ਕਰਤਾਰ ਸਿੰਘ ਸਰਾਭਾ
Wednesday, Dec 05, 2018 - 05:29 PM (IST)

ਦੇਸ਼ ਨੂੰ ਕਰਾ ਗਇਓਂ,ਆਜ਼ਾਦ ਤੂੰ ਸਰਾਭਿਆ
ਰਹੇਂਗਾ ਪੰਜਾਬੀਆਂ ਨੂੰ ਯਾਦ ਤੂੰ ਸਰਾਭਿਆ
ਛੋਟੀ ਜਿਹੀ ਉਮਰੇ ਤੂੰ ,ਫਾਂਸੀ ਉੱਤੇ ਚੜ੍ਹ ਕੇ
ਵੈਰੀਆਂ ਦੇ ਮੂਹਰੇ ਤੂੰ ਖਲੋਇਆ ਹਿੱਕ ਤਣ ਕੇ
ਦੇਸ਼ ਦੀ ਬਚਾ ਗਇਓਂ, ਲਾਜ ਤੂੰ ਸਰਾਭਿਆ
ਰਹੇਂਗਾ ਪੰਜਾਬੀਆਂ ਨੂੰ ਯਾਦ ਤੂੰ ਸਰਾਭਿਆ
ਦਿੱਲੀ 'ਚ ਤਿਰੰਗਾ ਝੰਡਾ, ਗੱਡਣਾ ਸੀ ਕੇਸਨੇ
ਮੱਖਣ ਆਜ਼ਾਦੀ ਵਾਲਾ, ਕੱਢਣਾ ਸੀ ਕੇਸਨੇ
ਲਾਉਂਦਾ ਨਾ ਬਗਾਵਤਾਂ ਦਾ, ਜਾਗ ਤੂੰ ਸਰਾਭਿਆ
ਰਹੇਗਾ ਹਮੇਸ਼ਾ ਸਾਨੂੰ ਯਾਦ ਤੂੰ ਸਰਾਭਿਆ
ਸੂਰਮੇ ਭਗਤ ਸਿੰਘ, ਗੁਰੂ ਤੈਨੂੰ ਧਾਰਿਆ
ਗੁਲਾਮੀਆਂ ਦਾ ਰੁੱਖ ਜਿਹਨੇ, ਜੜ ਤੋਂ ਹੀ ਉਖਾੜਿਆ
ਐਸਾ ਅਣਖਾਂ ਦਾ ਬਾਲਿਆ, ਚਿਰਾਗ ਤੂੰ ਸਰਾਭਿਆ
ਰਹੇਂਗਾ ਪੰਜਾਬੀਆਂ ਨੂੰ ਯਾਦ ਤੂੰ ਸਰਾਭਿਆ
ਗੁਲਾਮੀ ਦੇ ਕਲੰਕ ਜਿਹੜੇ ਮੱਥੇ ਉੱਤੇ ਲੱਗੇ ਸੀ
ਗੋਰਿਆਂ ਨੇ ਜਿੱਲਤਾਂ ਦੇ ਲਾਏ ਜਿਹੜੇ ਧੱਬੇ ਸੀ
ਲਹੂ ਨਾਲ ਧੋਤੇ ਸਾਰੇ, ਦਾਗ ਤੂੰ ਸਰਾਭਿਆ
ਰਹੇਂਗਾ ਫਰੰਗੀਆਂ ਨੂੰ ਯਾਦ ਤੂੰ ਸਰਾਭਿਆ
ਮਾਰਦਾ ਫਰਾਟੇ ਚਿੱਟਾ, ਨਸ਼ਿਆਂ ਦਾ ਨਾਗ ਏ
ਗੋਰਿਆਂ ਦੀ ਜਗ੍ਹਾ ਸੱਪਾਂ, ਕਾਲਿਆਂ ਦਾ ਰਾਜ ਏ
ਆਜ਼ਾਦੀਆਂ ਦਾ ਲਾਇਆ ਜਿੱਥੇ, ਬਾਗ ਤੂੰ ਸਰਾਭਿਆ
ਰਹੇਂਗਾ ਪੰਜਾਬੀਆਂ ਨੂੰ, ਯਾਦ ਤੂੰ ਸਰਾਭਿਆ
ਸਿਆਸਤਾਂ ਉਜਾੜਤਾ, ਪੰਜਾਬ ਨੂੰ ਸਰਾਭਿਆ
— ਕੁਲਵੀਰ ਸਿੰਘ ਡਾਨਸੀਵਾਲ