦੇ ਆਖਣ ਵਾਂਗ ਸਬਰ ਰੱਖ। ਚੰਗੇ ਪੱਖ ਵੱਲ ਦੇਖ। ਸਾਹਿਬ ਨੇ ਹਾਈ ਕੋਰਟ ਵਿਚੋਂ ਜ਼ਮਾਨਤ ਕਰਾਉਣ ਦੀ ਜ਼ਿੰਮੇਵਾਰੀ ਲੈ ਲਈ। ਇਹ ਗੱਲ ਛੋਟੀ ਹੈ? ਆਪਣੇ ਨਾਲ ਝੂਠਾ ਵਾਅਦਾ ਨਹੀਂ ਕੀਤਾ। ਇਹ ਉਨ੍ਹਾਂ ਦਾ ਵਡੱਪਣ ਹੈ।”
ਅਜੇ ਪੰਕਜ ਨੂੰ ਨਿਰਾਸ਼ਾ ਦੀ ਖਾਈ ਵਿਚੋਂ ਕੱਢਣ ਦਾ ਯਤਨ ਕਰਨ ਲੱਗਾ।
ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....