ਕਵਿਤਾ ਖਿੜਕੀ :  ਜ਼ਿੰਦਗੀ ਦਾ ਸਫ਼ਰ

02/25/2021 2:56:40 PM

 ਜ਼ਿੰਦਗੀ ਦਾ ਸਫ਼ਰ 

ਕਾਹਤੋਂ ਉਦਾਸ ਹੋਇਆ, ਮਨਾ ਝੱਲਿਆ ਉਏ,
ਵੇਖ ਕਿਸੇ ਦੇ, ਉੱਚੇ ਮਹਿਲ ਮੁਨਾਰਿਆਂ ਨੂੰ।
ਆਪਣੀ ਕੁੱਲੀ ਨੂੰ, ਜੇ ਚੰਗਾ ਸੋਹਣਾ ਸਵਾਰ ਲੈਨੋ,
ਚੰਗੀ ਲੱਗਦੀ ਜੋ, ਵੇਖਦੇ ਈ ਸਾਰਿਆਂ ਨੂੰ।
ਦੋ ਵਕਤ ਦੀ ਰੋਟੀ, ਸਿਰਫ਼ ਮੰਗ ਉਸ ਰੱਬ ਕੋਲੋਂ,
ਪੱਥਰਾਂ ਵਿੱਚ ਜੋ, ਕੀੜਿਆਂ ਨੂੰ ਰੋਜੀ ਪਹੁੰਚਾਂਵਦਾ ਏ।
ਸਾਰੇ ਸੰਸਾਰ ਦਾ ਹੀ, ਫ਼ਿਕਰ ਹੈ ਉਸ ਨੂੰ,
ਖੁੱਲੇ ਦਿਲ ਦਾਤਾਂ ਵੰਡਕੇ, ਕਦੇ ਨਾ ਪਛਤਾਂਵਦਾ ਏ।
ਦਸਾਂ ਨਹੁੰਆਂ ਦੀ, ਕਿਰਤ ਬੜਾ ਸਕੂਨ ਦਿੰਦੀ,
ਦੁਖ ਭੋਗਦੇ  ਵੇਖੇ  ਮਾਰਦੇ ਜੋ ਠੱਗੀਆਂ ਨੇ।
ਹੱਕ ਬੇਗਾਨਾ ਕਿਸੇ ਨੂੰ, ਕਦੇ ਪਚਿਆ ਨਹੀਂ,
ਪਛਤਾਉਂਦੇ ਵੇਖੇ, ਜਿਨ੍ਹਾਂ ਦੇ ਘਰੀਂ ਲੱਗੀਆਂ ਨੇ।
ਰੱਬ ਨੂੰ ਛੂੰਹਦੀਆਂ ਜਿੰਨਾ ਦੀਆਂ ਮੰਜਲਾਂ ਨੇ,
ਨੀਂਦ ਆਉਂਦੀ ਨਹੀਂ, ਚਿੰਤਾ ਬੇਸ਼ੁਮਾਰ ਲੱਗੀ।
ਘੂਕ ਸੁੱਤੇ ਵੇਖੇ ਸੜਕਾਂ ਦਿਆਂ ਕਿਨਾਰਿਆਂ ’ਤੇ

ਕੰਬਲੀ ਚੱਕੀ ਤੇ ਔਹ ਗਏ, ਜਾਗ ਜਦੋਂ ਸਵੇਰ ਸਾਰ ਲੱਗੀ।
ਪੀਰ ਮੁਹੰਮਦ ਵਿੱਚ, ਵੱਸਦੇ ਵੀਰਿਆ ਉਏ,
ਹੱਥੀਂ  ਜੋੜਿਆ ਤੇਰਾ, ਹੋਰਾਂ ਨੇ ਹੀ ਖਾਵਣਾ ਏ। 
ਜਿੰਨਾ ਵਾਸਤੇ ਤੂੰ ਮਾਰਦਾ ਫਿਰੇਂ ਠੱਗੀਆਂ,
ਲਾਂਬੂ ਉਨ੍ਹਾਂ ਨੇ ਹੀ, ਚੁੱਕ ਕੇ ਤੈਨੂੰ ਲਾਵਣਾ ਏ।
ਲਾਂਬੂ ਉਨ੍ਹਾਂ ਨੇ ਹੀ ਚੁੱਕ ਕੇ ਤੈਨੂੰ ਲਾਵਣਾ ਏਂ।

ਨਿੱਕੀ ਜਿਹੀ ਧੀ (ਕਵਿਤਾ)

ਧੀ ਨਿੱਕੀ ਜਿਹੀ ਬੜੀ ਸਿਆਣੀ,
ਬੜੀ ਪਿਆਰੀ ਹੈ ਮਰਜਾਣੀ।
ਇੱਕ ਦਿਨ ਸਹੁਰੇ ਤੁਰ ਜਾਵੇਗੀ, 
ਸੋਚ ਕੇ ਅੱਖੀਓ ਵਹਿੰਦਾ ਪਾਣੀ।
ਹਰ ਵੇਲੇ ਬਾਪੂ-ਬਾਪੂ ਕਰਦੀ,
ਦੁੱਖ ਮੇਰਾ ਨਾ ਕਦੇ ਵੀ ਜਰਦੀ।
ਦਾੜ੍ਹੀ ਮੇਰੀ ਨੂੰ ਕਦੇ ਸਹਿਲਾਉਂਦੀ,
ਫੜ ਕੇ ਕੰਘਾ ਕਦੇ ਹੈ ਵਾਹੁੰਦੀ।
ਕਦੇ ਕਹਿੰਦੀ ਮੈਂ ਪੁੱਤ ਹਾਂ ਤੇਰਾ। 
ਮੈਂ ਚਮਕਾਉਣਾ ਨਾਂ ਹੈ ਤੇਰਾ।
ਪੁੱਤਾਂ ਨਾਲੋਂ ਨਹੀਂ ਧੀਆਂ ਘੱਟ ਨੇ,
ਦੁੱਖ ਵੇਲੇ ਤਾਂ ਆਉਂਦੀਆਂ ਝੱਟ ਨੇ।
ਜੀਹਦੇ ਘਰ ਵਿੱਚ ਧੀ ਨਹੀਂ ਹੋਈ,
ਉਹਨੂੰ ਧੀਆਂ ਦੀ ਸਾਰ ਨਾ ਕੋਈ।
ਮਾਂ ਬਾਪ ਦੀਆਂ ਹੁੰਦੀਆਂ ਦਰਦੀ,
ਧੀਆਂ ਤਾਂ ਵੀਰਿਆ ਰੌਣਕ ਘਰਦੀ।
ਧੀਆਂ ਤਾਂ ਵੀਰਿਆ ਰੌਣਕ ਘਰਦੀ।

 

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ
ਪੀਰਮੁਹੰਮਦ ਮੋ 9855069972


rajwinder kaur

Content Editor

Related News