ਐਵਾਨ-ਏ-ਗ਼ਜ਼ਲ : ਦੇਖ ਤੁਰ ਕੇ ਦੋ ਕਦਮ

11/26/2020 4:36:27 PM

ਲੇਖਕ-ਸਤਨਾਮ ਸਿੰਘ ਦਰਦੀ ਚਾਨੀਆਂ
ਜਲੰਧਰ
92569-73526


ਚਾਰ
ਆਪਣੇ ਹੀ ਹਿੱਤ ਖਾਤਰ ਸਾਝਾਂ ਨਾ ਪਾਲ ਤੂੰ।
ਦੂਜੇ ਦੇ ਦਰਦ ਦਾ ਵੀ ਕੁਝ ਕਰ ਖ਼ਿਆਲ ਤੂੰ।
ਮੁੱਦਤਾਂ ਤਕ ਨਾ ਮਿਲ ਸਕੇ ਨਾ ਜਿਸ ਦਾ ਜਵਾਬ,
ਵਾਰਸਾਂ ਲਈ ਛੱਡ ਨਾ ਅੇਸੇ ਸਵਾਲ ਤੂੰ।
ਜੇ ਨੇਰ੍ਹਾ ਘਰ ਕਿਸੇ ਦਾ ਰੌਸ਼ਨ ਕਰੇ ਤਾਂ ਠੀਕ,
ਆਣ ਕੇ ਮੜ੍ਹੀਆਂ ਦੇ ਵਿਚ ਦੀਵੇ ਨਾ ਬਾਲ ਤੂੰ।
ਤੇਰੇ ਜਾਣ ਦੇ ਪਿੱਛੋਂ ਵੀ ਪੌਣ ਬਾਤਾਂ ਤੇਰੀਆਂ,
ਕਾਇਮ ਕਰ ਦੁਨੀਆਂ ਦੇ ਵਿਚ ਐਸੀ ਮਿਸਾਲ ਤੂੰ।
ਸੁੱਟ ਕੇ ਦੂਜੇ ਨੂੰ ਸਭ ਨੂੰ ਸ਼ੌਂਕ ਅੱਗੇ ਜਾਣ ਦਾ,
ਹੋ ਸਕੇ ਤਾਂ ਡਿੱਗਿਆਂ ਤਾਈਂ ਚੁਕ ਕੇ ਉਠਾਲ ਤੂੰ।
ਤੂੰ ਹੈ ਗੈਰਤ ਮੰਦ ਪੰਜਾਬੀ ਸਿੱਖਿਆ ਅਤੇ ਰੁਜ਼ਗਾਰ ਮੰਗ,
ਮੰਗ ਨਾ ਸਰਕਾਰ ਕੋਲੋਂ ਆਟਾ ਤੇ ਦਾਲ ਤੂੰ।
ਰਾਹਾਂ ਦੀਆਂ ਔਕੜਾਂ ਦੇ ਹਲ ਲੱਭ ਹੀ ਜਾਣਗੇ
ਦੇਖ ਤੁਰ ਕੇ ਦੋ ਕਦਮ ਬਸ 'ਦਰਦੀ' ਦੇ ਨਾਲ ਤੂੰ।

                        
ਪੰਜ
ਅੱਗੇ ਅੱਗੇ ਲੰਘੀ ਜਾ, ਬਿਨਾ ਖੰਘ ਤੋਂ ਖੰਘੀ ਜਾ।
ਇਕ ਹੱਥ ਲੈ ਕੇ ਪਿੱਛੇ ਕਰ ਲੈ, ਦੂਜੇ ਦੇ ਨਾਲ ਮੰਗੀ ਜਾ।
ਦੋਸਤ ਮਿੱਤਰ ਸਾਕ ਸੰਬੰਧੀ, ਦਾਅ ਲਗਦੇ ਸਭ ਠੱਗੀ ਜਾ।
ਖੂਨ ਕਿਸੇ ਦਾ ਵੱਗਦਾ ਵਗੇ, ਤੂੰ ਆਪਣੇ ਹੱਥ ਰੰਗੀ ਜਾ।
ਧਰਮ ਸ਼ਰਮ ’ਚੋਂ ਤੂੰ ਕੀ ਲੈਣਾ, ਹੱਦਾਂ ਸਭ ਉਲੰਘੀ ਜਾ।
ਲੋੜਵੰਦ ਜੇ ਕੋਈ ਆ ਜਾਏ, ਕਰਦਾ ਤੰਗੀ ਤੰਗੀ ਜਾ।
ਆਪ ਝਗੜਿਓਂ ਬਚ ਕੇ ਰਹਿ, ਹੋਰਾਂ ਤਾਈਂ ਅੜੰਗੀ ਜਾ।
ਮੋਮੋ ਠੱਗਣਾ ਬਣ ਕੇ ਆਪ, ਸਭ ਨੂੰ ਸੁਕਣੇ ਟੰਗੀ ਜਾ।
ਗੱਰਜ਼ ਲਈ ਕਹਿ ਬਾਪ ਗੱਧੇ ਨੂੰ, ਐਵੇਂ ਹੀ ਨਾ ਸੰਗੀ ਜਾ।
ਸ਼ਾਮ ਦੀ ਮਹਿਫਲ ਲਾ ਠੇਕੇ ’ਤੇ, ਤੱੜਕੇ ਬਣ ਸਤਸੰਗੀ ਜਾ।

 

ਛੇ
ਬਹੁਤ ਪੁਰਾਣੇ ਹੋ ਗਏ ਹੁਣ ਤਾਂ, ਬੋਤਲ ਅਤੇ ਪਿਆਲੀ ਵੀ।
ਆ ਮੌਕੇ ਦਾ ਦਾਰੂ ਲੱਭੀਏ, ਜੋ ਬਖਸ਼ੇ ਖੁਸ਼ਹਾਲੀ ਵੀ।
ਮੰਦਹਾਲੀ ਤੇ ਝੂਰ ਨਾ ਐਵੇ, ਇਹ ਤਾਂ ਗੇੜ ਸਮੇਂ ਦਾ ਹੈ,
ਪਤਝੜ ਅਤੇ ਬਹਾਰਾਂ ਵੀ ਨੇ, ਮਸਿਆ ਅਤੇ ਦੀਵਾਲੀ ਵੀ।
ਅਜੀਬ ਜਿਹੇ ਦਸਤੂਰ ਨੇ ਦੇਖੇ, ਰੱਬਾ ਤੇਰੀ ਦੁਨੀਆਂ ਦੇ,
ਦਾਤੇ ਹੋ ਕੇ ਭੁੱਖੇ ਮਰਦੇ, ਹਾਲੀ ਵੀ ਤੇ ਪਾਲੀ ਵੀ।
ਯੂਪੀ ਦਾ ਸਰਬਾਲਾ ਲੈ ਗਿਆ, ਆਜ਼ਾਦੀ ਦੀ ਲਾੜੀ ਨੂੰ,
ਭੇਟ ਸਿਰਾਂ ਦੀ ਦੇਂਦੇ ਰਹਿ ਗਏ, ਪੰਜਾਬੀ ਤੇ ਬੰਗਾਲੀ ਵੀ।
ਇਹ ਕਰਨਾ ਕੁਦਰਤ ਦਾ ਸੀ, ਜਾਂ ਕਾਰਾ ਹਾਕਮ ਟੋਲੇ ਦਾ,
ਦੇਖਿਆ ਫੇਰ ਚੁਰਾਸੀ ਦੇ ਵਿਚ, ਵਰਤ ਰਿਹਾ ਸੰਤਾਲੀ ਵੀ।
ਕਿਹੜੀ ਚੁਗਲ ਖੋਰ ਨੇ ਖਵਰੇ, ਡੰਗ ਚਲਾਇਆ ਚੁਗਲੀ ਦਾ,
ਦੋਨੋਂ ਹੀ ਮੂੰਹ ਵੱਟੀ ਫਿਰਦੀਆਂ, ਸਾਲੀ ਵੀ ਘਰਵਾਲੀ ਵੀ।
ਨਾ ਅੱਤਵਾਦੀ ਨਾ ਵੱਖਵਾਦੀ, 'ਦਰਦੀ' ਪੂਜ ਪੰਜਾਬੀ ਨੂੰ,
ਨਾਲੇ ਮੂੰਹ ਵਿਚ ਚੋਗਾ ਦੇਂਦਾ, ਕਰਦਾ ਹੈ ਰਖਵਾਲੀ ਵੀ।


rajwinder kaur

Content Editor

Related News