ਕਬੱਡੀ ਦਾ ਬੇਤਾਜ਼ ਬਾਦਸ਼ਾਹ- ਹਰਜੀਤ ਬਰਾੜ ਬਾਜਾਖਾਨਾ

Friday, Feb 11, 2022 - 01:53 PM (IST)

ਕਬੱਡੀ ਦਾ ਬੇਤਾਜ਼ ਬਾਦਸ਼ਾਹ- ਹਰਜੀਤ ਬਰਾੜ ਬਾਜਾਖਾਨਾ

ਇਕ ਗੀਤ ਦੀਆਂ ਸਤਰਾਂ ਨੇ “ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ…” ਪੰਜਾਬੀਆਂ ਦੀ ਸਰੀਰਕ ਡੀਲ ਡੌਲ, ਜ਼ੋਰ ਤੇ ਸੁਭਾਅ ਮੁਤਾਬਕ ਖੇਡੀ ਜਾਣ ਵਾਲੀ ਖੇਡ ਕਬੱਡੀ ਸਭ ਤੋਂ ਵੱਧ ਜੋਸ਼ ਨਾਲ ਖੇਡੀ ਜਾਣ ਵਾਲੀ ਖੇਡ ਹੈ । ਸਾਡੇ ਵਿਰਸੇ ਵਿੱਚ ਮਿਲੀ ਸਭ ਤੋਂ ਪੁਰਾਣੀ ਖੇਡ ਕਬੱਡੀ ਨੂੰ ਪੰਜਾਬੀਆਂ ਨੇ ਹੁਣ ਤੱਕ ਬੜੇ ਸ਼ੌਂਕ ਨਾਲ ਖੇਡਿਆ ਤੇ ਜੋ ਹੁਣ ਵੀ ਜਾਰੀ ਹੈ । ਕਈ ਵੱਡੇ-ਵੱਡੇ ਨਾਂ ਇਸ ਖੇਡ ਵਿੱਚੋਂ ਆਪਣਾ ਨਾਮ ਕਮਾ ਚੁੱਕੇ ਹਨ। ਕਬੱਡੀ ਖੇਡ ਜਗਤ ਵਿੱਚ ਹੁਣ ਤੱਕ ਸਭ ਤੋਂ ਵੱਧ ਨਿਮਾਣਾ ਖੱਟਣ ਵਾਲਾ ਕਬੱਡੀ ਦਾ ਦੂਜਾ ਨਾਮ ਕਿਹਾ ਜਾਣ ਵਾਲਾ “ਹਰਜੀਤ ਬਰਾੜ ਬਾਜਾਖਾਨਾ” ਸੀ। 26 ਸਾਲ ਦੀ ਉਮਰ ਦੌਰਾਨ ਕਬੱਡੀ ਖੇਡ ਅੰਬਰ ਵਿੱਚ ਆਪਣੀ ਬਾਦਸ਼ਾਹੀ ਸਾਬਤ ਕਰਨ ਵਾਲਾ ਨਾਮ “ਹਰਜੀਤ ਬਰਾੜ ਬਾਜਾਖਾਨਾ” ਅਜਿਹਾ ਮਹਾਨ ਨਾਮ ਬਣਿਆ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਣੀ ਨਿਵੇਕਲੀ ਖੇਡ ਬਦਲੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਰਹੇਗਾ।

ਮੋਗਾ ਜ਼ਿਲੇ ਦੇ ਪਿੰਡ ਬਾਜਾਖਾਨਾ ਵਿਖੇ 5 ਸਤੰਬਰ 1971 ਨੂੰ ਸਰਦਾਰ ਬਖਸ਼ੀਸ਼ ਸਿੰਘ ਪਿਤਾ ਅਤੇ ਮਾਤਾ ਸੁਰਜੀਤ ਕੌਰ ਦੇ ਗ੍ਰਹਿ ਵਿਖੇ ਜਨਮੇ ਇਕ ਗੋਲ ਮਟੋਲ ਜਿਹੇ ਕਾਕੇ ਦੀਆਂ ਕਿਲਕਾਰੀਆਂ ਵੇਲੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਇਕ ਦਿਨ ਮਹਾਨ ਕਬੱਡੀ ਖਿਡਾਰੀ ਬਣੇਗਾ। ਪਿਤਾ ਦੀ ਮੁੱਢਲੀ ਹੱਲਾਸ਼ੇਰੀ ਨਾਲ ਕਬੱਡੀ ਖੇਡਣ ਵਾਲਾ “ਹਰਜੀਤ” ਅਜਿਹਾ ਕਬੱਡੀ ਖੇਡਿਆ ਜਿਸਨੇ ਮੁੜ ਪਿੱਛੇ ਕਦੇ ਨਹੀਂ ਵੇਖਿਆ ।ਦੋ ਵੱਡੇ ਭਰਾਵਾਂ ਦਾ ਛੋਟਾ ਭਰਾ “ਹਰਜੀਤ” ਕਬੱਡੀ ਨੂੰ ਜਿੰਦ ਜਾਨ ਸਮਝਦਾ ਸੀ। ਅੱਜ ਜਿੱਥੇ ਕਿਤੇ ਵੀ ਖੇਡ ਕਬੱਡੀ ਦਾ ਨਾਮ ਲਿਆ ਗਿਆ ਜਾਂ ਦੇਸ਼-ਵਿਦੇਸ਼ ਵਿੱਚ ਛੋਟੇ ਵੱਡੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਤਾਂ ਸਭ ਤੋਂ ਪਹਿਲਾਂ ਨਾਮ ਇਸ ਮਨਾਂ ਮੋਹੀ ਚੋਟੀ ਦੇ ਛੈਲ ਛਬੀਲੇ , ਤਕੜੇ ਜੁੱਸੇ ਦੇ ਮਾਲਕ ਨੌਜਵਾਨ “ਹਰਜੀਤ ਬਾਜਾਖਾਨਾ” ਦਾ ਲਿਆ ਗਿਆ ਹੈ। ਹੱਸਦਾ, ਨੱਚਦਾ, ਟੱਪਦਾ ਤੇ ਜਚਦਾ ਹੋਇਆ ਕਬੱਡੀ ਵਿੱਚ ਰੇਡਾਂ ਪਾਉਣ ਵਾਲਾ “ਹਰਜੀਤ” ਕਬੱਡੀ ਦੇ ਖੇਤਰ ਵਿਚ ਅਜਿਹੀ ਖੇਡ ਖੇਡਿਆ ਕਿ ਕਬੱਡੀ ਨਾਲ ਸੰਬੰਧਤ ਸਾਰੀ ਦੁਨੀਆ ਉਸਦੀ ਖੇਡ ਦੀ ਕਾਇਲ ਹੋ ਚੁੱਕੀ ਸੀ। ਹਰ ਉਮਰ ਵਰਗ ਦੇ ਲੋਕ ਉਸਦੇ ਪ੍ਰਸੰਸਕ ਬਣ ਚੁੱਕੇ ਸਨ। ਜਦੋਂ ਕਿਤੇ “ਹਰਜੀਤ” ਦਾ ਕਬੱਡੀ ਮੈਚ ਹੁੰਦਾ ਤਾਂ ਬੱਚੇ ਨੌਜਵਾਨ ਤੇ ਬਜ਼ੁਰਗ ਸਭ ਉਸਦੀ ਕਬੱਡੀ ਵੇਖਣ ਪਹੁੰਚਦੇ । ਹਰ ਵਾਂਗ ਦੀ ਤਰਾਂ “ਹਰਜੀਤ” ਆਪਣੀ ਖੇਡ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਅੰਬਰੀ ਗੁੰਜਣ ਲੱਗ ਜਾਂਦੀ ਸੀ।

PunjabKesari

ਜ਼ਿਲਾ ਫਰੀਦਕੋਟ ਦੇ ਪਿੰਡ ਬਾਜਾਖਾਨਾ ਦੇ ਪ੍ਰਾਈਮਰੀ ਸਕੂਲ ਵਿੱਚ ਕਬੱਡੀ ਖੇਡਣ ਵਾਲੇ ਨਿੱਕੇ ਗੋਲ ਮਟੋਲ“ਹਰਜੀਤ” ਨੇ ਸਕੂਲ ਨੂੰ ਬਲਾਕ ਜ਼ੋਨ ਤੋਂ ਲੈ ਕੇ ਜ਼ਿਲਾ ਪੱਧਰ ਤੱਕ ਸ਼ਾਨਦਾਰ ਖੇਡ ਨਾਲ ਜਿੱਤ ਪ੍ਰਾਪਤ ਕਰਵਾਈ । ਇੰਨਾਂ ਜ਼ਿਲਾ ਪੱਧਰੀ ਖੇਡਾਂ ਵਿੱਚ ਸੁਚੱਜੀ ਖੇਡ ਸਦਕੇ ਉਸਦੀ ਚੋਣ ਗੁਹਾਟੀ ਵਿਖੇ ਹੋਣਵਾਲੀ “ਕੌਮੀ ਸਕੂਲ ਸਬ ਜੂਨੀਅਰ ਖੇਡਾਂ “ ਲਈ ਕੀਤੀ ਗਈ , ਜਿੱਥੇ ਹਰਜੀਤ ਨੇ ਕਬੱਡੀ ਖੇਡ ਜਗਤ ਵਿੱਚ ਆਪਣੀ ਹਾਜ਼ਰੀ ਡੰਕੇ ਦੀ ਚੋਟ ਨਾਲ ਲਗਵਾ ਦਿੱਤੀ ਸੀ। ਸਪੋਰਟਸ ਸਕੂਲ ਜਲੰਧਰ ਵਿਖੇ ਕਬੱਡੀ ਦੀਆਂ ਬਰੀਕੀਆ ਜਾਣਨ ਵਾਲਾ ਹਰਜੀਤ ਅਜਿਹਾ ਅੱਗੇ ਵਧਿਆ ਕਿ ਬੁਲੰਦੀਆਂ ਤੇ ਸੌਹਰਤ ਉਸਦੇ ਮਗਰ ਮਗਰ ਰਹੀਆਂ ।

ਸਾਲ 1994 ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਕਬੱਡੀ ਖੇਡਣ ਵੇਲੇ ਉਸਦੀ ਦਮਦਾਰ ਕਬੱਡੀ ਖੇਡ ਅਤੇ ਵਿਰੋਧੀਆਂ ਪ੍ਰਤੀ ਇਕਸੁਜੱਗ ਵਤੀਰੇ ਤੇ ਪ੍ਰਦਰਸ਼ਨ ਨੇ ਹਰ ਪੰਜਾਬੀ ਦੇ ਦਿਲ ਵਿੱਚ ਉਸਦਾ ਘਰ ਬਣਾ ਦਿੱਤਾ । ਸਾਲ 1996 ਦੇ ਕਬੱਡੀ ਵਰਲਡ ਕੱਪ ਵਿੱਚ ਖੇਡੀ ਅਜਿਹੀ ਧਾਕੜ ਕਬੱਡੀ ਨੇ “ਬਾਜਾਖਾਨਾ ਬਾਜਾਖਾਨਾ” ਦਾ ਨਾਮ ਅੰਬਰੀ ਗੂੰਜਣ ਲਾ ਦਿੱਤਾ ਜਿਸਨੇ ਉਸਨੂੰ ਕਬੱਡੀ ਦਾ ਬੇਤਾਜ ਬਾਦਸ਼ਾਹ ਬਣਾਇਆ। “ਹਰਜੀਤ” ਨੇ ਜਿਨ੍ਹੇ ਸਮੇਂ ਕਬੱਡੀ ਖੇਡੀ ਓਹ ਸਾਰਾ ਸਮਾਂ ਹੀ ਕਬੱਡੀ ਦਾ ਸੁਨਹਿਰਾ ਦੌਰ ਸੀ । ਵਿਦੇਸ਼ਾਂ ਵਿੱਚ ਉਸਦੀ ਇਕ ਇਕ ਰੇਡ ਲੱਖ ਲੱਖ ਤੱਕ ਪਾਈ ਜਾਣ ਲੱਗ ਪਈ ਸੀ। 

“ਹਰਜੀਤ ਨੇ ਹਮੇਸ਼ਾ ਹੱਸਦੇ ਨੱਚਦੇ ਹੋਏ ਹੀ ਕਬੱਡੀ ਖੇਡੀ ਜੋ ਕਬੱਡੀ ਜਗਤ ਦਾ ਹਮੇਸ਼ਾ ਲਈ ਦਿਲ ਬਣ ਗਿਆ। ਹਰਜੀਤ ਬਾਜਾਖਾਨਾ ਆਪਣੀ ਕਬੱਡੀ ਖੇਡ ਨਾਲ ਆਪਣੀ ਦੋਸਤੀ ਲਈ ਅੱਜ ਵੀ ਆਪਣੇ ਸੰਗੀਆਂ-ਸਾਥੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੈ। ਅੱਜ ਜਦ ਕਦੇ ਉਸਦੇ ਕਿਸੇ ਦੋਸਤ ਨੇ ਭਾਵੇਂ ਕੋਈ ਇਕ ਅੱਧ ਮੈਚ ਹਰਜੀਤ ਨਾਲ ਕਬੱਡੀ ਖੇਡਿਆ ਹੋਵੇ “ਹਰਜੀਤ ਬਾਜਾਖਾਨਾ” ਦਾ ਨਾਮ ਲੈਣਸਾਰ ਹੀ ਆਪ ਮੁਹਾਰੇ ਆਪਣੀਆਂ ਅੱਖਾਂ ਨਮ ਕਰ ਲੈਂਦਾ ਹੈ । ਹਰਜੀਤ ਦੇ ਦੋਸਤ ਅਕਸਰ ਕਹਿੰਦੇ ਹਨ ਕਿ ਜਾਨਦਾਰ ਕਬੱਡੀ ਦੇ ਨਾਲ-ਨਾਲ ਜਾਨਦਾਰ ਦੋਸਤੀ ਲਈ ਉਹ ਆਪਣਾ ਆਪ ਵੀ ਵਾਰਦਾ ਸੀ। ਕਿਹਾ ਜਾਂਦਾ ਹੈ ਕਿ “ਹਰਜੀਤ” ਦਸ ਤੋਂ ਪੰਦਰਾਂ ਸਕਿੰਟ ਵਿੱਚ ਆਪਣਾ ਪੁਆਇੰਟ ਲੈ ਵਾਪਸ ਆਉਂਦਾ ਸੀ। ਉਹ ਜਦੋਂ ਰੇਡ ਪਾੳਂਦਾ ਸੀ ਤਾਂ ਹੌਲੀ ਜਿਹੇ ਪੱਟ ‘ਤੇ ਥਾਪੀ ਮਾਰ ਵਿਰੋਧੀ ਦੇ ਪਾਲੇ ਵਿੱਚ ਹੱਸਦੇ ਹੋਏ ਜਾਣਾ ,ਫੇਰ ਬਾਜ ਵਾਂਗੂ ਬਾਹਾਂ ਫੈਲਾ ਸਾਰਿਆਂ ਜਾਫੀਆਂ ਨੂੰ ਚਿੰਤਾ ਵਿੱਚ ਪਾ ਦਿੰਦਾ ਕਿ “ਬਾਜਾਖਾਨਾ” ਨੂੰ ਕਿਵੇਂ ਜੱਫਾ ਲਾਈਏ । ਪਰ ਹੁੰਦਾ ਓਹੀ ਜੋ “ਹਰਜੀਤ ਬਾਜਾਖਾਨਾ” ਕਰਦਾ ਸੀ, ਹਰਜੀਤ ਦਾ ਹਨੇਰੀ ਵਾਂਗੂ ਜਾਣਾ ਤੇ ਤੂਫਾਨ ਵਾਂਗ ਵਾਪਸ ਆਉਣ ਦਾ ਪਤਾ ਸਿਰਫ “ਬਾਜਾਖਾਨਾ” ਨੂੰ ਹੀ ਹੁੰਦਾ ਸੀ।

PunjabKesari

ਕਹਿੰਦੇ ਹਨ ਕਿ ਇਕ ਸਮੇਂ ਉਸਦੀ ਇਕ ਰੇਡ ‘ਤੇ ਪੈਂਤੀ ਹਜ਼ਾਰ ਡਾਲਰ ਦੀ ਸ਼ਰਤ ਲਗਾਈ ਗਈ ਸੀ ਜਿਸਦੀ ਭਾਰਤੀ ਕਰੰਸੀ ਵਿੱਚ ਅੱਜ ਦੀ ਕੀਮਤ ਕਰੀਬ 26 ਲੱਖ ਦੇ ਪਾਰ ਬਣਦੀ ਹੈ। ਵਿਸ਼ੇਸ਼ ਜਿਕਰਯੋਗ ਇਹ ਵੀ ਹੈ ਕਿ ਇਸ ਮਹਿੰਗੀ ਰੇਡ ਸਬੰਧੀ ਕੋਈ ਪੁਖਤਾ ਸਬੂਤ ਵੀ ਨਹੀਂ ਮਿਲ ਸਕਿਆ ਹੈ ਪਰ ਅੱਜ ਵੀ ਅਕਸਰ ਪੁਰਾਣੇ ਬੰਦੇ ਇਸ ਮਹਿੰਗੀ ਰੇਡ ਦਾ ਜਿਕਰ ਕਬੱਡੀ ਟੂਰਨਾਮੈਂਟਾਂ ਵਿੱਚ ਜ਼ਰੂਰ ਕਰਦੇ ਰਹਿੰਦੇ ਹਨ। ਹਮੇਸ਼ਾ ਫੁੱਲਾਂ ਵਾਂਗ ਹੱਸਦੇ ਹੋਏ ਕਬੱਡੀ ਖੇਡਣ ਵਾਲਾ “ਬਾਜਾਖਾਨਾ” ਦਾ ਨਾਮ ਹੁਣ ਏਨਾ ਵੱਡਾ ਬਣ ਚੁੱਕਾ ਸੀ ਕਿ ਉਸਦੇ ਪਹੁੰਚਣ ਤੋਂ ਪਹਿਲਾਂ ਉਸਦਾ ਨਾਮ ਕਬੱਡੀ ਟੂਰਨਾਮੈਂਟ ਵਿੱਚ ਪਹੁੰਚ ਜਾਂਦਾ ਸੀ।  ਨਿਮਾਣਾ ਖੱਟ ਚੁੱਕਾ “ਹਰਜੀਤ ਬਾਜਾਖਾਨਾ” ਜਦ ਤੱਕ ਗਰਾਉਂਡ ਵਿੱਚ ਪਹੁੰਚਦਾ ਤਾਂ ਠਾਠਾਂ ਮਾਰਦਾ ਇਕੱਠ ਉਸਦਾ ਜ਼ੋਰਦਾਰ ਕਿਲਕਾਰੀਆਂ ਤੇ ਤਾੜੀਆਂ ਨਾਲ ਸਵਾਗਤ ਕਰਦਾ ਸੀ ਜੋ ਕਿ ਸ਼ਾਇਦ ਹੀ ਹੁਣ ਤੱਕ ਕਿਸੇ ਕਬੱਡੀ ਖਿਡਾਰੀ ਦਾ ਹੋਇਆ ਹਵੇਗਾ।

ਇਕ ਕਬੱਡੀ ਖਿਡਾਰੀ ਦਾ ਏਨਾ ਮਾਣ ਸਤਿਕਾਰ ਕਿਸੇ ਸਿਫਾਰਸ਼ ਨਾਲ ਨਹੀਂ ਬਣਿਆ ,ਇਹ “ਹਰਜੀਤ” ਨੇ ਆਪਣੇ ਦਮ ‘ਤੇ ਖੇਡੀ ਕਬੱਡੀ ਅਤੇ ਸੁਚੱਜੇ ਵਿਹਾਰ ਸਮੇਤ ਮਿਹਨਤ ਨਾਲ ਕਮਾਇਆ ਸੀ। ਇਸ ਗੱਲ ਦਾ ਅੰਦਾਜਾ ਅੱਜ ਕਬੱਡੀ ਖੇਡ ਰਹੇ ਕਿਸੇ ਵੀ ਖਿਡਾਰੀ ਨੂੰ ਸਹਿਜੇ ਹੀ ਪੁੱਛ ਕੇ ਲਾਇਆ ਜਾ ਸਕਦਾ ਹੈ ,ਕਿਓਂ ਕਿ ਜਵਾਬ ਮਿਲੂ “ਮੈਂ ਵੀ ਹਰਜੀਤ ਬਾਜਾਖਾਨਾ ਵਾਂਗ ਕਬੱਡੀ ਖੇਡਣਾ ਚਾਹੁੰਦਾ ਹਾਂ। ਹਰਜੀਤ ਨੇ ਕਬੱਡੀ ਖੇਡ ਵਿੱਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਵੈਸੇ ਤਾਂ ਬਾਜਾਖਾਨਾ ਦੀ ਰੇਡ ਕਦੀ ਰਹਿੰਦੀ ਨਹੀਂ ਸੀ ਪਰ ਜਿਸ ਕਿਸੇ ਜਾਫੀ ਨੇ “ਹਰਜੀਤ” ਨੂੰ ਜੱਫਾ ਲਾਇਆ ਤਾਂ ਉਸ ਜਾਫੀ ਦਾ ਨਾਮ ਵੀ ਕਬੱਡੀ ਖੇਡ ਜਗਤ ਵਿੱਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਗਿਆ।

ਬਾਰਵੀਂ ਜਮਾਤ ਪਾਸ “ਹਰਜੀਤ” ਪੰਜਾਬ ਪੁਲਸ ਵੱਲੋਂ ਬਤੌਰ ਕਬੱਡੀ ਖਿਡਾਰੀ ਵੀ ਖੇਡਿਆ। ਉਸਦਾ ਵਿਆਹ 16 ਮਾਰਚ 1996 ਨੂੰ ਪਿੰਡ ਖੋਜੋਵਾਲ ਜ਼ਿਲਾ ਕਪੂਰਥਲਾ ਦੀ ਜੰਮਪਲ ਅਤੇ ਹੁਣ ਕੈਨੇਡਾ ਵਾਸੀ ਨਰਿੰਦਰਜੀਤ ਕੌਰ ਨਾਲ ਹੋਇਆ। “ਹਰਜੀਤ” ਦੇ ਘਰ ਇਕ ਨੰਨੀ ਪਰੀ ਦਾ ਜਨਮ ਵੀ ਹੋਇਆ ।ਫਿਰ ਇਕ ਦਿਨ ਅਜਿਹਾ ਆਇਆ ਜਦੋਂ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਮਿਤੀ 16 ਫਰਵਰੀ 1998 ਨੂੰ ਮੋਰਿੰਡਾ ਕੁਰਾਲੀ ਸੜਕ ਤੇ ਇਕ ਜਿਪਸੀ ਤੇ ਟਰੱਕ ਦੇ ਹਾਦਸੇ ਵਿੱਚ ਕਬੱਡੀ ਜਗਤ ਦਾ ਚੋਟੀ ਦਾ ਖਿਡਾਰੀ ਹਮੇਸ਼ਾ ਲਈ ਇਸ ਦੁਨੀਆਂ ਛੱਡ ਚਲਾ ਗਿਆ। “ਹਰਜੀਤ ਬਰਾੜ ਬਾਜਾਖਾਨਾ, ਤਲਵਾਰ ਕਾਉਂਕੇ, ਕੇਵਲ ਲੋਪੋਕੇ, ਕੇਵਲ ਸੇਖਾ” ਇਕ ਜਿਪਸੀ ਵਿੱਚ ਸਵਾਰ ਹੋ ਵਿਦੇਸ਼ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਜਾ ਰਹੇ ਸਨ ਜੋ ਰਸਤੇ ਦਰਮਿਆਨ ਸੜਕ ਹਾਦਸੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਸੜਕ ਹਾਦਸੇ ਦੀ ਖ਼ਬਰ ਅੱਗ ਵਾਂਗ ਫੈਲ ਗਈ । ਸਾਰਾ ਕਬੱਡੀ ਜਗਤ ਸੋਗ ਵਿੱਚ ਆ ਗਿਆ ਸੀ ਹਰ ਓਹ ਦਿਲ ਜੋ ਇਨ੍ਹਾਂ ਕਬੱਡੀ ਖਿਡਾਰੀਆਂ ਦਾ ਮੁਰੀਦ ਸੀ ਓਹ ਭੁੱਬਾਂ ਮਾਰ-ਮਾਰ ਅੰਦਰੋ ਅੰਦਰੀ ਰੋ ਰਿਹਾ ਸੀ। ਕਬੱਡੀ ਜਗਤ ਲਈ ਅਫ਼ਸੋਸ ਭਰਿਆ ਦਿਨ ਜੋ ਕਬੱਡੀ ਦੇ ਦੂਸਰੇ ਨਾਮ ਨੂੰ ਸਦਾ ਲਈ ਦੁਨੀਆ ਤੋ ਅਲਵਿਦਾ ਆਖ ਗਿਆ ਸੀ। ਜਦੋਂ ਕਬੱਡੀ ਦੇ ਇਸ ਮਹਾਨ ਖਿਡਾਰੀ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਤਾਂ ਇਕੱਠ ਜ਼ਿਆਦਾ ਹੋਣ ਕਾਰਨ ਇਕ ਖੁੱਲ੍ਹੇ ਮੈਦਾਨ ਵਿੱਚ “ਹਰਜੀਤ ਬਾਜਾਖਾਨਾ” ਦਾ ਅੰਤਿਮ ਸੰਸਕਾਰ ਕੀਤਾ ਗਿਆ । ਜਿਸ ਥਾਂ ਸੰਸਕਾਰ ਕੀਤਾ ਗਿਆ ਉਸ ਥਾਂ “ਹਰਜੀਤ” ਦੀ ਯਾਦ ਵਿੱਚ ਇਕ ਬੁੱਤ ਵੀ ਲਗਾਇਆ ਗਿਆ ਹੈ ਜਿੱਥੇ ਉਸਦੀਆਂ ਜਿੱਤੇ ਕੱਪ, ਟਰਾਫੀਆਂ, ਮੈਡਲ ਅਤੇ ਜੀਵਨ ਬਿਓਰਾ ਲਿਖਿਆ ਹੋਇਆ ਹੈ। ਅੱਜ ਵੀ ਜਦੋਂ ਕੋਈ ਪਿੰਡ ਬਾਜਾਖਾਨਾ ਕੋਲੋਂ ਦੀ ਗੁਜ਼ਰਦਾ ਹੈ ਤਾਂ ਆਪ ਮੁਹਾਰੇ ਉਹ “ਹਰਜੀਤ ਬਰਾੜ ਬਾਜਾਖਾਨਾ ਦੀ ਯਾਦਗਾਰ ਕੋਲ ਜ਼ਰੂਰ ਗੇੜਾ ਮਾਰ ਕੇ ਆਉਂਦਾ ਹੈ। “ਹਰਜੀਤ ਬਰਾੜ ਬਾਜਾਖਾਨਾ” ਇਕ ਮਹਾਨ ਖਿਡਾਰੀ ਸੀ ਜਿਸਦੀ ਯਾਦ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ ਹੀ ਇਕ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਹਾਨ ਖਿਡਾਰੀ ਦੀ ਜੀਵਨ ਜਾਂਚ ਸਬੰਧੀ ਵੱਧ ਤੋਂ ਵੱਧ ਬੱਚਿਆਂ ਤੇ ਸਮਾਜ ਨੂੰ ਚਾਨਣਾ ਪਾਇਆ ਜਾਵੇ ਅਤੇ ਹਰਜੀਤ ਦੀ ਯਾਦ ਨੂੰ ਸਪਰਪਿਤ ਕੋਈ ਸ਼ਾਨਦਾਰ ਗਰਾਊਂਡ, ਇਮਾਰਤ ਜਾ ਕੋਈ ਹੋਰ ਚੀਜ਼ ਉਸਾਰੀ ਜਾਵੇ ਤਾਂ ਜੋ ਉਸਦੀ ਯਾਦ ਹਮੇਸ਼ਾ ਲਈ ਪੰਜਾਬੀਆਂ ਦੇ ਦਿਲਾਂ ਦੇ ਸਨਮੁੱਖ ਰਹੇ। 

PunjabKesari

ਹਰਜੀਤ ਦੀ ਯਾਦ ਵਿਚ ਕਈ ਲਿਖਤਾਂ ,ਗਾਣੇ ਤੇ ਇੰਟਰਨੈੱਟ ਉਪਰ ਕਈ ਵੀਡੀਓਜ ਦੀ ਭਰਮਾਰ ਹੈ। ਹਰਜੀਤ ਬਾਜਾਖਾਨਾ ਇਕ ਬਹੁਤ ਵੱਡਾ ਮਕਬੂਲ ਨਾਮ ਬਣ ਚੁੱਕਿਆ ਸੀ ਜਿਸ ਕਾਰਨ ਹਰ ਕੋਈ ਉਸ ਨਾਲ ਗੂੜੀ ਜਾਣ ਪਛਾਣ ਦਾ ਦਾਅਵਾ ਵੀ ਕਰਦੇ ਰਹਿੰਦੇ ਹਨ ਭਾਂਵੇ ਓਹ ਹਰਜੀਤ ਨੂੰ ਕਦੀ ਮਿਲੇ ਵੀ ਨਾ ਹੋਣ । ਇਸ ਲਈ “ਹਰਜੀਤ ਬਾਜਾਖਾਨਾ” ਬਾਰੇ ਕਈ ਗੱਲਾਂ ਕਈ ਕਿੱਸੇ ਉਸ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਸੱਚ ਝੂਠ ਹੋਣ ਬਾਰੇ ਕਿਸੇ ਨੂੰ ਨਹੀਂ ਪਤਾ। ਇਹ ਲਿਖਤ ਨਿਰੋਲ ਇਸ ਮਹਾਨ ਕਬੱਡੀ ਖਿਡਾਰੀ “ਹਰਜੀਤ ਬਾਜਾਖਾਨਾ” ਦੀ ਯਾਦ ਅਤੇ ਉਸਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਜੋ ਮਾਨ ਸਨਮਾਨ ਦਿੱਤੇ ਜਾਣੇ ਚਾਹੀਦੇ ਸਨ ਨੂੰ ਸਮਰਪਿਤ ਹੈ।

ਹਰਜੀਤ ਸਿੰਘ “ਬਾਗੀ (94657-33311)
 


author

Tarsem Singh

Content Editor

Related News