ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ.ਰੰਜੂ ਸਿੰਘ

Monday, May 24, 2021 - 03:27 PM (IST)

ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ.ਰੰਜੂ ਸਿੰਘ

ਪੰਜਾਬੀ ਵਿੱਚ ਸਾਹਿਤ ਦੇ ਸਾਰੇ ਰੂਪਾਂ ਵਿੱਚ ਵੱਡੀ ਮਾਤਰਾ ਵਿੱਚ ਲਿਖਿਆ ਜਾ ਰਿਹਾ ਹੈ। ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ। ਕਵਿਤਾ ਲਿਖਣ ਵਾਲੀਆਂ ਕਵਿਤਰੀਆਂ ਜ਼ਿਆਦਾ ਹਨ। ਕਵਿਤਾ ਮੁਢਲੇ ਤੌਰ ’ਤੇ ਭਾਵਨਾਵਾਂ ਵਿੱਚ ਵਹਿਣ ਵਾਲੇ ਇਨਸਾਨ  ਲਿਖ ਸਕਦੇ ਹਨ। ਇਸਤਰੀਆਂ ਮਰਦਾਂ ਨਾਲੋਂ ਜ਼ਿਆਦਾ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜਾਂਦੀਆਂ ਹਨ। ਇਸਤਰੀਆਂ ਇਸ ਕਰਕੇ ਕਵਿਤਾ ਦੇ ਖੇਤਰ ਵਿੱਚ ਮੋਹਰੀ ਹਨ। ਸ਼ੋਸ਼ਲ ਮੀਡੀਆ ਦੇ ਆਉਣ ਨਾਲ ਕਵੀਆਂ ਅਤੇ ਕਵਿਤਰੀਆਂ ਨੂੰ ਆਪਣੀਆਂ ਭਾਵਨਾਵਾਂ ਪਾਠਕਾਂ ਤੱਕ ਪਹੁੰਚਾਉਣਾ ਸੌਖਾ ਹੋ ਗਿਆ, ਜਿਸ ਕਰਕੇ ਵੱਡੀ ਮਾਤਰਾ ਵਿੱਚ ਪੰਜਾਬੀ ਵਿੱਚ ਕਵਿਤਾ ਲਿਖੀ ਜਾ ਰਹੀ ਹੈ। ਆਮ ਤੌਰ ’ਤੇ ਕਵਿਤਰੀਆਂ ਰੁਮਾਂਟਿਕ ਕਵਿਤਾਵਾਂ ਜ਼ਿਆਦਾ ਲਿਖਦੀਆਂ ਹਨ ਪਰ ਡਾ.ਰੰਜੂ ਇਕ ਅਜਿਹੀ ਕਵਿਤਰੀ ਹੈ, ਜਿਹੜੀ ਕੁਦਰਤ ਦੇ ਕਾਦਰ ਦੀਆਂ ਰਹਿਮਤਾਂ ਨੂੰ ਕਵਿਤਾ ਦਾ ਰੂਪ ਦੇ ਰਹੀ ਹੈ। ਉਹ ਕੁਦਰਤ ਨਾਲ ਇਕ ਮਿਕ ਹੈ। ਉਨ੍ਹਾਂ ਦੀ ਇਹੋ ਵਿਲੱਖਣਤਾ ਹੈ। 

ਡਾ ਰੰਜੂ ਕਵਿਤਾ ਵਿੱਚ ਨਵੇਂ ਤਜ਼ਰਬੇ ਕਰ ਰਹੇ ਹਨ। ਉਹ ਕਵਿਤਾ ਭਾਵੇਂ ਕੁਦਰਤ ਦੇ ਕਾਦਰ ਦੀਆਂ ਇਨਸਾਨੀਅਤ ਨੂੰ ਦਿੱਤੀਆਂ ਦਾਤਾਂ ਬਾਰੇ ਲਿਖਦੇ ਹਨ ਪਰ ਉਨ੍ਹਾਂ ਦੀ ਕਮਾਲ ਇਹ ਹੈ ਕਿ ਉਹ ਇਸ ਢੰਗ ਨਾਲ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਇਸਤਰੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵ ਉਨ੍ਹਾਂ ਦੀਆਂ ਕਵਿਤਾਵਾਂ ਕੁਦਰਤ, ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ, ਰੁਮਾਂਸਵਾਦ, ਬਿਰਹਾ, ਮਨੁੱਖੀ ਰਿਸ਼ਤਿਆਂ ਵਿਚ ਤ੍ਰੇੜਾਂ, ਜਾਇਦਾਦਾਂ ਦੇ ਝਗੜੇ ਅਤੇ ਪਦਾਰਥਵਾਦ ਦੇ ਸਮਾਜਿਕ ਤਾਣੇ ਬਾਣੇ ਉਪਰ ਗਹਿਰੇ ਪ੍ਰਭਾਵ ਦੇ ਦਰਦ ਦੀ ਤਰਜ਼ਮਾਨੀ ਕਰਦੀਆਂ ਹਨ। ਉਨ੍ਹਾਂ ਨੂੰ ਕਵਿਤਾ ਦੀ ਗੁੜ੍ਹਤੀ ਆਪਣੀ ਵਿਰਾਸਤ ਵਿੱਚੋਂ ਮਿਲੀ, ਕਿਉਂਕਿ ਨਾਨਕੇ ਅਤੇ ਦਾਦਕੇ ਪਰਿਵਾਰ ਪੜ੍ਹੇ ਲਿਖੇ ਸਨ। ਪ੍ਰੀਤਲੜੀ ਮਾਸਕ ਰਸਾਲਾ ਉਨ੍ਹਾਂ ਦੇ ਘਰ ਆਉਂਦਾ ਸੀ। ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਬਲਜਿੰਦਰ ਕੌਰ ਪੰਜਾਬੀ ਦੇ ਪ੍ਰੋਫ਼ੈਸਰ ਸਨ, ਜਿਸ ਕਰਕੇ ਪੰਜਾਬੀ ਦੀਆਂ ਪੁਸਤਕਾਂ ਪੜ੍ਹਦੇ ਸਨ। 

ਪਹਿਲੀ ਕਵਿਤਾ ਉਨ੍ਹਾਂ ਮਰਦ-ਜਨਾਨੀ ਦੇ ਸੰਬੰਧਾਂ ਦੀ ਖਟਾਸ ਬਾਰੇ ਐੱਮ.ਬੀ.ਬੀ.ਐੱਸ. ਕਰਦਿਆਂ ਲਿਖੀ ਸੀ। 1987 ਤੋਂ ਬਾਅਦ ਉਨ੍ਹਾਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਜਿਥੋਂ ਉਨ੍ਹਾਂ ਨੂੰ ਗ਼ਰੀਬ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਇਸਤਰੀ ਦੀ ਦੁੱਖਾਂ ਭਰੀ ਜ਼ਿੰਦਗੀ ਨੂੰ ਨੇੜਿਓਂ ਜਾਨਣ ਦਾ ਇਤਫਾਕ ਹੋਇਆ। 2004 ਤੋਂ ਲਗਾਤਾਰ ਉਨ੍ਹਾਂ ਦੀਆਂ ਕਵਿਤਾਵਾਂ ਪੰਜਾਬੀ ਦੇ ਰਸਾਲਿਆਂ ਅਤੇ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਲੱਗ ਗਈਆਂ। ਉਨ੍ਹਾਂ ਦੀ ਇਕ ਕਵਿਤਾ ਹੈ, ‘‘ ਅੱਧਾ ਹਰਿਆ ਪੱਤਾ’’ ਜਿਸਨੂੰ ਪੜ੍ਹਕੇ ਆਮ ਪਾਠਕ ਸਹਿਜੇ ਮਹਿਸੂਸ ਕਰੇਗਾ ਕਿ ਇਹ ਕਵਿਤਾ ਕੁਦਰਤ ਨਾਲ ਹੋ ਰਹੇ ਖਿਲਵਾੜ ਬਾਰੇ ਹੈ ਪਰ ਇਹ ਬਹੁ ਅਰਥੀ ਅਤੇ ਬਹੁਰੰਗੀ ਕਵਿਤਾ ਹੈ। ਜਿਸ ਵਿਚੋਂ ਬਿਰਹਾ ਦਾ ਦਰਦ ਝਲਕਦਾ ਹੈ। ਰੁਮਾਂਸਵਾਦ ਦੀ ਚੀਸ ਪੈਂਦੀ ਹੈ। ਇਨਸਾਨ ਦੇ ਸੰਬੰਧਾਂ ਵਿੱਚ ਗਿਰਾਵਟ ਦੇ ਆਉਣ ਨਾਲ ਇਨਸਾਨ ਦਾ ਖ਼ੂਨ ਸਫੈਦ ਹੋਣ ਦਾ ਮਹਿਸੂਸ ਹੁੰਦਾ ਹੈ। ਇਸ ਕਵਿਤਾ ਦਾ ਇਕ-ਇਕ ਸ਼ਬਦ ਅਤੇ ਇਕ-ਇਕ ਫਿਕਰਾ ਬਹੁ ਅਰਥਾਂ ਦਾ ਲਖਾਇਕ ਹੈ। ਕਵਿਤਾ ਇਸ ਤਰ੍ਹਾਂ ਹੈ-

ਮੈਂ ਇਕ ਅੱਧ ਹਰਿਆ ਪੱਤਾ, ਪੀਲਾ ਜ਼ਰਦ ਹੋਇਆ ਮੇਰਾ ਖ਼ੂਨ,
ਅਜੇ ਸ਼ਾਖ਼ ਨਾਲ ਲਮਕਦਾ ਫਿਰਾਂ, ਪੂਰਾ ਟੁੱਟਿਆ ਨਹੀ ਮੇਰਾ ਸੰਬੰਧ,
ਜਦੋਂ ਵੀ ਹਵਾ ਦਾ ਬੁੱਲ੍ਹਾ ਆਵੇ, ਮੇਰੀ ਜਿੰਦ ਵੀ ਕੰਬਦੀ ਜਾਵੇ,
ਜੇ ਟੁੱਟਿਆ ਤਾਂ ਕਿਥੇ ਜਾਵਾਂ, ਹਵਾ-ਹਨੇਰੀ ਨੂੰ ਕੀ ਸਮਝਾਵਾਂ,
ਇਸੇ ਆਸ ‘ਚ ਅਜੇ ਹਾਂ ਜੁੜਿਆ, ਮਤੇ ਫੇਰ ਹਰਾ ਹੋ ਜਾਵਾਂ,
ਸੁਕਣ ਤੋਂ ਪਹਿਲਾਂ, ਟੁੱਟਣ ਤੋਂ ਪਹਿਲਾਂ, ਮੈਂ ਵੀ ਆਪਣੀ ਜਿੰਦ ਜੀਅ ਜਾਵਾਂ। 

ਡਾ.ਰੰਜੂ ਆਪਣੀਆਂ ਕਵਿਤਾਵਾਂ ਵਿੱਚ ਸਮਾਜਿਕ ਸਰੋਕਾਰਾਂ ਦੇ ਦਰਦ ਨੂੰ ਪ੍ਰਗਟਾਉਂਦੇ ਹਨ। ਪਦਾਰਥਵਾਦੀ ਯੁਗ ਦੇ ਪ੍ਰਭਾਵਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦੇ ਹਨ। ਕਦੇ ਮਾਂ ਦੇ ਮਾਧਿਅਮ ਰਾਹੀਂ ਸਮਾਜ ਵਿੱਚ ਵਾਪਰ ਰਹੇ ਦੁਖਾਂਤ ਬਾਰੇ ਲਿਖਦੇ ਹਨ। ਮਾਂ ਰਾਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦਿੰਦੇ ਹਨ। ਕੁੜੀਆਂ ਨੂੰ ਮਾਵਾਂ ਅਤੇ ਬਾਬੁਲ ਫੁੱਲਾਂ ਦੀ ਤਰ੍ਹਾਂ ਟਹਿਕਦੇ ਰੱਖਦੇ ਹੋਏ ਆਸ ਕਰਦੇ ਹਨ ਕਿ ਇਹ ਲਾਲ ਫੁੱਲ ਸਮਾਜ ਵਿੱਚ ਖ਼ੁਸ਼ਬੋਆਂ ਖਿਲਾਰਦੇ ਹੋਏ ਹਰ ਇਕ ਇਨਸਾਨ ਨੂੰ ਮਹਿਕਾਂ ਵੰਡਦੇ ਰਹਿਣ ਪ੍ਰੰਤੂ ਅਜੋਕੇ ਸਮੇਂ ਵਿੱਚ ਸਾਰਾ ਕੁਝ ਮਾਪਿਆਂ ਦੀਆਂ ਆਸਾਂ ਦੇ ਉਲਟ ਹੋ ਰਿਹਾ ਹੈ। ਤੇਰੇ ਬਿਨ ਮਾਂ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ-

ਤੇਰੇ ਬਿਨਾ ਮਾਂ, ਮੇਰਾ ਹੋਰ ਕੋਈ ਨਾ, ਤੂੰ ਲਵੇਂ ਭਾਵੇਂ ਮੇਰੀ ਸਾਰ ਕੋਈ ਨਾ,
ਜੇ ਮੈਂ ਕਲੀ  ਤਾਂ ਮੇਰਾ ਦੋਸ਼ ਕੋਈ ਨਾ, ਫ਼ਰਜ਼ ਨਿਭਾਉਣੇ ਆਪਣੇ, ਕਸੂਰ ਕੋਈ ਨਾ,
ਭੈੜੇ ਰਿਸ਼ਤਿਆਂ ਦੀ ਮਾਂ ਮੈਨੂੰ ਲੋੜ ਕੋਈ ਨਾ, ਤੂੰ ਫੇਰ ਹੱਥ ਸਿਰ ਤੇ ਅਰਮਾਨ ਕੋਈ ਨਾ,
ਬਾਬਲ ਕਹਿੰਦਾ ਸੀ ਫੁੱਲ, ਮੈਂ ਫੁੱਲ ਕੋਈ ਨਾ,
ਉਹ ਕਹਿੰਦਾ ਸੀ ਲਾਲ, ਪਰ ਮੈਂ ਲਾਲ ਕੋਈ ਨਾ,

ਖਲਾਅ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਸਮਾਜ ਦੀ ਤਸਵੀਰ ਖਿਚਕੇ ਰੱਖ ਦਿੱਤੀ ਹੈ। ਇਨਸਾਨ ਦਾ ਦੂਜੇ ਇਨਸਾਨ ਨਾਲ ਜਿਵੇਂ ਕੋਈ ਸੰਬੰਧ ਹੀ ਨਹੀਂ ਹੁੰਦਾ, ਜ਼ਿੰਦਗੀ ਵਿੱਚ ਖਲਾਅ ਪੈਦਾ ਹੋਇਆ ਪਿਆ ਹੈ। ਇਨਸਾਨ ਸਭ ਕੁਝ ਕੋਲ ਹੁੰਦਿਆਂ ਆਪਣੇ ਆਪ ਨੂੰ ਖਾਲੀ ਖਾਲੀ ਸਮਝਦਾ ਹੈ। ਦੋਸਤਾਂ ਵਿਚ ਦੋਸਤੀ ਦਾ ਨਿੱਘ ਨਹੀਂ ਰਿਹਾ। ਜਿਵੇਂ ਇਨਸਾਨੀਅਤ ‘ਤੇ ਬਿਜਲੀ ਗਿਰਨ ਦੇ ਆਸਾਰ ਬਣੇ ਹੋਏ ਹੋਣ।

ਜਿਵੇਂ ਸਭ ਹੋਕੇ ਵੀ ਕੁਝ ਨਾ ਰਹਿ ਗਿਆ ਹੋਵੇ, ਜਿਵੇਂ ਦੂਰ ਤੱਕ ਆਵਾਜ਼ ਨਾ ਹੋਵੇ,
ਜਿਵੇਂ ਸਿਰਫ ਰਾਤ ਹੀ ਰਾਤ ਹੋਵੇ, ਜਿਵੇਂ ਰਸਤਾ ਕੋਈ ਬਿਨ ਰਾਹਗੀਰ ਦੇ ਹੋਵੇ,
ਜਿਵੇਂ ਘਰ ਹੋਵੇ ਪਰ ਮਕਾਨ ਨਾ ਹੋਵੇ, ਜਿਵੇਂ ਸਿਰ ਮੇਰੇ ਤੇ ਕੋਈ ਛਾਂ ਨਾ ਹੋਵੇ,
ਜਿਵੇਂ ਔਰਤ ਦੀ ਕੋਈ ਹੋਂਦ ਨਾ ਹੋਵੇ, ਜਿਵੇਂ ਮੁਕ ਗਈ ਦਿਲਾਂ ‘ਚੋਂ ਮੁਹੱਬਤ ਹੋਵੇ,

ਡਾ ਰੰਜੂ ਭਾਵਨਾਵਾਂ ਦੇ ਸਮੁੰਦਰ ਵਿਚ ਗੋਤੇ ਲਾਉਣ ਵਾਲੀ ਕਵਿਤਰੀ ਹਨ। ਇਨ੍ਹਾਂ ਗੋਤਿਆਂ ਸਮੇਂ ਸਮੁੰਦਰ ਦੀਆਂ ਲਹਿਰਾਂ ਨੂੰ ਗਿਣਦੇ ਨਹੀਂ ਪਰ ਉਨ੍ਹਾਂ ਦਾ ਟਾਕਰਾ ਕਰਦਿਆਂ, ਉਨ੍ਹਾਂ ਦੀਆਂ ਕਵਿਤਾਵਾਂ ਹਵਾਵਾਂ ਦੇ ਰੁੱਖ ਅਤੇ ਦਰਿਆਵਾਂ ਦੇ ਵਹਿਣ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਸਤਰੀਆਂ ਨੂੰ ਸਵੈ ਵਿਸ਼ਵਾਸ਼ ਪੈਦਾ ਕਰਕੇ ਆਰਥਿਕ ਅਤੇ ਮਾਨਸਿਕ ਤੌਰ ‘ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਕਵਿਤਰੀ ਸਮਾਜ ਨੂੰ ਜਾਇਦਾਦਾਂ ਦੇ ਝਗੜਿਆਂ ਤੋਂ ਉਪਰ ਉਠਕੇ ਇਨਸਾਨੀਅਤ ਦੇ ਹਿਤਾਂ ’ਤੇ ਪਹਿਰਾ ਦੇਣ ਦੀ ਨਸੀਅਤ ਦੇਵ ਵਾਲੀਆਂ ਕਵਿਤਾਵਾਂ ਲਿਖਦੇ ਹਨ।

ਮੇਰੀ ਹਰ ਕਵਿਤਾ ਲੱਗੇ ਮੈਨੂੰ ਤੀਰਥ ਵਰਗੀ, ਇਹਦਾ ਹਰ ਅੱਖਰ ਮੈਂ ਦੁੱਧ ਨਾਲ ਧੋਇਆ।
ਹਾਂ ਮੈਂ ਉਹੀ ਬਿਰਖ, ਜੀਹਦੀ ਛਾਂ ਲੱਗੇ ਠੰਡੀ, ਇਸਦੇ ਬੀਜ ਨੂੰ ਤੂੰ ਆਪ ਕਦੇ ਸੀ ਬੋਇਆ,
ਮੇਰਿਆਂ ਪੱਤਿਆਂ ਨੇ ਕਿੰਨੀ ਖੜਖੜ ਵੀ ਲਾਈ,
ਵੇਖ ਲੜਦੀ ਹਾਂ ਕਿਵੇਂ ਇਕੱਲੀ ਹਾਲਾਤਾਂ ਦੇ ਨਾਲ,

ਡਾ.ਰੰਜੂ ਅਜਿਹੀਆਂ ਭਾਵਨਾਤਮਿਕ ਕਵਿਤਾਵਾਂ ਲਿਖਕੇ ਆਪ ਕਵਿਤਾ ਬਣ ਗਈ ਹੈ। ਉਹ ਸੰਸਾਰ ਦੀਆਂ ਸਾਰੀਆਂ ਮਾਂਵਾਂ ਨੂੰ ਨਿਹੋਰੇ ਮਾਰਦੀ ਹੈ ਕਿ ਉਨ੍ਹਾਂ ਦੀਆਂ ਧੀਆਂ ਅਤਿ ਨਾਜ਼ੁਕ ਹਾਲਾਤ ਵਿਚੋਂ ਗੁਜਰਦੀਆਂ ਹੋਈਆਂ ਬੁਲੰਦੀਆਂ ‘ਤੇ ਪਹੁੰਚ ਰਹੀਆਂ ਹਨ ਪ੍ਰੰਤੂ ਮਾਵਾਂ ਸਮਾਜ ਦੀਆਂ ਕੋਝੀਆਂ ਹਰਕਤਾਂ ਅੱਗੇ ਬੇਬਸ ਹੋ ਕੇ ਆਪਣੀਆਂ ਜਾਈਆਂ ‘ਤੇ ਫ਼ਖ਼ਰ ਵੀ ਮਹਿਸੂਸ ਨਹੀਂ ਕਰਦੀਆਂ। ਮਾਨਵਤਾ ਦੇ ਰਿਸ਼ਤੇ ਦਾਗ਼ਦਾਰ ਅਤੇ ਖੋਖਲੇ ਹੋ ਗਏ ਹਨ। ਉਨ੍ਹਾਂ ਵਿਚੋਂ ਇਨਸਾਨੀਅਤ ਗਾਇਬ ਹੋ ਗਈ ਹੈ। ਔਰਤਾਂ ਜਦੋਜਹਿਦ ਕਰਕੇ ਆਪਣਾ ਜੀਵਨ ਸੁਨਹਿਰੀ ਯਾਦਾਂ ਦੇ ਪੰਘੂੜਿਆਂ ਦਾ ਆਨੰਦ ਮਾਣ ਰਹੀਆਂ ਹਨ।

ਸੱਚ ਦੱਸ ਤੈਨੂੰ ਕੀ ਮੇਰੇ ਤੇ ਕਦੇ ਫ਼ਖ਼ਰ ਨਾ ਹੋਇਆ? ਕਿੰਨੇ ਸੁੰਨ ਸਾਨ ਹਨ ਇਹ ਘਰ,
ਕਿੰਨੇ ਖੋਖਲੇ ਹਨ ਸਭ ਰਿਸ਼ਤੇ, ਕਿੰਨੇ ਹਨ੍ਹੇਰੇ ਹਨ ਇਹ ਮਹਿਲ,
ਜਿਧਰੋਂ ਵੀ ਮੇਰਾ ਸੂਰਜ ਲੰਘਿਆ, ਓਧਰੋਂ ਇੱਕ ਇੱਕ ਕਿਰਨ ਫੜੀ ਹੈ।
ਪਿਰੋ ਮੈਂ ਸੂਰਜ ਦੀਆਂ ਕਿਰਨਾ, ਬਣਾਈ ਰਾਤ ਤਾਰਿਆਂ ਦੀ ਲੜੀ ਹੈ।
ਅੱਧੇ ਹਿਜਰ ਦੇ, ਅੱਧੇ ਵਸਲ ਦੇ, ਲੀੜੇ ਪਾ ਕੇ ਲੈ ਲਾਵਾਂ,
ਸੁੰਝਮ-ਸੁੰਝੀ ਦੇਹ ਦੀ ਚਾਦਰ, ਯਾਦਾਂ ਦੀਆਂ ਮੈਂ ਪਾਵਾਂ ਬਾਹਵਾਂ।

ਮਨੁੱਖਤਾ ਦੀਆਂ ਕਰਤੂਤਾਂ ਉਪਰ ਵਿਅੰਗ ਕਰਦੀ ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸ ਜਹਾਨ ਵਿਚ ਲੋਕ ਮਖੌਟੇ ਪਾਈ ਫਿਰਦੇ ਹਨ। ਹਾਥੀ ਦੇ ਦੰਦ ਖਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹਨ। ਇਨਸਾਨ ਦੀਆਂ ਮਾੜੀਆਂ ਹਰਕਤਾਂ ਕਰਕੇ ਧਰਤੀ ਲਹੂ ਲੁਹਾਨ ਹੋਈ ਪਈ ਹੈ। ਖ਼ੂਨ ਖ਼ਰਾਬਾ ਹੋ ਰਿਹਾ ਹੈ। ਜਿਤਨੀ ਦੇਰ ਕਿਸੇ ਨੂੰ ਇਸ ਦਹਿਸ਼ਤਗਰਦੀ ਦਾ ਸੇਕ ਨਹੀਂ ਲੱਗਦਾ ਉਤਨੀ ਦੇਰ ਇਨਸਾਨ ਸਿੱਧੇ ਰਸਤੇ ਨਹੀਂ ਪੈ ਸਕਦਾ। ਮੈਨੂੰ ਕੀ ਦੀ ਸੋਚ ਨੇ ਇਨਸਾਨੀਅਤ ਸ਼ਰਮਸਾਰ ਕੀਤੀ ਹੋਈ ਹੈ। ਫ਼ੋਕੇ ਦਿਲਾਸੇ ਅਤੇ ਭਰਵਾਸੇ ਸਮਾਜ ਵਿਚ ਤਬਦੀਲੀ ਨਹੀਂ ਲਿਆ ਸਕਣਗੇ। ਅਜਿਹੇ ਹਾਲਾਤ ਵਿਚ ਕਵਿਤਰੀ ਸਿਰਫ ਪਰਮਾਤਮਾ ਹੀ ਕੁਝ ਕਰਨ ਦੇ ਸਮਰੱਥ ਹੇ। ਉਸਤੇ ਆਸਾਂ ਨਾਲ ਜ਼ਿੰਦਗੀ ਬਸਰ ਹੋ ਰਹੀ ਹੈ।

ਕੀ ਇਹ ਮੇਰਾ ਜਹਾਨ ਹੈ? ਕੀ ਇਹ ਤੇਰਾ ਜਹਾਨ ਹੈ?
ਜਿਥੇ ਸੋਹਣੇ ਚੇਹਰੇ ਪਿਛੇ, ਲੁਕਿਆ ਕੋਈ ਸ਼ੈਤਾਨ ਹੈ।
ਜਿਸਦੀ ਮਾੜੀ ਹਰਕਤ ਹੱਥੋਂ, ਸਾਰੀ ਧਰਤੀ ਲਹੂ-ਲੁਹਾਨ ਹੈ।
ਜੋਗ ਮੇਰੇ ਜਗ ਸਾਰਾ ਰੰਗਿਆ, ਨਸ਼ਰ ਹੋਵੇ, ਮੈਂ ਲੱਖ ਲੁਕਾਵਾਂ।
ਅਨਹਦ-ਨਾਦ ਮੇਰੇ ਹਿਰਦੇ ਬੋਲਣ, ਤੇ ਮੈਂ ਕਿਵੇਂ ਨਾ ਨੱਚਾਂ ਗਾਵਾਂ।
ਜਿਕਰ ਤੇਰਾ ਮੈਨੂੰ ਅਲਾਹ ਵਰਗਾ, ਤੇ ਮੈਂ ਅਲਾਹ ਕਿਵੇਂ ਭੁਲਾਵਾਂ?
ਇਹ ਖ਼ੂਨ-ਖ਼ਰਾਬਾ, ਇਹ ਦਹਿਸ਼ਤ ਦਾ ਨਾਚ,
ਖ਼ੂਨ ਵਿਚ ਲਿਬੜੇ ਜਿਸਮ ਤੇ ਟੁੱਟੇ ਅੰਗਾਂ ਦਾ ਅੰਬਾਰ।
ਜਦੋਂ ਤੱਕ ਸੇਕ ਨਾ ਲੱਗੇ ਸਭ ਰਹਿਣਗੇ ਪਾਸੇ,
ਤੇ ਸਾਨੂੰ ਦੇਣਗੇ ਫੋਕੇ ਦਿਲਾਸੇ ਤੇ ਝੂਠੇ ਭਰਵਾਸੇ।
ਕੁਦਰਤ ਵੀ ਅੱਜ ਹੈਰਾਨ ਬੜੀ ਹੈ, ਕੀ ਇਨਸਾਨੀਅਤ ਵੀ ਸ਼ਰਮਸ਼ਾਰ ਖੜ੍ਹੀ ਹੈ?

ਉਮੀਦ ਕੀਤੀ ਜਾ ਸਕਦੀ ਹੈ ਕਿ ਡਾ ਰੰਜੂ ਭਵਿਖ ਵਿਚ ਹੋਰ ਸੁਚਾਰੂ ਅਤੇ ਪਾਏਦਾਰ ਕਵਿਤਾਵਾਂ ਲਿਖਕੇ ਸਮਾਜ ਵਿਚ ਤਬਦੀਲੀ ਲਿਆਉਣ ਦਾ ਯੋਗਦਾਨ ਪਾ ਸਕਣਗੇ। ਉਨ੍ਹਾਂ ਦੀਆਂ ਕਵਿਤਾਵਾਂ ਦੀ ਪੁਸਤਕ ਜਲਦੀ ਹੀ ਸਾਹਿਤਕ ਖੇਤਰ ਵਿਚ ਦਸਤਕ ਦੇਵੇਗੀ।

ਉਜਾਗਰ ਸਿੰਘ

ਸਾਬਕਾ ਜ਼ਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072                                                                                                                                             
ujagarsingh48@yahoo.com 


author

rajwinder kaur

Content Editor

Related News