ਨਾਵਲ ਕੌਰਵ ਸਭਾ : ਕਾਂਡ- 22

12/06/2020 10:22:53 AM

ਸਿੰਗਲੇ ਵਕੀਲ ਦੀਆਂ ਬਾਕੀ ਸਭ ਗੱਲਾਂ ਠੀਕ ਸਨ ਪਰ ਮੇਲੂ ਦੋਧੀ ਵਾਲੀ ਗੱਲ ਉਸ ਨੂੰ ਜਚੀ ਨਹੀਂ ਸੀ। ਨੀਰਜ ਹੋਰੀਂ ਮਾਇਆ ਨਗਰ ਦੇ ਗਿਣਵੇਂ ਸਨਅਤਕਾਰਾਂ ਵਿਚੋਂ ਇੱਕ ਸਨ। ਉਹ ਅੱਠ ਦਸ ਕਰੋੜ ਦੀ ਜਾਇਦਾਦ ਦੇ ਮਾਲਕ ਸਨ। ਸ਼ਹਿਰ ਵਿੱਚ ਉਨ੍ਹਾਂ ਦਾ ਹਰ ਤਰ੍ਹਾਂ ਦਾ ਰਸੂਖ ਸੀ। ਸਿਆਸੀ ਬੰਦੇ ਸਵੇਰੇ ਸ਼ਾਮ ਉਨ੍ਹਾਂ ਦੇ ਦਫ਼ਤਰ ਗੇੜਾ ਮਾਰਦੇ ਸਨ। ਹਰ ਇਲੈਕਸ਼ਨ ਵਿੱਚ ਹਰ ਸਿਆਸੀ ਪਾਰਟੀ ਉਨ੍ਹਾਂ ਤੋਂ ਚੰਦਾ ਲੈ ਕੇ ਜਾਂਦੀ ਸੀ। ਮਾਇਆ ਨਗਰ ਦੇ ਸਾਰੇ ਅਤੇ ਚੰਡੀਗੜ੍ਹ ਬੈਠੇ ਅੱਧੇ ਉੱਚ-ਅਧਿਕਾਰੀ ਉਨ੍ਹਾਂ ਦੇ ਵਾਕਿਫ਼ ਸਨ। 

ਮੋਹਨ ਲਾਲ ਦਾ ਇਹੋ ਵਾਧਾ ਸੀ, ਜਿਸ ਅਫ਼ਸਰ ਨਾਲ ਉਸ ਦੀ ਮੁਲਾਕਾਤ ਹੋ ਗਈ, ਉਸ ਅਫ਼ਸਰ ਦੇ ਜਿੰਨਾ ਚਿਰ ਉਸਦਾ ਘਰ ਆਉਣ-ਜਾਣ ਨਹੀਂ ਸੀ ਬਣਦਾ, ਉਸਨੂੰ ਚੈਨ ਨਹੀਂ ਸੀ ਆਉਂਦੀ। ਅਫ਼ਸਰਾਂ ਦੀਆਂ ਵਿਆਹ-ਸ਼ਾਦੀਆਂ ਵਿੱਚ ਉਹ ਖੁੱਲ੍ਹ ਕੇ ਖ਼ਰਚ ਕਰਦਾ ਸੀ। ਆਈ.ਏ.ਐੱਸ.ਅਫ਼ਸਰਾਂ ਦੇ ਵਿਆਹਾਂ ਵਿੱਚ ਉਹ ਇੱਕ ਲੱਖ ਰੁਪਏ ਦਾ ਸ਼ਗਨ ਦਿੰਦਾ ਸੀ। ਪੀ.ਸੀ.ਐੱਸ.ਅਫ਼ਸਰਾਂ ਨੂੰ ਪੰਜਾਹ ਹਜ਼ਾਰ ਦਾ। ਸਰਦੀਆਂ ਵਿੱਚ ਦੋ ਕੋਟੀਆਂ ‘ਮੋਨਟੀ ਕਾਰਲੋ’ ਦੀਆਂ ਸਾਹਿਬ ਲਈ ਅਤੇ ਇੱਕ ਪਸ਼ਮੀਨੇ ਦਾ ਸ਼ਾਲ ਮੈਡਮ ਲਈ ਲੈ ਕੇ ਉਹ ਖ਼ੁਦ ਚੰਡੀਗੜ੍ਹ ਜਾਂਦਾ ਸੀ।

ਮਾਇਆ ਨਗਰ ਦੀ ਹੌਜ਼ਰੀ ਦਾ ਸਮਾਨ ਦੁਨੀਆਂ ਭਰ ਵਿੱਚ ਬਰਾਮਦ ਹੁੰਦਾ ਸੀ। ਕਿਸੇ ਅਫ਼ਸਰ ਨੇ ਬਹੁਤੀ ਖ਼ਰੀਦੋ-ਫ਼ਰੋਖਤ ਕਰਨੀ ਹੋਵੇ, ਉਹ ਉਸ ਨੂੰ ਮਾਇਆ ਨਗਰ ਆਉਣ ਦਾ ਸੱਦਾ ਦਿੰਦਾ ਸੀ। ਅਫ਼ਸਰ ਅਤੇ ਉਨ੍ਹਾਂ ਦੇ ਪਰਿਵਾਰ ਕਈ-ਕਈ ਦਿਨ ਮਾਇਆ ਨਗਰ ਉਨ੍ਹਾਂ ਦੇ ਘਰ ਰਹਿੰਦੇ ਸਨ। ਮੌਜ ਮਸਤੀ ਹੁੰਦੀ ਸੀ। ਕਈ ਅਫ਼ਸਰਾਂ ਦੇ ਬੱਚੇ ਨੀਰਜ ਹੋਰਾਂ ਨਾਲ ਇਕੱਠੇ ਖੇਡਦੇ ਰਹੇ ਸਨ। ਬੱਚਿਆਂ ਦੇ ਸਬੰਧ ਮਾਪਿਆਂ ਨਾਲੋਂ ਵੀ ਗੂੜ੍ਹੇ ਸਨ।

ਮੇਲੂ ਰਾਮ ਦੀ ਥਾਂ ਉਹ ਕਿਸੇ ਸਿਆਸੀ ਨੇਤਾ ਜਾਂ ਵੱਡੇ ਅਫ਼ਸਰ ਤੋਂ ਫ਼ੋਨ ਕਰਾਉਣਗੇ। ਪਿਛੋਂ ਕੋਠੀ ਜਾ ਕੇ ਫ਼ੀਸ ਦੇ ਆਉਣਗੇ। ਪਹਿਲਾਂ ਵੀ ਉਹ ਆਪਣੇ ਕੰਮ ਇਸੇ ਤਰ੍ਹਾਂ ਕਰਾਉਂਦੇ ਸਨ।

ਐੱਮ.ਪੀ.ਸਾਹਿਬ ਪਰਸੋਂ ਦਿੱਲੀ ਗਏ ਸਨ। ਸ਼ਾਇਦ ਵਾਪਸ ਆ ਗਏ ਹੋਣ। ਸ਼ਾਇਦ ਉਨ੍ਹਾਂ ਦੀ ਕਪਤਾਨ ਨਾਲ ਗੱਲ ਹੋ ਗਈ ਹੋਵੇ। ਹੋ ਸਕਦਾ ਹੈ ਉਨ੍ਹਾਂ ਨੇ ਦਿੱਲੀਓਂ ਗ੍ਰਹਿ ਮੰਤਰੀ ਤੋਂ ਫ਼ੋਨ ਕਰਵਾ ਦਿੱਤਾ ਹੋਵੇ। ਉਹ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਕੇ ਗਏ ਸਨ। ਵਾਅਦੇ ਦੇ ਉਹ ਪੱਕੇ ਸਨ। ਲੋਕਾਂ ਨਾਲ ਉਹ ਲੱਖ ਝੂਠੇ ਵਾਅਦੇ ਕਰਦੇ ਹੋਣ। ਉਨ੍ਹਾਂ ਨਾਲ ਉਹ ਹਮੇਸ਼ਾ ਤੋੜ ਨਿਭਾਉਂਦੇ ਸਨ।

ਦੋ ਕੁ ਸਾਲ ਤੋਂ ਉਨ੍ਹਾਂ ਦੇ ਸਬੰਧ ਘਰੇਲੂ ਬਣ ਗਏ ਸਨ। ਉਨ੍ਹਾਂ ਦੀ ਵਿਉਪਾਰਕ ਸਾਂਝ ਪੀਡੀ ਹੋ ਗਈ ਸੀ। ਮੋਹਨ ਲਾਲ ਨੇ ਪਹਿਲਾਂ ਪਟਰੋਲ ਪੰਪ ਲੱਗਾ ਲਿਆ ਸੀ। ਉਸਦਾ ਉਸਨੂੰ ਉੱਚਾ ਮੁੱਲ ਦੇਣਾ ਪਿਆ ਸੀ। ਸਾਲ ਪੰਪ ਚਲਾ ਕੇ ਮੋਹਨ ਲਾਲ ਨੂੰ ਇਸ ਧੰਦੇ ਦੀਆਂ ਬਾਰੀਕੀਆਂ ਅਤੇ ਹੁੰਦੇ ਮੋਟੇ ਮੁਨਾਫ਼ਿਆਂ ਦੀ ਸਮਝ ਆ ਗਈ ਸੀ। ਜੇ ਪੰਪ ਸਿੱਧਾ ਪਟਰੋਲ-ਮੰਤਰੀ ਕੋਲੋਂ ਅਤੇ ਜ਼ਮੀਨ ਪੰਜਾਬ ਸਰਕਾਰ ਕੋਲੋਂ ਅਲਾਟ ਹੋ ਜਾਵੇ ਤਾਂ ਪੰਪ ਸੋਨਾ ਉਗਲਣ ਲੱਗ ਸਕਦਾ ਸੀ।

ਬਾਬੂ ਜੀ ਪਹਿਲੀ ਵਾਰ ਐੱਮ.ਪੀ.ਬਣੇ ਸਨ। ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਪਹਿਲੀ ਵਾਰ ਬਣੀ ਸੀ। ਇਸ ਲਈ ਬਾਬੂ ਜੀ ਨੂੰ ਨਾ ਆਪਣੀਆਂ ਸ਼ਕਤੀਆਂ ਦਾ ਬਹੁਤਾ ਗਿਆਨ ਸੀ, ਨਾ ਉਨ੍ਹਾਂ ਨੂੰ ਕੰਮ ਲੈਣ ਦੀ ਜਾਂਚ ਸੀ।

ਮੋਹਨ ਲਾਲ ਨੇ ਪਹਿਲਾਂ ਐੱਮ.ਪੀ.ਨੂੰ ਮਿਲਦੇ ਕੋਟਿਆਂ ਦਾ ਖ਼ੁਦ ਅਧਿਐਨ ਕੀਤਾ। ਫੇਰ ਉਨ੍ਹਾਂ ਬਾਰੇ ਬਾਬੂ ਜੀ ਨੂੰ ਰੋਸ਼ਨੀ ਪਾਈ। ਜਦੋਂ ਬਾਬੂ ਜੀ ਨੂੰ ਸਮਝ ਆਈ ਕਿ ਉਨ੍ਹਾਂ ਕੋਲ ਹਨੂੰਮਾਨ ਵਾਂਗ ਛਾਲ ਮਾਰ ਕੇ ਮਹਾਂ ਸਮੁੰਦਰ ਪਾਰ ਕਰਨ ਦੀ ਤਾਕਤ ਹੈ ਤਾਂ ਉਨ੍ਹਾਂ ਨੇ ਆਪਣੀ ਸਾਰੀ ਤਾਕਤ ਮੋਹਨ ਲਾਲ ਵੱਲ ਝੋਕ ਦਿੱਤੀ। ਬਾਬੂ ਜੀ ਦੇ ਦੋ ਵਾਰ ਫ਼ੋਨ ਕਰਨ ਨਾਲ ਜੇ ਦੋਹਾਂ ਪਰਿਵਾਰਾਂ ਦੀਆਂ ਪੀੜ੍ਹੀਆਂ ਦੀਆਂ ਰੋਟੀਆਂ ਦਾ ਇੰਤਜ਼ਾਮ ਹੁੰਦਾ ਹੈ ਤਾਂ ਇਸ ਵਿੱਚ ਬਾਬੂ ਜੀ ਨੂੰ ਕੀ ਇਤਰਾਜ਼ ਹੋ ਸਕਦਾ ਸੀ।

ਪੈਟਰੋਲ ਪੰਪ ਦੇ ਇੱਕ ਸਾਲ ਦਾ ਹਿਸਾਬ ਕਿਤਾਬ ਜਦੋਂ ਮੋਹਨ ਲਾਲ ਨੇ ਬਾਬੂ ਜੀ ਨੂੰ ਦਿਖਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਝੱਟ ਪੈਟਰੋਲੀਅਮ ਮੰਤਰੀ ਨਾਲ ਗੱਲ ਕੀਤੀ। ਜਿੰਨਾ ਚਿਰ ਨਵਾਂ ਪਟਰੋਲ ਪੰਪ ਮਨਜ਼ੂਰ ਨਹੀਂ ਹੋ ਗਿਆ, ਉਹ ਟਿਕ ਕੇ ਨਹੀਂ ਬੈਠੇ। ਪਟਰੋਲ ਪੰਪ ਤਾਂ ਅਲਾਟ ਹੋ ਗਿਆ ਪਰ ਇਹ ਲਾਇਆ ਕਿਥੇ ਜਾਵੇ?

ਪਹਿਲੇ ਦਿਨ ਤੋਂ ਮੋਹਨ ਲਾਲ ਦੀ ਨਜ਼ਰ ਸ਼ਹਿਰ ਦੀ ਹਿੱਕ ਉਪਰ ਖਾਲੀ ਪਏ ਇੱਕ ਸਰਕਾਰੀ ਪਲਾਟ ਉਪਰ ਟਿਕੀ ਹੋਈ ਸੀ। ਜੇ ਪੰਪ ਇਥੇ ਲਗ ਜਾਵੇ ਤਾਂ ਵਿਕਰੀ ਦਸ ਗੁਣਾ ਵੱਧ ਹੋਣੀ ਸੀ। ਇਹ ਪਲਾਟ ਮਿਲਣਾ ਵੀ ਮਿੱਟੀ ਦੇ ਮੁੱਲ ਸੀ। ਬਜ਼ਾਰ ਦੇ ਭਾਅ ਪਲਾਟ ਖ਼ਰੀਦ ਕੇ ਪੰਪ ਲਾਇਆ ਤਾਂ ਪੰਪ ਦੀ ਆਮਦਨ ਨਾਲ ਰਕਮ ਦਾ ਵਿਆਜ ਵੀ ਪੂਰਾ ਨਹੀਂ ਸੀ ਹੋਣਾ।

ਅਫ਼ਸਰਾਂ ਨੂੰ ਦਾਣੇ ਪਾ ਕੇ ਮੋਹਨ ਲਾਲ ਨੇ ਇਸ ਪਲਾਟ ਦੀ ਅਲਾਟਮੈਂਟ ਦਾ ਜੁਗਾੜ ਸ਼ੁਰੂ ਕੀਤਾ, ਜੋ ਜਿਸ ਤਰ੍ਹਾਂ ਧਿਜਿਆ, ਉਸਨੂੰ ਉਸੇ ਤਰ੍ਹਾਂ ਧਿਜਾਇਆ। ਪੈਸੇ ਵਾਲੇ ਨੂੰ ਪੈਸਾ, ਸ਼ਬਾਬ ਵਾਲੇ ਨੂੰ ਸ਼ਰਾਬ। ਦੋ ਕਰੋੜ ਦਾ ਪਲਾਟ ਉਸਨੇ ਦਸ ਲੱਖ ਵਿੱਚ ਨੱਬੇ ਸਾਲਾ ਪੱਟੇ ਤੇ ਲਿਖਵਾ ਲਿਆ।

ਉਸ ਪਲਾਟ ਦੇ ਆਲੇ-ਦੁਆਲੇ ਸਰਕਾਰੀ ਕੁਆਟਰ ਸਨ। ਪਟਰੋਲ ਪੰਪ ਲੱਗਣ ਨਾਲ ਉਨ੍ਹਾਂ ਦੇ ਘਰਾਂ ਵਿੱਚ ਪ੍ਰਦੂਸ਼ਣ ਫੈਲਣਾ ਸੀ। ਡਰਾਈਵਰਾਂ ਨੇ ਗੁੰਡਾਗਰਦੀ ਕਰਨੀ ਸੀ। ਕਾਰਾਂ, ਬੱਸਾਂ ਅਤੇ ਟਰੱਕਾਂ ਦੀ ਭੀੜ ਕਾਰਨ ਜਾਮ ਲਗੇ ਰਹਿਣੇ ਸਨ। ਧੂੜ ਨਾਲ ਉਨ੍ਹਾਂ ਦੇ ਕੁਆਟਰਾਂ ਦਾ ਰੰਗ ਰੋਗਣ ਮੱਧਮ ਪੈ ਜਾਣਾ ਸੀ। ਪਰਦੇ, ਸ਼ੀਸ਼ੇ ਅਤੇ ਫਰਨੀਚਰ ਨੇ ਬੇਕਾਰ ਹੋ ਜਾਣਾ ਸੀ। ਕੁਆਟਰਾਂ ਵਾਲਿਆਂ ਨੇ ਇਸ ਅਲਾਟਮੈਂਟ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕੁਆਟਰਾਂ ਵਿੱਚ ਰਹਿੰਦੇ ਬਾਬੂਆਂ ਨੇ ਹੋਏ ਇਕਰਾਰਨਾਮਿਆਂ ਦੀਆਂ ਨਕਲਾਂ ਮਿਸਲਾਂ ਵਿਚੋਂ ਕੱਢਵਾ ਲਈਆਂ। ਉਨ੍ਹਾਂ ਨੇ ਪਟਰੋਲ ਪੰਪ ਦੇ ਮਾਲਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਦੇ ਸਬੂਤ ਪ੍ਰੈਸ ਦੇ ਹਵਾਲੇ ਕਰ ਦਿੱਤੇ। ਪ੍ਰੈਸ ਨੇ ਲੂਣ ਮਿਰਚ ਲਾ ਕੇ ਇਸ ਨੂੰ ਸਕੈਂਡਲ ਬਣਾ ਦਿੱਤਾ। ਵਿਰੋਧੀ ਸਿਆਸੀ ਧਿਰ ਨੇ ਕੁਆਟਰਾਂ ਵਾਲਿਆਂ ਦੀ ਪਿੱਠ ’ਤੇ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਮੰਤਰੀ ਨੇ ਪਟਰੋਲ ਪੰਪ ਵਾਲੀ ਜਗ੍ਹਾ ’ਤੇ ਧਰਨਾ ਮਾਰ ਦਿੱਤਾ। ‘ਪਟਰੋਲ ਪੰਪ ਉਸਦੀ ਲਾਸ਼ ਤੇ ਬਣੇਗਾ’ ਇਹ ਐਲਾਨ ਕਰ ਦਿੱਤਾ।

ਅਫ਼ਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਆਪਣਾ-ਆਪਣਾ ਬਚਾਅ ਸੋਚਣ ਲਗੇ। ਅਲਾਟਮੈਂਟ ਕੈਂਸਲ ਕਰਨ ਦੀ ਯੋਜਨਾ ਬਣਨ ਲੱਗੀ।

ਮਸਲਾ ਠੰਡਾ ਕਰਨ ਲਈ ਮੋਹਨ ਲਾਲ ਨੇ ਹਾਈ ਕੋਰਟ ਦਾ ਸਹਾਰਾ ਲਿਆ। ਅਦਾਲਤ ਨੇ ‘ਜੈਸੇ ਥੇ’ ਦਾ ਹੁਕਮ ਜਾਰੀ ਕਰ ਦਿੱਤਾ। ਇਹ ਹੁਕਮ ਮੋਹਨ ਲਾਲ ਦੀ ਮਰਜ਼ੀ ਅਨੁਸਾਰ ਹੋਇਆ ਸੀ। ਸਰਕਾਰ ਦੇ ਹੱਥ ਬੱਝ ਗਏ। ਅਲਾਟਮੈਂਟ ਕੈਂਸਲ ਹੋਣੋਂ ਬਚ ਗਈ। ਪੰਪ ਚੱਲਣੋਂ ਹੱਟ ਗਿਆ। ਇਸ ਨਾਲ ਲੋਕਾਂ ਦੀ ਤਸੱਲੀ ਹੋ ਗਈ। ਸਾਲ ਵਿੱਚ ਮੋਹਨ ਲਾਲ ਨੇ ਸਭ ਧਿਰਾਂ ਨੂੰ ਠੰਡਾ ਕਰ ਲਿਆ। ਸਾਬਕਾ ਮੰਤਰੀ ਨਾਲ ਸਮਝੌਤਾ ਹੋਇਆ।

ਮੁਹੱਲੇ ਵਾਲਿਆਂ ਨਾਲ ਵਾਅਦਾ ਕੀਤਾ। ਪੰਪ ਕਾਰਾਂ ਟਰੱਕਾਂ ਵਾਲਿਆਂ ਲਈ ਨਹੀਂ ਸੀ ਲਗ ਰਿਹਾ। ਕੇਵਲ ਸਕੂਟਰਾਂ ਵਿੱਚ ਪਟਰੋਲ ਪੈਣਾ ਸੀ। ਕੋਈ ਗੁੰਡਾਗਰਦੀ ਨਹੀਂ ਹੋ ਸਕਦੀ।

ਵਾਧੂ ਬਚਦੀ ਥਾਂ ਵਿੱਚ ਮੋਹਨ ਨੇ ਇੱਕ ਸ਼ਾਪਿੰਗ ਕੰਪਲੈਕਸ ਖੋਲ੍ਹਣਾ ਸੀ। ਮੁਹੱਲੇ ਵਾਲਿਆਂ ਨੂੰ ਸਸਤਾ ਅਤੇ ਤਾਜ਼ਾ ਸਮਾਨ ਮਿਲਣਾ ਸੀ। ਉਲਟਾ ਕਾਲੋਨੀ ਵਾਲਿਆਂ ਨੂੰ ਸੌਖ ਹੋਣੀ ਸੀ। ਚੁੱਪਕੇ ਜਿਹੇ ਰਿੱਟ ਦਾ ਫ਼ੈਸਲਾ ਕਰਵਾ ਲਿਆ। ਰਾਤੋ-ਰਾਤ ਪੰਪ ਚਾਲੂ ਕਰ ਲਿਆ।

ਪਹਿਲਾਂ ਪੰਪ ਦੋ-ਪਹੀਆ ਵਾਹਨਾਂ ਲਈ ਚੱਲਿਆ। ਇੰਝ ਹਾਈ ਕੋਰਟ ਦੇ ਹੁਕਮ ਅਨੁਸਾਰ ਹੋਇਆ। ਛੇ ਮਹੀਨੇ ਬਾਅਦ ਕਾਰਾਂ ਵਿੱਚ ਪਟਰੋਲ ਪੈਣ ਲੱਗਾ। ਫੇਰ ਡੀਜ਼ਲ ਆ ਗਿਆ। ਬੱਸਾਂ ਅਤੇ ਟਰੱਕ ਆਉਣ ਲਗੇ। ਨਾਲ ਦੀ ਜਗ੍ਹਾ ਵਿੱਚ ਵਰਕਸ਼ਾਪ ਬਣ ਗਈ। ਦੁਕਾਨਾਂ ਖੁਲ੍ਹ ਗਈਆਂ। ਲੋਕਾਂ ਨੂੰ ਜਿਥੇ ਤਕਲੀਫ਼ ਸੀ, ਉੱਥੇ ਅਰਾਮ ਵੀ ਸੀ। ਗੱਲ ਆਈ ਗਈ ਹੋ ਗਈ।

ਪੰਪ ਦੀ ਕਾਮਯਾਬੀ ਬਾਅਦ ਚੁੱਪ-ਚਾਪ ਬਾਬੂ ਜੀ ਨੇ ਮਾਇਆ ਨਗਰ ਲਈ ਤਿੰਨ ਗੈਸ ਏਜੰਸੀਆਂ ਮਨਜ਼ੂਰ ਕਰਵਾ ਲਈਆਂ। ਬਾਕੀ ਦੀਆਂ ਦੋ ਏਜੰਸੀਆਂ ਮੰਤਰਾਲੇ ਅਤੇ ਅਫ਼ਸਰਾਂ ਨੇ ਕਿਸ ਖੂਹ-ਖਾਤੇ ਸੁੱਟੀਆਂ, ਇਸ ਨਾਲ ਬਾਬੂ ਜੀ ਨੂੰ ਕੋਈ ਵਾਸਤਾ ਨਹੀਂ ਸੀ। ਜਿਹੜੀ ਏਜੰਸੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਸੀ, ਉਹ ਅਸਲ ਵਿੱਚ ਬਾਬੂ ਜੀ ਲਈ ਰਾਖਵੀਂ ਸੀ। ਜਿਸ ਬੰਦੇ ਦੇ ਨਾਂ ਤੇ ਉਨ੍ਹਾਂ ਉਂਗਲ ਰੱਖੀ, ਉਹ ਉਸੇ ਨੂੰ ਅਲਾਟ ਹੋ ਗਈ।

ਇਨ੍ਹਾਂ ਦੋ ਕੰਮਾਂ ਨਾਲ ਬਾਬੂ ਜੀ ਦਾ ਭਵਿੱਖ ਸੁਰੱਖਿਅਤ ਹੋ ਗਿਆ। ਇਸ ਆਰਥਿਕ ਸੁਰੱਖਿਆ ਕਾਰਨ ਬਾਬੂ ਜੀ ਮੋਹਨ ਲਾਲ ਦੇ ਰਿਣੀ ਸਨ। ਹੁਣ ਪੰਕਜ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਸੀ।

ਸੰਸਾਰੀਕਰਨ ਦੇ ਇਸ ਦੌਰ ਵਿੱਚ ਬਹੁਤ ਸਾਰੀਆਂ ਬਹੁ-ਦੇਸ਼ੀ ਕੰਪਨੀਆਂ ਭਾਰਤ ਵਿੱਚ ਪੈਰ ਜਮਾਉਣ ਦੇ ਯਤਨ ਕਰ ਰਹੀਆਂ ਸਨ। ਕੇਂਦਰੀ ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਤ ਕਰ ਰਹੀ ਸੀ। ਸਨਅਤ ਮੰਤਰੀ ਵਫ਼ਦ ਲੈ ਲੈ ਬਾਹਰਲੇ ਦੇਸ਼ਾਂ ਨੂੰ ਤੁਰੇ ਰਹਿੰਦੇ ਸਨ। ਕੁੱਝ ਦੇਸ਼ਾਂ ਦਾ ਚੱਕਰ ਬਾਬੂ ਜੀ ਵੀ ਉਨ੍ਹਾਂ ਨਾਲ ਲਾ ਆਏ ਸਨ। ਅੰਦਰਖਾਤੇ ਬਾਬੂ ਜੀ ਦੀ ਜਪਾਨ ਦੀ ਇੱਕ ਕੰਪਨੀ ਨਾਲ ਗੱਲ ਚੱਲ ਰਹੀ ਸੀ। ਕੰਪਨੀ ਨੂੰ ਜੇ ਖੁਲ੍ਹੀਆਂ ਰਿਆਇਤਾਂ ਮਿਲ ਜਾਣ ਤਾਂ ਕੰਪਨੀ ਮੋਟਰ-ਸਾਈਕਲਾਂ ਦਾ ਭਾਰੀ ਉਦਯੋਗ ਇਧਰ ਲਾਉਣ ਲਈ ਸੋਚ ਸਕਦੀ ਸੀ। ਬਾਬੂ ਜੀ ਦੀਆਂ ਸੇਵਾਵਾਂ ਦੇ ਇਵਜ ਵਿੱਚ ਕੰਪਨੀ ਦੇ ਕੁੱਝ ਹਿੱਸੇ ਉਨ੍ਹਾਂ ਨੂੰ ਦਿੱਤੇ ਜਾ ਸਕਦੇ ਸਨ। ਬਾਬੂ ਜੀ ਆਪ ਹਿੱਸੇਦਾਰ ਨਹੀਂ ਸਨ ਬਣ ਸਕਦੇ। ਨਾ ਉਨ੍ਹਾਂ ਕੋਲ ਇੰਨੀ ਪੂੰਜੀ ਸੀ। ਆਪਣੀ ਥਾਂ ਉਨ੍ਹਾਂ ਨੇ ਪੰਕਜ ਦਾ ਨਾਂ ਸੁਝਾਇਆ ਸੀ। ਗੱਲ ਸਿਰੇ ਚੜ੍ਹਨ ਵਾਲੀ ਸੀ। ਇਸ ਲਈ ਬਾਬੂ ਜੀ ਦੀ ਇੱਕ ਟੰਗ ਦਿੱਲੀ ਹੁੰਦੀ ਸੀ ਅਤੇ ਇੱਕ ਮਾਇਆ ਨਗਰ।

ਜਰਮਨੀ ਤੋਂ ਇੱਕ ਪੇਸ਼ਕਸ਼ ਇੱਕ ਵਿਦੇਸ਼ੀ ਮਿੱਤਰ ਰਾਹੀਂ ਪੰਕਜ ਕੋਲ ਆਈ ਸੀ। ਭਾਰਤੀ ਫੌਜ ਆਪਣੀਆਂ ਤੋਪਾਂ ਦੇ ਬਹੁਤ ਸਾਰੇ ਕਲਪੁਰਜ਼ੇ ਅਮਰੀਕਾ ਕੋਲੋਂ ਖਰੀਦਦੀ ਸੀ। ਜਰਮਨੀ ਦੀ ਇਹ ਕੰਪਨੀ ਉਹੋ ਕਲਪੁਰਜ਼ੇ ਭਾਰਤ ਵਿੱਚ ਬਨਾਉਣ ਦੀ ਸਮਰੱਥਾ ਰੱਖਦੀ ਸੀ। ਭਾਰਤ ਦੇ ਸੁਰੱਖਿਆ ਮੰਤਰਾਲੇ ਵਿੱਚ ਜੇ ਪਹੁੰਚ ਹੋ ਜਾਵੇ ਤਾਂ ਕੰਪਨੀ ਪੰਕਜ ਨਾਲ ਹਿੱਸੇਦਾਰੀ ਰੱਖ ਕੇ ਕੰਮ ਸ਼ੁਰੂ ਕਰ ਸਕਦੀ ਸੀ। ਬਾਬੂ ਜੀ ਇਸ ਪ੍ਰਾਜੈਕਟ ਦੇ ਸਿਰੇ ਚੜ੍ਹ ਜਾਣ ਲਈ ਵੀ ਯਤਨਸ਼ੀਲ ਸਨ। ਇਥੋਂ ਵੀ ਸੋਨੇ ਦੀ ਖਾਣ ਲੱਭ ਸਕਦੀ ਸੀ।

ਅਜਿਹੇ ਗੂੜ੍ਹੇ ਸੰਬੰਧਾਂ ਦੇ ਹੁੰਦਿਆਂ ਭੀੜ ਪੈਣ ’ਤੇ ਬਾਬੂ ਜੀ ਪੰਕਜ ਹੋਰਾਂ ਨੂੰ ਪਿੱਠ ਕਿਸ ਤਰ੍ਹਾਂ ਦਿਖਾ ਸਕਦੇ ਸਨ?

ਪੂਰੇ ਮਾਨ ਨਾਲ ਨੀਰਜ ਨੇ ਬਾਬੂ ਜੀ ਨਾਲ ਰਾਬਤਾ ਕਾਇਮ ਕੀਤਾ। ਕੋਠੀਉਂ ਪਤਾ ਲੱਗਾ ਉਹ ਦਿੱਲੀਉਂ ਵਾਪਸ ਨਹੀਂ ਆਏ। ਦਿੱਲੀਉਂ ਪਤਾ ਲੱਗਾ, ਉਹ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬੰਗਲੌਰ ਚਲੇ ਗਏ। ਮੋਬਾਇਲ ਉਥੇ ਚਲਦਾ ਨਹੀਂ ਸੀ। ਦੂਜਾ ਫ਼ੋਨ ਮਿਲਾਇਆ। ਘੰਟੀ ਜਾਂਦੀ ਸੀ ਪਰ ਕੋਈ ਚੁੱਕ ਨਹੀਂ ਸੀ ਰਿਹਾ।

ਬਾਬੂ ਜੀ ਨਹੀਂ ਹਨ ਤਾਂ ਨਾ ਸਹੀ, ਚੇਅਰਮੈਨ ਸਾਹਿਬ ਮਾਇਆ ਨਗਰ ਵਿੱਚ ਸਨ। ਉਨ੍ਹਾਂ ਦੀ ਬਾਬੂ ਜੀ ਨਾਲੋਂ ਵੱਧ ਚੱਲਦੀ ਸੀ। ਉਹ ਚੇਅਰਮੈਨ ਨਾਲ ਸੰਪਰਕ ਕਰਨ ਲੱਗੇ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਬ ਸਭਾ : ਕਾਂਡ - 21

ਨਾਵਲ ਕੌਰਭ ਸਭਾ : ਕਾਂਡ - 20

ਨਾਵਲ ਕੌਰਭ ਸਭਾ : ਕਾਂਡ -19

ਨਾਵਲ ਕੌਰਵ ਸਭਾ : ਕਾਂਡ- 18


rajwinder kaur

Content Editor

Related News