1947 ਹਿਜਰਤਨਾਮਾ-7 : ਹਰਬੰਸ ਸਿੰਘ ਆਲੋਵਾਲ

Friday, May 01, 2020 - 01:15 PM (IST)

1947 ਹਿਜਰਤਨਾਮਾ-7 : ਹਰਬੰਸ ਸਿੰਘ ਆਲੋਵਾਲ

ਸਤਵੀਰ ਸਿੰਘ ਚਾਨੀਆਂ 

92569-73526
 
" ਮੈਂ ਹਰਬੰਸ ਸਿੰਘ ਪੁੱਤਰ ਚਰਨ ਸਿੰਘ ਪੁੱਤਰ ਕਿਸ਼ਨ ਸਿੰਘ ਤੱਖਰ ਪਿੰਡ ਆਲੋਵਾਲ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਵੈਸੇ ਸਾਡਾ ਜੱਦੀ, ਗੁਆਂਢੀ ਪਿੰਡ ਸ਼ੰਕਰ ਹੈ। ਪੁਰਾਣੇ ਦੌਰ ਵਿਚ ਹੀ ਕਿਧਰੇ ਮੇਰੇ ਬਾਬਾ ਜੀ ਬਾਰ ਵਿਚ ਖੇਤੀ ਕਰਨ ਗਏ। ਓਧਰ ਪਿੰਡ ਸੀ ਚੱਕ 266 ਖੁਰੜਿਆਂ ਵਾਲਾ ਸ਼ੰਕਰ, ਤਹਿਸੀਲ ਜੜਾਂਵਾਲਾ ਜ਼ਿਲਾ ਲਾਇਲਪੁਰ। ਮੇਰਾ ਜਨਮ ਓਧਰ ਹੀ 20 ਮਾਰਚ 1932 ਦਾ ਹੈ। ਮੇਰਾ ਛੋਟਾ ਭਾਈ ਦਰਸ਼ਨ ਸਿੰਘ, ਜੋ ਮੈਥੋਂ ਦੋ ਕੁ ਸਾਲ ਛੋਟਾ ਹੈ, ਅੱਜ ਕੱਲ ਕੈਨੇਡਾ ਵਿਚ ਆਬਾਦ ਐ।

ਮੈਂ ਓਧਰ ਹੀ ਸ਼ੰਕਰ ਪਿੰਡ ਤੋਂ 8ਵੀਂ ਕਲਾਸ ਪਾਸ ਕੀਤੀ। ਦੋ ਅਧਿਆਪਕਾਂ ਦੇ ਨਾਂ ਮੈਨੂੰ ਯਾਦ ਹਨ, ਮੁਹੰਮਦ ਖਲੀਲ ਅਤੇ ਮੁਹੰਮਦ ਸ਼ਕੀਲ। ਮੇਰੇ ਚੇਤਿਆਂ ਵਿਚ ਮੇਰਾ ਹਮ ਜਮਾਤੀ ਮੁਹੰਮਦ ਅਲੀ ਸੀ, ਜਿਸ ਦਾ ਬਾਪ ਪਿੰਡ ਹੀ ਲੁਹਾਰਾ ਤਖਾਣਾ ਕੰਮ ਕਰਦਾ ਸੀ। ਇਧਰੋਂ ਢੇਰੀਆਂ-ਨਕੋਦਰ ਤੋਂ ਗਏ ਦੋ ਭਰਾ ਕੇਹਰ ਸਿੰਘ ਅਤੇ ਤਾਰਾ ਸਿੰਘ ਟਾਂਡੇ, ਜੋ ਸ.ਕਰਮ ਸਿੰਘ/ਮਾਤਾ ਕੁਸ਼ਾਲੀ ਦੇ ਪੁੱਤਰ ਸਨ,  ਲੁਹਾਰਾ/ਤਰਖਾਣਾ ਕੰਮ ਦੇ ਨਾਲ-ਨਾਲ ਤਾਂਗੇ ਬਣਾਉਣ ਦਾ ਕੰਮ ਵੀ ਕਰਦੇ ਸਨ। ਇਧਰਲੇ ਸ਼ੰਕਰ ਤੋਂ ਹੀ ਓਧਰ ਗਏ ਬਲਵੰਤ ਸਿੰਘ ਅਤੇ ਬਚਿੰਤ ਸਿੰਘ ਪੁਰੇਵਾਲ ਲੰਬੜਦਾਰ ਸਨ।

ਗੁਆਂਢੀ ਪਿੰਡ ਲਾਠੀਆਂ ਵਾਲਾ, ਸਾਬੂਆਣਾ, ਗਿੱਦੜਪਿੰਡੀ, ਲਹੁਕੇ, ਫਲਾਈਵਾਲਾ ਅਤੇ ਆਵਾਗਤ ਆਦਿ ਸਨ। ਸਾਡਾ ਪਿੰਡ ਰੱਖ ਬਰਾਂਚ (RB) ’ਤੇ ਪੈਂਦਾ ਸੀ। ਪਿੰਡ ਵਿੱਚਕਾਰ ਇਕ ਖੂਹ ਹੁੰਦਾ ਸੀ। ਮਹਿੰਦਰ ਅਤੇ ਗੰਡਾ ਝੀਰ, ਜੋ ਇਧਰੋਂ ਸ਼ੰਕਰ ਤੋਂ ਹੀ ਸਨ, ਘਰਾਂ ਵਿਚ ਪਾਣੀ ਢੋਇਆ ਕਰਦੇ। ਬਦਲੇ ਵਿਚ ਉਹ, ਹਾੜੀ ਸੌਣੀ ਦਾਣੇ ਲੈਂਦੇ। ਪਿਤਾ ਜੀ ਅਤੇ ਚਾਚਾ ਧਰਮ ਸਿੰਘ ਦੋਹੇਂ ਰਲ ਕੇ ਸਾਂਝੀ ਇਕ ਮੁਰੱਬਾ ਦੀ ਖੇਤੀ ਕਰਦੇ ਸਨ। ਕਮਾਦ, ਕਪਾਹ, ਨਰਮਾ, ਕਣਕ, ਮੱਕੀ, ਬਾਜਰਾ ਅਤੇ ਛੋਲਿਆਂ ਦੀ ਫਸਲ ਹੁੰਦੀ ਸੀ। ਜਿਣਸ ਗੱਡਿਆਂ ਤੇ ਲੱਦ ਕੇ ਲਾਇਲਪੁਰ ਮੰਡੀ ਵਿਚ ਵੇਚਦੇ।

ਜਦ ਰੌਲੇ ਪਏ ਤਾਂ ਮਾਰ ਮਰੱਈਆ ਸ਼ੁਰੂ ਹੋ ਗਿਆ। ਸਾਡੇ ਪਿੰਡ ਹਿੰਦੂ-ਸਿੱਖ ਆਬਾਦੀ ਦਾ ਜੋਰ ਸੀ। ਜਿਸ ਵਜਾਹਤ ਸਾਡੇ ਉਪਰ ਕੋਈ ਬਾਹਰੀ ਹਮਲਾ ਨਾ ਹੋਇਆ। ਗੁਆਂਢੀ ਪਿੰਡਾਂ ਤੋਂ ਹਿੰਦੂ-ਸਿੱਖ ਉਠ ਕੇ ਸਾਡੇ ਪਿੰਡ ਆ ਗਏ। ਸਾਡਾ ਪਿੰਡ ਆਰਜੀ ਕੈਂਪ ਵਿਚ ਬਦਲ ਗਿਆ। ਆਲੇ-ਦੁਆਲੇ ਮੁੰਡੇ ਵਾਰੋ ਵਾਰੀ ਪਹਿਰਾ ਦਿੰਦੇ। ਸਾਰੇ ਲੋਕ ਇਧਰ ਆਉਣ ਦੀ ਤਿਆਰੀ ਫੜਨ ਲੱਗੇ। ਮੇਹਰ ਸਿੰਘ ਸਫੈਦਪੋਸ਼ ਦਾ ਭਤੀਜਾ ਚੰਨਣ ਸਿੰਘ ਗੁਆਂਢੀ ਪਿੰਡੋਂ ਬਲਦਾਂ ਦੇ ਖੁਰੀਆਂ ਲਵਾਉਣ ਚਲਿਆ ਗਿਆ। ਬਲਦ ਚੰਗੇ ਚੁਸਤ ਦਰੁਸਤ ਅਤੇ ਨਰੋਏ ਦੇਖ ਕੇ ਉਥੋਂ ਦੇ ਮੁਸਲਮਾਨਾ ਦਾ ਦਿਲ ਬੇਈਮਾਨ ਹੋ ਗਿਆ। ਉਨ੍ਹਾਂ ਬਲਦ ਖੋਹ ਲਏ ਅਤੇ ਚੰਨਣ ਸਿੰਘ ਨੂੰ ਛਵੀਆਂ ਮਾਰ ਕੇ ਖਤਾਨਾਂ ਵਿਚ ਸੁੱਟ ਦਿੱਤਾ। ਹਾਲਤ ਗੰਭੀਰ ਬਣੀ ਹੋਈ ਸੀ। ਦੂਜੇ ਦਿਨ ਢਲੀ ਸ਼ਾਮ ਕਿਸੇ ਪਿੰਡ ਆਣ ਖਬਰ ਕੀਤੀ।

ਪਿੰਡ ਦੇ ਮੁਸਲਿਮ ਸੈਂਸੀਆਂ ਨੂੰ ਬਦਲੇ ਵਿਚ ਕਣਕ ਦੀ ਬੋਰੀ ਦਾ ਦੇਣਾ ਕਰਕੇ ਉਨ੍ਹਾਂ ਤੋਂ ਚੰਨਣ ਦੀ ਲਾਸ਼ ਮੰਗਵਾਈ ਤੇ ਦੂਜੇ ਦਿਨ ਸਵੇਰ ਸੰਸਕਾਰ ਕੀਤਾ। ਡਰ ਦੇ ਨਾਲ ਸੱਭ ਦੇ ਚਿਹਰੇ ਉਤਰੇ ਹੋਏ ਸਨ। ਹੱਥੀਂ ਬਣਾਈ ਸਵਾਰੀ ਬਾਰ ਸਾਨੂੰ ਜਾਨ ਦਾ ਖੌਫ ਬਣਦੀ ਨਜ਼ਰ ਆਈ। ਸਭਨਾਂ ਨੇ ਲੋੜੀਂਦਾ ਅਤੇ ਕੀਮਤੀ ਸਾਮਾਨ ਗੱਡਿਆਂ ਉਪਰ ਲੱਦ ਕੇ ਕਾਫਲੇ ਨਾਲ ਜਾ ਸ਼ਮੂਲੀਅਤ ਕੀਤੀ। ਸੱਭ ਤੋਂ ਭਾਰੀ ਭਰਕਮ ਪੇਟੀ ਸਰੀਂਹ ਵਾਲੇ ਸੁੰਦਰ ਸਿੰਘ ਦੀ ਸੀ, ਜੋ ਗੁਹੀਰਾਂ-ਨਕੋਦਰ ਪਿੰਡ ਵਿਚ ਜਮੀਨ ਅਲਾਟ ਹੋਣ ਕਾਰਨ ਉਥੇ ਆਬਾਦ ਹੋਇਐ। ਹਫਤਾ ਕੁ ਠਹਿਰਾ ਉਪਰੰਤ 400-500 ਗੱਡਿਆਂ ਦਾ ਕਾਫਲਾ, ਆਪਣੇ ਮੋਏ ਸੁਪਨਿਆਂ ਨੂੰ ਉਸ ਸਰ ਜ਼ਮੀਨ ਵਿਚ ਦਫਨ ਕਰਕੇ, ਹੱਥੀਂ ਬਣਾਏ ਸੰਵਾਰੇ ਪਿੰਡ ਅਤੇ ਸਾਵੇ ਖੇਤਾਂ ਵੱਲ ਆਖੀਰੀ ਝਾਤ ਪਾਉਂਦਿਆਂ ਆਪਣੇ ਪਿੱਤਰੀ ਪਿੰਡਾਂ ਲਈ ਵਿਦਾ ਹੋਇਆ। ਮਿਲਟਰੀ ਦੇ ਵੀ 2-3 ਟਰੱਕ ਪਿੰਡ ਆ ਗਏ ਸਨ।

ਬਹੁਤੇ ਬੱਚੇ ਅਤੇ ਬਜੁਰਗ ਸਮੇਤ ਸਾਡੇ ਭੂਆ ਜੀ, ਮਹਿੰਗੇ ਨਾਈ ਅਤੇ ਉਹਦੇ ਘਰੋਂ ਬੰਤੀ, ਟਰੱਕਾਂ ਵਿਚ ਸਵਾਰ ਹੋ ਗਏ। ਉਨ੍ਹਾਂ ਵਿਚ ਅਸੀਂ ਵੀ ਸ਼ੁਮਾਰ ਸਾਂ। ਟਰੱਕ ਖੁਰੜਿਆਂ ਵਾਲਾ ਸ਼ੰਕਰ ਤੋਂ ਚੱਲ ਕੇ ਬਰਾਸਤਾ ਲਾਇਲਪੁਰ-ਲਾਹੌਰ-ਅੰਬਰਸਰ-ਜਲੰਧਰ ਤੋਂ ਗੁਰਾਇਆਂ ਤੀਜੇ ਦਿਨ ਗਈ ਰਾਤ ਆਣ ਪਹੁੰਚੇ। ਰਾਤ ਉਥੇ ਸਟੇਸ਼ਨ ’ਤੇ ਹੀ ਰਹੇ। ਦੂਜੇ ਦਿਨ ਤੁਰ ਕੇ ਹੀ ਸ਼ੰਕਰ ਆ ਗਏ। ਜਦ ਤੱਕ ਪਿੱਛਿਓਂ ਗੱਡਿਆਂ ਦੇ ਕਾਫਲੇ ਵਾਲੇ ਨਹੀਂ ਪਹੁੰਚੇ ਤਦ ਤੱਕ ਲਿਹਾਜੀ ਬਰਾਹਮਣ ਪਰਿਵਾਰ ਰਾਮ ਜੀ ਦਾਸ ,ਬਿੱਲਾ ਪੰਡਤ ਕੇ ਘਰ ਰਹੇ। ਕੁਝ ਦਿਨ ਸਿਆਣੀਵਾਲ ਪਿੰਡ ਦੇ ਖੇਤਾਂ ਵਿਚ ਗੁਆਰੇ ਦੀਆਂ ਫਲੀਆਂ ਤੋੜਨ ਦਾ ਕੰਮ ਕੀਤਾ। ਫਿਰ ਸਿਆਣੀਵਾਲ ਹੀ ਕਿਸੇ ਮੁਸਲਿਮ ਦੇ ਖਾਲੀ ਪਏ ਖੂਹ/ਜ਼ਮੀਨ ਉਪਰ ਜਾ ਕਬਜ਼ਾਂ ਕੀਤਾ ਪਰ 1950 ਵਿਚ ਆਲੋਵਾਲ ਪਿੰਡ ਵਿਚ ਜ਼ਮੀਨ ਦੀ ਪੱਕੀ ਅਲਾਟਮੈਂਟ ਹੋ ਗਈ। ਸੋ ਹੁਣ ਤੱਕ ਉਹੀ ਖਾਂਦੇ ਹਾਂ।

PunjabKesari

ਬਾਪੂ ਜੀ ਇਧਰ ਹੀ ਪਿੰਡ ਬੱਦੋਵਾਲ ਨਜਦੀਕ ਸ਼ਾਮ ਚੁਰਾਸੀ ਵਿਆਹੇ ਹੋਏ ਸਨ। ਮੇਰੀ ਮਾਤਾ ਦਾ ਨਾਮ ਰੱਖੀ ਸੀ। ਮੈਂ ਬਾਰ ਵਿਚ ਰੌਲਿਆਂ ਵੇਲੇ ਉਥੋਂ ਦੇ ਗੁਆਂਢੀ ਪਿੰਡ ਫਲਾਈਵਾਲਾ ਵਿਚ ਮੰਗਿਆ ਹੋਇਆ ਸਾਂ। 'ਕੋਠੇ ਵਾਲਿਆਂ' ਦਾ ਪਰਿਵਾਰ ਵਜਦਾ ਸੀ ਉਹ, ਜਦ ਕਿ ਸਾਡਾ, ਕੁੱਲੀਆਂ ਵਾਲਾ। ਰੌਲਿਆਂ ਤੋਂ ਬਾਅਦ ਨਾ ਅਸਾਂ ਤੇ ਨਾ ਉਨ੍ਹਾਂ ਸਾਡੇ ਨਾਲ ਕੋਈ ਸੰਪਰਕ ਕੀਤਾ। ਉਪਰੰਤ ਮੇਰਾ ਵਿਆਹ ਬਜ਼ੁਰਗਾਂ ਨੇ ਪਿੰਡ ਖੁਸਰੋਪੁਰ, ਨੇੜੇ ਕਾਲਾ ਸੰਘਿਆਂ ਸਰਦਾਰਨੀ ਮਹਿੰਦਰ ਕੌਰ ਨਾਲ ਕਰ ਦਿੱਤਾ। ਮੇਰੇ ਘਰ ਦੋ ਬੇਟੇ ਗੁਰਮੀਤ ਸਿੰਘ, ਜਸਵੀਰ ਸਿੰਘ ਅਤੇ ਬੇਟੀ ਜਸਵਿੰਦਰ ਕੌਰ ਭੋਲੀ ਪੈਦਾ ਹੋਈ। ਬੇਟੀ ਕੰਗ ਸਾਬੂ ਨਜਦੀਕ ਲਾਂਬੜਾ ਵਿਆਹੀ ਹੋਈ ਐ ਅਤੇ ਬੇਟਾ ਗੁਰਮੀਤ ਸਿੰਘ ਸਮੇਤ ਪਰਿਵਾਰ ਕੈਨੇਡਾ ਵਿਚ ਹੈ। ਇਸ ਵਕਤ ਮੈਂ, ਬੇਟਾ ਜਸਵੀਰ ਸਿੰਘ ਨਾਲ ਚੜ੍ਹਦੀ ਕਲਾ ’ਚ ਜ਼ਿੰਦਗੀ ਜੀਅ ਰਿਹੈਂ। ਬਾਰ ਵਿਚ ਸਾਡੇ ਬਜ਼ੁਰਗਾਂ ਨੇ ਖੂਹ ’ਤੇ ਕੁੱਲੀਆਂ ਪਾਈਆਂ ਹੁੰਦੀਆਂ ਸਨ। ਸੋ ਭਲੇ ਪੁੱਤਰਾਂ ਨੇ ਵਾਹਿਗੁਰੂ ਜੀ ਦੀ ਮਿਹਰ ਨਾਲ ਇਸ ਵਕਤ, ਮਹਿਲਾਂ ਵਰਗੇ ਘਰ ਪਾਏ ਹੋਏ ਹਨ ਪਰ ਉਦੋਂ ਦੀ ਅੱਲ ਪਈ ਹੋਈ ਹੁਣ ਤੱਕ 'ਕੁੱਲੀਆਂ ਵਾਲੇ' ਹੀ ਵਜਦੇ ਆਂ।"
           
 


author

rajwinder kaur

Content Editor

Related News