ਭਾਰਤੀ ਸੰਵਿਧਾਨ ਦੇ ਨਿਰਮਾਤਾ : ਡਾ. ਬੀ. ਆਰ. ਅੰਬੇਡਕਰ
Thursday, Apr 14, 2022 - 09:07 AM (IST)

ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਬੀ. ਆਰ. ਅੰਬੇਡਕਰ ਜੀ ਦੀ ਜ਼ਿੰਦਗੀ ਸੰਘਰਸ਼ ਅਤੇ ਪੱਕੇ ਇਰਾਦੇ ਦੀ ਸਫਲਤਾ ਦੀ ਕਹਾਣੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦੀ ਰਹੇਗੀ। ਡਾ. ਬੀ. ਆਰ. ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਈ. ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ਦੇ ਪਿੰਡ ਮਹੂ (ਮਿਲਟਰੀ ਛਾਉਣੀ) ਪਿਤਾ ਰਾਮ ਜੀ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਆਪ ਭਾਰਤ ’ਚ ਫੈਲੀ ਭੈੜੀ ਬੁਰਾਈ ਵਰਣ-ਵੰਡ ਅਨੁਸਾਰ ਮਹਾਰ ਜਾਤੀ ਨਾਲ ਸੰਬੰਧ ਰੱਖਦੇ ਸਨ। ਡਾ. ਅੰਬੇਡਕਰ ਜੀ ਨੇ ਆਪਣੀ ਮੁੱਢਲੀ ਸਿੱਖਿਆ ਘੋਰ ਗਰੀਬੀ ਤੇ ਛੂਆ-ਛਾਤ ਨੂੰ ਆਪਣੇ ਪਿੰਡੇ 'ਤੇ ਹੰਢਾਉਂਦਿਆਂ ਪ੍ਰਾਪਤ ਕੀਤੀ।
ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਵਿੱਦਿਆ ਦੌਰਾਨ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਵਿਦੇਸ਼ ਵਿਚ ਪੜ੍ਹਾਈ ਕਰਨ ਸਮੇਂ ਵੀ ਆਰਥਿਕ ਪੱਖੋਂ ਹਾਲਤ ਕਮਜ਼ੋਰ ਸੀ। ਉਨ੍ਹਾਂ ਨੂੰ ਵਿਸ਼ਵ ਦੇ ਵਿਦਵਾਨ ਬਣਾਉਣ ਲਈ ਪਿਤਾ ਸੂਬੇਦਾਰ ਮੇਜਰ ਰਾਮ ਜੀ ਨੇ ਕਈ ਵਾਰ ਕਰਜ਼ਾ ਚੁੱਕਿਆ। ਕੋਹਲਾਪੁਰ ਦੇ ਮਹਾਰਾਜ ਸ਼ਾਹੂ ਛਤਰਪਤੀ ਜੀ ਨੇ ਡਾ. ਅੰਬੇਡਕਰ ਦੀ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਸੰਨ 1919 ਈ. ਤੋਂ ਲੈ ਕੇ 1923 ਈ. ਤੱਕ ਬਾਬਾ ਸਾਹਿਬ ਦੀ ਮਦਦ ਕਰਕੇ ਉਨ੍ਹਾਂ ਦਾ ਹੌਸਲਾ ਬੁਲੰਦ ਰੱਖਿਆ ਅਤੇ ਬੜੌਦਾ ਦੇ ਮਹਾਰਾਜਾ ਸਿਆਜੀ ਰਾਓ ਗਾਇਕਵਾੜ ਜੀ ਨੇ ਡਾ. ਅੰਬੇਡਕਰ ਜੀ ਨੂੰ ਸਕਾਲਰਸ਼ਿਪ ਦੇ ਕੇ ਉਚੇਰੀ ਵਿੱਦਿਆ ਲਈ ਅਮਰੀਕਾ ਭੇਜਿਆ।
ਇਹ ਵੀ ਪੜ੍ਹੋ: ਸਿੱਖ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਸਰਗਰਮੀਆਂ ਜਾਰੀ
ਜਿਥੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਭਾਰਤੀ ਸਮਾਜ ਵਿਚ ਫੈਲੀ ਜਾਤ-ਪਾਤ ਦੀ ਬੁਰਾਈ ਕਾਰਨ ਅਨੇਕਾਂ ਵਾਰ ਅਪਮਾਨਿਤ ਹੋਣਾ ਪਿਆ, ਉਥੇ ਉਨ੍ਹਾਂ ਨੇ ਆਪਣੇ ਕ੍ਰਾਂਤੀਕਾਰੀ ਅੰਦੋਲਨ ਨੂੰ ਪਿੱਛੇ ਨਹੀਂ ਪੈਣ ਦਿੱਤਾ। ਨੀਵੇਂ ਸਮਝੇ ਜਾਂਦੇ ਲੋਕਾਂ ਦੀ ਤਰ੍ਹਾਂ ਭਾਰਤ ਵਿਚ ਔਰਤ ਦੀ ਜੂਨ ਵੀ ਇਕ ਸਮਾਨ ਹੀ ਸੀ। ਬਾਬਾ ਸਾਹਿਬ ਔਰਤਾਂ ਦੀ ਤਰੱਕੀ ਅਤੇ ਆਜ਼ਾਦੀ ਵਾਸਤੇ ਉਨ੍ਹਾਂ ਲੋਕਾਂ ਨਾਲ ਲੜੇ, ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ। ਬਾਬਾ ਸਾਹਿਬ ਜੀ ਦੇ ਆਰੰਭੇ ਕ੍ਰਾਂਤੀਕਾਰੀ ਸੰਘਰਸ਼ ਦਾ ਸਿੱਟਾ ਹੈ ਕਿ ਅੱਜ ਔਰਤਾਂ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਈਆਂ ਅਤੇ ਮਰਦਾਂ ਦੇ ਬਰਾਬਰ ਸਿਰ ਉੱਚਾ ਚੁੱਕ ਕੇ ਚੱਲ ਰਹੀਆਂ ਹਨ। ਡਾ. ਅੰਬੇਡਕਰ ਬੜੇ ਮਾਣ ਨਾਲ ਕਿਹਾ ਕਰਦੇ ਸਨ, ‘‘ਮੈਂ ਉਹ ਯੋਧਾ ਹਾਂ, ਜੋ ਮੇਰੇ ਸੰਘਰਸ਼ ਨਾਲ ਭਾਰਤੀ ਸਮਾਜ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਮਿਲਿਆ ਹੈ, ਇਸ ਦਾ ਮੈਨੂੰ ਮਾਣ ਹੈ।’’
ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਆਪਣੀ ਅਣਥੱਕ ਮਿਹਨਤ ਨਾਲ ਐੱਮ. ਏ., ਪੀ. ਐੱਚ. ਡੀ., ਡੀ. ਐੱਸ. ਟੀ., ਡੀ. ਲਿਟ ਬਾਰ ਐਟ ਲਾਅ ਡਿਗਰੀਆਂ ਪ੍ਰਾਪਤ ਕਰਕੇ ਭਾਰਤ ਦਾ ਸੰਵਿਧਾਨ ਕਲਮਬੱਧ ਕੀਤਾ, ਜਿਸ ਵਿਚ ਭਾਰਤ ਦੇ ਹਰ ਵਿਅਕਤੀ ਨੂੰ ਵੋਟ ਦੇਣ ਅਤੇ ਵੋਟ ਪ੍ਰਾਪਤ ਕਰਨ ਦਾ ਅਧਿਕਾਰ ਮਿਲਿਆ ਅਤੇ ਜਿਸ ਨਾਲ ਛੂਆ-ਛਾਤ ਤੇ ਬੇਗਾਰ ਦਾ ਖਾਤਮਾ ਹੋਇਆ ਹੈ। ਡਾ. ਅੰਬੇਡਕਰ ਜੀ ਨੇ ਦੇਸ਼ ਦੀ ਰਾਜਨੀਤੀ, ਸੱਤਾ ਦੇ ਮਹੱਤਵ ਨੂੰ ਸਮਝਦੇ ਹੋਏ ਕਿਹਾ ਕਿ ਰਾਜਨੀਤਕ ਸੱਤਾ ਉਹ ਮਾਸਟਰ ਚਾਬੀ ਹੈ, ਜਿਸ ਨਾਲ ਭਾਰਤ ਵਿਚ ਜਾਤ-ਪਾਤ ਦੇ ਸਿਲਸਿਲੇ ਕਾਰਨ ਲਤਾੜੇ ਲੋਕ ਆਪਣੀ ਤਰੱਕੀ ਅਤੇ ਸਵਾਭਿਮਾਨ ਦੇ ਸਾਰੇ ਦਰਵਾਜ਼ੇ ਖੋਲ੍ਹ ਸਕਦੇ ਹਨ।
ਡਾ. ਬੀ. ਆਰ. ਅੰਬੇਡਕਰ ਜੀ ਨੇ ਦੇਸ਼ ਦੇ ਅਛੂਤਾਂ, ਪੱਛੜੇ ਵਰਗਾਂ ਅਤੇ ਨਾਰੀ ਜਾਤੀ ਦੀ ਭਲਾਈ ਲਈ ਤੇ ਉਨ੍ਹਾਂ ਦੇ ਹੱਕਾਂ ਲਈ ਕੰਮ ਖੂਬ ਕੰਮ ਕੀਤਾ। ਬਾਬਾ ਸਾਹਿਬ ਨੇ ਆਪਣੇ ਖ਼ੂਨ ਦਾ ਇਕ-ਇਕ ਕਤਰਾ, ਆਪਣਾ ਇਕ-ਇਕ ਸੁਆਸ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਇਨ੍ਹਾਂ ਦੇ ਲੇਖੇ ਲਾ ਦਿੱਤਾ। ਬਾਬਾ ਸਾਹਿਬ ਜੀ ਦੇ ਸੰਘਰਸ਼ ਦੌਰਾਨ ਉਨ੍ਹਾਂ ਦੇ ਚਾਰ ਬੱਚੇ ਰਾਜ ਰਤਨ, ਰਮੇਸ਼, ਗੰਗਾਧਰ, ਇੰਦੂ (ਬੇਟੀ) ਅਤੇ ਉਨ੍ਹਾਂ ਦੀ ਪਤਨੀ ਰਾਮਾਬਾਈ ਜੀ ਵੀ ਅਕਾਲ ਚਲਾਣਾ ਕਰ ਗਏ, ਫਿਰ ਵੀ ਬਾਬਾ ਸਾਹਿਬ ਜੀ ਨੇ ਹੌਸਲਾ ਨਹੀਂ ਹਾਰਿਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਾਂਝੀਵਾਲਤਾ ਦੇ ਦੁਸ਼ਮਣਾਂ ਨੂੰ ਲੰਮੇ ਹੱਥੀਂ ਲਿਆ ਤੇ ਇਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ।
-ਮਹਿੰਦਰ ਸੰਧੂ ‘ਮਹੇੜੂ’