ਸੱਚੇ ਮਨੋਂ ਕਿਸੇ ਚੀਜ਼ ਦੀ ਤਾਂਘ ਹੋਵੇ ਤਾਂ ਪਰਮਾਤਮਾ ਜ਼ਰੂਰ ਪੂਰੀ ਕਰਦੈ
Wednesday, Jun 14, 2023 - 12:46 AM (IST)

ਤਾਂਘ ਕਿਸੇ ਵੀ ਚੀਜ਼ ਨੂੰ ਪਾਉਣ ਲਈ ਇਕ ਜ਼ਬਰਦਸਤ ਜ਼ਰੀਆ ਹੁੰਦਾ ਹੈ। ਮੈਂ ਪਹਿਲਾਂ ਕਈ ਵਾਰ ਚਾਹਿਆ ਸੀ ਕਿ ਮੇਰੇ ਕੋਲ ਸੰਦੂਕ ਹੋਵੇ ਕਿਉਂਕਿ ਮੈਨੂੰ ਬਹੁਤ ਚੰਗੇ ਲੱਗਦੇ ਹੁੰਦੇ ਸੀ ਕਿਉਂਕਿ ਮੈਂ ਆਪਣੇ ਦਾਦੀ ਜੀ, ਨਾਨੀ ਜੀ ਅਤੇ ਦਾਦੀ ਸੱਸ ਦੇ ਸੰਦੂਕ ਦੇਖੇ ਸਨ। ਆਖਿਰ ਇਕ ਛੱਡ ਮੇਰੇ ਕੋਲ 2 ਸੰਦੂਕ ਆ ਗਏ। ਮੈਂ ਹੋਰ ਵੀ ਦੇਖਿਆ ਕਿ ਜਦੋਂ ਆਪਾਂ ਨੂੰ ਸੱਚੇ ਮਨੋਂ ਕਿਸੇ ਚੀਜ਼ ਦੀ ਤਾਂਘ ਹੋਵੇ ਤਾਂ ਪਰਮਾਤਮਾ ਜ਼ਰੂਰ ਪੂਰੀ ਕਰਦਾ ਹੈ ਤੇ ਮੈਨੂੰ ਪੂਰਾ ਯਕੀਨ ਵੀ ਹੋ ਗਿਆ।
ਮੇਰਾ ਇਕ ਫੈਮਿਲੀ ਪੇਜ ਹੈ, ਜਿਸ ਵਿੱਚ ਮੈਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਪੁਰਾਣੀਆਂ ਫੋਟੋਆਂ, ਆਪਣਿਆਂ ਦੀਆਂ ਪ੍ਰਾਪਤੀਆਂ (Certificates) ਵੀ ਉਸ ਪੇਜ 'ਚ ਪਾਉਂਦੀ ਰਹਿੰਦੀ ਹਾਂ ਤਾਂ ਕਿ ਸਾਡੇ ਬੱਚਿਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਤੁਸੀਂ ਕਿੰਨੇ ਅਮੀਰ ਪਿਛੋਕੜ ਦੇ ਵਾਰਿਸ ਹੋ। ਇੱਥੇ ਅਮੀਰ ਦਾ ਭਾਵ ਹੈ ਪੜ੍ਹੇ-ਲਿਖੇ ਪੁਰਖੇ। ਜੇ ਬਾਪ, ਦਾਦਾ, ਨਾਨਾ BA, MA, ਡਾਕਟਰ, ਇੰਜੀਨੀਅਰ ਹਨ ਤਾਂ ਤੁਸੀਂ ਕਿਉਂ ਨਹੀਂ। ਕੀ ਤੁਹਾਡਾ ਦਿਮਾਗ ਘੱਟ ਹੈ। ਕਿਉਂ ਮਾਪਿਆਂ ਨੂੰ ਤੁਹਾਨੂੰ ਕਹਿਣਾ ਪੈਂਦਾ ਹੈ ਕਿ ਭਲੇ ਲੋਕੋ ਪੜ੍ਹ ਲਓ ਜ਼ਿੰਦਗੀ ਬਣ ਜਾਊਗੀ। ਇਹ ਸ਼ੇਅਰ ਕਰਨ ਦਾ ਮਕਸਦ ਹੀ ਇਹ ਹੈ ਕਿ ਹੁਣ ਸਾਡੇ ਕੀ ਫਰਜ਼ ਹਨ।
ਮੈਂ ਮਨ ਹੀ ਮਨ 'ਚ ਸੋਚਦੀ ਹੁੰਦੀ ਸੀ ਕਿ ਮੇਰੇ ਪਾਪਾ ਜੀ ਦੇ ਸਰਟੀਫਿਕੇਟ ਸਾਡੇ ਕੋਲ ਕਿਉਂ ਨਹੀਂ। ਮੈਨੂੰ ਇਹ ਸੋਚ ਤੰਗ ਕਰਦੀ ਕਿ ਇਕ ਤਾਂ ਸਾਡੇ ਸਾਰੇ ਪਰਿਵਾਰ 'ਚੋਂ ਵੱਧ ਪੜ੍ਹੇ-ਲਿਖੇ (BA) ਅਤੇ ਕਾਲਜ ਦੀ ਹਾਕੀ ਟੀਮ ਦੇ ਕਪਤਾਨ ਅਤੇ ਬੈਸਟ ਐਥਲੀਟ ਰਹੇ ਸਨ ਪਰ ਸਾਡੇ ਕੋਲ ਉਨ੍ਹਾਂ ਦੇ ਸਰਟੀਫਿਕੇਟ ਕਿਉਂ ਨਹੀਂ। ਆਖਿਰ ਉਹ ਟਾਈਮ ਆ ਗਿਆ ਕਿ ਮੇਰੇ ਪਾਪਾ ਜੀ ਦੇ 8ਵੀਂ ਤੇ ਬੀਏ ਦੀ ਡਿਗਰੀ ਦੇ ਸਰਟੀਫਿਕੇਟ ਸਾਨੂੰ ਘਰੋਂ ਸਾਂਭੇ ਮਿਲ ਗਏ। ਉਹ ਸਰਟੀਫਿਕੇਟ ਬੜੇ ਅਲੱਗ ਤੇ ਸੋਹਣੇ ਹਨ ਕਿਉਂਕਿ 8ਵੀਂ ਜਮਾਤ ਵਾਲੇ ਸਰਟੀਫਿਕੇਟ ਤੋਂ ਪਤਾ ਲੱਗਦਾ ਹੈ ਕਿ ਮਿਡਲ ਦਾ ਇਮਤਿਹਾਨ ਜਿਸ ਨੂੰ Departmental Anglo Vernacular Middle School ਇਮਤਿਹਾਨ Education Department, Patiala State ਵੱਲੋਂ ਕਰਵਾਇਆ ਸੀ ਅਤੇ Session Phagan 2001 Bikrami. ਪਾਪਾ ਜੀ ਦਾ BA Degree ਦਾ ਸਰਟੀਫਿਕੇਟ Punjab University ਜੋ ਕਿ ਉਦੋਂ ਸੋਲਨ ਸੀ (PEPSU, Solan Hills) ਦੇਖ ਕੇ ਬਹੁਤ ਕੁਝ ਜਾਣਨ ਨੂੰ ਮਿਲਿਆ। ਇਹ 2 ਸਰਟੀਫਿਕੇਟ ਕਿੰਨਾ ਕੁਝ ਬਿਆਨ ਕਰ ਰਹੇ ਹਨ, ਜੋ ਆਪਣੇ-ਆਪ ਵਿੱਚ ਹਿਸਟਰੀ ਹਨ।
ਇਕ ਹੋਰ ਤਾਂਘ ਪੂਰੀ ਹੋਈ, ਜਦੋ ਮੈਂ ਸੋਚਦੀ ਸੀ ਕਿ ਪਾਪਾ ਦੇ ਛੋਟੇ ਫੁੱਫੜ ਜੀ ਦੀ ਫੋਟੋ ਮਿਲ ਜਾਵੇ ਕਿਉਂਕਿ ਵਿਆਹ ਤੋਂ ਬਾਅਦ ਜਲਦ ਹੀ ਸਟੇਡੀਅਮ 'ਚ ਐਕਸੀਡੈਂਟ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਭੂਆ ਜੀ ਦਾ ਤਾਂ ਦੁਬਾਰਾ ਵਿਆਹ ਕਰ ਦਿੱਤਾ ਪਰ ਸਾਡਾ ਉਸ ਪਰਿਵਾਰ ਨਾਲ ਅਜੇ ਵੀ ਪਿਆਰ ਬਰਕਰਾਰ ਹੈ। ਮੈਨੂੰ ਤਾਂਘ ਸੀ ਫੁੱਫੜ ਜੀ ਦੀ ਫੋਟੋ ਦੀ ਕਿਉਂਕਿ ਉਹ ਸਾਡੇ ਰਿਸ਼ਤੇ ਦਾ ਮੁੱਢ ਹੈ। ਫੋਟੋ ਮਿਲਣੀ ਅਸੰਭਵ ਸੀ ਪਰ ਮੈਂ ਮੰਗਦੀ ਰਹੀ ਤੇ ਇਕ ਦਿਨ ਫੋਟੋ ਉਸ ਪਰਿਵਾਰ ਨੂੰ ਮਿਲ ਗਈ। ਮੈਨੂੰ ਬਹੁਤ ਖੁਸ਼ੀ ਹੋਈ ਅਤੇ ਇਸ ਤਰ੍ਹਾਂ ਲੱਗਾ ਜਿਵੇਂ ਉਹ ਸਾਨੂੰ ਮਿਲ ਗਏ ਹੋਣ। ਮੈਂ ਜਿਨ੍ਹਾਂ ਸ਼ਖਸੀਅਤਾਂ ਤੋਂ ਪ੍ਰੇਰਣਾ ਲੈਣਾ ਚਾਹੁੰਦੀ ਸੀ ਉਹ ਵੀ ਮਿਲੇ। ਹੁਣ ਤਾਂ ਲੱਗਦਾ ਕਿ ਤਾਂਘ 'ਚ ਕਿੰਨੀ ਸ਼ਕਤੀ ਤੇ ਵਾਰੇ ਜਾਈਏ। ਹੌਸਲਾ ਨਹੀਂ ਛੱਡਣਾ ਚਾਹੀਦਾ ਤੇ ਵਾਹਿਗੁਰੂ 'ਤੇ ਛੱਡ ਦਿਓ।
-ਉਪਿੰਦਰ ਕੌਰ ਸੇਖੋਂ