ਹੱਸਦਿਆਂ ਦੇ ਘਰ ਵੱਸਦੇ
Monday, Dec 17, 2018 - 05:22 PM (IST)

ਮਨੁੱਖ ਦਾ ਜੀਵਨ ਕਈ ਰੰਗਾਂ- ਰੁੱਤਾਂ ਵਿਚੋਂ ਲੰਘਦਾ ਹੈ। ਹਰ ਰੰਗ-ਰੁੱਤ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਕੁਝ ਲੋਕ ਇਨ੍ਹਾਂ ਦਾ ਭਰਪੂਰ ਲੁਤਫ਼ ਲੈਂਦੇ ਹਨ ਅਤੇ ਕੁਝ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਆਪਣੇ ਨਿੱਤ ਦੇ ਕਾਰ-ਵਿਹਾਰ ਦਾ ਅੰਗ ਬਣਾ ਕੇ ਦੁਖੀ ਹੁੰਦੇ ਰਹਿੰਦੇ ਹਨ। ਹੱਸਣਾ-ਖੇਡਣਾ ਮਨੁੱਖੀ ਮਨ ਦੀ ਸਭ ਤੋਂ ਕੋਮਲ ਸੰਵੇਦਨਾ ਮੰਨੀ ਜਾਂਦੀ ਹੈ। ਇਸ ਸੰਵੇਦਨਾ ਦਾ ਜਿੱਥੇ ਸਰੀਰਕ ਤੰਦਰੁਸਤੀ ਨਾਲ ਸੰਬੰਧ ਮੰਨਿਆ ਜਾਂਦਾ ਹੈ ਉੱਥੇ ਹੀ ਮਾਨਸਿਕ ਸਕੂਨ ਵੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਯੋਗ ਵਿਚ ਹੱਸਣ ਦਾ ਆਸਣ ਸ਼ਾਮਿਲ ਕੀਤਾ ਗਿਆ ਹੈ। ਸਵੇਰੇ-ਸ਼ਾਮ ਯੋਗ ਕਰਨ ਵਾਲੇ ਲੋਕ ਉੱਚੀ-ਉੱਚੀ ਹੱਸ ਕੇ ਮਾਨਸਿਕ ਸਕੂਨ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ।
ਅਜੋਕਾ ਸਮਾਂ ਪਰੇਸ਼ਾਨੀਆਂ ਦਾ ਸਮਾਂ ਹੈ। ਮਨੁੱਖ ਆਪਣੇ ਰੋਜ਼ਾਨਾ ਦੇ ਕੰਮਾਂਕਾਰਾਂ ਤੋਂ ਕੁਝ ਸਮੇਂ ਲਈ ਰਾਹਤ ਚਾਹੁੰਦਾ ਹੈ ਤਾਂ ਕਿ ਸਕੂਨ ਦਾ ਸਮਾਂ ਮਿਲ ਸਕੇ। ਸ਼ਹਿਰਾਂ ਵਿਚ ਰਹਿੰਦੇ ਬਹੁਤ ਸਾਰੇ ਲੋਕ ਸਕੂਨ ਭਾਲਣ ਆਪਣੇ ਘਰਾਂ, ਪਿੰਡਾਂ ਨੂੰ ਜਾਂਦੇ ਹਨ। ਹੱਸਣਾ-ਖੇਡਣਾ ਵੱਸਦੇ ਘਰਾਂ ਦੀ ਨਿਸ਼ਾਨੀ ਹੈ। ਉਨ੍ਹਾਂ ਘਰਾਂ ਦੇ ਲੋਕ ਵੱਧ ਖੁਸ਼ ਅਤੇ ਤੰਦਰੁਸਤ ਹੁੰਦੇ ਹਨ ਜਿੱਥੇ ਹਾਸਾ-ਠੱਠਾ ਹੁੰਦਾ ਹੈ। ਲੋਕਾਂ ਵਿਚ ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਪ੍ਰਬਲ ਰੂਪ ਵਿਚ ਵਿਦਮਾਨ ਹੁੰਦੀ ਹੈ। ਅਜਿਹੇ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੁੰਦੇ।
ਪੰਜਾਬੀ ਸਾਹਿਤ ਵਿਚ ਆਮ ਹੀ ਇਹ ਅਖਾਣ ਬੋਲਿਆ ਜਾਂਦਾ ਹੈ 'ਹੱਸਦਿਆਂ ਦੇ ਘਰ ਵੱਸਦੇ' ਇਹ ਅਖਾਣ ਆਪਣੀ ਮਹੱਤਤਾ ਦਾ ਬਖ਼ਿਆਨ ਆਪ ਹੀ ਕਰ ਰਿਹਾ ਹੈ। ਉਨ੍ਹਾਂ ਲੋਕਾਂ ਦੇ ਘਰਾਂ ਵਿਚ ਰੌਣਕ ਹੁੰਦੀ ਹੈ/ ਹਾਸੇ ਹੁੰਦੇ ਹਨ/ ਖੁਸ਼ੀਆਂ ਹੁੰਦੀਆਂ ਹਨ ਜਿੱਥੇ ਹਾਸੇ ਹੁੰਦੇ ਹਨ। ਪਰ! ਅਫ਼ਸੋਸ ਅੱਜ ਕੱਲ ਲੋਕ ਆਪਣੇ ਆਲੇ-ਦੁਆਲੇ ਹਾਸੇ ਨਹੀਂ ਲੱਭਦੇ ਬਲਕਿ ਨਕਾਰਾਤਮਕਤਾ ਨੂੰ ਲੱਭਦੇ ਹਨ। ਇਸ ਕਰਕੇ ਬਹੁਤ ਸਾਰੇ ਲੋਕ ਮਾਨਸਿਕ ਰੂਪ ਵਿਚ ਪਰੇਸ਼ਾਨ ਹੋ ਜਾਂਦੇ ਹਨ। ਇਨ੍ਹਾਂ ਦੁੱਖਾਂ-ਤਕਲੀਫ਼ਾਂ ਤੋਂ ਪਾਰ ਪਾਉਣ ਲਈ ਆਪਣਿਆਂ ਨਾਲ ਹੱਸੋ। ਉਨ੍ਹਾਂ ਦੇ ਦਿਲਾਂ ਦੀਆਂ ਗੱਲਾਂ ਸੁਣੋ ਅਤੇ ਆਪਣੇ ਦਿਲ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰੋ।
ਮਨੁੱਖ ਦਾ ਸਭ ਤੋਂ ਵੱਡਾ ਰੋਗ ਇਹ ਹੈ ਕਿ ਉਹ ਆਪਣੇ ਵਿਅਕਤੀਗਤ ਜੀਵਨ ਅਤੇ ਆਪਣੇ ਕਿੱਤੇ ਦੇ ਜੀਵਨ ਨੂੰ ਆਪਸ ਵਿਚ ਗਲਗੱਡ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਸ਼ਾਮੀਂ ਘਰ ਤਾਂ ਆਉਂਦੇ ਹਨ ਪਰ! ਅਫ਼ਸਰ ਬਣ ਕੇ/ ਵਪਾਰੀ ਬਣ ਕੇ ਜਾਂ ਫਿਰ ਆਪਣੇ ਕਿੱਤੇ ਮੁਤਾਬਕ ਵਿਅਕਤੀ ਬਣ ਕੇ। ਕਦੇ ਆਪਣੇ ਘਰ ਪਿਤਾ ਬਣ ਕੇ ਆਓ/ ਪਤੀ ਬਣ ਕੇ ਆਓ/ ਪੁੱਤਰ ਬਣ ਕੇ ਆਓ ਤਾਂ ਜ਼ਿੰਦਗੀ ਦਾ ਆਨੰਦ ਵੱਖਰਾ ਹੀ ਮਹਿਸੂਸ ਹੋਵੇਗਾ।
ਹਾਸਾ ਜਿੱਥੇ ਰੂਹ ਦੀ ਖ਼ੁਰਾਕ ਹੈ ਉੱਥੇ ਸਰੀਰ ਦੀ ਖ਼ੁਰਾਕ ਵੀ ਮੰਨਿਆ ਜਾਂਦਾ ਹੈ। ਮਨੋਵਿਗਿਆਨੀਆਂ ਦਾ ਕਥਨ ਹੈ ਕਿ 'ਦੁਨੀਆਂ ਵਿਚ ਹਰ ਮੁਸੀਬਤ ਦਾ ਹੱਲ ਹੈ।' ਜਦੋਂ ਅਸੀਂ ਇਸ ਵਾਕ ਨੂੰ ਆਪਣੇ ਧੁਰ ਅੰਦਰ ਵਸਾ ਲਿਆ ਤਾਂ ਪੇਰਸ਼ਾਨੀ/ ਦੁੱਖ ਸਾਨੂੰ ਵਿਚਲਿਤ ਨਹੀਂ ਕਰ ਸਕਦਾ। ਅਸੀਂ ਇਹ ਹਕੀਕਤ ਜਾਣਦੇ ਹਾਂ ਕਿ ਸਾਡੀ ਮੁਸੀਬਤ ਦਾ ਵੀ ਹੱਲ ਨਿਕਲ ਆਵੇਗਾ। ਇਸ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਹਾਂ, ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਮੁੜ ਆਪਣੇ ਮਕਸਦ ਵਿਚ ਸਫਲ ਹੋ ਜਾਵਾਂਗੇ। ਇਸ ਕਰਕੇ ਜ਼ਿੰਦਗੀ ਦੇ ਹਰ ਮੋੜ ਉੱਤੇ ਆਪਣੇ ਲੋਕਾਂ ਨਾਲ ਹੱਸਦੇ ਰਹੋ/ ਖੁਸ਼ ਰਹੋ ਤਾਂ ਕਿ ਜੀਵਨ ਦੀਆਂ ਮੁਸੀਬਤਾਂ ਬਿਨਾਂ ਰੁਕੇ ਲੰਘ ਜਾਣ ਅਤੇ ਅਸੀਂ ਆਪਣੀ ਅਮੁੱਲ ਜ਼ਿੰਦਗੀ ਦਾ ਆਨੰਦ ਮਾਣ ਸਕੀਏ।
ਡਾ. ਨਿਸ਼ਾਨ ਸਿੰਘ ਰਾਠੌਰ
ਮੋਬਾ. 075892- 33437