ਝੋਨੇ ਨੂੰ ਸ਼ੀਥ ਬਲਾਈਟ ਤੋਂ ਬਚਾਉਣ ਲਈ ਸਹੀ ਸਮੇਂ ''ਤੇ ਕਰੋ ਛਿੜਕਾਅ

Monday, Oct 15, 2018 - 02:23 PM (IST)

ਝੋਨੇ ਨੂੰ ਸ਼ੀਥ ਬਲਾਈਟ ਤੋਂ ਬਚਾਉਣ ਲਈ ਸਹੀ ਸਮੇਂ ''ਤੇ ਕਰੋ ਛਿੜਕਾਅ

ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਅਤੇ ਝੂਠੀ ਕਾਂਗਿਆਰੀ (ਹਲਦੀ ਰੋਗ) ਝੋਨੇ ਦੀਆਂ ਬਹੁਤ ਹੀ ਨੁਕਸਾਨਦਾਇਕ ਬੀਮਾਰੀਆਂ ਹਨ ਅਤੇ ਇਨ੍ਹਾਂ ਦਾ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਨਰਿੰਦਰ ਸਿੰਘ, ਮੁਖੀ ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਮੌਜੂਦਾ ਮੌਸਮ ਅਤੇ ਫਸਲ ਦੀ ਅਵਸਥਾ ਤਣੇ-ਦੁਆਲੇ ਪੱਤੇ ਦੇ ਝੁਲਸ ਰੋਗ (ਸ਼ੀਥ ਬਲਾਈਟ) ਲਈ ਬਹੁਤ ਅਨੁਕੂਲ ਹਨ ਅਤੇ ਪੰਜਾਬ ਵਿਚ ਕੁਝ ਕੁ ਥਾਵਾਂ ਤੋਂ ਬੀਮਾਰੀ ਦੀਆਂ ਮੁੱਢਲੀਆਂ ਨਿਸ਼ਾਨੀਆਂ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਗ ਦਾ ਹਮਲਾ ਪਹਿਲਾਂ ਵੱਟਾਂ ਦੇ ਆਲੇ-ਦੁਆਲੇ ਸ਼ੁਰੂ ਹੁੰਦਾ ਹੈ। ਇਸ ਰੋਗ ਦੇ ਹਮਲੇ ਨਾਲ ਬੂਟੇ ਦੇ ਤਣੇ ਦੁਆਲੇ ਪਾਣੀ ਦੀ ਸਤਹਿ ਤੋਂ ਉਪਰ ਵੱਲ ਨੂੰ ਸਲੇਟੀ ਰੰਗ ਦੇ ਜਾਮਣੀ ਕਿਨਾਰਿਆਂ ਵਾਲੇ ਕੌਡੀਆਂ ਵਰਗੇ ਧੱਬੇ ਪੈ ਜਾਂਦੇ ਹਨ ਜੋ ਕਿ ਉਪਰ ਵੱਲ ਨੂੰ ਵੱਧਦੇ ਜਾਂਦੇ ਹਨ। ਇਸ ਰੋਗ ਦਾ ਹਮਲਾ ਬਾਸਮਤੀ ਦੀਆਂ ਕਿਸਮਾਂ 'ਤੇ ਵੀ ਹੋ ਜਾਂਦਾ ਹੈ। ਨਿਸਾਰੇ ਦੇ ਸਮੇਂ ਇਸ ਰੋਗ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਰੋਗੀ ਬੂਟਿਆਂ ਦੀਆਂ ਮੁੰਜਰਾਂ ਵਿਚ ਦਾਣੇ ਘੱਟ ਬਣਦੇ ਹਨ । ਜਿਨ੍ਹਾਂ ਖੇਤਾਂ ਵਿਚ ਇਸ ਰੋਗ ਦਾ ਹਮਲਾ ਪਿਛਲੇ ਸਾਲ ਝੋਨੇ ਦੀ ਫਸਲ 'ਤੇ ਹੋਇਆ ਸੀ ਉਨ੍ਹਾਂ ਕਿਸਾਨਾਂ ਨੂੰ ਇਸ ਰੋਗ ਦੀ ਅਗਲੇਰੀ ਰੋਕਥਾਮ ਲਈ ਫਸਲ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਇਸ ਰੋਗ ਦੀ ਸ਼ੁਰੂਆਤ ਹੋਣ ਤੇ ਫਸਲ ਨੂੰ ਬਚਾਉਣ ਲਈ 80 ਗ੍ਰਾਮ ਨਟੀਵੋ ਜਾਂ 320 ਮਿ.ਲਿ. ਲਸਚਰ ਜਾਂ 200 ਮਿ.ਲਿ. ਐਮੀਸਟਾਰ ਟੋਪ ਜਾਂ ਟਿਲਟ/ਬੰਪਰ ਜਾਂ ਫੋਲੀਕਰ/ਓਰੀਅਸ ਜਾਂ ਮੋਨਸਰਨ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਫਸਲ ਦੇ ਮੁੱਢਾਂ ਵੱਲ ਸੇਧਿਤ ਕਰਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਹ ਛਿੜਕਾਅ 15 ਦਿਨਾਂ ਬਾਅਦ ਫਿਰ ਦੁਹਰਾਉਣਾ ਚਾਹੀਦਾ ਹੈ । 

ਡਾ. ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਝੋਨੇ ਤੇ ਝੂਠੀ ਕਾਂਗਿਆਰੀ ਦਾ ਵੀ ਹਮਲਾ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਫਸਲ ਦੇ ਨਿਸਰਣ ਸਮੇਂ ਬੱਦਲਵਾਈ, ਮੀਂਹ ਅਤੇ ਜ਼ਿਆਦਾ ਸਿੱਲ ਵਾਲਾ ਮੌਸਮ ਰਹੇ ਤਾਂ ਝੂਠੀ ਕਾਂਗਿਆਰੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਰੋਗ ਦੇ ਹਮਲੇ ਨਾਲ ਮੁੰਜਰਾਂ ਵਿਚਲੇ ਦਾਣੇ ਹਰੇ ਪੀਲੇ ਰੰਗ ਦੀ ਧੂੜੇਦਾਰ ਉਲੀ ਦੇ ਗੋਲਿਆਂ ਵਿਚ ਤਬਦੀਲ ਹੋ ਜਾਂਦੀ ਹੈ। ਫਸਲ ਦੀ ਕਟਾਈ ਤੋਂ ਬਾਅਦ ਇਹ ਗੋਲੇ ਜ਼ਮੀਨ ਵਿਚ ਪਲਦੇ ਰਹਿੰਦੇ ਹਨ ਅਤੇ ਅਗਲੇ ਸਾਲ ਝੋਨੇ ਦੇ ਨਿਸਾਰੇ ਵੇਲੇ ਮੁੰਜਰਾਂ ਵਿਚ ਬਣ ਰਹੇ ਦਾਣਿਆਂ ਤੇ ਹਮਲਾ ਕਰ ਦਿੰਦੇ ਹਨ । ਇਸ ਬੀਮਾਰੀ ਦੀ ਰੋਕਥਾਮ ਲਈ ਫਸਲ ਦੇ ਗੋਭ ਵਿਚ ਆਉਣ ਸਮੇਂ 500 ਗ੍ਰਾਮ ਕੋਸਾਈਡ ਪ੍ਰਤੀ ਏਕੜ 200 ਲਿਟਰ ਪਾਣ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਬੀਮਾਰੀ ਆਉਣ ਤੋਂ ਬਾਅਦ ਇਨ੍ਹਾਂ ਉਲੀਨਾਸ਼ਕਾਂ ਦੇ ਛਿੜਕਾਅ ਦਾ ਇਸ ਬੀਮਾਰੀ 'ਤੇ ਕੋਈ ਅਸਰ ਨਹੀਂ ਹੁੰਦਾ। ਇਸ ਲਈ ਝੋਨੇ ਦੀ ਫਸਲ ਨੂੰ ਇਸ ਬੀਮਾਰੀ ਤੋਂ ਸਹੀ ਸਮੇਂ 'ਤੇ ਬਚਾਉਣਾ ਬਹੁਤ ਜ਼ਰੂਰੀ ਹੈ । 


Related News