ਜੇਕਰ ‘ਮਾਂ’ ਰੱਬ ਦਾ ਰੂਪ ਹੈ ਤਾਂ ਰੱਬ ਦਾ ਸਤਿਕਾਰ ਬਣਾਈ ਰੱਖਣਾ ਹੈ ਸਾਡਾ ਫ਼ਰਜ਼

05/09/2021 1:58:04 PM

ਹੁਣ ਤੱਕ ਜਦੋਂ ਦੀ ਸੁਰਤ ਸੰਭਾਲੀ ਹੈ, ਬਸ ਸਭ ਕੋਲ਼ੋ ਇਹੋ ਸੁਣਦੇ ਆ ਰਹੇ ਹਾਂ ਕੀ ‘ਮਾਂ’ ਰੱਬ ਦਾ ਰੂਪ ਹੈ? ਤੇ ਮਾਂ ਹੀ ਦੁਨੀਆਂ ’ਤੇ ਦੂਸਰਾ ਰੱਬ ਹੈ। ਜੇਕਰ ਪਿਛਲੀ ਸਦੀ ਤੋਂ ਲੈ ਕੇ ਅੱਜ ਦੇ ਸਮਾਜ ’ਤੇ ਨਿਗ੍ਹਾ ਮਾਰੀਏ ਤਾਂ ਬਹੁਤ ਕੁੱਝ ਬਦਲ ਗਿਆ, ਜੇ ਕੁੱਝ ਬਦਲਿਆ ਨਹੀਂ ਤਾਂ ਉਹ ਹੈ ਮਾਂ ਅਤੇ ਮਾਂ ਦਾ ਪਿਆਰ।

ਅੱਜ ਦੇ ਜੁੱਗ ਅਨੁਸਾਰ ਜੇਕਰ ਦੂਰ ਤੱਕ ਨਿਗ੍ਹਾ ਮਾਰੀਏ ਤਾਂ ਮਾਂ ਦੇ ਰੂਪ ਬਦਲ ਗਏ ਜਾਂ ਮਾਂ ਬਦਲ ਗਈ। ਅੱਜ ਮਾਂ ਦਿਵਸ ਦੇ ਮੌਕੇ ਮਾਂ ਲਈ ਬਹੁਤ ਸਾਰੇ ਸਵਾਲ-ਜਵਾਬ ਮੇਰੇ ਸਾਹਮਣੇ ਆ ਗਏ। ਜੋ ਮੈਂ ਆਪਣੇ ਆਪ ਨਾਲ ਸਵਾਲ ਕਰਕੇ ਆਪਣੇ ਆਪ ਤੋਂ ਜਵਾਬ ਮੰਗਦਾ ਹਾਂ ਤੇ ਫੇਰ ਉਦਾਸ ਹੋ ਜਾਂਦਾ ਹਾਂ ਜਾਂ ਬਦਲਦੇ ਸਮਾਜ ਵਿੱਚ ਮਾਂ ਦੇ ਬਦਲਦੇ ਰੂਪ ਨੂੰ ਤ੍ਰਾਸਣਾ ਸ਼ੁਰੂ ਕਰ ਦਿੰਦਾ ਹਾਂ।

ਮਾਂ ਬਣਨਾ ਜਾਂ ਰੱਬ ਦਾ ਦੂਸਰਾ ਰੂਪ ਅਖਵਾਉਣ ਦਾ ਹੱਕ ਸਿਰਫ਼ ਅਤੇ ਸਿਰਫ਼ ਇੱਕ ਜਨਾਨੀ ਭਾਵ ਇੱਕ ਮਾਂ ਦੇ ਹਿੱਸੇ ਆਉਂਦਾ ਹੈ ਪਰ ਜੇਕਰ ਜਨਾਨੀ ਰੱਬ ਦਾ ਰੂਪ ਹੈ ਤਾਂ ਅੱਜ ਸਾਡੇ ਸਮਾਜ ਦੀ ਇਸ ਤ੍ਰਾਸਦੀ ਦਾ ਜ਼ਿੰਮੇਵਾਰ ਕੌਣ..? ਜਨਾਨੀ ਰੱਬ ਦਾ ਵੀ ਰੂਪ ਹੈ, ਜਨਾਨੀ ਹੀ ਮੁਹੱਬਤ ਦਾ ਦੂਸਰਾ ਨਾਮ ਹੈ, ਜਨਾਨੀ ਹੀ ਭੈਣ ਹੈ, ਚਾਚੀ, ਤਾਈ, ਭਾਬੀ, ਪਤਨੀ, ਨਾਨੀ, ਦਾਦੀ ਹੈ। ਇਹ ਸਾਰੇ ਰਿਸ਼ਤੇ ਇੱਕ ਜਨਾਨੀ ਦੇ ਆਲੇ ਦੁਆਲੇ ਕੇਂਦਰਿਤ ਹਨ ਅਤੇ ਜਨਾਨੀ ਤੋਂ ਬਿਨਾਂ ਸਮਾਜ ਅਧੂਰਾ ਹੈ। ਇਹ ਦੁਨੀਆਂ ਅਧੂਰੀ ਹੈ ਪਰ ਜੇ ਮਾਂ ਆਪਣਾ ਫ਼ਰਜ਼ ਨਿਭਾਵੇ।

ਅੱਜ ਜੇਕਰ ਸੁਭਾਅ ਦੀ ਗੱਲਬਾਤ ਕਰੀਏ ਤਾਂ ਦੱਸ ਦੇਈਏ ਕਿ ਜਨਾਨੀ ਇੱਕ ਹੈ ਪਰ ਉਸ ਦੇ ਸੁਭਾਅ ਅੱਲਗ-ਅਲੱਗ ਹਨ। ਹਰੇਕ ਜਨਾਨੀਆਂ ਦਾ ਆਪੋ-ਆਪਣਾ ਵੱਖਰਾ ਸੁਭਾਅ ਹੁੰਦਾ ਹੈ। ਮਾਂ ਦੇ ਸੁਭਾਅ ਵਿੱਚ ਅੰਤਰ ਹੋਵੇ ਜਾਂ ਮਾਂ ਦੇ ਦਿਲ ਵਿੱਚ ਹੇਰ ਫੇਰ ਹੋਵੇ।  ਹੁਣ ਤੱਕ ਤੁਸੀਂ ਸਭ ਨੇ ਵੇਖਿਆ ਹੋਣਾ ਕਿ ਸਾਰੀਆਂ ਮਾਵਾਂ ਕਦੇ ਵੀ ਡੈਣਾਂ ਨਹੀਂ ਬਣਦੀਆਂ ਅਤੇ ਸਾਰੀਆਂ ਜਨਾਨੀਆਂ ਰੱਬ ਨਹੀਂ ਹੁੰਦੀਆਂ ।

ਚੱਲੋ ਅੱਜ ਗੱਲ ਰੱਬ ਰੂਪੀ ਮਾਂ ਦੀ ਕਰਦੇ ਹਾਂ। ਜਨਾਨੀ ਭਾਵ ਰੱਬ ਹਰੇਕ ਘਰ ਦਾ ਸ਼ਿੰਗਾਰ ਹੁੰਦੀ ਹੈ ਹੈ। ਬਹੁਤ ਸਾਰੀਆਂ ਸੂਝਬਾਨ ਮਾਵਾਂ ਅਜਿਹੀਆਂ ਹਨ, ਜਿਨ੍ਹਾਂ ਨੇ ਪਰਿਵਾਰ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ, ਜਦਕਿ ਕਈ ਜਨਾਨੀਆਂ ਨੇ ਚੰਗੇ ਭਲੇ ਪਰਿਵਾਰਾਂ ਨੂੰ ਖੇਰੂ ਖੇਰੂ ਕਰ ਰੱਖਿਆ ਹੈ। ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕੀ ਅੱਜ ਦੀ ਮਾਂ ਮਾਡਲ ਜ਼ਿਆਦਾ ਹੋ ਗਈ ਹੈ। ਬੱਚੇ ਨੂੰ ਜਨਮ ਦੇਣ ਦੀ ਥਾਵੇਂ ਆਖੇਗੀ ਕੀ ਅਪਰੇਸ਼ਨ ਕਰਕੇ ਹੀ ਬੱਚਾ ਚੁੱਕ ਲੈਣਾ, ਕਿਉਂਕਿ ਅੱਜ ਦੀ ਮਾਡਲ ਜਨਾਨੀ ਪੀੜਾਂ ਸਹਿਣਾ ਹੀ ਨਹੀਂ ਚਾਉਂਦੀ। ਬਹੁਤ ਮਾਵਾਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਵੀ ਪਸੰਦ ਨਹੀਂ ਕਰਦੀਆਂ। ਮਾਂ ਬਣਨ ਲਈ ਜਨਾਨੀ ਨੂੰ ਆਪਣਾ ਆਪ ਬਦਲਣਾ ਪੈਂਦਾ ਹੈ ਤਾਂ ਜਾਕੇ ਉਹ ਇੱਕ ਮਾਂ ਬਣਦੀ ਹੈ।

ਅੰਤ ਵਿੱਚ ਰੱਬ ਅੱਗੇ ਇਹੋ ਦੁਆਵਾਂ ਕਰਦੇ ਹਾਂ ਕੀ ਮਾਂ ਦੇ ਇਸ ਪਵਿੱਤਰ ਰਿਸ਼ਤੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਦਾਗ਼ ਨਾ ਲੱਗੇ ਅਤੇ ਮਾਂ ਦਾ ਇਹ ਰੱਬ ਰੂਪੀ ਰਿਸ਼ਤਾ ਬਿਨਾਂ ਸਵਾਰਥ ਬਿਨਾਂ ਲਾਲਚ ਦੇ ਹਮੇਸ਼ਾਂ ਬਣਿਆ ਰਹੇ। ਬਾਕੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਰੱਬ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਰੱਬ ਵੀ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਤੁਸੀਂ ਉਸ ਰੱਬ ਦਾ ਸਤਿਕਾਰ ਕਰਦੇ ਰਹਾਂਗੇ ਤੇ ਰੱਬ ਵਾਲਾ ਰੁੱਤਬਾ ਦਿੰਦੇ ਰਹਾਂਗੇ।

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444


rajwinder kaur

Content Editor

Related News