ਨਾਵਲ ਕੌਰਵ ਸਭਾ : ਕਾਂਡ- 3

Sunday, Jul 26, 2020 - 02:52 PM (IST)

ਨਾਵਲ ਕੌਰਵ ਸਭਾ : ਕਾਂਡ- 3

ਮਾਇਆ ਨਗਰ ਦੇ ਕੁੱਝ ਹਸਪਤਾਲ ਆਧੁਨਿਕ ਡਾਕਟਰੀ ਸਹੂਲਤਾਂ ਕਾਰਨ ਉੱਤਰੀ ਭਾਰਤ ਦੇ ਚੁਣੇ ਹਸਪਤਾਲਾਂ ਵਿਚੋਂ ਗਿਣੇ ਜਾਂਦੇ ਸਨ। ਇਨ੍ਹਾਂ ਹਸਪਤਾਲਾਂ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ਰਾਮ ਨਾਥ ਕਈ ਵਾਰ ਮਾਇਆ ਨਗਰ ਆਇਆ ਸੀ। ਇਥੋਂ ਦੇ ਸਿਵਲ ਹਸਪਤਾਲ ਆਉਣ ਦਾ ਇਹ ਉਸਦਾ ਪਹਿਲਾ ਮੌਕਾ ਸੀ।

ਕਾਨੂੰਨ, ਸਰਕਾਰੀ ਡਾਕਟਰਾਂ ਦੀ ਰਾਏ ਨੂੰ ਪ੍ਰਾਈਵੇਟ ਡਾਕਟਰਾਂ ਨਾਲੋਂ ਵੱਧ ਤਰਜੀਹ ਦਿੰਦਾ ਸੀ। ਤਰਕ ਇਹ ਸੀ ਕਿ ਸਰਕਾਰੀ ਮੁਲਾਜ਼ਮ ਝੂਠ ਨਹੀਂ ਬੋਲਦੇ। ਇਸੇ ਮਜਬੂਰੀ ਵੱਸ ਲੜਾਈ ਝਗੜਿਆਂ ਜਾਂ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈਂਦਾ ਸੀ। ਸਰਕਾਰੀ ਡਾਕਟਰ, ਫੱਟੜ ਦੀਆਂ ਸੱਟਾਂ ਦਾ ਮੁਆਇਨਾ ਕਰਦੇ ਸਨ। ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕਰਕੇ ਪੁਲਸ ਨੂੰ ਦਿਦੇ ਸਨ। ਪੁਲਸ ਉਸ ਰਿਪੋਰਟ ਦੇ ਆਧਾਰ ’ਤੇ ਮੁਕੱਦਮੇ ਦਾ ਮੂੰਹ-ਮੱਥਾ ਘੜਦੀ ਸੀ।

ਕਾਨੂੰਨ ਦੀ ਇਸੇ ਲੋੜ ਦਾ ਢਿੱਡ ਭਰਨ ਲਈ ਵੇਦ ਹੋਰਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ।

ਰਾਮ ਨਾਥ ਨੂੰ ਜਿੰਨੀ ਉਤਸੁਕਤਾ ਆਪਣੇ ਸਾਕ-ਸੰਬੰਧੀਆਂ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਸੀ ਓਨੀ ਕਾਹਲ ਉਸਨੂੰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚੋਂ ਕੱਢ ਲਿਜਾਣ ਦੀ ਸੀ।

ਹਸਪਤਾਲ ਦੇ ਆਮ ਵਾਰਡਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਦਾ ਸੀ। ਐਮਰਜੈਂਸੀ ਵਾਰਡ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਸੀ। ਵੇਦ ਹੋਰਾਂ ਨੂੰ ਸੱਤ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ ਸੀ। ਸਮਾਂ ਜੇ ਅੱਠ ਵਜੇ ਦੇ ਬਾਅਦ ਦਾ ਵੀ ਹੁੰਦਾ ਤਾਂ ਵੀ ਅਜਿਹੇ ਮਰੀਜ਼ਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਹੀ ਦਾਖ਼ਲ ਕਰਵਾਇਆ ਜਾਣਾ ਸੀ। ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕਰਨਾ ਸੀ। ਰਿਪੋਰਟ ਤਿਆਰ ਕਰਨੀ ਸੀ। ਫੇਰ ਸੰਬੰਧਿਤ ਵਾਰਡਾਂ ਵਿੱਚ ਇਲਾਜ ਲਈ ਭੇਜਣਾ ਸੀ।

ਸਿਵਲ ਹਸਪਤਾਲ ਦੇ ਕੰਮ-ਕਾਜ ਦਾ ਤਜਰਬਾ ਹੋਣ ਕਾਰਨ ਰਾਮ ਨਾਥ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਉਹ ਗੱਡੀ ਸਿੱਧੀ ਐਮਰਜੈਂਸੀ ਵਾਰਡ ਅੱਗੇ ਲਾ ਦੇਵੇ। ਵੇਦ ਹੋਰਾਂ ਦੇ ਕੁੱਝ ਪੜੋਸੀ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਵਿਚੋਂ ਇੱਕ ਰਾਮ ਨਾਥ ਨੂੰ ਜਾਣਦਾ ਸੀ। ਦੂਜੇ ਗੁਆਂਢੀਆਂ ਨੂੰ ਨਾਲ ਲੈ ਕੇ ਉਹ ਰਾਮ ਨਾਥ ਵੱਲ ਦੌੜਿਆ।

ਅੱਖ ਝਪਕਦੇ ਹੀ ਰਾਮ ਨਾਥ ਅਤੇ ਸੰਗੀਤਾ ਨੂੰ ਪੜੋਸੀਆਂ ਨੇ ਘੇਰ ਲਿਆ।

“ਕੀ ਹਾਲ ਹੈ ਮੇਰੇ ਭੈਣ-ਭਣੋਈਏ ਦਾ? ਨੇਹਾ ਦਾ?” ਇਥੇ ਵੀ ਕੋਈ ਭਾਣਾ ਨਾ ਵਰਤ ਗਿਆ ਹੋਵੇ? ਤੌਖਲਾ ਦੂਰ ਕਰਨ ਲਈ ਰਾਮ ਨਾਥ ਨੇ ਸਭ ਤੋਂ ਪਹਿਲਾਂ ਇਹੋ ਪ੍ਰਸ਼ਨ ਪੁੱਛਿਆ।

“ਸਭ ਠੀਕ ਹਨ। ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈ।” ਇੱਕ ਗੁਆਂਢੀ ਨੇ ਢਾਰਸ ਬੰਨ੍ਹਾਈ।

“ਭੈਣ ਜੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣਾ ਚਾਹੀਦਾ ਹੈ। ਉਸ ਦੇ ਸਿਰ ਵਿੱਚ ਸੱਟ ਹੈ। ਦਿਮਾਗ਼ ਦੀਆਂ ਬੀਮਾਰੀਆਂ ਦਾ ਮਾਹਿਰ ਡਾਕਟਰ ਇਸ ਹਸਪਤਾਲ ਵਿੱਚ ਹੈ ਨਹੀਂ।” ਇੱਕ ਪੜੋਸਣ ਨੇ, ਜਿਹੜੀ ਹੁਣ ਤਕ ਨੀਲਮ ਕੋਲ ਬੈਠੀ ਰਹੀ ਸੀ ਸਥਿਤੀ ਸਪੱਸ਼ਟ ਕੀਤੀ।

“ਕਿਧਰ ਨੇ ਸਾਰੇ?”

“ਨੇਹਾ ਠੀਕ ਹੈ। ਉਸਨੂੰ ਜਨਾਨਾ ਵਾਰਡ ਵਿੱਚ ਭੇਜ ਦਿੱਤਾ ਹੈ। ਵੇਦ ਦੀਆਂ ਲੱਤਾਂ ਬਾਹਾਂ ਤੇ ਸੱਟਾਂ ਹਨ। ਉਸ ਨੂੰ ਹੱਡੀਆਂ ਵਾਲੇ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਭੈਣ ਜੀ ਇਧਰ ਹਨ।”

ਗੁਆਂਢਣ ਨੇ ਐਮਰਜੈਂਸੀ ਵਾਰਡ ਦੇ ਬੰਦ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਉਸ ਅੰਦਰ ਨੀਲਮ ਦੇ ਪਏ ਹੋਣ ਬਾਰੇ ਦੱਸਿਆ।

“ਠਹਿਰੋ ਬਾਬੂ ਜੀ। ਤੁਸੀਂ ਕੌਣ ਹੋ?” ਦਰਵਾਜ਼ਾ ਖੋਲ੍ਹ ਕੇ ਅੰਦਰ ਵੜਦੇ ਰਾਮ ਨਾਥ ਨੂੰ, ਕਿਧਰੋਂ ਅਚਾਨਕ ਆ ਟਪਕੇ ਹਸਪਤਾਲ ਦੇ ਸੇਵਾਦਾਰ ਨੇ ਰੋਕਿਆ।

“ਮੈਂ ਮਰੀਜ਼ ਦਾ ਭਰਾ ਹਾਂ। ਰਾਮ ਨਾਥ ਐਡਵੋਕੇਟ।”

‘ਐਡਵੋਕੇਟ’ ਸ਼ਬਦ ਸੁਣ ਕੇ ਸੇਵਾਦਾਰ ਦੇ ਤੇਵਰ ਕੁੱਝ ਢਿੱਲੇ ਤਾਂ ਪਏ ਪਰ ਸੜੀ ਰੱਸੀ ਵਾਂਗ ਉਹ ਵਲ ਛੱਡਣ ਨੂੰ ਤਿਆਰ ਨਹੀਂ ਸੀ।

“ਬਿਨਾਂ ਇਜਾਜ਼ਤ ਅੰਦਰ ਜਾਣਾ ਮਨ੍ਹਾਂ ਹੈ। ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲੋ।”

ਸੇਵਾਦਾਰ ਨੇ ‘ਮਿਲੋ’ ਸ਼ਬਦ ਤੇ ਜ਼ਿਆਦਾ ਜ਼ੋਰ ਦਿੰਦਿਆਂ ਰਾਮ ਨਾਥ ਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ।

ਰਾਮ ਨਾਥ ਸੇਵਾਦਾਰ ਦਾ ਇਸ਼ਾਰਾ ਸਮਝ ਗਿਆ। ਉਹ ਫੌਜਦਾਰੀ ਵਕੀਲ ਸੀ। ਆਪਣੇ ਸਾਇਲਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਸਨੂੰ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਜਾਣਾ ਪੈਂਦਾ ਸੀ। ਡਾਕਟਰਾਂ ਨੂੰ ‘ਮਿਲ’ ਕੇ ਮਰਜ਼ੀ ਦੀ ਇੰਜਰੀ ਰਿਪੋਰਟ ਤਿਆਰ ਕਰਵਾਈ ਜਾ ਸਕਦੀ ਸੀ। ਰਾਮ ਨਾਥ ਉਹੋ ਕਰਨ ਜਾਂਦਾ ਸੀ। ਜੇ ਉਹ ਦੋਸ਼ੀਆਂ ਦਾ ਵਕੀਲ ਹੁੰਦਾ ਤਾਂ ਸੱਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਗੰਭੀਰਤਾ ਘਟਵਾ ਲੈਂਦਾ। ਜੇ ਮੁਦਈ ਦਾ ਵਕੀਲ ਹੁੰਦਾ ਤਾਂ ਸਬੂਤੀਆਂ ਹੱਡੀਆਂ ਨੂੰ ਟੁੱਟੀਆਂ ਬਣਵਾ ਲੈਂਦਾ। ਸੋਟੀਆਂ ਨਾਲ ਵੱਜੀਆਂ ਸੱਟਾਂ ਨੂੰ ਗੰਡਾਸਿਆਂ ਨਾਲ ਮਾਰੀਆਂ ਲਿਖਾ ਲੈਂਦਾ। ਇਸੇ ਮਕਸਦ ਦਾ ਇਸ਼ਾਰਾ ਸੇਵਾਦਾਰ ਰਾਮ ਨਾਥ ਨੂੰ ਕਰ ਰਿਹਾ ਸੀ। 

“ਮਿਲਦਾਂ ਡਾਕਟਰ ਨੂੰ ਵੀ। ਪਹਿਲਾਂ ਮਰੀਜ਼ ਨੂੰ ਮਿਲ ਲਵਾਂ।”

ਪਿੱਛੇ ਖੜ੍ਹੀ ਸੰਗੀਤਾ ਦੀ ਬਾਂਹ ਫੜ ਕੇ ਰਾਮ ਨਾਥ ਨੇ ਉਸਨੂੰ ਨਾਲ ਰਲਾ ਲਿਆ। ਬਿਨਾਂ ਸੇਵਾਦਾਰ ਦੀ ਪਰਵਾਹ ਕਰੇ, ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਕਮਰੇ ਅੰਦਰ ਵੜ ਗਏ।

ਕਮਰੇ ਵਿੱਚ ਕਰੀਬ ਚਾਰ ਫੁੱਟ ਉੱਚਾ, ਆਦਮੀ ਦੇ ਕੱਦ ਜਿੰਨਾ ਲੰਬਾ ਤਖ਼ਤਪੋਸ਼ਨੁਮਾ ਇੱਕ ਮੇਜ ਪਿਆ ਸੀ। ਮੇਜ਼ ਉਪਰ ਘਸੀ-ਪਿਟੀ ਇੱਕ ਪਲਾਸਟਕ ਦੀ ਚਾਦਰ ਵਿਛੀ ਹੋਈ ਸੀ। ਉਸ ਉਪਰ ਖ਼ੂਨ ਦੇ ਨਵੇਂ ਪੁਰਾਣੇ ਸੈਂਕੜੇ ਧੱਬੇ ਸਨ। ਉਸ ਮੇਜ਼ ਉੱਪਰ ਪਈ ਨੀਲਮ ਤੜਪ ਰਹੀ ਸੀ।

ਨੀਲਮ ਦੇ ਸਿਰ ਉਪਰ ਪੱਟੀ ਬੱਝੀ ਹੋਈ ਸੀ। ਪੱਟੀ ਹੇਠ ਰੱਖੀ ਰੂੰ ਵਿਚੋਂ ਖ਼ੂਨ ਸਿਮਸਿਮ ਪੱਟੀ ਤਕ ਆ ਚੁੱਕਾ ਸੀ। ਉਸਦੀ ਠੋਡੀ, ਗਰਦਨ ਅਤੇ ਕੰਨਾਂ ਕੋਲ ਖ਼ੂਨ ਜੰਮਿਆ ਹੋਇਆ ਸੀ। ਉਸਦੇ ਸਾਰੇ ਕੱਪੜੇ ਖ਼ੂਨ ਨਾਲ ਲੱਥ-ਪੱਥ ਸਨ। ਸਿਰ ਦੀ ਸੱਟ ਕਾਰਨ ਉਸਦਾ ਸਾਰਾ ਸਰੀਰ ਕੰਬ ਰਿਹਾ ਸੀ। ਇੱਕ ਅੱਧ ਮਿੰਟ ਦੇ ਵਕਫ਼ੇ ਬਾਅਦ ਉਸ ਨੂੰ ਮਿਰਗੀ ਦੇ ਦੌਰੇ ਵਰਗਾ ਦੌਰਾ ਪੈਂਦਾ ਸੀ। ਉਸਦੇ ਮੂੰਹ ਵਿਚੋਂ ਝੱਗ ਨਿਕਲਣ ਲਗਦੀ ਸੀ, ਉਸਦੇ ਹੱਥ ਪੈਰ ਮੁੜ ਜਾਂਦੇ ਸਨ ਅਤੇ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਸਨ। ਇੱਕ ਵੱਡੇ ਜਿਗਰੇ ਵਾਲੀ ਗੁਆਂਢਣ ਉਸਦੇ ਤੜਪਦੇ ਸਰੀਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਸੀ।

“ਮੈਂ ਨੀਲਮ ਦਾ ਭਰਾ ਹਾਂ। ਕੀ ਕਹਿੰਦੇ ਨੇ ਡਾਕਟਰ?” ਆਪਣੀ ਜਾਣ-ਪਛਾਣ ਕਰਾ ਕੇ ਰਾਮ ਨਾਥ ਨੇ ਗੁਆਂਢਣ ਤੋਂ ਨੀਲਮ ਦਾ ਹਾਲ ਪੁੱਛਿਆ।

ਸੰਗੀਤਾ ਨੀਲਮ ਨੂੰ ਸੰਭਾਲਣ ਲੱਗੀ।

ਸੰਗੀਤਾ ਦੀ ਹਾਜ਼ਰੀ ਤੇ ਕੁੱਝ ਰਾਹਤ ਮਹਿਸੂਸ ਕਰਦੀ ਗੁਆਂਢਣ ਰਾਮ ਨਾਥ ਦੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੀ: “ਕਿਸੇ ਨੇ ਕੁੱਝ ਨਹੀਂ ਕੀਤਾ। ਇੱਕ ਜਮਾਂਦਾਰ ਜਿਹਾ ਆਇਆ ਸੀ। ਵਾਲ ਕੱਟ ਕੇ, ਖ਼ੂਨ ਪੂੰਝ ਕੇ ਪੱਟੀ ਕਰ ਗਿਆ। ਕਹਿੰਦਾ ਪਹਿਲਾਂ ਡਾਕਟਰ ਸੱਟਾਂ ਦੀ ਗਿਣਤੀ ਅਤੇ ਮਿਣਤੀ ਕਰੇਗਾ। ਫੇਰ ਇਲਾਜ ਸ਼ੁਰੂ ਹੋਊ। ਭਾਈ ਕੁੱਝ ਕਰੋ। ਇਥੇ ਇਹ ਮਰਜੂ ਵਿਚਾਰੀ।”

ਸ਼ਾਇਦ ਬਾਹਰ ਡਾਕਟਰ ਨੂੰ ਸੇਵਾਦਾਰ ਨੇ ਵਕੀਲ ਦੇ ਆਉਣ ਦੀ ਸੂਚਨਾ ਦੇ ਦਿੱਤੀ ਸੀ। ਆਪਣਾ ‘ਫਸਟ ਏਡ’ ਵਾਲਾ ਬਕਸਾ ਲੈ ਕੇ ਡਾਕਟਰ ਉਥੇ ਆ ਧਮਕਿਆ। ਸਿਰ ’ਤੇ ਲਪੇਟੀ ਪੱਟੀ ਖੋਲ੍ਹਦਾ ਉਹ ਰਾਮ ਨਾਥ ਨੂੰ ਮਰੀਜ਼ ਦੀ ਹਾਲਤ ਬਾਰੇ ਦੱਸਣ ਲੱਗਾ:

“ਇਨ੍ਹਾਂ ਦੇ ਸਿਰ ਵਿੱਚ ਸੱਟ ਹੈ। ਜ਼ਖ਼ਮ ਗਹਿਰਾ ਹੈ। ਮੈਂ ਕੇਸ ਰੈਫ਼ਰ ਕਰ ਦਿੰਦਾ ਹਾਂ। ਤੁਸੀਂ ਕਿਸੇ ਚੰਗੇ ਹਸਪਤਾਲ ਵਿੱਚ ਲੈ ਜਾਓ।”

“ਹੁਣ ਤਕ ਤੁਸੀਂ ਇਸਨੂੰ ਇਥੇ ਕੀ ਦਵਾਈ ਬੂਟੀ ਦਿੱਤੀ ਹੈ?” ਰਾਮ ਨਾਥ ਨੇ ਘੜੀ ਵੱਲ ਵੇਖਦਿਆਂ ਡਾਕਟਰ ਕੋਲੋਂ ਪੁੱਛਿਆ।

ਘੜੀ ’ਤੇ ਨੌ ਵੱਜ ਚੁੱਕੇ ਸਨ। ਘੜੀ ਵੱਲ ਦੇਖ ਕੇ ਉਹ ਡਾਕਟਰ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਦੋ ਘੰਟੇ ਦਾ ਕੀਮਤੀ ਸਮਾਂ ਲੰਘ ਜਾਣ ਉਪਰ ਵੀ ਉਨ੍ਹਾਂ ਕੁੱਝ ਨਹੀਂ ਕੀਤਾ।

“ਮੁੱਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਰੇਲ ਹੇਠ ਆ ਕੇ ਇੱਕ ਕੁਲੀ ਦੀ ਬਾਂਹ ਕੱਟੀ ਗਈ। ਉਸਨੂੰ ਸੰਭਾਲਦੇ ਕੁੱਝ ਦੇਰ ਲਗ ਗਈ। ਕੋਈ ਗੱਲ ਨਹੀਂ। ਤੁਸੀਂ ਮਰੀਜ਼ ਨੂੰ ਲਿਜਾਣਾ ਚਾਹੁੰਦੇ ਹੋ ਲੈ ਜਾਓ। ਲਿਖਾ-ਪੜ੍ਹੀ ਕਰ ਲਵਾਂਗੇ। ਤੁਸੀਂ ਵਕੀਲ ਹੋ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ।”

ਰਾਮ ਨਾਥ ਸਮਝ ਰਿਹਾ ਸੀ। ਹਮਦਰਦੀ ਨਾ ਉਸਨੂੰ ਵਕੀਲ ਨਾਲ ਸੀ ਨਾ ਮਰੀਜ਼ ਨਾਲ। ਹਮਦਰਦੀ ਉਸ ਨੂੰ ਆਪਣੀ ਨੌਕਰੀ ਨਾਲ ਸੀ। ਉਸ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ ਨੂੰ ਪੂਰੇ ਦੋ ਘੰਟੇ ਤੋਂ ਰੱਬ ਦੇ ਰਹਿਮੋ-ਕਰਮ ’ਤੇ ਛੱਡ ਰੱਖਿਆ ਸੀ। ਰਾਮ ਨਾਥ ਦੇ ਆਉਣ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। ਉਹ ਇੱਕ ਵਕੀਲ ਨਾਲ ਉਲਝਣ ਤੋਂ ਡਰਦਾ ਮਿੱਠੀਆਂ ਗੱਲਾਂ ਨਾਲ ਉਸਨੂੰ ਭਰਮਾ ਰਿਹਾ ਸੀ।

ਰਾਮ ਨਾਥ ਸਬਰ ਦਾ ਘੁੱਟ ਪੀਣ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕਦਾ।

“ਕਿਰਪਾ ਕਰਕੇ ਇਨ੍ਹਾਂ ਨੂੰ ਦਯਾਨੰਦ ਹਸਪਤਾਲ ਪੁੱਜਣ ਤਕ ਦੀ ਡਾਕਟਰੀ ਸਹਾਇਤਾ ਦੇ ਦਿਓ। ਬਾਕੀ ਦੇਖੀ ਜਾਏਗੀ।”

ਭਰੇ ਗਲੇ ਨਾਲ ਰਾਮ ਨਾਥ ਨੇ ਡਾਕਟਰ ਅੱਗੇ ਤਰਲਾ ਲਿਆ। ਰਾਮ ਨਾਥ ਦੇ ਗੁੱਸੇ ਨੂੰ ਠੰਢਾ ਕਰਨ ਲਈ ਡਾਕਟਰ ਸਰਿੰਜਾਂ ਵਿੱਚ ਦਵਾਈ ਭਰਨ ਲੱਗਾ। ਸੰਗੀਤਾ ਨੂੰ ਨੀਲਮ ਕੋਲ ਛੱਡ ਕੇ ਰਾਮ ਨਾਥ ਦੂਜੇ ਮਰੀਜ਼ਾਂ ਵੱਲ ਦੌੜਿਆ।

ਹੱਡੀਆਂ ਦੇ ਵਾਰਡ ਤੋਂ ਪਹਿਲਾਂ ਜਨਾਨਾ ਵਾਰਡ ਪੈਂਦਾ ਸੀ। ਉਹ ਉਧਰ ਨੂੰ ਹੋ ਗਿਆ।

ਜਨਾਨਾ ਵਾਰਡ ਭਾਂ-ਭਾਂ ਕਰ ਰਿਹਾ ਸੀ। ਵਾਰਡ ਦੇ ਵੀਹ ਬਿਸਤਰਿਆਂ ਵਿਚੋਂ ਅਠਾਰਾਂ ਖਾਲੀ ਪਏ ਸਨ। ਇੱਕ ਬਿਸਤਰੇ ਉਪਰ ਨੇਹਾ ਪਈ ਸੀ ਅਤੇ ਦੂਸਰੇ ਉਪਰ ਕੋਈ ਬਿਹਾਰਨ। ਬਿਹਾਰਨ ਦੀ ਦੇਖਭਾਲ ਲਈ ਇੱਕ ਭਈਆ ਬੈਠਾ ਸੀ, ਜਿਸਨੇ ਬੀੜੀ ਸੁਲਘਾਈ ਹੋਈ ਸੀ। ਧੂੰਏਂ ਦੀ ਕੁੜੱਤਣ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਨੇਹਾ ਦੇ ਬਿਸਤਰੇ ਕੋਲ ਪਏ ਸਟੂਲ ਉਪਰ ਨੇਹਾ ਦੀ ਸਹੇਲੀ ਪਲਵੀ ਬੈਠੀ ਸੀ। ਦੋ ਤਿੰਨ ਬੰਦਿਆਂ ਨੂੰ ਨੇਹਾ ਵੱਲ ਵੱਧਦੇ ਦੇਖਕੇ ਉਹ ਸਮਝ ਗਈ ਉਹ ਨੇਹਾ ਦੇ ਵਾਕਿਫ ਸਨ। ਉਹ ਉੱਠ ਕੇ ਖੜੋ ਗਈ।

“ਕੀ ਹਾਲ ਏ ਨੇਹਾ ਬੇਟੀ ਦਾ?”

ਘੱਟੋ-ਘੱਟ ਸਮੇਂ ਵਿੱਚ ਵੱਧੋ-ਵੱਧ ਜਾਣਕਾਰੀ ਲੈਣ ਦੀ ਨੀਅਤ ਨਾਲ ਇੱਕ ਪਾਸੇ ਰਾਮ ਨਾਥ ਨੇ ਨੇਹਾ ਦੀ ਸਹੇਲੀ ਤੋਂ ਪੁੱਛਿਆ ਅਤੇ ਦੂਜੇ ਪਾਸੇ ਨੇਹਾ ਦੇ ਨੰਗੇ ਚਿਹਰੇ ਤੋਂ ਹਾਲਾਤ ਭਾਂਪਣ ਲੱਗਾ।

ਚਿਹਰੇ ਤੋਂ ਇਲਾਵਾ ਨੇਹਾ ਦਾ ਸਾਰਾ ਸਰੀਰ ਇੱਕ ਹਰੇ ਰੰਗ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਬੇਹੋਸ਼ੀ ਦੇ ਟੀਕੇ ਕਾਰਨ ਸਰੀਰ ਭਾਵੇਂ ਸਿਥਲ ਸੀ, ਪਰ ਚਿਹਰੇ ਦੇ ਹਾਵ-ਭਾਵ ਤੋਂ ਉਸਦੀ ਪੀੜ ਦਾ ਅੰਦਾਜ਼ਾ ਲੱਗ ਰਿਹਾ ਸੀ। ਉਸਦੇ ਮੱਥੇ ਤੇ ਗੁੱਸੇ ਅਤੇ ਨਫ਼ਰਤ ਦੀ ਝਲਕ ਸੀ। ਦੋਹਾਂ ਗੱਲ੍ਹਾਂ ਉਪਰ ਦੰਦੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਵਿਚੋਂ ਖ਼ੂਨ ਸਿੰਮ ਰਿਹਾ ਸੀ। ਗਰਦਨ ਅਤੇ ਠੋਡੀ ਉਪਰਲੇ ਨਹੁੰਦਰਾਂ ਦੇ ਨਿਸ਼ਾਨਾਂ ਵਿਚੋਂ ਵੀ ਲਾਲ ਭਾਹ ਮਾਰ ਰਹੀ ਸੀ। ਅੱਖਾਂ ਬਹਿ ਚੁੱਕੇ ਹੰਝੂਆਂ ਕਾਰਨ ਸੁੱਜੀਆਂ ਹੋਈਆਂ ਸਨ। ਨੱਕ ਵਗੇ ਪਾਣੀ ਕਾਰਨ ਡੱਬਖੜੱਬਾ ਹੋਇਆ ਪਿਆ ਸੀ। ਕੰਨਾਂ ਵਿਚੋਂ ਵਾਲੀਆਂ ਧੂਹ ਕੇ ਖਿੱਚੀਆਂ ਗਈਆਂ ਸਨ। ਇਸੇ ਕਾਰਨ ਕੰਨਾਂ ਦੀਆਂ ਗਲੀਆਂ ਉਚੜੀਆਂ ਹੋਈਆਂ ਸਨ।

“ਅੰਕਲ ਖ਼ਤਰੇ ਵਾਲੀ ਕੋਈ ਗੱਲ ਨਹੀਂ। ਬੇਹੋਸ਼ੀ ਦਾ ਟੀਕਾ ਲੱਗਿਆ ਹੋਇਆ ਹੈ ਪਰ ਡਾਕਟਰ ਕੋਈ ਨਹੀਂ ਆਈ। ਨੇਹਾ ਦੇ ਪੇਟ ਅਤੇ … ਵਿੱਚ ਦਰਦ ਹੈ। ਖ਼ੂਨ ਸਿਮ ਰਿਹਾ ਹੈ। ਸਾਰੇ ਕੱਪੜੇ ਖਰਾਬ ਹੋਏ ਪਏ ਹਨ। ਮੈਂ ਘਰੋਂ ਆਪਣਾ ਸੂਟ ਮੰਗਵਾਇਆ ਸੀ। ਨਰਸ ਕਪੜੇ ਬਦਲਣ ਨਹੀਂ ਦਿੰਦੀ। ਕਹਿੰਦੀ ਹੈ ਡਾਕਟਰ ਨੇ ਇਹ ਕੱਪੜੇ ਕਬਜ਼ੇ ਵਿੱਚ ਲੈਣੇ ਹਨ। ਜ਼ਖ਼ਮਾਂ ਉੱਪਰ ਪੱਟੀ ਨਹੀਂ ਕੀਤੀ, ਕਹਿੰਦੀ ਪਹਿਲਾਂ ਡਾਕਟਰ ਦੇਖ ਲਏ।”

ਪਲਵੀ ਨੂੰ ਜਿੰਨਾ ਕੁ ਪਤਾ ਸੀ ਓਨਾ ਕੁ ਉਸਨੇ ਸਪੱਸ਼ਟ ਅਤੇ ਇਸ਼ਾਰੇ ਨਾਲ ਸਮਝਾ ਦਿੱਤਾ।

ਰਾਮ ਨਾਥ ਸਭ ਕੁੱਝ ਸਮਝ ਗਿਆ। ਨੇਹਾ ਨਾਲ ਬਲਾਤਕਾਰ ਹੋਇਆ ਸੀ। ਉਸਨੇ ਖਿਝ ਕੇ ਮੱਥੇ ’ਤੇ ਹੱਥ ਮਾਰਿਆ।

“ਬੋਲਦੀ ਚਾਲਦੀ ਤਾਂ ਹੈ?”

“ਹਾਂ ਠੀਕ ਹੈ। ਮੈਂ ਘੰਟੇ ਤੋਂ ਇਥੇ ਬੈਠੀ ਹਾਂ। ਪਹਿਲਾਂ ਉਹ ਕਦੇ-ਕਦੇ ਬੜਾਉਣ ਲਗਦੀ ਸੀ। ਕਹਿੰਦੀ ਸੀ ਉਨ੍ਹਾਂ ਨੇ ਕਮਲ ਨੂੰ ਮਾਰ ਦਿੱਤਾ। ਮੇਰੀ ਇੱਜ਼ਤ ਬਚਾਉਂਦਾ ਉਹ ਸ਼ਹੀਦ ਹੋ ਗਿਆ। ਮੇਰੀ ਇੱਜ਼ਤ ਲੁੱਟੀ ਗਈ। ਮੈਨੂੰ ਜ਼ਹਿਰ ਦੇ ਕੇ ਮਾਰ ਦਿਓ!”

“ਕਿਸ ਨੇ ਕੀਤਾ ਇਹ ਸਭ ਕੁੱਝ? ਕੁੱਝ ਦੱਸਦੀ ਸੀ?”

“ਨਹੀਂ! ਮੈਂ ਪੁੱਛਿਆ ਸੀ। ਕੁੱਝ ਨਹੀਂ ਦੱਸਿਆ। ਸ਼ਾਇਦ ਉਸ ਨੂੰ ਉਨ੍ਹਾਂ ਬਾਰੇ ਪਤਾ ਨਹੀਂ।”

“ਲੇਡੀ ਡਾਕਟਰ ਕਿਉਂ ਨਹੀਂ ਆਈ?”

“ਇਥੇ ਇੱਕ ਬਾਬੂ ਜਿਹਾ ਫਿਰਦਾ ਸੀ। ਕਹਿੰਦਾ ਸੀ ਉਹ ਸਾਈਕਲ ਸਟੈਂਡ ਦਾ ਠੇਕੇਦਾਰ ਹੈ। ਕਹਿੰਦਾ ਸੀ ਡਾਕਟਰ ਦਸ ਵਜੇ ਰਾਊਂਡ ਤੇ ਆਏਗੀ। ਕਹਿੰਦਾ ਸੀ ਪਹਿਲਾਂ ਬੁਲਾਉਣੀ ਹੈ ਤਾਂ ਦੱਸੋ? ਪੁੱਛਦਾ ਸੀ ਕੋਈ ਨੇਹਾ ਦਾ ਵਾਰਿਸ ਨਹੀਂ? ਆਇਆ ਹੈ ਤਾਂ ਮਿਲਾਓ। ਇਸ ਲੜਕੀ ਦੀ ਕਹਿੰਦਾ ਰਿਪੋਰਟ ਬਨਣੀ ਹੈ। ਕਿਸ ਤਰ੍ਹਾਂ ਬਨਾਉਣੀ ਹੈ? ਮੈਂ ਆਖ ਦਿੱਤਾ ਸੀ, ਜਦੋਂ ਕੋਈ ਆਇਆ ਭੇਜ ਦਿਆਂਗੀ। ਭਰਾ ਜੀ ਉਸ ਬੰਦੇ ਨੂੰ ਮਿਲ ਕੇ ਡਾਕਟਰ ਨੂੰ ਬੁਲਾਓ। ਮੱਥਾ ਡਮ੍ਹੋ ਭੈੜੀ ਡਾਕਟਰਨੀ ਦਾ। ਫੁੱਲ ਵਰਗੀ ਕੁੜੀ ਮੁਰਝਾਈ ਪਈ ਹੈ।”

ਇੱਕ ਪੜੋਸਣ ਨੇ ਜਿਹੜੀ ਕੁੱਝ ਦੇਰ ਪਹਿਲਾਂ ਨੇਹਾ ਕੋਲੋਂ ਉਠ ਕੇ ਗਈ ਸੀ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਦੱਸਿਆ।

“ਅੰਕਲ ਮੈਂ ਨਰਸ ਨੂੰ ਪੁੱਛਿਆ ਸੀ ਕਿ ਡਾਕਟਰ ਕਿਉਂ ਨਹੀਂ ਆਉਂਦੀ। ਉਹ ਕਹਿੰਦੀ ਡਾਕਟਰ ਕਿਸੇ ਮੰਤਰੀ ਦੀ ਨੂੰਹ ਹੈ। ਉਸਨੂੰ ਕਿਸੇ ਦਾ ਡਰ ਨਹੀਂ। ਜਦੋਂ ਦਿਲ ਕੀਤਾ ਆਏਗੀ। ਪਲੀਜ਼ ਕੁੱਝ ਕਰੋ। ਮੇਰੀ ਸਹੇਲੀ ਮਰ ਜਾਏਗੀ।”

ਅੱਖਾਂ ਵਿੱਚ ਹੰਝੂ ਭਰ ਕੇ ਪਲਵੀ ਨੇ ਆਪਣਾ ਤਜਰਬਾ ਰਾਮ ਨਾਥ ਨਾਲ ਸਾਂਝਾ ਕੀਤਾ।

“ਇਸੇ ਲਈ ਵਾਰਡ ਖਾਲੀ ਪਿਆ ਹੈ,” ਮਨ ਹੀ ਮਨ ਸੋਚਦੇ ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ ਉਹ ਡਾਕਟਰ ਨੂੰ ਕਿਸ ਤਰ੍ਹਾਂ ਡਿਊਟੀ ਤੇ ਹਾਜ਼ਰ ਕਰਾਏ? ਹਾਲਾਤ ਅਜਿਹੇ ਸਨ ਕਿ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਜਾ ਸਕਦੀ, ਕਿਸੇ ਨਾਲ ਲੜਿਆ ਨਹੀਂ ਸੀ ਜਾ ਸਕਦਾ। ਕਾਨੂੰਨ ਦੇ ਅਸਲ ਮਕਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਕਾਨੂੰਨ ਦੇ ਨਾਂ ਤੇ ਮਰੀਜ਼ ਨੂੰ ਡਾਕਟਰੀ ਸਹਾਇਤਾ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ।

ਮਰੀਜ਼ ਦੇ ਜ਼ਖਮ ਸੜਦੇ ਜਾ ਰਹੇ ਸਨ, ਖ਼ੂਨ ਵਹਿ ਰਿਹਾ ਸੀ, ਕੱਪੜੇ ਗੰਦੇ ਸਨ, ਜ਼ਖਮਾਂ ਵਿੱਚ ਮਿੱਟੀ-ਘੱਟਾ ਪੈ ਜਾਣ ਕਾਰਨ ‘ਇਨਫੈਕਸ਼ਨ’ ਦਾ ਡਰ ਸੀ। ਇੰਜਰੀ ਰਿਪੋਰਟ ਦੇ ਬਹਾਨੇ ਮਰੀਜ਼ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਸੀ।

ਰਾਮ ਨਾਥ ਨੇ ਆਲੇ-ਦੁਆਲੇ ਦਾ ਜਾਇਜ਼ਾ ਲਿਆ। ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਕੋਈ ਉਸ ਨੂੰ ਨਜ਼ਰ ਨਹੀਂ ਸੀ ਆ ਰਿਹਾ। ਫ਼ੋਨ ਉਹ ਬਹੁਤ ਥਾਈਂ ਕਰਵਾ ਚੁੱਕਾ ਸੀ। ਕੋਈ ਆਏ ਅਤੇ ਰਾਮ ਨਾਥ ਦੀ ਜ਼ਿੰਮੇਵਾਰੀ ਵੰਡਾਏ। ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ।

ਰਾਮ ਨਾਥ ਦੇ ਆ ਜਾਣ ਨਾਲ ਪੜੋਸੀ ਆਪਣੇ ਆਪ ਨੂੰ ਭਾਰ ਮੁਕਤ ਸਮਝਣ ਲਗ ਪਏ। ਇੱਕ-ਇੱਕ ਕਰ ਕੇ ਉਹ ਘਰ ਨੂੰ ਮੁੜਨ ਲੱਗੇ। ਕਿਸੇ ਨੇ ਦਫ਼ਤਰ ਜਾਣਾ ਸੀ, ਕਿਸੇ ਦੇ ਬੱਚੇ ਸਕੂਲੋਂ ਲੇਟ ਹੋ ਰਹੇ ਸਨ। ਕਿਸੇ ਨੇ ਦੁਕਾਨ ਖੋਲ੍ਹਣੀ ਸੀ, ਕਿਸੇ ਨੇ ਬੱਸ ਚੜ੍ਹਨਾ ਸੀ।

ਰਾਮ ਨਾਥ ਨੂੰ ਨੇਹਾ ਦੀ ਅਸਲੀ ਹਾਲਤ ਦਾ ਪੂਰਾ ਜਾਇਜ਼ਾ ਨਹੀਂ ਸੀ ਹੋ ਰਿਹਾ। ਮਾਮੇ ਭਾਣਜੀ ਵਾਲੀ ਅੱਖਾਂ ਦੀ ਸ਼ਰਮ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ। ਸਾਰੇ ਸਮਾਜਕ ਰਿਸ਼ਤੇ ਛਿੱਕੇ ਟੰਗ ਕੇ ਰਾਮ ਨਾਥ ਨੇ ਨੇਹਾ ਦੇ ਸਰੀਰ ’ਤੇ ਪਈ ਚਾਦਰ ਉਪਰ ਚੁੱਕਣੀ ਸ਼ੁਰੂ ਕੀਤੀ। ਉਹ ਕੁੜੀ ਦੇ ਸਰੀਰ ਦੀ ਹਾਲਤ ਅੱਖੀਂ ਦੇਖਣਾ ਚਾਹੁੰਦਾ ਸੀ।

ਨੇਹਾ ਦੇ ਸਾਰੇ ਕੱਪੜੇ ਲੀਰੋ-ਲੀਰ ਅਤੇ ਖ਼ੂਨ ਨਾਲ ਲੱਥ-ਪੱਥ ਸਨ। ਬਾਹਾਂ, ਹਿੱਕ ਅਤੇ ਢਿੱਡ ਉਪਰ ਨੇਹਾ ਅਤੇ ਬਲਾਤਕਾਰੀ ਵਿਚਕਾਰ ਹੋਈ ਜੱਦੋਜਹਿਦ ਦੇ ਨਿਸ਼ਾਨ ਸਨ। ਇਹੋ ਹਾਲ ਪੱਟਾਂ ਅਤੇ ਲੱਤਾਂ ਦਾ ਸੀ। ਰਾਮ ਨਾਥ ਨੇ ਇੱਕ-ਇੱਕ ਅੰਗ ਹਿਲਾ ਕੇ, ਟੋਹ ਕੇ ਦੇਖਿਆ। ਸ਼ੁਕਰ ਸੀ ਸਭ ਅੰਗ ਸਬੂਤੇ ਸਨ।

ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਨੁਕਸਾਨ ਵੱਧ ਹੋਇਆ ਸੀ। ਕੁੱਝ ਕੁ ਰਾਹਤ ਮਹਿਸੂਸ ਕਰਕੇ ਰਾਮ ਨਾਥ ਨੂੰ ਵੇਦ ਦੀ ਚਿੰਤਾ ਖਾਣ ਲੱਗੀ।

“ਮੈਂ ਕਰਦਾਂ ਕੋਈ ਇੰਤਜ਼ਾਮ, ਬੱਸ ਪੰਜਾਂ ਮਿੰਟਾਂ ਵਿੱਚ ਮੈਂ ਆਇਆ” ਪਲਵੀ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਵਿਸ਼ਵਾਸ ਦਿਵਾਉਂਦਾ ਰਾਮ ਨਾਥ ਹੱਡੀਆਂ ਦੇ ਵਾਰਡ ਵੱਲ ਹੋ ਲਿਆ। ਸੱਟਾਂ ਵੱਜੀਆਂ ਨੂੰ ਪੰਜ ਛੇ ਘੰਟੇ ਹੋ ਗਏ ਸਨ। ਮਰੀਜ਼ਾਂ ਨੂੰ ਹਾਲੇ ਤਕ ਡਾਕਟਰਾਂ ਨੇ ਛੂਹਿਆ ਤਕ ਨਹੀਂ ਸੀ। ਡਾਕਟਰਾਂ ਦੀ ਇਹ ਅਣਗਹਿਲੀ ਮਰੀਜ਼ਾਂ ਲਈ ਮੁਲਜ਼ਮਾਂ ਨਾਲੋਂ ਵੱਧ ਘਾਤਕ ਸਿੱਧ ਹੋ ਰਹੀ ਸੀ।

ਪਰ ਰਾਮ ਨਾਥ ਕਿਸ ਨਾਲ ਟੱਕਰ ਮਾਰੇ?

ਇੱਕ ਮਿੰਟ ਲਈ ਉਸਦੇ ਜ਼ਿਹਨ ਵਿੱਚ ਸਾਈਕਲ ਸਟੈਂਡ ਦੇ ਠੇਕੇਦਾਰ ਦਾ ਨਾਂ ਘੁੰਮਿਆ। ਰਾਮ ਨਾਥ ਉਸਦੇ ਮੁਹਾਂਦਰੇ ਦੀ ਕਲਪਨਾ ਕਰਨ ਲੱਗਾ। ਕੋਈ ਮੋਟੇ ਢਿੱਡ ਵਾਲਾ, ਖਰਬੜੀ ਦਾੜ੍ਹੀ ਵਾਲਾ, ਕਾਲਾ ਕਲੋਟਾ ਜਿਹਾ। ਕੁੜਤੇ ਪਜਾਮੇ ਅਤੇ ਮੋਢੇ ਤੇ ਰੱਖੇ ਪਰਨੇ ਵਾਲਾ। ਸਿਵਲ ਹਸਪਤਾਲਾਂ ਵਿੱਚ ਮਿਲਦੇ ਆਮ ਟਾਊਟਾਂ ਵਰਗਾ ਉਹ ਟਾਊਟ ਹੋਏਗਾ। ਨੇਹਾ ਵਾਲਾ ਕੇਸ ਉਸਨੂੰ ਆਮ ਬਲਾਤਕਾਰ ਵਰਗਾ ਕੇਸ ਲੱਗਾ ਹੋਏਗਾ। ਦਲਾਲ ਡਾਕਟਰ ਦੀ ਫ਼ੀਸ ਦਾ ਜੁਗਾੜ ਕਰਨ ਵਿੱਚ ਰੁੱਝਾ ਹੋਏਗਾ।

ਪਰ ਇਹ ਮੁਕੱਦਮਾ ਆਪਣੀ ਕਿਸਮ ਦਾ ਸੀ। ਅਸਲ ਮਾਮਲਾ ਚੋਰੀ ਡਕੈਤੀ ਦਾ ਸੀ। ਅਜਿਹੇ ਕੇਸਾਂ ਵਿੱਚ ਅਕਸਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਆਉਂਦੇ। ਆਉਣ ਤਾਂ ਸਾਲ ਛੇ ਮਹੀਨੇ ਪਿਛੋਂ ਆਉਂਦੇ ਹਨ। ਉਦੋਂ ਤਕ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ ਕਿ ਸਾਰੇ ਸਬੂਤ ਮਿਟ ਚੁੱਕੇ ਹੁੰਦੇ ਹਨ। ਕਾਨੂੰਨ ਦੋਸ਼ੀਆਂ ਦੀ ਪਿੱਠ ਪਲੋਸਦਾ ਹੈ। ਸ਼ੱਕ ਦਾ ਫ਼ਾਇਦਾ ਦੇ ਕੇ ਬਰੀ ਕਰ ਦਿੰਦਾ ਹੈ।

ਇਸ ਕੇਸ ਦਾ ਇਹੋ ਹਸ਼ਰ ਹੋਣ ਵਾਲਾ ਸੀ। ਰਾਮ ਨਾਥ ਨੂੰ ਹੁਣੇ ਸੈਂਕੜੇ ਕਮਜ਼ੋਰੀਆਂ ਨਜ਼ਰ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਪੁਲਸ ਨੇ ਭਾ ਦੀ ਮਚਾ ਦੇਣੀ ਸੀ। ਪਰਚਾ ਕਟਵਾਓ। ਕਾਨੂੰਨ ਕਹਿੰਦਾ ਸੀ, ਪਰਚੇ ਵਿੱਚ ਹੋਈ ਵਾਰਦਾਤ ਦੀ ਹਰ ਬਰੀਕੀ ਦਰਜ ਕਰਾਓ। ਦੋਸ਼ੀਆਂ ਦੇ ਨਾਂ, ਪਤੇ, ਹੁਲੀਏ। ਕਿਸ ਦੋਸ਼ੀ ਕੋਲ ਕਿਹੜਾ ਹਥਿਆਰ ਸੀ, ਉਸ ਹਥਿਆਰ ਨਾਲ ਉਸ ਨੇ ਕਿਸ-ਕਿਸ ਬੰਦੇ ਦੇ ਕਿੱਥੇ-ਕਿੱਥੇ ਸੱਟ ਮਾਰੀ। ਇਹ ਸਭ ਸਪੱਸ਼ਟ ਦੱਸਿਆ ਜਾਵੇ। ਕਿਧਰੇ ਕੋਤਾਹੀ ਰਹਿ ਗਈ ਤਾਂ ਕਹਾਣੀ ਨੂੰ ਸ਼ੱਕੀ ਗਿਣਿਆ ਜਾਣਾ ਸੀ। ਸ਼ੱਕ ਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਣਾ ਸੀ।

ਘਟਨਾ ਵਾਲੀ ਥਾਂ ’ਤੇ ਮੌਜੂਦ ਚਾਰ ਬੰਦਿਆਂ ਵਿਚੋਂ ਇੱਕ ਸਦਾ ਦੀ ਨੀਂਦ ਸੌਂ ਚੁੱਕਾ ਸੀ। ਬਾਕੀ ਦੇ ਤਿੰਨਾਂ ਨੂੰ ਆਪਣੀ ਹੋਸ਼ ਨਹੀਂ ਸੀ। ਦੋਸ਼ੀਆਂ ਦੀ ਗਿਣਤੀ, ਹੁਲੀਆ ਅਤੇ ਘਟਨਾਕ੍ਰਮ ਦਾ ਵੇਰਵਾ ਕੌਣ ਦੇਵੇਗਾ?

ਇਹ ਵਾਰਦਾਤ ਸਾਧਾਰਨ ਬੰਦਿਆਂ ਵੱਲੋਂ ਨਹੀਂ ਸੀ ਕੀਤੀ ਗਈ। ਦੋਸ਼ੀ ਆਦੀ ਮੁਜਰਮ ਜਾਪਦੇ ਸਨ। ਉਹ ਕਾਨੂੰਨੀ ਨੁਕਤਿਆਂ ਤੋਂ ਜਾਣੂ ਹੋਣਗੇ। ਉਹ ਹੱਥਾਂ ਉਪਰ ਦਸਤਾਨੇ ਚੜ੍ਹਾ ਕੇ, ਮੂੰਹ ਸਿਰ ਢੱਕ ਕੇ ਅਤੇ ਪਿੰਡੇ ਉਪਰ ਇਤਰ ਛਿੜਕ ਕੇ ਆਏ ਹੋਣਗੇ। ਉਨ੍ਹਾਂ ਨੇ ਵੇਦ ਹੋਰਾਂ ਨੂੰ ਸੁੱਤਿਆਂ ਨੂੰ ਨੱਪ ਲਿਆ ਹੋਵੇਗਾ। ਕੀ ਹੋ ਰਿਹਾ ਹੈ? ਇਹ ਸਮਝਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ। ਘਰ ਦੇ ਕਿਸੇ ਮੈਂਬਰ ਤੋਂ ਦੋਸ਼ੀਆਂ ਦੀ ਪਛਾਣ ਨਹੀਂ ਹੋਣੀ। ਸ਼ੱਕ ਦਾ ਲਾਭ ਫੇਰ ਦੋਸ਼ੀਆਂ ਨੂੰ ਮਿਲੇਗਾ।

ਫੇਰ ਡਾਕਟਰਾਂ ਦਾ ਘਰ ਕਿਉਂ ਭਰਿਆ ਜਾਵੇ?

ਇਸ ਮਸਲੇ ਤੇ ਵਿਚਾਰ ਕਰਦੇ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ ਕਦੋਂ ਉਹ ਹੱਡੀਆਂ ਦੇ ਵਾਰਡ ਪੁੱਜ ਗਿਆ।

ਹੱਡੀਆਂ ਵਾਲਾ ਵਾਰਡ ਖਾਲੀ ਪਿਆ ਸੀ, ਇਥੇ ਇੱਕ ਵੀ ਮਰੀਜ਼ ਨਹੀਂ ਸੀ।

ਵੇਦ ਨੂੰ ਵਾਰਡ ਵਿੱਚ ਨਾ ਦੇਖ ਕੇ ਰਾਮ ਨਾਥ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਸ਼ਾਇਦ ਵੇਦ ਚੱਲ ਵੱਸਿਆ ਸੀ।

“ਵੇਦ ਜੀ ਨੂੰ ਮਿਲਣਾ ਹੈ? ਆਓ ਮੇਰੇ ਨਾਲ। ਉਹ ਐਕਸਰੇ ਵਿਭਾਗ ਵਿੱਚ ਹਨ।”

ਇਹ ਬਾਬੂ ਜੈ ਨਰਾਇਣ ਅਤੇ ਰਾਮ ਨਾਥ ਦੋਹਾਂ ਲਈ ਓਪਰਾ ਸੀ। ਨਾ ਉਹ ਵੇਦ ਦਾ ਪੜੋਸੀ ਸੀ ਨਾ ਰਿਸ਼ਤੇਦਾਰ।

“ਕੀ ਹਾਲ ਹੈ ਵੇਦ ਜੀ ਦਾ?” ਰਾਮ ਨਾਥ ਦਾ ਉਹੋ ਉਤਸੁਕਤਾ ਭਰਿਆ ਸਵਾਲ ਇਸ ਵਾਰ ਇਸ ਅਜਨਬੀ ਬਾਬੂ ਨੂੰ ਸੀ।

“ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਨੇ। ਲੱਤਾਂ ਬਾਹਾਂ ਟੁੱਟੀਆਂ ਨੇ। ਐਕਸਰੇ ਹੋਣੇ ਨੇ,”

ਬਾਬੂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰਾਮ ਨਾਥ ਦੇ ਸਾਹ ਵਿੱਚ ਸਾਹ ਆਇਆ।

“ਤੁਸੀਂ?” ਜੈ ਨਰਾਇਣ ਨੇ ਬਾਬੂ ਤੋਂ ਉਸਦੀ ਪਹਿਚਾਣ ਪੁੱਛੀ।

“ਮੈਂ ਠੇਕੇਦਾਰ ਹਾਂ। ਸੋਹਣ ਲਾਲ ਮੇਰਾ ਨਾਂ ਹੈ।” ਸੋਨੇ ਦੀਆਂ ਤਿੰਨ ਮੁੰਦਰੀਆਂ ਵਾਲੇ ਸੱਜੇ ਹੱਥ ਨੂੰ ਹਿੱਕ ਤੇ ਰੱਖ ਕੇ ਬਾਬੂ ਨੇ ਆਪਣਾ ਨਾਂ ਅਤੇ ਕਿੱਤਾ ਦੱਸਿਆ। ਜੈ ਨਰਾਇਣ ਅਤੇ ਰਾਮ ਨਾਥ ਬਾਕੀ ਦਾ ਕਿੱਸਾ ਆਪੇ ਸਮਝ ਗਏ।

“ਇਹ ਵਾਰਡ ਖਾਲੀ ਕਿਉਂ ਪਿਆ ਹੈ?” ਟਾਇਮ ਪਾਸ ਕਰਨ ਲਈ ਰਸਤੇ ਵਿੱਚ ਜੈ ਨਰਾਇਣ ਨੇ ਠੇਕੇਦਾਰ ਤੋਂ ਪੁੱਛਿਆ।

“ਇਸ ਵਾਰਡ ਦੇ ਡਾਕਟਰ ਦੀ ਤਰੱਕੀ ਹੋ ਗਈ ਹੈ। ਇਸ ਹਸਪਤਾਲ ਦਾ ਇਹ ਸਭ ਤੋਂ ਅਹਿਮ ਵਾਰਡ ਹੈ। ਲੜਾਈ ਝਗੜੇ ਵਿੱਚ ਹੱਡ ਤੁੜਾ ਕੇ ਲੋਕ ਇਸੇ ਵਾਰਡ ਵਿੱਚ ਆਉਂਦੇ ਹਨ। ਡਾਕਟਰ ਦੋਹਾਂ ਪਾਸਿਆਂ ਤੋਂ ਪੈਸੇ ਝਾੜਦੇ ਹਨ। ਕਈ ਡਾਕਟਰ ਇਥੇ ਆਉਣ ਲਈ ਭੱਜ-ਨੱਠ ਕਰ ਰਹੇ ਹਨ। ਇੱਕ ਜਾਂਦਾ ਹੈ ਆਪਣੇ ਆਰਡਰ ਕਰਵਾ ਲੈਂਦਾ ਹੈ। ਦੂਜਾ ਉਸ ਤੋਂ ਵੱਡਾ ਬਰੀਫ਼-ਕੇਸ ਲੈ ਜਾਂਦਾ ਹੈ। ਉਹ ਪਹਿਲੇ ਆਰਡਰ ਕੈਂਸਲ ਕਰਵਾ ਕੇ ਆਪਣੇ ਆਰਡਰ ਕਰਵਾ ਲੈਂਦਾ ਹੈ। ਦੋ ਮਹੀਨੇ ਵਿੱਚ ਪੰਜ ਬਦਲੀਆਂ ਹੋ ਗਈਆਂ। ਇਸੇ ਚੱਕਰ ਕਾਰਨ ਥਾਂ ਖਾਲੀ ਪਈ ਹੈ। ਬਿਨਾਂ ਡਾਕਟਰ ਤੋਂ ਮਰੀਜ਼ਾਂ ਨੇ ਇਥੇ ਆ ਕੇ ਕੀ ਕਰਨਾ ਹੈ?”

“ਫੇਰ ਸਾਡੇ ਮਰੀਜ਼ ਦਾ ਇਲਾਜ ਕੌਣ ਕਰੇਗਾ?”

“ਕਿਸੇ ਨੇ ਨਹੀਂ। ਐਕਸਰੇ ਕਰਾਓ। ਮਨਮਰਜ਼ੀ ਦੀ ਰਿਪੋਰਟ ਲਓ। ਫੇਰ ਜਿਹੜੇ ਮਰਜ਼ੀ ਚੰਗੇ ਹਸਪਤਾਲ ਵਿੱਚ ਚਲੇ ਜਾਓ।”

ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਠੇਕੇਦਾਰ ਉਨ੍ਹਾਂ ਨੂੰ ਐਕਸਰੇ ਵਿਭਾਗ ਕੋਲ ਲੈ ਆਇਆ।

ਐਕਸਰੇ-ਵਿਭਾਗ ਅੱਗੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ।

ਇੱਕ ਅੱਠ ਸਾਲ ਦੀ ਕੁੜੀ ਦੀ ਸਾਈਕਲ ਸਿੱਖਦਿਆਂ ਲੱਤ ਟੁੱਟ ਗਈ। ਉਹ ਦਰਦ ਨਾਲ ਕਰਾਹ ਰਹੀ ਸੀ। ਉਸਦੇ ਮਾਂ-ਬਾਪ ਉਸਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੇ ਸਨ।

ਫੈਕਟਰੀ ਦੀ ਉਸਾਰੀ ਚਲਦੇ ਸਮੇਂ ਪੈੜ ਹਿੱਲ ਜਾਣ ਕਾਰਨ ਇੱਕ ਮਜ਼ਦੂਰ ਜ਼ਮੀਨ ਤੇ ਡਿੱਗ ਪਿਆ ਸੀ। ਉਸਦਾ ਮੋਢਾ ਟੁੱਟ ਗਿਆ ਸੀ। ਕੁੱਝ ਮਜ਼ਦੂਰ ਨੇਤਾ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਰਿਪੋਰਟ ਲੈ ਕੇ ਉਨ੍ਹਾਂ ਨੇ ਮਾਲਕ ਤੇ ਕਲੇਮ ਦਾ ਮੁਕੱਦਮਾ ਠੋਕਣਾ ਸੀ।

ਸਭ ਤੋਂ ਪਹਿਲਾਂ ਨੰਬਰ ਵੇਦ ਦਾ ਸੀ। ਉਹ ਆਇਆ ਵੀ ਸਭ ਤੋਂ ਪਹਿਲਾਂ ਸੀ ਅਤੇ ਉਸ ਦੀਆਂ ਸੱਟਾਂ ਵੀ ਗੰਭੀਰ ਸਨ। ਉਸਦੇ ਨਾਲ ਇੱਕ ਹੌਲਦਾਰ ਖੜਾ ਸੀ, ਜਿਸ ਨੂੰ ਹੁਣੇ-ਹੁਣੇ ਮਰੀਜ਼ਾਂ ਦਾ ਮੁਆਇਨਾ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ।

ਵੇਦ ਸਟਰੈਚਰ ਉਪਰ ਬੇਹੋਸ਼ ਪਿਆ ਸੀ। ਕੁੱਝ ਬੰਦੇ ਉਸਨੂੰ ਘੇਰਾ ਪਾਈ ਖੜੇ ਸਨ। ਇਹ ਕੌਣ ਸਨ ਅਤੇ ਕੀ ਕਰ ਰਹੇ ਸਨ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜਾਨਣ ਲਈ ਰਾਮ ਨਾਥ ਤੇਜ਼ੀ ਨਾਲ ਵੇਦ ਵੱਲ ਵਧਿਆ।

ਆਪਣੇ ਜੀਜੇ ਸਰਦਾਰੀ ਲਾਲ ਨੂੰ ਵੇਦ ਕੋਲ ਖੜ੍ਹਾ ਦੇਖ ਕੇ ਰਾਮ ਨਾਥ ਨੇ ਸੁੱਖ ਦਾ ਸਾਹ ਲਿਆ। ਹੁਣ ਉਹ ਇੱਕ ਅਤੇ ਇੱਕ ਗਿਆਰਾਂ ਹੋ ਗਏ ਸਨ।

ਸਰਦਾਰੀ ਲਾਲ ਨਾਲ ਉਸ ਦਾ ਦੋਸਤ ਡਾਕਟਰ ਦੇਵ ਵੀ ਸੀ। ਡਾਕਟਰ ਦੇਵ ਵੇਦ ਦਾ ਮੁਆਇਨਾ ਕਰ ਰਿਹਾ ਸੀ। ਮੁਆਇਨਾ ਮੁਕੰਮਲ ਕਰਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

ਵੇਦ ਦੀਆਂ ਦੋਹੇਂ ਬਾਹਾਂ ਅਤੇ ਦੋਹੇਂ ਲੱਤਾਂ ਕਈ-ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਸਨ। ਇਕੱਲੇ ਪਲੱਸਤਰ ਨਾਲ ਕੰਮ ਨਹੀਂ ਸੀ ਚੱਲਣਾ। ਰਾਡ ਪਾਉਣੇ ਪੈਣੇ ਸਨ। ਜੁਬਾੜੇ ਦੀ ਇੱਕ ਹੱਡੀ ਵੀ ਟੁੱਟੀ ਲਗਦੀ ਸੀ। ਉਹ ਹੱਡੀ ਦੀ ਸਹੀ ਹਾਲਤ ਸਕੈਨ ਬਾਅਦ ਪਤਾ ਚੱਲਣੀ ਸੀ। ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਫੌਰੀ ਸੰਭਾਲ ਜ਼ਰੂਰੀ ਸੀ।

ਸਰਦਾਰੀ ਲਾਲ ਨੂੰ ਐਕਸਰੇ ਵਾਲੇ ਡਾਕਟਰ ਦੀ ਗ਼ੈਰ-ਹਾਜ਼ਰੀ ਦਾ ਕਾਰਨ ਪਤਾ ਲਗ ਚੁੱਕਾ ਸੀ। ਇਸ ਡਾਕਟਰ ਦੀ ਦਯਾਨੰਦ ਹਸਪਤਾਲ ਦੇ ਬਾਹਰ ਆਪਣੀ ਐਕਸਰੇ ਕਰਨ ਦੀ ਕਲੀਨਿਕ ਸੀ, ਜਿਹੜੀ ਉਸਨੇ ਆਪਣੀ ਪਤਨੀ ਦੇ ਨਾਂ ਖੋਲ੍ਹੀ ਹੋਈ ਸੀ। ਹਸਪਤਾਲ ਉਹ ਘੰਟੇ ਦੋ ਘੰਟੇ ਲਈ ਆਉਂਦਾ ਸੀ। ਬਾਰਾਂ ਇੱਕ ਵਜੇ ਦੇ ਕਰੀਬ ਜਦੋਂ ਸਾਰੇ ਮਰੀਜ਼ ਇਕੱਠੇ ਹੋ ਜਾਂਦੇ ਸਨ ਉਹ ਇੱਕ ਦੋ ਐਕਸਰੇ ਕਰਦਾ ਸੀ ਜਿਸ ਵਿੱਚ ਫ਼ੀਸ ਮਿਲਦੀ ਸੀ। ਬਾਕੀਆਂ ਲਈ ਇਕੋ ਬਹਾਨਾ ਸੀ, ਫਿਲਮਾਂ ਖ਼ਤਮ ਹਨ। ਰੋਂਦੇ ਕੁਰਲਾਂਦੇ ਮਰੀਜ਼ ਵਾਪਸ ਚਲੇ ਜਾਂਦੇ ਸਨ।

ਅੱਜ ਉਹ ਅਦਾਲਤ ਵਿੱਚ ਸ਼ਹਾਦਤ ਦੇਣ ਗਿਆ ਹੋਇਆ ਸੀ। ਪਤਾ ਨਹੀਂ ਕਦੋਂ ਸ਼ਹਾਦਤ ਹੋਵੇ ਅਤੇ ਕਦੋਂ ਉਹ ਮੁੜੇ। ਕਦੇ-ਕਦੇ ਸ਼ਹਾਦਤ ਸ਼ਾਮ ਦੇ ਚਾਰ ਵਜੇ ਤਕ ਨਹੀਂ ਸੀ ਹੁੰਦੀ। ਅਜਿਹੀ ਸੂਰਤ ਵਿੱਚ ਫਰਮਾਸਿਸਟਾਂ ਨੂੰ ਮਰੀਜ਼ਾਂ ਕੋਲੋਂ ਮੁਆਫ਼ੀ ਮੰਗਣੀ ਪੈਂਦੀ ਸੀ।

ਰਾਮ ਨਾਥ ਨੂੰ ਡਾਕਟਰ ਦੇ ਇਸ ਬਹਾਨੇ ਤੇ ਗੁੱਸਾ ਆਇਆ। ਉਹ ਕੋਰਾ ਝੂਠ ਬੋਲ ਰਿਹਾ ਸੀ। ਡਾਕਟਰ ਗਿਆਰਾਂ ਸਾਢੇ ਗਿਆਰਾਂ ਵਜੇ ਅਦਾਲਤ ਆਉਂਦੇ ਹਨ। ਜੱਜ ਉਨ੍ਹਾਂ ਨੂੰ ਪਹਿਲ ਦਿੰਦੇ ਸਨ। ਸਾਰੇ ਕੰਮ ਰੋਕ ਕੇ ਉਨ੍ਹਾਂ ਦੀ ਗਵਾਹੀ ਹੁੰਦੀ ਹੈ। ਮਕਸਦ ਇਹੋ ਹੈ। ਮਰੀਜ਼ ਰੁਲਦੇ ਨਾ ਰਹਿਣ। ਇਹ ਸ਼ਹਾਦਤ ਦੇ ਬਹਾਨੇ ਆਪਣੀ ਕਲੀਨਿਕ ਚਲਾ ਰਿਹਾ ਸੀ।

“ਹੁਣ ਕੀ ਕਰੀਏ? ਡਾਕਟਰ ਨੂੰ ਉਡੀਕੀਏ ਜਾਂ ਕਿਧਰੇ ਹੋਰ ਚੱਲੀਏ? ਕਾਨੂੰਨੀ ਨਜ਼ਰੀਏ ਤੋਂ ਕੀ ਕਰਨਾ ਚਾਹੀਦਾ ਹੈ?”

ਸਰਦਾਰੀ ਲਾਲ ਨੇ ਸਾਰੀ ਜ਼ਿੰਮੇਵਾਰੀ ਰਾਮ ਨਾਥ ਦੇ ਮੋਢਿਆਂ ਉੱਪਰ ਸੁੱਟ ਦਿੱਤੀ।

“ਤੁਸੀਂ ਮੈਨੂੰ ਦੱਸੋ ਕੀ ਸਮੱਸਿਆ ਹੈ? ਆਖੋ ਤਾਂ ਡਾਕਟਰ ਨੂੰ ਹੁਣੇ ਬੁਲਾ ਦਿਆਂ? ਮੇਰੇ ਕੋਲ ਉਸਦੇ ਮੋਬਾਇਲ ਫ਼ੋਨ ਦਾ ਨੰਬਰ ਹੈ।”

ਮਰੀਜ਼ ਦੇ ਵਾਰਿਸਾਂ ਨੂੰ ਸ਼ਸ਼ੋਪੰਜ ਵਿੱਚ ਪਿਆ ਦੇਖਕੇ ਠੇਕੇਦਾਰ ਨੇ ਆਪਣਾ ਉੱਲੂ ਸਿੱਧਾ ਕਰਨ ਦਾ ਇਹ ਠੀਕ ਮੌਕਾ ਸਮਝਿਆ। “ਨਾਲੇ ਤੁਸੀਂ ਆਖਦੇ ਹੋ ਉਹ ਸ਼ਹਾਦਤ ਤੇ ਗਏ ਨੇ?”

“ਓ ਛੱਡੋ! ਅਦਾਲਤ ਨੂੰ ਬੇਨਤੀ ਕਰ ਦੇਣਗੇ। ਆਖ ਦੇਣਗੇ ਐਮਰਜੈਂਸੀ ਕੇਸ ਆ ਗਿਆ।”

ਜੇਬ ਵਿਚੋਂ ਮੋਬਾਇਲ ਫ਼ੋਨ ਕੱਢ ਕੇ ਠੇਕੇਦਾਰ ਉਨ੍ਹਾਂ ਦੇ ਹੁੰਗਾਰੇ ਦਾ ਇੰਤਜ਼ਾਰ ਕਰਨ ਲੱਗਾ।

“ਬੁਲਾ ਫੇਰ! ਦੇਰ ਕਿਉਂ ਕੀਤੀ ਹੈ?” ਡਾਕਟਰ ਦੇਵ ਨੇ ਠੇਕੇਦਾਰ ਦੀ ਹਾਂ ਵਿੱਚ ਹਾਂ ਭਰੀ।

“ਪਹਿਲਾਂ ਫ਼ੀਸ ਤੈਅ ਕਰੋ। ਕੁੱਝ ਅਡਵਾਂਸ ਦਿਓ। ਫੇਰ ਹੀ ਡਾਕਟਰ ਆਏਗਾ?”

ਦੱਸਦੇ ਹਾਂ ਤੈਨੂੰ, ਇੱਕ ਮਿੰਟ ਰੁਕ।” ਆਖ ਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

“ਇਥੇ ਜਿੰਨੀ ਦੇਰ ਹੋਏਗੀ ਮਰੀਜ਼ਾਂ ਦੀ ਜਾਨ ਨੂੰ ਉਨਾ ਖਤਰਾ ਵਧਦਾ ਜਾਏਗਾ। ਮੇਰੇ ਵਿਚਾਰ ਵਿੱਚ ਸਾਨੂੰ ਇਨ੍ਹਾਂ ਨੂੰ ਇਥੋਂ ਫੌਰਨ ਸ਼ਿਫ਼ਟ ਕਰ ਦੇਣਾ ਚਾਹੀਦਾ ਹੈ। ਪਰ ਕਾਨੂੰਨ ਕੀ ਕਹਿੰਦਾ ਹੈ? ਇਹ ਤੁਸੀਂ ਦੇਖੋ।” ਡਾਕਟਰ ਦੇਵ ਨੇ ਡਾਕਟਰੀ ਨਜ਼ਰੀਏ ਤੋਂ ਰਾਏ ਦਿੱਤੀ।

“ਕੇਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ। ਭੱਠ ਪਏ ਕਾਨੂੰਨ ਅਤੇ ਮੁਲਜ਼ਮ। ਸਾਨੂੰ ਮਰੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ।” ਇਹ ਕਾਨੂੰਨੀ ਰਾਏ ਸੀ।

“ਫੇਰ ਠੀਕ ਹੈ। ਛੁੱਟੀ ਕਰਾਓ ਅਤੇ ਚੱਲੋ। ਬਹੁਤਾ ਸੋਚਣ ਦਾ ਵਕਤ ਨਹੀਂ ਹੈ।” ਡਾਕਟਰ ਦੇਵ ਨੇ ਤੁਰੰਤ ਫੈਸਲਾ ਕਰ ਦਿੱਤਾ।

ਇਸੇ ਦੌਰਾਨ ਇੱਕ ਹੌਲਦਾਰ ਹੱਥੀਂ ਕੋਠੀਉਂ ਸੁਨੇਹਾ ਆ ਗਿਆ। ਪੁਲਸ ਕਪਤਾਨ ਦੋ ਵਾਰ ਕੋਠੀ ਦਾ ਚੱਕਰ ਲਾ ਚੁੱਕਾ ਸੀ। ਕਿਸੇ ਮੰਤਰੀ ਨੇ ਮੌਕਾ ਦੇਖਣ ਆਉਣਾ ਸੀ। ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪਰਚਾ ਦਰਜ ਹੋਣਾ ਜ਼ਰੂਰੀ ਸੀ।ਪੱਤਰਕਾਰ ਅਤੇ ਟੀ.ਵੀ. ਚੈਨਲਾਂ ਦੇ ਕੈਮਰਾਮੈਨ ਕਾਹਲੇ ਪਏ ਹੋਏ ਸਨ। ਉਨ੍ਹਾਂ ਆਪਣੀਆਂ ਰਿਪੋਰਟਾਂ ਫਾਈਲ ਕਰਨੀਆਂ ਸਨ। ਮੰਤਰੀ ਜੀ ਨੇ ਪ੍ਰੈਸ-ਕਾਨਫਰੰਸ ਬੁਲਾਈ ਸੀ। ਉਨ੍ਹਾਂ ਨੇ ਤੱਥਾਂ ਦੀ ਜਾਣਕਾਰੀ ਦੇ ਕੇ ਕੁੱਝ ਐਲਾਨ ਕਰਨੇ ਸਨ। ਇਹ ਸਭ ਕੁੱਝ ਪਰਚਾ ਦਰਜ ਨਾ ਹੋਣ ਕਾਰਨ ਰੁਕਿਆ ਹੋਇਆ ਸੀ। ਵਕੀਲ ਸਾਹਿਬ ਮੌਕੇ ਤੇ ਪੁੱਜਣ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਵਿੱਚ ਪੁਲਿਸ ਦੀ ਸਹਾਇਤਾ ਕਰਨ।

ਰਾਮ ਨਾਥ ਪੁਲਸ ਦੀ ਮਜਬੂਰੀ ਨੂੰ ਸਮਝ ਰਿਹਾ ਸੀ। ਪੱਤਰਕਾਰਾਂ ਜਾਂ ਮੰਤਰੀ ਦੀ ਉਸ ਨੂੰ ਪਰਵਾਹ ਨਹੀਂ ਸੀ। ਉਸ ਨੂੰ ਫਿਕਰ ਸੀ ਰੁਲ ਰਹੀ ਕਮਲ ਦੀ ਲਾਸ਼ ਦਾ। ਸਸਕਾਰ ਤੋਂ ਪਹਿਲਾਂ ਉਸਦਾ ਪੋਸਟ-ਮਾਰਟਮ ਹੋਣਾ ਸੀ, ਪੋਸਟ-ਮਾਰਟਮ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ।

ਪਰਚਾ ਦਰਜ ਤਾਂ ਹੋਣਾ ਸੀ, ਜੇ ਰਾਮ ਨਾਥ ਨੂੰ ਮੁਲਜ਼ਮਾਂ ਬਾਰੇ ਕੁੱਝ ਪਤਾ ਹੋਵੇ। ਰਾਮ ਨਾਥ ਪਰਚੇ ਵਿੱਚ ਲਿਖਾਏ ਤਾਂ ਕੀ? ਨੀਲਮ ਅਤੇ ਵੇਦ ਦੇ ਹੋਸ਼ ਵਿੱਚ ਆਉਣ ਵਿੱਚ ਕੁੱਝ ਦਿਨ ਲਗਣੇ ਸਨ। ਵਾਰਦਾਤ ਬਾਰੇ ਜਾਣਕਾਰੀ ਕੇਵਲ ਨੇਹਾ ਕੋਲੋਂ ਮਿਲ ਸਕਦੀ ਸੀ।

ਬੇਹੋਸ਼ੀ ਉਤਰਨੀ ਸ਼ੁਰੂ ਹੋ ਗਈ ਹੋਈ ਸੀ। ਘੰਟੇ ਅੱਧੇ ਘੰਟੇ ਬਾਅਦ ਉਹ ਬੋਲਣ ਦੇ ਯੋਗ ਹੋ ਸਕਦੀ ਸੀ।

“ਤੁਸੀਂ ਹਸਪਤਾਲ ਰਹੋ। ਨੇਹਾ ਦੀ ਮਲ੍ਹਮ-ਪੱਟੀ ਕਰਵਾ ਕੇ ਘਰ ਲੈ ਜਾਓ। ਪੁਲਸ ਕਾਰਵਾਈ ਮੁਕੰਮਲ ਕਰਾਓ। ਪੋਸਟ-ਮਾਰਟਮ ਅਤੇ ਸਸਕਾਰ ਦੀ ਤਿਆਰੀ ਕਰਾਓ। ਅਸੀਂ ਦੋਹਾਂ ਮਰੀਜ਼ਾਂ ਨੂੰ ਦਯਾਨੰਦ ਲੈ ਕੇ ਜਾਂਦੇ ਹਾਂ।” ਸਰਦਾਰੀ ਲਾਲ ਨੂੰ ਇਹੋ ਉਚਿਤ ਲੱਗਿਆ ਸੀ।

“ਠੀਕ ਹੈ।” ਆਖ ਕੇ ਰਾਮ ਨਾਥ ਆਪਣੇ ਪਜਾਮੇ ਦੀ ਚੋਰ ਜੇਬ ਟਟੋਲਣ ਲੱਗਾ। ਇਸ ਜੇਬ ਵਿੱਚ ਰਾਮ ਨਾਥ ਨੇ ਰੁਪਏ ਪਾਏ ਸਨ।

ਨੀਲਮ ਉਸਦੀ ਭੈਣ ਸੀ ਅਤੇ ਵੇਦ ਭਨੋਈਆ। ਸਰਦਾਰੀ ਲਾਲ ਵੀ ਉਸਦਾ ਜੀਜਾ ਲਗਦਾ ਸੀ। ਸਮਾਜਿਕ ਕਾਨੂੰਨ ਮੁਤਾਬਕ ਬੀਮਾਰੀ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰਾਮ ਨਾਥ ਦੀ ਸੀ। ਇਸੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਜੇਬ ਵਿਚੋਂ ਪੈਸੇ ਕੱਢ ਰਿਹਾ ਸੀ।

“ਜੀਜਾ ਜੀ! ਤੁਸੀਂ ਆਹ ਪੈਸੇ ਰੱਖ ਲਓ। ਦੋਹਾਂ ਦੀ ਅਡਮਿਸ਼ਨ ਕਰਵਾ ਦੇਣਾ। ਇੰਨੇ ਵਿੱਚ ਮੰਗਤ ਆ ਜਾਏਗਾ। ਘਰ ਜੋ ਸੀ, ਮੈਂ ਚੁੱਕ ਲਿਆਇਆ।”

ਜੇਬ ਵਿਚੋਂ ਦਸ ਹਜ਼ਾਰ ਕੱਢ ਕੇ ਸਰਦਾਰੀ ਲਾਲ ਨੂੰ ਫੜਾਉਂਦਾ ਰਾਮ ਨਾਥ ਗੁਨਾਹਗਾਰਾਂ ਵਾਂਗ ਘੱਟ ਪੈਸਿਆਂ ਦੀ ਸਫ਼ਾਈ ਦੇਣ ਲੱਗਾ।

“ਮੈਂ ਬਥੇਰੇ ਪੈਸੇ ਲੈ ਕੇ ਆਇਆ ਹਾਂ। ਫਾਰਮੈਲਟੀ ਵਿੱਚ ਨਾ ਪੈ। ਮੌਕਾ ਸੰਭਾਲ। ਬਾਅਦ ਵਿੱਚ ਦੇਖ ਲਵਾਂਗੇ।”

ਸਰਦਾਰੀ ਲਾਲ ਨੇ ਨੋਟਾਂ ਨਾਲ ਭਰਿਆ ਬੈਗ ਰਾਮ ਨਾਥ ਨੂੰ ਦਿਖਾਇਆ ਅਤੇ ਉਸਦੇ ਪੈਸੇ ਉਸ ਨੂੰ ਮੋੜ ਦਿੱਤੇ।

ਜਨਾਨਾ ਵਾਰਡ ਤਕ ਉਹ ਇਕੱਠੇ ਆਏ। ਉਥੋਂ ਸਰਦਾਰੀ ਲਾਲ ਅਤੇ ਡਾਕਟਰ ਐਮਰਜੈਂਸੀ ਵਾਰਡ ਨੂੰ ਮੁੜ ਗਏ। ਰਾਮ ਨਾਥ ਜਨਾਨਾ ਵਾਰਡ ਵੱਲ ਹੋ ਗਿਆ।

 

ਚਲਦਾ............................

 

ਨਾਵਲ ਦੇ ਪਿਛਲੇ ਕਾਂਡ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਲਿੱਕ ਕਰੋ-

ਨਾਵਲ ਕੌਰਵ ਸਭਾ : ਕਾਂਡ- 2

ਨਾਵਲ ਕੌਰਵ ਸਭਾ : ਕਾਂਡ- 1


author

rajwinder kaur

Content Editor

Related News