ਜ਼ਿੰਦਗੀ ''ਚ ਹਰ ਰੋਜ਼ ਕੁਝ ਨਾ ਕੁਝ ਚੰਗਾ ਸਿੱਖਦੇ ਜਾਓ

Wednesday, Mar 23, 2022 - 03:06 PM (IST)

ਜ਼ਿੰਦਗੀ ''ਚ ਹਰ ਰੋਜ਼ ਕੁਝ ਨਾ ਕੁਝ ਚੰਗਾ ਸਿੱਖਦੇ ਜਾਓ

ਦੇਖਿਆ ਜਾਵੇ ਤਾਂ ਜ਼ਿੰਦਗੀ ਬਹੁਤ ਖਾਸ ਤੇ ਛੋਟੀ ਹੈ। ਜ਼ਿੰਦਗੀ ਦਾ ਹਰ ਪਲ ਖੁਸ਼ ਤੇ ਅਬਾਦ ਹੋ ਕੇ ਜੀਓ। ਆਮ ਜਿਹੇ ਰਹਿ ਕੇ ਸਭ ਨਾਲ ਮਿਲਜੁਲ ਕੇ ਖੁਸ਼ਹਾਲ ਹੋ ਕੇ ਜੀਓ। ਚੰਗਾ ਸੋਚਦੇ ਰਹੋ ਤੇ ਦਿਨ-ਰਾਤ ਮਿਹਨਤ ਕਰੋ। ਜ਼ਿੰਦਗੀ ਜਿਊਣ ਦੇ ਬਹੁਤ ਢੰਗ ਹਨ। ਇਨ੍ਹਾਂ 'ਚੋਂ ਮੇਰੇ ਹਿਸਾਬ ਨਾਲ ਅਬਾਦ ਰਹਿ ਕੇ ਅਸੀਂ ਹਸੀਨ ਜ਼ਿੰਦਗੀ ਜੀਅ ਸਕਦੇ ਹਾਂ। ਜ਼ਿੰਦਗੀ ਨੂੰ ਹਸੀਨ ਬਣਾਉਣ ਲਈ ਪੈਸਾ, ਕਾਰਾਂ, ਕੋਠੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਮਾਇਨੇ ਰੱਖਦੀ ਹੈ ਤੁਹਾਡੀ ਸੋਚ ਤੇ ਸਤਿਕਾਰ। ਇਨ੍ਹਾਂ ਸਭ ਚੀਜ਼ਾਂ ਨਾਲ ਜ਼ਿੰਦਗੀ ਅਬਾਦ ਨਹੀਂ ਬਣਦੀ। ਜ਼ਿੰਦਗੀ ਅਬਾਦ ਬਣਦੀ ਹੈ ਤਾਂ ਬੱਸ ਸਾਡੀ ਸਾਕਾਰਾਤਮਕ ਸੋਚ ਨਾਲ। ਜ਼ਿੰਦਗੀ 'ਚ ਚੰਗੇ ਸਮਾਜ ਦੀ ਉਤਪਤੀ ਲਈ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਚੰਗੇ ਸਮਾਜ ਲਈ ਕੀ ਕਰ ਰਹੇ ਹਾਂ।

ਇਹ ਵੀ ਪੜ੍ਹੋ : ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : ਕਮਜ਼ੋਰ ਜਲ ਨੀਤੀ ਕਾਰਨ ਖ਼ਤਰੇ ਦੀ ਦਹਿਲੀਜ਼ 'ਤੇ ਪਹੁੰਚਿਆ 'ਜੀਵਨ'

ਜ਼ਿੰਦਗੀ 'ਚ ਚੰਗਾ-ਮਾੜਾ ਸਮਾਂ ਆਉਂਦਾ-ਜਾਂਦਾ ਰਹਿੰਦਾ ਹੈ। ਚੰਗੇ ਤੇ ਮਾੜੇ ਸਮੇਂ ਦਾ ਹਰ ਵੇਲੇ ਡਟ ਕੇ ਸਾਹਮਣਾ ਕਰੋ। ਸਾਕਾਰਾਤਮਕ ਸੋਚ ਬਣਾਈ ਰੱਖੋ ਤੇ ਨਾਕਾਰਾਤਮਕ ਗੱਲਾਂ ਨੂੰ ਹੱਸ ਕੇ ਟਾਲਣਾ ਸਿੱਖੋ। ਹੱਕ, ਸੱਚ, ਵਫ਼ਾਦਾਰੀ ਦੇ ਰਾਹ 'ਤੇ ਚੱਲੋ। ਆਪਣੇ ਪਰਿਵਾਰ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਵੋ। ਆਪਣੇ ਘਰੇਲੂ ਫ਼ੈਸਲੇ ਪਰਿਵਾਰਕ ਤੌਰ 'ਤੇ ਨਿਬੇੜੋ। ਕਈ ਵਾਰ ਅਸੀਂ ਦੁੱਖਾਂ ਦੀਆਂ ਜ਼ੰਜੀਰਾਂ 'ਚ ਫਸ ਜਾਂਦੇ ਹਾਂ। ਉਦੋਂ ਹਾਰ ਨਾ ਮੰਨੋ, ਬਲਕਿ ਉਹੀ ਸਮਾਂ ਹੁੰਦਾ ਜੋ ਸਾਡਾ ਇਮਤਿਹਾਨ ਲੈ ਰਿਹਾ ਹੁੰਦਾ ਹੈ। ਉਸ ਸਮੇਂ ਨੂੰ ਚੰਗੇ ਵਿਅਕਤੀਆਂ ਦੀ ਚੰਗੀ ਸਲਾਹ ਅਤੇ ਨਿਡਰ ਹੋ ਕੇ ਸੂਝ-ਬੂਝ ਨਾਲ ਬਿਤਾਓ। ਆਪਣੇ ਸੁਭਾਅ 'ਚ ਨਿਮਰਤਾ ਰੱਖੋ। ਗਿਆਨਵਾਨ ਵਿਅਕਤੀਆਂ ਦੀ ਸੰਗਤ ਕਰੋ ਤੇ ਉਨ੍ਹਾਂ ਦੀਆਂ ਚੰਗੀਆਂ ਗੱਲਾਂ 'ਤੇ ਅਮਲ ਕਰੋ। ਆਪਣੀ ਜ਼ਿੰਦਗੀ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਓ ਤੇ ਚੰਗੇ ਸੁਭਾਵਿਕ ਦੋਸਤ ਬਣਾਓ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਯੋਧਾ ਸਰਦਾਰ ਮਿੱਤਰੋ ਉਸ ਨਾਲ ਇਨਕਲਾਬੀ ਸੀ ਯਾਰ ਮਿੱਤਰੋ

ਚੰਗਾ ਖਾਓ, ਚੰਗਾ ਪੀਓ, ਚੰਗਾ ਪਹਿਨੋ। ਜਿਸ ਤੋਂ ਸਾਨੂੰ ਖੁਸ਼ੀ ਮਿਲਦੀ ਹੋਵੇ, ਉਹ ਕੰਮ ਜ਼ਰੂਰ ਕਰੋ। ਬਸ, ਕਿਸੇ ਦਾ ਦਿਲ ਨਾ ਦੁਖਾਓ। ਹਰ ਵੇਲੇ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ। ਜ਼ਿੰਦਗੀ ਉਦੋਂ ਹਸੀਨ ਬਣ ਜਾਂਦੀ ਹੈ, ਜਦੋਂ ਸਾਡੀ ਵਜ੍ਹਾ ਨਾਲ ਦੂਜੇ ਖੁਸ਼ ਹੁੰਦੇ ਹਨ ਤਾਂ ਇਹ ਸਾਡੀ ਰੂਹ ਨੂੰ ਸਕੂਨ ਪਹੁੰਚਾਉਂਦੀ ਹੈ। ਭਾਵੇਂ ਅਸੀਂ ਖੁਸ਼ ਹਾਂ ਪਰ ਜੇ ਸਾਡਾ ਆਲਾ-ਦੁਆਲਾ ਖੁਸ਼ਹਾਲ ਨਹੀਂ ਤਾਂ ਸਾਡੀ ਖੁਸ਼ੀ ਅਧੂਰੀ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਪਰਮਾਤਮਾ ਨੇ ਸਾਨੂੰ ਮਾਨਸਿਕ ਹਾਲਤ ਠੀਕ ਬਖਸ਼ੀ ਹੈ ਤਾਂ ਹੀ ਸਾਨੂੰ ਦੁੱਖਾਂ-ਸੁੱਖਾਂ ਦਾ ਪਤਾ ਲੱਗ ਸਕਦਾ ਹੈ। ਦੂਜੇ ਵਿਅਕਤੀ ਜੋ ਗ਼ਰੀਬੀ ਕਾਰਨ, ਨਸ਼ਿਆਂ, ਹੰਕਾਰ ਜਾਂ ਘਰ ਦੇ ਹਾਲਾਤ ਕਾਰਨ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ, ਉਨ੍ਹਾਂ ਦੀ ਜ਼ਿੰਦਗੀ ਅਸੀਂ ਕਿਵੇਂ ਖੁਸ਼ਹਾਲ ਬਣਾ ਸਕਦੇ ਹਾਂ? ਸਾਨੂੰ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ। ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਬਾਰੇ ਜਾਗਰੂਕ ਕਰਨ, ਖੇਡਾਂ ਪ੍ਰਤੀ ਉਤਸ਼ਾਹ, ਸਿਹਤ ਦੇਖ-ਭਾਲ ਅਤੇ ਉਨ੍ਹਾਂ ਲਈ ਸਮਾਂ ਕੱਢਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹਨ ਦਾ ਸ਼ੌਕ ਰੱਖਣ ਵਾਲੇ ਭਗਤ ਸਿੰਘ ਦੀਆਂ ਜਾਣੋਂ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਆਪਣੀ ਜ਼ਿੰਦਗੀ 'ਚ ਹਰ ਰੋਜ਼ ਕੁਝ ਨਾ ਕੁਝ ਚੰਗਾ ਸਿੱਖਦੇ ਜਾਓ ਤਾਂ ਜੋ ਉਹ ਕੱਲ੍ਹ ਨੂੰ ਤੁਹਾਡੇ ਲਈ ਖੁਸ਼ੀ ਦਾ ਕਾਰਨ ਬਣ ਸਕੇ। ਨਸ਼ੇ, ਪ੍ਰੇਸ਼ਾਨੀਆਂ, ਲੜਾਈਆਂ, ਪਾਰਟੀਬਾਜ਼ੀਆਂ ਛੱਡ ਕੇ ਚੰਗੇ ਨਾਗਰਿਕ ਬਣੋ। ਪੈਸਾ, ਦੌਲਤ, ਸ਼ੌਹਰਤ ਪਿੱਛੇ ਨਾ ਭੱਜੋ। ਇਹ ਸਭ ਲੋੜ ਤੋਂ ਵੱਧ ਸਾਡੀ ਜ਼ਿੰਦਗੀ ਨੂੰ ਬਰਬਾਦੀ ਦਾ ਕਾਰਨ ਬਣਾ ਦਿੰਦੀਆਂ ਹਨ। ਜ਼ਿੰਦਗੀ 'ਚ ਜ਼ਰੂਰੀ ਫ਼ੈਸਲੇ ਲੈਣੇ ਸਿੱਖੋ ਤੇ ਚੰਗੇ ਫ਼ੈਸਲਾ ਨਿਰਣਾਇਕ ਬਣੋ ਤੇ ਹਰ ਫ਼ੈਸਲੇ ਆਪਣੇ ਅਤੀਤ ਤੇ ਭਵਿੱਖ ਨੂੰ ਦੇਖਦੇ ਹੋਏ ਲਵੋ। ਹਰ ਰੋਜ਼ ਕਿਤਾਬਾਂ ਤੇ ਇੰਟਰਨੈੱਟ 'ਤੇ ਕੁਝ ਨਾ ਕੁਝ ਚੰਗਾ ਪੜ੍ਹਦੇ ਰਹੋ। ਕਿਤਾਬਾਂ ਪੜ੍ਹਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾ ਲਓ ਤੇ ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਜ਼ਰੂਰ ਕਰੋ। ਜੇਕਰ ਤੁਹਾਨੂੰ ਕੋਈ ਮੰਦਾ ਬੋਲੇ, ਉੱਥੇ ਤੁਸੀਂ ਚੁੱਪ ਨਾਲ ਉਸ ਦਾ ਜਵਾਬ ਦੇਵੋ ਤੇ ਖੁਸ਼ ਹੋ ਕੇ ਟਾਲ਼ੋ। ਚੁੱਪ ਨੂੰ ਜ਼ਿੰਦਗੀ 'ਚ ਅਪਣਾਉਣਾ ਸ਼ੁਰੂ ਕਰ ਦੇਵੋ। ਜ਼ਿੰਦਗੀ 'ਚ ਕਈ ਵਾਰ ਜੋ ਅਸੀਂ ਸੋਚਦੇ ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਉਹ ਸਾਨੂੰ ਮਿਲੇ, ਇਸ ਲਈ ਇਹੋ ਜਿਹੀਆਂ ਗੱਲਾਂ ਨੂੰ ਦਿਮਾਗ਼ 'ਚ ਨਾ ਰੱਖੋ। ਮਿਹਨਤ ਤੇ ਹਿੰਮਤ ਨਾਲ ਚੱਲੋ ਅਤੇ ਸਹਾਰੇ ਲੈਣੇ ਛੱਡ ਦਿਓ। ਜੋ ਸਾਡੇ ਲਈ ਚੰਗਾ ਤੇ ਫਾਇਦੇਮੰਦ ਹੁੰਦਾ ਹੈ, ਪਰਮਾਤਮਾ ਸਾਨੂੰ ਉਹ ਹੀ ਬਖਸ਼ਿਸ਼ ਕਰਦਾ ਹੈ। ਖੁਸ਼ ਰਹੋ, ਅਬਾਦ ਰਹੋ, ਅਜ਼ਾਦ ਰਹੋ।

-ਗੁਰਦੀਪ ਕਸੌਲੀ


author

Harnek Seechewal

Content Editor

Related News