ਲਾਲਚ ਦੀ ਚੱਕੀ-ਬਾਲ ਕਹਾਣੀ

05/19/2019 1:29:39 PM

ਬੱਚਿਓ! ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ। ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਚਲਦਾ ਸੀ। ਉਸ ਘਰ ਵਿੱਚ ਇੱਕ ਲੜਕਾ, ਉਸਦੀ ਛੋਟੀ ਭੈਣ ਅਤੇ ਮਾਤਾ-ਪਿਤਾ ਰਹਿੰਦੇ ਸਨ। ਲੜਕੇ ਦਾ ਨਾਂ ਹਿੰਮਤ ਸੀ ਅਤੇ ਉਹ ਆਪਣੇ ਨਾਂ ਦੀ ਤਰ੍ਹਾਂ ਹੀ ਬੜਾ ਹਿੰਮਤੀ ਅਤੇ ਮਿਹਨਤੀ ਸੀ। ਘਰਦਿਆਂ ਨੇ ਉਸਨੂੰ ਸਕੂਲ ਪੜ੍ਹਨ ਵੀ ਪਾ ਦਿੱਤਾ। ਪਰ ਉਹ ਛੇਵੀਂ-ਸੱਤਵੀ ਜਮਾਤ ਤੱਕ ਹੀ ਪੜ੍ਹ ਸਕਿਆ। ਕਈ ਵਾਰ ਅਧਿਆਪਕ ਉਸਦੀ ਕਾਪੀਆਂ-ਕਿਤਾਬਾਂ ਨਾਲ ਮਦਦ ਵੀ ਕਰ ਦੇਂਦੇ ਪਰ ਉਹ ਆਪਣੇ ਘਰ ਦੇ ਪਰਿਵਾਰ ਦੇ ਖਰਚੇ ਬਾਰੇ ਸੋਚਦਾ ਰਹਿੰਦਾ।
ਆਖਿਰ ਇਕ ਦਿਨ ਉਸਨੇ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਨ ਦਾ ਫੈਸਲਾ ਕਰ ਲਿਆ। ਮਾਂ-ਬਾਪ ਨੇ ਵੀ ਗਰੀਬੀ ਦੀ ਹਾਲਤ ਕਰਕੇ ਉਸਨੂੰ ਨਾ ਰੋਕਿਆ। ਹੁਣ ਉਹ ਪੜ੍ਹਾਈ ਛੱਡ ਕੇ ਪਿੰਡ ਤੋਂ ਚਾਰ ਮੀਲ ਦੂਰ ਬਣ ਰਹੀ ਨਵੀਂ ਨਹਿਰ ਤੇ ਮਜ਼ਦੂਰੀ ਕਰਨ ਲੱਗਿਆ। ਸ਼ਾਮ ਨੂੰ ਉਹ ਜੋ ਵੀ ਕਮਾ ਕੇ ਲਿਆਉਂਦਾ ਤਾਂ ਉਸ ਨਾਲ ਉਨ੍ਹਾਂ ਦੇ ਪ੍ਰੀਵਾਰ ਦੀ ਰੋਟੀ ਚਲਦੀ। ਉਸਦੇ ਮਾਂ-ਬਾਪ ਸਿਹਤ ਪੱਖੋ ਨਢਾਲ ਅਤੇ ਕਮਜ਼ੋਰ ਹੋਣ ਕਾਰਣ ਕੋਈ ਕੰਮ ਨਹੀਂ ਸਨ ਕਰ ਸਕਦੇ। ਇਸ ਲਈ ਘਰ ਦੇ ਖਰਚੇ ਦੀ ਸਾਰੀ ਜ਼ਿੰਮੇਵਾਰੀ ਹਿੰਮਤ ਪਰ ਹੀ ਆ ਪਈ। ਉਹ ਹਰ ਰੋਜ਼ ਸਵੇਰੇ ਜਲਦੀ ਉੱਠਦਾ ਅਤੇ ਉਸਦੀ ਮਾਂ ਉਸਦੇ ਖਾਣ ਲਈ ਕੁਝ ਨਾ ਕੁਝ ਤਿਆਰ ਕਰਦੀ। ਕੁਝ ਖਾਣਾ ਖਾ ਕੇ, ਕੁੱਝ ਖਾਣ ਲਈ ਲੜ ਬੰਨ੍ਹ ਮਜ਼ਦੂਰੀ ਲਈ ਨਹਿਰ ਵੱਲ ਚਲ ਪੈਂਦਾ। ਉਸਦੀ ਪੜ੍ਹਾਈ ਵਿੱਚ ਹੀ ਰਹਿ ਗਈ ਅਤੇ ਹੁਣ ਮਜ਼ਦੂਰੀ ਹੀ ਉਸਦਾ ਰੋਜ਼ ਦਾ ਕੰਮ ਬਣ ਗਿਆ।
ਇਕ ਦਿਨ ਜਦੋਂ ਉਹ ਘਰੋਂ ਨਹਿਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਇੱਕ ਰੁੱਖ ਥੱਲੇ ਬੈਠਾ ਇੱਕ ਮਹਾਤਮਾ ਮਿਲ ਗਿਆ। ਮਹਾਤਮਾ ਨੇ ਭੁੱਖ ਦਾ ਜ਼ਿਕਰ ਕਰਕੇ ਕੁਝ ਖਾਣ ਲਈ ਮੰਗਿਆ ਤਾਂ ਹਿੰਮਤ ਨੇ ਤੁਰੰਤ ਆਪਣਾ ਖਾਣਾ ਜੋ ਉਹ ਨਾਲ ਲਿਆਇਆ ਸੀ ਉਸ ਮਹਾਤਮਾ ਨੂੰ ਦੇ ਦਿੱਤਾ। ਮਹਾਤਮਾ ਨੇ ਅਸ਼ੀਰਵਾਦ ਦਿੱਤਾ ਅਤੇ ਹਿੰਮਤ ਸਾਰਾ ਦਿਨ ਬਿਨਾਂ ਕੁੱਝ ਖਾਂਦੇ ਮਜ਼ਦੂਰੀ ਕਰਦਾ ਗਿਆ। ਦੂਜੇ ਦਿਨ ਫਿਰ ਉਸਨੂੰ ਮਹਾਤਮਾ ਉੱਥੇ ਹੀ ਮਿਲ ਗਿਆ ਅਤੇ ਰੋਟੀ ਦੀ ਮੰਗ ਕੀਤੀ ਤਾਂ ਹਿੰਮਤ ਨੇ ਫਿਰ ਆਪਣੀ ਰੋਟੀ ਉਸਨੂੰ ਦੇ ਦਿੱਤੀ। ਉਹ ਦੂਜੇ ਦਿਨ ਵੀ ਬਿਨਾਂ ਖਾਣੇ ਤੋਂ ਕੰਮ ਕਰਦਾ ਰਿਹਾ। ਫਿਰ ਤੀਜੇ ਦਿਨ ਵੀ ਇੰਝ ਹੀ ਵਾਪਰਿਆ ਪਰ ਹਿੰਮਤ ਨੇ ਹਿੰਮਤ ਰੱਖੀ ਅਤੇ ਮਹਾਤਮਾ ਨੂੰ ਤੀਜੇ ਦਿਨ ਵੀ ਆਪਣਾ ਖਾਣਾ ਦੇ ਦਿੱਤਾ।
ਫਿਰ ਚੌਥੇ ਦਿਨ ਹਿੰਮਤ ਨੇ ਸਾਰੀ ਘਟਨਾਂ ਬਾਰੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਉਸ ਦਿਨ ਦੁੱਗਣਾ ਖਾਣਾ ਲੜ ਬੰਨ੍ਹ ਦਿੱਤਾ ਅਤੇ ਕਿਹਾ, '' ਪੁੱਤ! ਆਪਣੀ ਮਿਹਨਤ 'ਚੋਂ ਲੋੜਵੰਦਾਂ ਨੂੰ ਕੁਝ ਦੇਣਾ, ਦਾਨ ਪੁੰਨ ਦਾ ਕੰਮ ਹੁੰਦਾ ਹੈ। ਇਸ ਵਿੱਚ ਕਦੇ ਕੁਤਾਹੀ ਨਾ ਕਰੀ।'' ''ਠੀਕ ਆ ਮਾਂ '', ਕਹਿ ਹਿੰਮਤ ਖਾਣਾ ਲੈ ਕੇ ਫਿਰ ਨਹਿਰ ਪਰ ਜਾਣ ਲਈ ਚਲ ਪਿਆ। ਜਦੋਂ ਉਹ ਉਸ ਰੁੱਖ ਥੱਲੇ ਪਹੁੰਚਿਆ ਤਾਂ ਦੇਖਿਆ ਕਿ ਉਹੀ ਮਹਾਤਮਾ ਕਿਸੇ ਦੇਵਤਾ ਦੇ ਰੂਪ ਵਿੱਚ ਬੈਠਾ ਹੈ। ਹਿੰਮਤ ਨੇ ਨਮਸਕਾਰ ਕੀਤੀ ਅਤੇ ਕਿਹਾ, '' ਮਹਾਤਮਾ ਜੀ ਆਪਣਾ ਖਾਣਾ ਲੈ ਲਵੋ।'' ਦੇਵਤਾ ਮੁਸਕਰਾਇਆ ਅਤੇ ਕਿਹਾ, ''ਪੁੱਤਰ! ਅੱਜ ਮੈਂ ਕੁਝ ਲੈਣਾ ਨਹੀਂ, ਸਗੋਂ ਤੈਨੂੰ ਕੁਝ ਦੇਣਾ ਏ।'' ਐਨਾ ਕਹਿ ਦੇਵਤਾ ਨੇ ਉਸਨੂੰ ਤਿੰਨ ਚਾਬੀਆਂ ਦਿੱਤੀਆਂ ਜਿਨ੍ਹਾਂ ਪਰ ਹੀਰਾ, ਸੋਨਾ ਅਤੇ ਚਾਂਦੀ ਕ੍ਰਮਵਾਰ ਲਿਖਿਆ ਹੋਇਆ ਸੀ। ਪਰ ਦੇਵਤਾ ਨੇ ਹਿੰਮਤ ਨੂੰ ਚਾਂਦੀ ਲਿਖੀ ਚਾਬੀ ਦੀ ਕਦੇ ਵੀ ਵਰਤੋਂ ਨਾ ਕਰਨ ਦੀ ਨਸੀਅਤ ਅਤੇ ਸਖਤ ਤਾੜਨਾ ਵੀ ਕੀਤੀ।
ਤਿੰਨੇ ਚਾਬੀਆਂ ਲੈ ਹਿੰਮਤ ਆਪਣੇ ਕੰਮ ਲਈ ਚਲ ਪਿਆ। ਲੇਟ ਹੋਣ ਕਾਰਨ ਅੱਜ ਉਸਨੇ ਜੰਗਲ ਦਾ ਰਸਤਾ ਫੜ੍ਹ ਲਿਆ। ਜੰਗਲ ਵਿੱਚ ਜਾ ਉਸਨੇ ਦੇਖਿਆ ਕਿ ਇੱਕ ਬਹੁਤ ਹੀ ਸ਼ਾਨਦਾਰ ਮਹਿਲ ਸੀ। ਉਹ ਹਿੰਮਤ ਕਰਕੇ ਅੱਗੇ ਵਧਿਆ ਅਤੇ ਦੇਖਿਆ ਕਿ ਮਹਿਲ ਖਾਲੀ ਸੀ। ਕਿਸੇ ਮਨੁੱਖ ਦਾ ਵਾਸਾ ਨਹੀਂ ਸੀ। ਉਸਨੂੰ ਚਾਬੀਆਂ ਦੀ ਯਾਦ ਆਈ, ਤਾਂ ਉਸਨੇ ਮਹਿਲ ਦਾ ਇੱਕ ਕਮਰਾ ''ਹੀਰਾ'' ਲਿਖੀ ਚਾਬੀ ਨਾਲ ਖੋਲ੍ਹਿਆ। ਉਹ ਹੈਰਾਨ ਰਹਿ ਗਿਆ ਕਿ ਅੰਦਰ ਬਹੁਤ ਸਾਰੇ ਕੀਮਤੀ ਹੀਰੇ ਪਏ ਸਨ। ਫਿਰ ਉਸਨੇ ਦੂਜਾ ਕਮਰਾ ''ਸੋਨਾ'' ਲਿਖੀ ਚਾਬੀ ਨਾਲ ਖੋਲ੍ਹਿਆ ਤਾਂ ਫਿਰ ਇਹ ਦੇਖ ਗਦਗਦ ਹੋ ਗਿਆ ਕਿ ਅੰਦਰ ਸੋਨਾ ਹੀ ਸੋਨਾ ਸੀ। ਉਹ ਮਨ ਹੀ ਮਨ ਬਹੁਤ ਖੁਸ਼ ਹੋਇਆ ਪਰ ਉਸਦੇ ਮਨ ਵਿੱਚ ਲਾਲਚ ਵੀ ਉਬਾਲੇ ਖਾਣ ਲੱਗਾ। ਉਸਨੇ ਤੀਜੀ ਚਾਬੀ ਦੀ ਵਰਤੋਂ ਕਰਨ ਬਾਰੇ ਸੋਚਿਆ ਅਤੇ ਦੇਵਤਾ ਦੀ ਚਿਤਾਵਨੀ ਨੂੰ ਨਾ ਗੌਰਦੇ ਹੋਏ ਤੀਜਾ ਕਮਰਾ ''ਚਾਂਦੀ'' ਲਿਖੀ ਚਾਬੀ ਨਾਲ ਖੋਲ੍ਹ ਲਿਆ।
ਜਦੋਂ ਉਸ ਨੇ ਤੀਜਾ ਕਮਰਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਉਸ ਕਮਰੇ ਵਿਚ ਇੱਕ ਬੁੱਢੀ ਮਾਈ ਚੱਕੀ ਪੀਸ ਰਹੀ ਸੀ ਅਤੇ ਉਸ ਨੂੰ ਦੇਖ ਕੇ 
ਉੱਚੀ-ਉੱਚੀ ਹੱਸਣ ਲੱਗ ਪਈ। ਹਿੰਮਤ ਨੇ ਪੁੱਛਿਆ, ''ਮਾਈ ਤੂੰ ਇਸ ਤਰ੍ਹਾਂ ਕਿਉਂ ਹੱਸ ਰਹੀ ਹੈ? '' ਉਸਨੇ ਉੱਤਰ ਦਿੱਤਾ, ''ਮੈਂ ਵੀ ਤੇਰੀ ਤਰ੍ਹਾ ਲਾਲਚ ਕੀਤਾ ਅਤੇ ਸਾਲਾਂ ਤੋਂ ਇਹ ਚੱਕੀ ਪੀਸ ਰਹੀ ਹਾਂ, ਹੁਣ ਤੂੰ ਆ ਗਿਆ, ਮੈਂ ਆਜ਼ਾਦ ਹੋ ਜਾਵਾਂਗੀ। '' ਇਹ ਕਹਿ ਬੁੱਢੀ ਨੇ ਉਹ ਚੱਕੀ ਹਿੰਮਤ ਦੇ ਹਵਾਲੇ ਕਰ ਦਿੱਤੀ ਅਤੇ ਬੋਲੀ, ''ਲੈ ਭਾਈ ਸਾਂਭ ਆਂਹ 'ਲਾਲਚ ਦੀ ਚੱਕੀ'। ਹੁਣ ਬੁੱਢੀ ਚਲੀ ਗਈ ਅਤੇ ਦਰਵਾਜਾ ਆਪਣੇ ਆਪ ਬੰਦ ਹੋ ਗਿਆ। ਹਿੰਮਤ ਦੀ ਸਾਰੀ ਹਿੰਮਤ ਲਾਲਚ ਖਾਹ ਗਿਆ ਸੀ ਅਤੇ ਲਾਲਚ ਵਿੱਚ ਫਸਣ ਕਾਰਣ ਆਪਣੇ ਆਪ ਨੂੰ ਕੋਸ ਰਿਹਾ ਸੀ। ਹੁਣ ਉਸਨੂੰ ਵਾਰ-ਵਾਰ ਸਕੂਲ ਵਿੱਚ ਅਧਿਆਪਕ ਦੁਆਰਾ ਦੱਸਿਆ ਗਿਆ, ''ਲਾਲਚ ਬੁਰੀ ਬਲਾ ਏ'' ਚੇਤੇ ਆ ਰਿਹਾ ਸੀ। 


ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ ਨੰ: 98764-52223


Aarti dhillon

Content Editor

Related News