ਹਿਜਰਤ ਨਾਮਾ 65: ਮਾਈ ਜੀਤ ਕੌਰ ਚੰਦੀ

Saturday, Dec 24, 2022 - 02:27 PM (IST)

ਹਿਜਰਤ ਨਾਮਾ 65: ਮਾਈ ਜੀਤ ਕੌਰ ਚੰਦੀ

'ਲੱਧਾ ਸਿੰਘ ਤੇ ਬੱਧਾ ਸਿੰਘ ਆੜਤੀਆਂ ਕਾਫ਼ਲੇ ਦੀ ਅਗਵਾਈ ਕੀਤੀ'

"ਮੇਰਾ ਪੇਕਾ ਪਿੰਡ ਮਿੱਠੜਾ-ਫਿਲੌਰ ਵੱਜਦੈ। ਮੈਂ, ਸਰਦਾਰ ਗੁਰਦਿੱਤ ਸਿੰਘ/ਮਾਤਾ ਜਵਾਲੀ ਦੀ ਧੀ ਆਂ । ਬਾਪ ਘਰ ਦੋ ਪੁੱਤ ਚਰਨ ਸਿੰਘ,ਤਾਰਾ ਸਿੰਘ ਅਤੇ 5 ਧੀਆਂ ਪੈਦਾ ਹੋਈਆਂ। ਮੇਰਾ ਜਨਮ 1935 ਦਾ ਵਾ। ਬਾਪ ਹੋਰੀਂ  ਵੀ 8 ਭਰਾ ਤੇ ਇਕ ਭੈਣ ਹੋਏ।ਮੇਰਾ ਬਾਪ ਸੱਭ ਤੋਂ ਛੋਟਾ ।ਸਨ ਸੱਭੋ ਡਾਂਗਾਂ ਵਰਗੇ। ਪਿੰਡ ਵਿੱਚ ਚੰਗਾ ਰੋਅਬ ਸ਼ੋਅਬ ਰੱਖਦੇ। ਸਰਦਾਰ ਕ੍ਹਾਨ ਸਿੰਘ ਸਾਡਾ ਬਾਬਾ ਅਤੇ ਦਾਦੀ ਪ੍ਰਤਾਪ ਕੌਰ ਹੋਈ।ਉਹ ਪਿੰਡ ਵਿੱਚ 'ਘਣੇਕਿਆਂ ਦੇ' ਵੱਜਦੇ।ਇਹੋ ਪਿੰਡ ਵਿੱਚ ਸਾਡੀ ਅੱਲ ਸੀ। ਬਾਬਾ ਜੀ ਨੂੰ  ਕਰੀਬ 1918 ਚ ਗੰਜੀ ਬਾਰ ਦੇ ਜ਼ਿਲ੍ਹਾ ਤੇ ਤਸੀਲ ਮਿੰਟਗੁਮਰੀ ਦੇ ਚੱਕ 150ਵਿੱਚ ਮੁਰੱਬਾ ਅਲਾਟ ਹੋਇਆ। ਵੈਸੇ ਇਹ ਪਿੰਡ ਲੁਬਾਣੇ ਫ਼ੌਜੀਆਂ ਦਾ ਸੀ।40ਕੁ ਘਰ ਕੰਬੋਆਂ ਦੇ।ਨਹਿਰੀ ਖੁੱਲੀਆਂ ਜ਼ਮੀਨਾਂ, ਕਣਕ,ਸਰੋਂ,ਨਰਮਾ,ਕਮਾਦ ਖੇਤਾਂ ਵਿੱਚ ਖ਼ੁਸ਼ਹਾਲ ਪੰਜਾਬ ਦੀ ਗਵਾਹੀ ਭਰਦਾ। ਬਜ਼ੁਰਗਾਂ ਨੂੰ ਖੇਤਾਂ ਨੂੰ ਖੇਤੀ ਲਾਈਕ ਬਣਾਉਣ ਲਈ ਵਾਹਵਾ ਮੁਸ਼ੱਕਤ ਕਰਨੀ ਪਈ। ਜੰਗਲ ਕੱਟਣਾ,ਸਰਕੰਡੇ, ਝਾੜੀਆਂ ਦੀ ਪੁਟਾਈ,ਜ਼ਮੀਨ ਦਾ ਪੱਧਰਾ ਕਰਨਾ,ਪਾਣੀ ਦੀ ਔਖਿਆਈ ਵਗੈਰਾ ਨਾਲ ਲੰਬਾ ਸਮਾਂ ਜੂਝਣਾ ਪਿਆ। ਸਾਡੇ ਬਾਬੇ ਕੋਲ਼ ਇਕ ਮੁਰੱਬਾ ਅਲਾਟ ਹੋਇਆ ਅਤੇ ਇੱਕ ਹਾਲੇ਼ ਤੇ ਲਿਆ ਹੋਇਆ ਸੀ। ਸਰਦਾਰ ਲੱਧਾ ਸਿੰਘ ਤੇ ਬੱਧਾ ਸਿੰਘ ਦੋ ਸਕੇ ਭਰਾ ਮਿੰਟਗੁਮਰੀ ਵਿਚ ਆੜਤੀਏ ਹੁੰਦੇ। ਉਨ੍ਹਾਂ ਕੋਲ਼ ਹੀ ਜਿਣਸ ਵੇਚ ਆਉਂਦੇ।ਉਹ ਚੰਗੇ ਉਦਮੀ ਹੋਏ।ਜਦ ਆਲੇ-ਦੁਆਲੇ ਮਾਰ ਮਰੱਈਆ ਵਧ ਗਿਆ ਤਾਂ ਉਨ੍ਹਾਂ ਹੀ  ਉਦਮ  ਕੀਤਾ। ਸਾਰੇ ਆਂਡ ਗੁਆਂਢੀ ਪਿੰਡਾਂ ਤੱਕ ਕਿਸਾਨਾਂ ਤੱਕ ਸੁਨੇਹੇਂ ਭੇਜੇ। ਮਿੰਟਗੁਮਰੀ ਮੰਡੀ ਵਿੱਚ ਹੀ ਰਫਿਊਜੀਆਂ ਦਾ ਕੈਂਪ ਲੱਗਾ। ਸਾਡੇ ਪਿੰਡ ਵੀ ਗੁਰਦੁਆਰੇ ਵਡੇਰਿਆਂ ਨੇ ਕੱਠ ਕੀਤਾ। ਨੌਜਵਾਨ ਪਹਿਰਿਆਂ ਤੇ ਬਿਠਾਏ। ਰੌਲ਼ੇ ਨਾ ਥੰਮਦੇ ਦਿਸੇ ਤਾਂ ਪਿੰਡ ਛੱਡ ਜਾਣ ਦਾ ਫ਼ੈਸਲਾ ਹੋਇਆ।ਜਦ ਮੀਹਾਂ ਦਾ ਜ਼ੋਰ ਸੀ ਤਾਂ 3 ਭਾਦੋਂ ਨੂੰ ਗੱਡਿਆਂ ਤੇ ਜ਼ਰੂਰੀ ਰਸਦ ਪਾਣੀ ਲੱਦਿਆ।ਕੁਝ ਸਿਰਾਂ ਤੇ ਗਠੜੀਆਂ ਚੁੱਕ ਲਈਆਂ।ਘਰ ਬਾਰ,ਸਾਜ਼ੋ ਸਾਮਾਨ, ਮੱਝੀਆਂ, ਗਾਈਆਂ ਸੱਭ ਮੁਸਲਿਮ ਕਾਮਿਆਂ ਲਈ ਛੱਡ ਆਏ। ਕਿਉਂ ਜੋ ਪਿੰਡ ਵਿੱਚ ਹਿੰਦੂ ਸਿੱਖਾਂ ਤੋਂ ਇਲਾਵਾ ਕੇਵਲ ਮੁਸਲਿਮ ਕਾਮੇ ਤੇਲੀ,ਮੋਚੀ,ਤਰਖਾਣ, ਲੁਹਾਰ, ਘੁਮਿਆਰ,ਦਰਜੀ ਵਗੈਰਾ ਹੀ ਸਨ।ਕੋਈ ਹੋਰ ਜਮਾਤ ਨਹੀਂ।

ਸੱਭ ਸਰਦਾਰਾਂ ਨੇ ਕਾਫ਼ਲਾ ਚੱਲਣ ਤੋਂ ਪਹਿਲਾਂ ਪਿੰਡ ਨੂੰ ਨੀਝ ਨਾਲ ਤੱਕਿਆ।ਸੱਭਨਾਂ ਭਰੇ ਭਰਾਏ ਘਰ ਅਤੇ ਸਾਵੀ ਭਾਅ ਮਾਰਦੇ ਖੇਤਾਂ ਨੂੰ ਦੇਖ ਕੇ ਹੌਕਾ ਲਿਆ। ਬਹੁਤੇ ਲੋਕ ਰੋ ਰਹੇ ਸਨ। ਮੁਸਲਿਮ ਭਾਈਚਾਰੇ ਦੇ ਮੁਹੱਬਤੀ ਵੀ ਕਾਫ਼ਲੇ ਨੂੰ ਵਿਦਾ ਕਰਨ ਪਹੁੰਚੇ । ਉਨ੍ਹਾਂ ਦੀਆਂ ਅੱਖਾਂ ਵੀ ਛਲਕਦੀਆਂ ਦੇਖੀਆਂ ਤੇ ਕਾਫ਼ਲਾ 3 ਭਾਦੋਂ1947 ਨੂੰ ਤੁਰ ਪਿਆ, ਮਿੰਟਗੁਮਰੀ ਕੈਂਪ ਲਈ। ਉਥੇ 25 ਪਿੰਡਾਂ ਦੇ ਲੋਕ ਕੱਠੇ ਹੋਏ। ਹਫ਼ਤਾ ਭਰ ਉਥੇ ਹੀ ਰੁਕੇ। 'ਰੁੱਖੀ ਮਿੱਸੀ ਖਾਇਕੇ, ਠੰਢਾ ਪਾਣੀ ਪੀ' ਦਿਨ ਕਟੀ ਕੀਤਾ। ਮੀਂਹ ਵੀ ਚੰਗਾ ਪਿਆ ਵਰ੍ਹੇ। ਆੜਤੀਏ ਭਾਈਆਂ ਨੇ ਰਫਿਊਜੀਆਂ ਦੀ ਚੰਗੀ ਪਕੜ ਕੀਤੀ,ਭਲੇ ਉਹ ਹੁਣ ਆਪ ਵੀ ਰਫਿਊਜੀ ਬਣ ਚੁੱਕੇ ਸਨ। ਇਥੋਂ 12-13 ਭਾਦੋਂ ਨੂੰ 7-800 ਗੱਡਿਆਂ ਦਾ ਕਾਫ਼ਲਾ, ਆੜਤੀਏ ਭਾਈਆਂ ਦੀ ਅਗਵਾਈ 'ਚ, ਗੰਜੀ ਬਾਰ ਤੋ ਪਾਕਪਟਨ ਨੀਲੀ ਬਾਰ ਵੱਲ ਵੱਧਿਆ। ਸਤਲੁਜ ਦਾ ਪੁਲ਼,ਸੁਲੇਮਾਨ ਹੈੱਡ  ਟੱਪ ਕੇ ਅੱਗੇ ਕਾਫ਼ਲੇ ਉਪਰ ਹਮਲਾ ਹੋਇਆ। ਦੰਗੱਈਆਂ ਵਲੋਂ ਸਮਾਨ ਲੁੱਟਣਾ ਜਾਂ ਜ਼ਨਾਨੀਆਂ ਨੂੰ ਜਬਰੀ ਉਠਾਉਣ ਦਾ ਮਨਸੂਬਾ ਸੀ। ਮੋਹਰਲੇ ਗੱਡਿਆਂ ਵਾਲਿਆਂ ਦੇ 5-7 ਸਵਾਰ ਮਾਰੇ ਗਏ। ਸਾਡੇ ਗੱਡੇ ਕਰੀਬ ਕਾਫ਼ਲੇ ਦੇ ਵਿਚਕਾਰ ਸਨ। ਇਸ ਲਈ ਅਸੀਂ ਕਿਸੇ ਵੀ ਨੁਕਸਾਨ ਤੋਂ ਬਚ ਰਹੇ। ਚਾਚਾ ਵਰਿਆਮ ਸਿੰਘ ਅਤੇ ਚਾਚਾ ਮਈਆ ਸਿੰਘ ਇਕੋ ਗੱਡੇ ਤੇ ਸਵਾਰ ਸਨ। ਇਸੇ ਭਗਦੜ ਵਿੱਚ ਚਾਚਾ ਮਈਆ ਸਿੰਘ ਨੂੰ ਕਿਸੇ ਨੇ ਇਸ਼ਾਰੇ ਨਾਲ ਹੇਠਾਂ ਉਤਾਰ ਲਿਆ।ਉਹ ਕੰਨੋ ਬੋਲਾ ਸੀ।ਮੁੜ ਸਾਨੂੰ ਉਹ ਅੱਜ ਤੱਕ ਨਾ ਲੱਭਾ। ਆਲ਼ੇ ਦੁਆਲ਼ੇ ਦੇ ਦ੍ਰਿਸ਼ ਬਹੁਤੇ ਭਿਆਨਕ ਸਨ।ਭਰ ਬਰਸਾਤ ਦਾ ਸਮਾਂ ਸੀ। ਹੜਾਂ ਦੀ ਸਥਿਤੀ ਬਣੀ ਹੋਈ ਸੀ।ਵਬਾ ਅਤੇ ਕਤਲੋਗਾਰਤ ਨਾਲ ਖੁੱਲ੍ਹੇ ਵਿੱਚ ਪਈਆਂ ਲਾਸ਼ਾਂ ਖੌਫ਼ਨਾਕ ਲਗਦੀਆਂ। ਅੱਗੇ ਫਿਰੋਜ਼ਪੁਰ ਵੱਲ ਵਧੇ ਤਾਂ ਉਰਾਰ ਇਕ ਵਿਰਕਾਂ ਦਾ ਪਿੰਡ ਸੀ। ਉਥੇ ਥੋੜ ਚਿਰਾ ਪੜਾਅ ਕੀਤਾ। ਵਿਰਕਾਂ ਦੇ ਚੋਬਰ ਆਏ। ਉਨ੍ਹਾਂ ਕਿਹਾ ਜ਼ਨਾਨੀਆਂ ਨੂੰ ਇਥੇ ਖ਼ਤਰਾ ਹੈ। ਉਨ੍ਹਾਂ ਸਾਰੀਆਂ ਜ਼ਨਾਨੀਆਂ ਨੂੰ ਲੈਜਾਕੇ ਇਕ ਵੱਡੀ ਹਵੇਲੀ ਵਿੱਚ ਤਾੜ,ਅੰਦਰੋਂ ਜਿੰਦਾ ਮਾਰਤਾ। ਵਿਰਕਾਂ ਦੇ ਦਿਲ ਚ ਖੋਟ ਸੀ।ਇਹ ਭਾਂਪ ਕੇ ਸਾਡੇ ਪਿੰਡ ਦਾ ਸੂਬੇਦਾਰ ਪ੍ਰਤਾਪ ਸਿੰਘ ਕੁੱਝ ਚੋਬਰ ਨਾਲ ਲੈ ਕੇ ਹਵੇਲੀ ਦਾ ਬੂਹਾ ਭੰਨਣ ਲੱਗਾ। ਉਹ ਜਬਰੀ ਬੂਹਾ ਖੋਲ ਕੇ ਸਾਰੀਆਂ ਬੀਬੀਆਂ ਨੂੰ ਮੁੜ ਕਾਫ਼ਲੇ ਤੱਕ ਲੈ ਗਿਆ। 

ਉਥੋਂ ਫਿਰੋਜ਼ਪੁਰ-ਲੁੱਦੇਹਾਣਾ-ਫਿਲੌਰ-ਜਲੰਧਰ ਨਜ਼ਦੀਕ ਸੇਖੇ਼ ਪਿੰਡ ਜਾ ਪਹੁੰਚੇ। ਉਥੇ ਸਾਨੂੰ ਵਾਹੀਯੋਗ ਜ਼ਮੀਨ ਦੀ ਕੋਈ ਕੱਚੀ ਪਰਚੀ ਨਾ ਮਿਲੀ। ਇੱਕ ਮਹੀਨਾ ਤੇਰਾਂ ਦਿਨ ਠਹਿਰਾ ਉਪਰੰਤ ਆਪਣੇ ਜੱਦੀ ਪਿੰਡ ਮਿੱਠੜੇ-ਫਿਲੌਰ ਆਣ ਉਤਾਰਾ ਕੀਤਾ।ਸਾਡੀ ਕੱਚੀ ਪਰਚੀ ਉਪਰੰਤ ਪੱਕੀ ਨੰਗਲ-ਫਿਲੌਰ ਦੀ ਪਈ।

ਮੇਰੀ ਸ਼ਾਦੀ 1949ਵਿਚ ਮਿੰਟਗੁਮਰੀ ਤੋਂ ਆਏ ਸਰਦਾਰ ਲਛਮਣ ਸਿੰਘ ਤੇਹਿੰਗ ਨਾਲ ਹੋਈ। ਆਪਣੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਦੇ ਵਡ ਪਰਿਵਾਰ ਵਿਚ ਸੌਖੀ ਜਿਊ ਰਹੀ ਆਂ।ਬਾਰ ਦੀ ਕਹਾਣੀ ਇੱਕ ਰੰਗੀਨ ਸੁਪਨੇ ਪਰ ਜਿਸ ਦਾ ਹਸ਼ਰ ਬੁਰਾ ਹੋਵੇ,ਵਰਗੀ ਸੀ।ਜੋ ਆਇਆ ਤੇ ਲੰਘ ਗਿਆ।ਇਹ ਕੁਰਸੀ ਦੀ ਹਵੱਸ਼ ਦੇ ਹਵਾਲਾਤੀਆਂ ਦਾ ਕਾਰਾ ਸੀ ਜਿਨ੍ਹਾਂ ਕੁਰਸੀ ਖਾਤਿਰ ਆਮ ਲੋਕਾਂ ਨਾਲ ਧ੍ਰੋਹ ਕਮਾਇਆ।

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
                                   


author

Harnek Seechewal

Content Editor

Related News