ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ 'ਹੋਲਾ ਮਹੱਲਾ', ਜਾਣੋ ਇਤਿਹਾਸ ਤੇ ਮਹੱਤਤਾ

Monday, Mar 14, 2022 - 02:35 PM (IST)

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ 'ਹੋਲਾ ਮਹੱਲਾ', ਜਾਣੋ ਇਤਿਹਾਸ ਤੇ ਮਹੱਤਤਾ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਪੰਜਾਬ ਵਿੱਚ 14 ਤੋਂ 19 ਮਾਰਚ 2022 ਨੂੰ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ। ਵੱਖ-ਵੱਖ ਵਿਦਵਾਨਾਂ ਅਨੁਸਾਰ ਹੋਲਾ ਮੁਹੱਲਾ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ ਅਤੇ ਇਸਦਾ ਮੁੱਖ ਆਦੇਸ਼ ਸਿੱਖਾਂ ਨੂੰ ਅਨਿਆਂ ਅਤੇ ਜ਼ੁਲਮ ਖ਼ਿਲਾਫ਼ ਲੜ੍ਹਣ ਲਈ ਤਿਆਰ ਕਰਨਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਇਸ ਮੌਕੇ ਖਾਲਸਾਈ ਫੌਜਾਂ ਦੇ ਵੱਖ-ਵੱਖ ਦਲਾਂ ਵਿੱਚ ਸ਼ਸ਼ਤਰ ਵਿੱਦਿਆ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਇਹ ਤਿਉਹਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਲੋਕ ਵੱਡੀ ਗਿਣਤੀ ਵਿੱਚ, ਜਿਸਨੂੰ ਮਹੱਲਾ ਕਹਿੰਦੇ ਹਨ, ਨਗਾਰਿਆਂ ਦੀ ਆਵਾਜ਼ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਜਾਂਦੇ ਹਨ। ਇਸ ਵਿੱਚ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਪੁਰਾਤਨ ਸ਼ਾਨ ਨਾਲ ਸ਼ਾਮਲ ਹੁੰਦੇ ਹਨ ਅਤੇ ਸ਼ਸ਼ਤਰਾਂ ਦੇ ਕਰਤੱਵ ਵਿਖਾਏ ਜਾਂਦੇ ਹਨ। 

ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ। ਹੋਲਾ ਮਹੱਲਾ ਮਨੁੱਖ ਦੀ ਆਜ਼ਾਦੀ, ਬਹਾਦਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਖਾਲਸਾ ਬਣਾ ਦਿੱਤਾ ਅਤੇ ਵਹਿਮਾਂ-ਭਰਮਾਂ ਨੂੰ ਖ਼ਤਮ ਕਰਕੇ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਸਮਾਜ ਵਿੱਚੋਂ ਊਚ-ਨੀਚ, ਭਿੰਨ-ਭੇਦ ਮੁਕਾ ਕੇ ਖੁਸ਼ੀ ਵਜੋਂ ਹੋਲਾ ਮਹੱਲਾ ਮਨਾਉਣਾ ਆਰੰਭਿਆ ਸੀ। ਜਦੋਂ ਹੋਲੇ ਮਹੱਲੇ ਦਾ ਜਲੂਸ ਕਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ ’ਤੇ ਬਲਵਾਨ ਕਰਨ ਦੇ ਨਵੇਂ ਸਾਧਨ ਅਪਣਾਏ ਭਗਤੀ-ਸ਼ਕਤੀ ਦੇ ਆਦਰਸ਼ਕ ਸੁਮੇਲ ਲਈ ਸ਼ਸਤਰਾਂ ਦੇ ਸਤਿਕਾਰ ਅਤੇ ਸਹੀ ਪ੍ਰਯੋਗ ਉੱਪਰ ਬਲ ਦਿੱਤਾ। ਇਸੇ ਪਰਿਵਰਤਨ ਤਹਿਤ ਖ਼ਾਲਸਾ ਪੰਥ ਵਿੱਚ ਹੋਲਾ ਮਹੱਲਾ ਪੁਰਬ ਦਾ ਮੰਤਵ ਅਤੇ ਉਦੇਸ਼ ਬੜੇ ਉਸਾਰੂ ਅਤੇ ਸਾਰਥਕ ਰੂਪ ਵਿੱਚ ਪ੍ਰਗਟ ਕੀਤਾ।

ਸ੍ਰੀ ਅਨੰਦਪੁਰ ਸਾਹਿਬ ਭਾਰਤ ਦੇ ਉੱਤਰ-ਪੱਛਮੀ ਸੂਬੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਪ੍ਰਸਿੱਧ ਨਗਰ ਹੈ, ਜੋ ਹੁਣ ਸਬ ਡਵੀਜ਼ਨ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ 1665 ਵਿੱਚ ਕੀਤੀ ਸੀ। ਇਸਦਾ ਪਹਿਲਾ ਨਾਮ ਮਾਖੋਵਾਲ ਸੀ। ਇੱਕ ਕਹਾਣੀ ਅਨੁਸਾਰ ਇੱਥੇ ਮਾਖੋ ਨਾਮ ਦਾ ਡਾਕੂ ਰਹਿੰਦਾ ਸੀ, ਜੋ ਕਿਸੇ ਨੂੰ ਇਸ ਇਲਾਕੇ ਵਿੱਚ ਰਹਿਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦੁਰ ਨੇ ਆਪਣੇ ਮਾਤਾ ਨਾਨਕੀ ਜੀ ਦੇ ਨਾਮ ’ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਸਥਾਨ ਛੱਡਕੇ ਭੱਜ ਗਿਆ। ਹੁਣ ਚੱਕ ਨਾਨਕੀ, ਅਨੰਦਪੁਰ ਸਾਹਿਬ, ਲੋਧੀਪੁਰ, ਅਗੰਮਪੁਰ, ਮਟੌਰ ਏਨੇ ਵਸ ਚੁੱਕੇ ਹਨ ਕਿ ਇੱਕ ਆਮ ਆਦਮੀ ਨੂੰ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਪਤਾ ਨਹੀਂ। ਅਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਸਾਹਿਬ ਤੋਂ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਕਿਸੇ ਵੇਲੇ ਸੰਘਣਾ ਜੰਗਲ ਸੀ। ਇਸ ਇਲਾਕੇ ਵਿੱਚ ਇੱਕ ਪਾਸੇ ਸਤਲੁਜ ਦਰਿਆ, ਚਰਨ ਗੰਗਾ, ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। 

ਦਰਿਆ ਅਤੇ ਪਹਾੜਾਂ ਵਿੱਚ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਹਾਥੀ, ਸ਼ੇਰ, ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸਨ। ਇੱਥੇ ਹਾਥੀ ਬਹੁਤ ਸਨ ਅਤੇ ਇਸ ਇਲਾਕੇ ਨੂੰ ਹਥੋਤ (ਹਾਥੀਆ ਦਾ ਘਰ) ਆਖਿਆ ਕਰਦੇ ਸਨ। ਹਥੋਤ ਦੇ ਇਲਾਕੇ ਦੀ ਲੰਬਾਈ ਲਗਭਗ 50 ਕਿਲੋਮੀਟਰ ਅਤੇ ਚੌੜਾਈ ਲਗਭਗ 10 ਕਿਲੋਮੀਟਰ ਸੀ। ਜਦੋ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ, ਉਸ ਵੇਲੇ ਬਹੁਤੇ ਜਾਨਵਰ ਤਾਂ ਪਹਾੜੀ ਜੰਗਲ ਵਿੱਚ ਰਹਿ ਗਏ ਸਨ ਅਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ ਪਰ ਫਿਰ ਡਰ ਕਾਰਨ ਲੋਕ ਨਹੀਂ ਰਹਿੰਦੇ ਸਨ। ਗੁਰੂ ਸਾਹਿਬ ਨੇ ਇਸ ਜੰਗਲ ਵਿੱਚ ਰਮਣੀਕ ਨਗਰੀ ਵਸਾ ਦਿੱਤੀ ਸੀ। ਜਿੱਥੇ ਕਦੇ ਦਿਨ ਵੇਲੇ ਕੋਈ ਨੇੜੇ ਨਹੀਂ ਆਉਂਦਾ ਸੀ, ਉੱਥੇ ਹਰ ਵੇਲੇ  ਸੰਗਤਾਂ ਦੀਆਂ ਰੋਣਕਾਂ ਲੱਗੀਆਂ ਰਹਿੰਦੀਆਂ ਸਨ। 

ਅਨੰਦਪੁਰ ਸਾਹਿਬ ਬਾਰੇ ਇੱਕ ਹੋਰ ਮਿਥਿਹਾਸਕ ਕਹਾਣੀ ਮਸ਼ਹੂਰ ਹੈ ਕਿ ਇੱਥੇ ਮਾਖੋ ਤੇ ਮਾਟੋ ਨਾਮ ਦੇ ਦੋ ਦੈਂਤ ਰਿਹਾ ਕਰਦੇ ਸਨ ਅਤੇ ਦੋਹਾਂ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਦੋਵੇਂ ਜ਼ਾਲਮ ਸਨ ਅਤੇ ਇਲਾਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ। ਸਿੱਖ ਤਵਾਰੀਖ਼ ਵਿੱਚ ਹਥੌਤ ਦੇ ਇਲਾਕੇ ਦੀ ਜੇ ਕਿਸੇ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈਂ ਬੁੱਢਣ ਸ਼ਾਹ ਦੇ ਡੇਰੇ ਦਾ ਹੈ। ਵੱਖ-ਵੱਖ ਜਨਮ ਸਾਖੀਆਂ ਮੁਤਾਬਕ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਵੇਲੇ ਇਕ ਵਾਰ ਕੀਰਤਪੁਰ ਕੋਲੋਂ ਲੰਘੇ ਤਾਂ ਸਾਈਂ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋਂ ਦੁੱਧ ਛਕਿਆ ਸੀ। ਇਸ ਮਗਰੋਂ ਹਥੌਤ ਦੇ ਇਲਾਕੇ ਵਿੱਚ 1624 ਵਿੱਚ ਗੁਰੂ ਹਰਿਗੋਬਿੰਦ ਸਾਹਿਬ ਆਏ ਅਤੇ ਉਨ੍ਹਾਂ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਵਸਾਇਆ। 1665 ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿੱਚ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਇੰਝ ਗੁਰੂ ਸਾਹਿਬ ਨੇ ਇਸ ਉਜਾੜ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਾ ਦਿੱਤੀਆਂ। 

ਅੱਜ ਹਥੌਤ ਦੇ ਇਲਾਕੇ ਵਿੱਚ ਵੱਖ-ਵੱਖ ਗੁਰਦੁਆਰਿਆਂ ਕਾਰਨ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਹੈ। ਇਸ ਇਲਾਕੇ ਨੂੰ ਸਿੱਖ ਬੌਧਿਕਤਾ, ਵਿਦਵਤਾ, ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਮੰਤਵ ਨਾਲ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖਕੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ ਦੀ ਉਸਾਰੀ ਕਰਵਾਈ ਗਈ। ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ 1699 ਵਿੱਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਸਾਜ਼ਨਾ ਕੀਤੀ ਗਈ ਸੀ। 1665 ਤੋਂ ਲੈਕੇ ਹੁਣ ਤੱਕ ਅਨੰਦਪੁਰ ਸਾਹਿਬ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਨੂੰ ਸਹੀ ਜਗ੍ਹਾ ’ਤੇ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵਲੋਂ ਖਾਲਸਾ ਸਾਜਨਾ ਦਿਵਸ ਦੇ 300ਸਾਲਾ ਜ਼ਸ਼ਨਾਂ ਮੌਕੇ 1999 ਵਿੱਚ ਅਨੰਦਪੁਰ ਸਾਹਿਬ ਵਿੱਚ ਕਈ ਨਵੀਂਆਂ ਇਮਾਰਤਾ ਦੀ ਉਸਾਰੀ ਕਰਵਾਈ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਨਵੀਂ ਦਿੱਖ ਬਣ ਗਈ ਹੈ ਅਤੇ ਨਾਲ ਸ਼ਹਿਰ ਦੀ ਪੁਰਾਣੀ ਦਿੱਖ ਹੋਰ ਸੁੰਦਰ ਹੋ ਗਈ ਹੈ। 

ਮੌਜੂਦਾ ਬੱਸ ਅੱਡੇ ਤੋਂ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀ ਢੱਕੀ ਦੇ ਹੇਠਲੇ ਚੌਂਕ ਵਿੱਚ ਤਿੰਨ ਪਿੰਡਾਂ, ਚੱਕ ਨਾਨਕੀ, ਅਨੰਦਪੁਰ ਸਾਹਿਬ ਅਤੇ ਲੋਧੀਪੁਰ ਦੀਆਂ ਹੱਦਾਂ ਮਿਲਦੀਆ ਹਨ। ਗੁਰਦੁਆਰਾ ਸੀਸ ਗੰਜ, ਦਮਦਮਾ ਸਾਹਿਬ, ਭੋਰਾ ਸਾਹਿਬ, ਚੱਕ ਨਾਨਕੀ ਦੀਆਂ ਹੱਦਾਂ ਸਨ, ਮਹਿਲ ਅਤੇ ਗੁਰੂ ਸਾਹਿਬ ਦਾ ਨਿਵਾਸ ਸਥਾਨ ਸਨ। ਮੌਜੂਦਾ ਬਸ ਸਟੈਂਡ, ਹਸਪਤਾਲ, ਲੜਕੀਆਂ ਦਾ ਸਰਕਾਰੀ ਸਕੂਲ ਚੱਕ ਨਾਨਕੀ ਵਿੱਚ ਹੈ। ਹੋਲਗੜ੍ਹ ਗੁਰਦੁਆਰੇ ਦੇ ਨੇੜੇ ਚੱਕੀ ਦਾ ਆਰਾ ਚੱਕ ਨਾਨਕੀ ਵਿੱਚ ਹੈ। ਕੇਸਗੜ੍ਹ ਸਾਹਿਬ ਦੇ ਹੇਠਾਂ ਵੱਲ ਦਾ ਸਰੋਵਰ ’ਤੇ ਮਿਲਕ ਬਾਰ ਪਿੰਡ ਲੋਧੀਪੁਰ ਵਿੱਚ ਹੈ, ਪੁਲਸ ਥਾਣੇ ਦੇ ਨਾਲ ਦਾ ਬਾਗ ਚੱਕ ਨਾਨਕੀ ਦਾ ਹਿੱਸਾ ਹੈ। ਖਾਲਸਾ ਹਾਈ ਸਕੂਲ ਸਹੋਟਾ ਵਿੱਚ ਹੈ। ਨਿਹੰਗ ਸਿੰਘਾਂ ਦੇ ਇੰਤਜ਼ਾਮ ਹੇਠਲਾ ਸ਼ਹੀਦੀ ਬਾਗ ਪਿੰਡ ਲੋਧੀਪੁਰ ਵਿੱਚ ਹੈ। ਕੇਸਗੜ੍ਹ ਸਾਹਿਬ ਅਤੇ ਨਾਲ ਦੇ ਬਜ਼ਾਰਾਂ ਤੋ ਕੇਸਗੜ੍ਹ ਸਾਹਿਬ ਅਤੇ ਅਨੰਦਗੜ੍ਹ ਸਾਹਿਬ ਕਿਲ੍ਹੇ ਤਕ ਦਾ ਸਾਰਾ ਇਲਾਕਾ ਅਨੰਦਪੁਰ ਸਾਹਿਬ ਵਿੱਚ ਹਨ, ਚਰਨ ਗੰਗਾ ਦਾ ਪੁਲ ਚੱਕ ਨਾਨਕੀ ਵਿੱਚ ਹੈ। 

ਖਾਲਸਾ ਕਾਲਜ ਪਿੰਡ ਮਟੌਰ ਵਿੱਚ ਹੈ। ਇਨ੍ਹਾਂ ਸਾਰੇ ਪਿੰਡਾਂ ਦੀਆ ਹੱਦਾਂ ਸਿਰਫ਼ ਰੈਵਨਿਊ ਰਿਕਾਰਡ ਦੇ ਸਰਕਾਰੀ ਕਾਗ਼ਜ਼ਾਂ ਤੋਂ ਪਤਾ ਲੱਗ ਸਕਦੀਆਂ ਹਨ, ਕਿਉਂਕਿ ਅੱਜ ਕਲ੍ਹ ਇਹ ਸਾਰੇ ਪਿੰਡ ਅਨੰਦਪੁਰ ਸਾਹਿਬ ਦਾ ਹਿੱਸਾ ਹੀ ਅਖਵਾਉਂਦੇ ਹਨ। ਸਤਲੁਜ ਦਰਿਆ ਜੋ ਕੇਸਗੜ੍ਹ ਦੀ ਪਹਾੜੀ ਦੇ ਨਾਲ ਵਗਦਾ ਸੀ, ਹੁਣ ਲੱਗਭੱਗ ਪੰਜ ਕਿਲੋਮੀਟਰ ਦੂਰ ਚਲਾ ਗਿਆ ਹੈ। ਹਿਮੈਤੀ ਨਾਲਾ ਜੋ ਅਨੰਦਗੜ੍ਹ ਕਿਲ੍ਹੇ ਦੀ ਹਿਫ਼ਾਜਤ ਕਰਦਾ ਸੀ, ਦਾ ਨਾਂ ਨਿਸ਼ਾਨ ਮਿਟ ਗਿਆ ਹੈ। ਕਾਫ਼ੀ ਚੋਅ ਖ਼ਤਮ ਹੋ ਗਏ ਹਨ। ਚਰਨ ਗੰਗਾ ਤੇ ਪੁਲ ਬਣ ਗਿਆ ਹੈ ਅਤੇ ਕੇਸਗੜ੍ਹ ਦੇ ਨਾਲ ਦੀ ਤੰਬੂ ਵਾਲੀ ਪਹਾੜੀ ਖੁਰਕੇ ਅਲੋਪ ਹੋ ਚੁੱਕੀ ਹੈ। ਕੇਸਗੜ੍ਹ ਤੇ ਅਨੰਦਗੜ੍ਹ ਵਿਚਕਾਰਲੀ ਪਹਾੜੀ ਨੂੰ ਕੱਟਕੇ ਉਸ ਵਿੱਚ ਸੜ੍ਹਕ ਬਣਾ ਦਿੱਤੀ ਗਈ ਹੈ। ਸ਼ਹਿਰ ਵਿੱਚ ਬੇਹਿਸਾਬ ਇਮਾਰਤਾਂ ਦੀ ਉਸਾਰੀ ਹੋ ਚੱਕੀ ਹੈ। ਅੱਜ ਵਾਲਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਵੇਲੇ ਦੇ ਕਸਬੇ ਤੋਂ ਬਹੁਤ ਵੱਖਰਾ ਹੈ। ਅੱਜ ਅਨੰਦਪੁਰ ਸਾਹਿਬ ਇੱਕ ਸਬ-ਡਵੀਜਨ ਹੈ। ਇਸ ਵਿੱਚ  ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਨੂਰਪੁਰ ਬੇਦੀ ਆਦਿ ਕਸਬੇ ਸ਼ਾਮਲ ਹਨ। 

ਅਨੰਦਪੁਰ ਸਾਹਿਬ ਦੀ ਅਬਾਦੀ ਗੁਰੂ ਸਾਹਿਬ ਵੇਲੇ ਕੁਝ ਸੈਂਕੜੇ ਹੀ ਸੀ। ਇਸ ਤੋਂ ਇਲਾਵਾ ਕੁਝ ਸੈਂਕੜੇ ਸਿੱਖ ਤਕਰੀਬਨ ਹਰ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੁੜ੍ਹੇ ਰਿਹਾ ਕਰਦੇ ਸਨ। ਮਾਰਚ ਦੇ ਆਖਰੀ ਦਿਨਾਂ ਅਤੇ ਅਪੈ੍ਰਲ ਵਿੱਚ ਹਜ਼ਾਰਾਂ ਸੰਗਤਾਂ ਅਨੰਦਪੁਰ ਸਾਹਿਬ ਵਿੱਚ ਜੁੜ੍ਹਿਆ ਕਰਦੀਆ ਸਨ। 4-5 ਦਸੰਬਰ 1705 ਦੀ ਰਾਤ ਨੂੰ ਜਦੋ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ, ਉਸ ਵੇਲੇ ਸਿਰਫ਼ ਭਾਈ ਗੁਰਬਖਸ਼ ਦਾਸ ਇੱਥੇ ਰਹਿ ਗਏ ਸਨ। ਕੁਝ ਸਾਲਾਂ ਬਾਅਦ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਏਥੇ ਵਸਣ ਲੱਗ ਪਏ ਸਨ ਅਤੇ ਅਨੰਦਪੁਰ ਸਾਹਿਬ ਫੇਰ ਵਸਣਾ ਸ਼ੁਰੂ ਹੋ ਗਿਆ ਸੀ। ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸੁਰਜਨ ਸਿੰਘ ਅਤੇ ਉਸ ਦਾ ਪਰਿਵਾਰ ਵੀ ਇੱਥੇ ਰਿਹਾ ਕਰਦੇ ਸਨ। ਉਦੋਂ ਅਨੰਦਪੁਰ ਸਾਹਿਬ ਦੀ ਅਬਾਦੀ ਦੋ ਤਿੰਨ ਹਜ਼ਾਰ ਦੇ ਨੇੜੇ-ਤੇੜੇ ਸੀ। ਇਸ ਮਗਰੋ ਅਬਾਦੀ ਵਧਣੀ ਸ਼ੁਰੂ ਹੋ ਗਈ। ਸੰਨ 1868 ਦੀ ਮਰਦਮ ਸੁਮਾਰੀ ਵੇਲੇ ਇਥੋਂ ਦੀ ਅਬਾਦੀ 6869 ਸੀ। ਵੀਹਵੀਂ ਸਦੀ ਦੇ ਸ਼ੁਰੂ ਤੱਕ ਇੱਥੇ ਬੀਮਾਰੀ ਫੈਲਣ ਨਾਲ ਕਾਫ਼ੀ ਲੋਕ ਇੱਥੋ ਜਾਣੇ ਸ਼ੁਰੂ ਹੋ ਗਏ ਸਨ। ਵੀਹਵੀਂ ਸਦੀ ਦੇ ਅੱਧ ਤੱਕ ਇੱਥੇ ਅਬਾਦੀ ਇਸ ਤੋਂ ਬਹੁਤੀ ਨਹੀਂ ਵਧੀ ਸੀ। ਸਗੋਂ ਉਨ੍ਹਾਂ ਦਿਨਾਂ ਵਿੱਚ ਬੀਮਾਰੀਆਂ ਫੈਲਣ ਨਾਲ ਲੋਕ ਇੱਥੋ ਛੱਡਕੇ ਜਾ ਰਹੇ ਸਨ। 

ਆਜ਼ਾਦੀ ਵੇਲੇ 1947 ਤੋਂ ਬਾਅਦ ਇੱਥੇ ਕੁੱਝ ਸਿੱਖ ਪਰਿਵਾਰ ਪਾਕਿ ਤੋਂ ਆ ਕੇ ਰਹਿਣੇ ਸ਼ੁਰੂ ਹੋਏ। ਫਿਰ ਭਾਖੜਾ-ਨੰਗਲ, ਗੰਗੂਵਾਲ ਪਾਵਰ ਪ੍ਰਾਜੈਕਟ ਲੱਗਣ ਨਾਲ ਕਾਫ਼ੀ ਲੋਕ ਇੱਥੇ ਆ ਕੇ ਵੱਸ ਗਏ ਅਤੇ ਫਿਰ ਇਸਦੀ ਅਬਾਦੀ ਵੱਧਦੀ ਗਈ। 1998 ਵਿੱਚ ਅਨੰਦਪੁਰ ਸਾਹਿਬ ਦੀ ਮਿਉਂਸਿਪਲ ਕੌਂਸਲ ਏਰੀਏ ਦੀ ਅਬਾਦੀ ਤਕਰੀਬਨ 13000 ਸੀ ਅਤੇ 2011 ਦੀ ਜਨਗਣਨਾ ਅਨੁਸਾਰ 16282 ਹੋ ਗਈ ਹੈ। ਹੁਣ ਅਨੰਦਪੁਰ ਸਾਹਿਬ ਲਗਭਗ 7.2 ਕਿਲੋਮੀਟਰ ਇਲਾਕੇ ਵਿੱਚ ਫੈਲਿਆ ਹੋਇਆ ਹੈ। ਇਸ ਇਲਾਕੇ ਵਿੱਚ ਕਈ ਪ੍ਰਮੁੱਖ ਗੁਰੂਦੁਆਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੀਸਗੰਜ, ਭੌਰਾ ਸਾਹਿਬ, ਥੜ੍ਹਾ ਸਾਹਿਬ, ਅਕਾਲ ਬੂੰਗਾ ਸਾਹਿਬ, ਦੱਮਦਮਾ ਸਾਹਿਬ, ਮੰਜੀ ਸਾਹਿਬ, ਸ਼ਹੀਦੀ ਬਾਗ, ਮਾਤਾ ਜੀਤ ਕੌਰ, ਗੁਰੂ ਕਾ ਮਹਿਲ ਆਦਿ ਸਥਾਪਿਤ ਹਨ। ਗੁਰੂ ਗੋਬਿੰਦ ਸਿੰਘ ਵਲੋਂ ਸ਼ੁਰੂ ਕੀਤੀ ਗਈ ਹੋਲਾ ਮੁਹੱਲਾ ਕੱਢਣ ਦੀ ਰੀਤ ਹੁਣ ਵੀ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹਜ਼ੂਰ ਸਾਹਿਬ ਨਾਂਦੇੜ ਅਤੇ ਪਾਂਉਟਾ ਸਾਹਿਬ ਵਿੱਚ ਇਹ ਮੇਲਾ ਖਾਲਸਾ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾਂਦਾ ਹੈ। ਮੌਜੂਦਾ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਝੂਲਦੇ ਖਾਲਸਾਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਰਿਆਸਤ ਦੀ ਸ਼ਾਨ ਵਧਾਉਂਦੇ ਹਨ, ਜਿਸ ਬਿਲਾਸਪੁਰ ਰਿਆਸਤ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣ ’ਤੇ ਮਜਬੂਤ ਕੀਤਾ ਸੀ, ਦੀ ਸੈਕੜ੍ਹੇ ਸਾਲ ਪੁਰਾਣੀ ਰਾਜਧਾਨੀ ਬਿਲਾਸਪੁਰ ਵਿੱਚ ਕਈ ਮਹਿਲ ਖ਼ਤਮ ਹੋ ਗਏ ਹਨ।

ਸਤਲੁਜ ਦਰਿਆ ’ਤੇ ਬਣੇ ਭਾਖੜ੍ਹਾ ਬੰਨ ’ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਬਣੇ ਗੋਬਿੰਦ ਸਾਗਰ ਝੀਲ ਵਿੱਚ ਸਮਾਂ ਚੁੱਕੇ ਹਨ। ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿੱਥੇ ਹਰ ਸਾਲ ਲੱਖਾਂ ਸੈਲਾਨੀ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਵਿਸ਼ਵ ਪ੍ਰਸਿੱਧ ਅਜੂਬੇ ਦੇ ਦਰਸ਼ਨ ਕਰਦੇ ਹਨ ਅਤੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ। ਪਿਛਲੇ 02 ਸਾਲਾਂ ਤੋਂ ਕੋਰੋਨਾ ਦਾ ਇਸ ਤਿਉਹਾਰ ’ਤੇ ਅਸਰ ਪਿਆ ਹੈ ਪਰ ਇਸ ਵਾਰ ਇਸ ਤਿਉਹਾਰ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਆ ਰਹੀ ਹੈ ਅਤੇ ਸਰਕਾਰ ਦੁਆਰਾ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ ਪੰਜਾਬ
9417563054

 
 


author

rajwinder kaur

Content Editor

Related News