ਲੋਕ ਗਾਇਕ ਜਾਂ ਮੋਕ ਗਾਇਕ?

05/07/2020 1:40:42 PM

ਮਿੰਟੂ ਬਰਾੜ
61434289905
mintubrar@gmail.com

'ਵਿਵਾਦ', ਮਸ਼ਹੂਰੀ ਅਤੇ ਸਫਲਤਾ ਲੈਣ ਦਾ ਇਕ ਸਭ ਤੋਂ ਕਾਰਗਰ ਅਤੇ ਸੁਖਾਲਾ ਹਥਿਆਰ ਹੈ। ਜਿਸ ਨੂੰ ਅਕਸਰ ਸੁਨਹਿਰੀ ਦੁਨੀਆ ਦੇ ਲੋਕ ਬੜੀ ਬਾਖ਼ੂਬੀ ਨਾਲ ਵਰਤਦੇ ਰਹਿੰਦੇ ਹਨ। ਆਮ ਜਨਤਾ ਇਨ੍ਹਾਂ ਦਾ ਸ਼ਿਕਾਰ ਹੁੰਦੀ ਹੈ। ਕਦੇ ਇਹ ਜਨਤਾ ਦੀ ਜੇਬ ਕੁਤਰਦੇ ਹਨ ਤੇ ਕਦੇ ਭਾਵਨਾਵਾਂ। ਖ਼ਾਸ ਕਰ ਜੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਸਤੀ ਸ਼ੁਹਰਤ ਦੇ ਭੁੱਖੇ ਤੁਹਾਨੂੰ ਆਮ ਹੀ ਦੇਖਣ 'ਚ ਮਿਲ ਜਾਣਗੇ।

ਜਿਨ੍ਹਾਂ ਗਾਇਕਾਂ ਨੇ ਆਪਣਾ ਜ਼ਮੀਰ ਨਹੀਂ ਵੇਚਿਆ ਅਤੇ ਮਿਆਰ ਕਾਇਮ ਰੱਖਿਆ, ਉਨ੍ਹਾਂ ਨੂੰ ਸਦਾ ਸਲਾਮ ਹੈ ਪਰ ਜਿਹੜੇ ਅੱਜ ਦੀ ਜਵਾਨੀ ਨੂੰ ਗੁੰਮ ਰਾਹ ਕਰ ਰਹੇ ਹਨ, ਉਨ੍ਹਾਂ ਲਈ ਹੈ ਇਹ ਲੇਖ।

ਪਾਠਕਾਂ ਤੋਂ ਅਗਾਊਂ ਮਾਫ਼ੀ ਇਸ ਲਈ ਮੰਗ ਰਿਹਾ ਹਾਂ ਕਿ ਜੋ ਸ਼ਬਦ ਅੱਜ ਦੇ ਇਸ ਲੇਖ 'ਚ ਲਿਖੇ ਜਾਣਗੇ ਉਹ ਮੇਰੇ ਕਿਰਦਾਰ ਦਾ ਹਿੱਸਾ ਨਹੀਂ ਹਨ। ਮਾਫ਼ੀ ਸਿਰਫ਼ ਪਾਠਕਾਂ ਤੋਂ ਹੈ, ਕਿਉਂਕਿ ਉਹ ਮੇਰੇ ਤੋਂ ਮੰਦੀ ਭਾਸ਼ਾ ਦੀ ਆਸ ਨਹੀਂ ਕਰਦੇ, ਨਾ ਕਿ ਉਨ੍ਹਾਂ ਲੋਕਾਂ ਤੋਂ ਜੋ ਆਪਣੇ ਕਹੇ ਤੇ ਖੜ੍ਹਨ ਦੀ ਹਿੰਮਤ ਨਹੀਂ ਰੱਖਦੇ।

ਲੇਖ ਲਿਖਣ ਦਾ ਕਾਰਨ ਹੈ, ਤੇਜ਼ੀ ਨਾਲ ਆਇਆ ਤੇ ਉੱਨੀ ਹੀ ਤੇਜ਼ੀ ਨਾਲ ਗਿਆ ਗੀਤ 'ਮੇਰਾ ਕੀ ਕਸੂਰ'। ਜੋ ਕਿ 'ਬੀਰ ਸਿੰਘ' ਵਲੋਂ ਲਿਖਿਆ ਤੇ 'ਰਣਜੀਤ ਬਾਵਾ' ਵਲੋਂ ਗਾਇਆ ਗਿਆ ਸੀ। ਭਾਵੇਂ ਗੀਤ ਨੂੰ ਹਰ ਥਾਂ ਤੋਂ ਵਾਪਸ ਲੈ ਕੇ ਗਾਇਕ ਨੇ ਅਫ਼ਸੋਸ ਜਤਾ ਲਿਆ ਹੈ। ਉਸ ਦਾ ਮੰਨਣਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ।

ਅੱਜ ਜਦੋਂ ਇਸ ਗੱਲ ਦੀਆਂ ਖ਼ਬਰਾਂ ਬਣੀਆਂ ਤਾਂ ਮੈਂ ਆਪਣੇ ਇਕ ਮਿੱਤਰ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰਦਾ ਕਹਿ ਬੈਠਾ ਕਿ ਆਹ ਜੋ ਪੰਜਾਬੀ 'ਲੋਕ ਗਾਇਕ' ਹਨ ਇਨ੍ਹਾਂ ਦਾ ਕੀ ਕੀਤਾ ਜਾਵੇ? ਤਾਂ ਉਹ ਮੂਹਰੇ ਕਹਿੰਦਾ ਬਾਈ ਇਨ੍ਹਾਂ ਨੂੰ 'ਲੋਕ ਗਾਇਕ' ਕਹਿਣਾ ਸ਼ੋਭਾ ਨਹੀਂ ਦਿੰਦਾ ਲੋਕ ਗਾਇਕ ਤਾਂ ਉਹ ਹੁੰਦੇ ਹਨ, ਜੋ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਕਮਾਂ ਮੂਹਰੇ ਹਿੱਕ ਤਾਣ ਕੇ ਗਾਉਂਦੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਬਹੁਤ ਸਾਰੇ ਅਫ਼ਰੀਕਨ ਗਾਇਕ ‘ਲੋਕ ਗਾਇਕ’ ਕਹਾਉਣ ਦੇ ਹੱਕਦਾਰ ਹਨ। ਮੈਂ ਕਿਹਾ ਫੇਰ ਇਹਨਾਂ ਨੂੰ ਕੀ ਕਿਹਾ ਜਾਵੇ? ਤਾਂ ਉਹ ਬੜੇ ਹੀ ਸਹਿਜ 'ਚ ਕਹਿੰਦਾ ‘ਲੋਕ’ ਦੀ ਥਾਂ 'ਮੋਕ' ਕਹਿ ਸਕਦੇ ਹੋ ਬਾਈ, ਕਿਉਂਕਿ ਇਹ ਆਪਣੇ ਗਿੱਟੇ ਲਿਬੇੜਦੇ ਬਿੰਦ ਨਹੀਂ ਲਾਉਂਦੇ। ਸੋ ਸਹਿਜੇ ਹੀ ਗੁਰਪ੍ਰੀਤ ਅੱਜ ਦੇ ਇਸ ਲੇਖ ਦਾ ਸਿਰਲੇਖ ਮੈਨੂੰ ਦੇ ਗਿਆ।

ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ 'ਤੇ ਵਿਸ਼ੇਸ਼ : 'ਟੈਗੋਰ ਅਤੇ ਪੰਜਾਬ' 

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੀ ਜਵਾਨੀ ਦੇ ਆਦਰਸ਼ ਜ਼ਿਆਦਾਤਰ ਲੋਕ ਗਾਇਕ ਤੇ ਫ਼ਿਲਮੀ ਨਾਇਕ ਹਨ। ਅਸਲ ਜ਼ਿੰਦਗੀ ਦੇ ਨਾਇਕ ਤਾਂ ਸਿਰਫ਼ ਕਿਤਾਬਾਂ 'ਚ ਹੀ ਸਿਮਟ ਕੇ ਰਹਿ ਗਏ ਹਨ।

ਦੇਸ਼ ਦੀ ਜਵਾਨੀ ਖ਼ਿਆਲੀ ਪੁਲਾਅ ਦੇ ਗੀਤ ਸੁਣਦੀ ਹੈ ਤੇ ਫੇਰ ਆਪਣੇ ਆਦਰਸ਼ਾਂ 'ਤੇ ਟਿਕ-ਟਾਕ ਬਣਾ ਕੇ ਦੇਸ਼ ਦਾ ਭਵਿੱਖ ਸਿਰਜਣ 'ਚ ਵਿਅਸਤ  ਹੈ।

ਇਹ ਵੀ ਅਫ਼ਸੋਸ ਹੈ ਕਿ ਪਿਛਲੇ ਇਕ ਸਾਲ 'ਚ ਇਨ੍ਹਾਂ ’ਚੋਂ ਕਈ ਆਦਰਸ਼ ਜੋ ਗੀਤਾਂ 'ਚ ਆਪਣੇ ਆਪ ਨੂੰ 'ਫੰਨੇ ਖਾਂ' ਦੱਸਦੇ ਸਨ ਪਰ ਜਦੋਂ ਵਾਹ ਪਿਆ ਤਾਂ ਗਿੱਟੇ ਲਿਬੇੜ ਗਏ। ਜਿਨ੍ਹਾਂ 'ਚ ਜ਼ਿਕਰਯੋਗ ਐਲੀ ਮਾਂਗਟ, ਮੂਸੇ ਵਾਲਾ ਅਤੇ ਹੁਣ ਰਣਜੀਤ ਬਾਵਾ ਤੁਹਾਡੇ ਸਾਹਮਣੇ ਹੈ।

ਗੱਲ ਰਣਜੀਤ ਬਾਵਾ ਦੀ ਕਰਦੇ ਹਾਂ। ਸ਼ੁਰੂ 'ਚ ਚੰਗਾ ਗਾਇਆ ਤੇ ਲੋਕਾਂ ਨੇ ਉਨ੍ਹਾਂ ਕੋਲੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ। ਫੇਰ ਜਦੋਂ ਅਚਾਨਕ ਸਲਵਾਰਾਂ ਦੇ ਪੌਂਚੇ ਮਿਣਨ ਲੱਗ ਪਿਆ ਤਾਂ ਥੋੜ੍ਹੀ ਬਹੁਤ ਥੂ-ਥੂ ਵੀ ਹੋਈ। ਪਰ ਇਹੋ ਜਿਹੇ ਮੌਕਿਆਂ ’ਤੇ ਸਾਡੇ ਇਨ੍ਹਾਂ ਗਾਇਕਾਂ ਦੇ ਤਰਕਸ਼ 'ਚ ਇਕ ਧਾਰਮਿਕ ਤੀਰ ਹੁੰਦਾ ਹੈ ਫੇਰ ਇਹ ਉਹ ਚਲਾ ਦਿੰਦੇ ਹਨ ਤੇ ਭੋਲੀ-ਭਾਲੀ ਜਨਤਾ ਭੁੱਲਣਹਾਰ ਹੈ ਤੇ ਭੁੱਲ ਜਾਂਦੀ ਹੈ। ਬਿਨਾਂ ਸ਼ੱਕ ਚੰਗਾ ਵੀ ਬਹੁਤ ਕੁਝ ਗਾਇਆ, ਇਸ ਚੰਗੇ ਦੀ ਲੜੀ 'ਚ ਹੀ ਸੀ 'ਮੇਰਾ ਕੀ ਕਸੂਰ'। ਪਰ ਅਫ਼ਸੋਸ ਜਦੋਂ ਮਾੜਾ ਗਾਇਆ ਹਿੱਕ ਠੋਕ ਕੇ ਪਹਿਰਾ ਦਿੱਤਾ ਪਰ ਜਦੋਂ ਕੁਝ ਚੰਗਾ ਗਾਇਆ ਤਾਂ ਮੈਦਾਨ ਛੱਡ ਗਏ। 

ਇਸ ਵਿਸ਼ੇ ਤੇ ਮੇਰਾ ਇਕ ਮਿੱਤਰ ਮਨਪ੍ਰੀਤ ਕਹਿੰਦਾ ਕਿ ਬਾਈ ਇਸ ਦਾ ਇਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਬਾਵੇ ਦੇ ਪਰਵਾਰ ਨੇ ਉਸ ਨੂੰ ਰੋਕ ਦਿੱਤਾ ਹੋਵੇ, ਕਿਉਂਕਿ ਉਸ ਨੇ ਬਚਪਨ 'ਚ ਆਪਣੇ ਬਾਪ ਨੂੰ ਖੋਹ ਦਿੱਤਾ ਸੀ। ਮੈਂ ਉਸ ਨਾਲ ਇਸ ਗੱਲ 'ਤੇ ਕੁਝ ਹੱਦ ਤੱਕ ਸਹਿਮਤ ਹਾਂ ਖ਼ੁਦ ਇਸ ਦੌਰ 'ਚੋਂ ਲੰਘਿਆ ਹਾਂ। ਪਰ ਫੇਰ ਉਸ ਦਾ ਪਰਵਾਰ ਦੋਸ਼ੀ ਹੈ, ਕਿਉਂਕਿ ਉਸ ਵਕਤ ਪਰਵਾਰ ਨੇ ਕਿਉਂ ਨਹੀਂ ਰੋਕਿਆ ਜਦੋਂ ਲੋਕਾਂ ਦੀਆਂ ਧੀਆਂ ਦੀਆਂ ਮਿਣਤੀਆਂ ਕਰਦਾ ਸੀ ਜਾਂ ਫੇਰ ਚੌਂਕ 'ਚ ਬੰਦੇ ਮਾਰਨ ਦੀਆਂ ਗੱਲਾਂ ਕਰਦਾ ਸੀ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ 4000 ਲੋੜਵੰਦਾਂ ਦਾ ਲੰਗਰ ਮਿਲਕੇ ਤਿਆਰ ਕਰ ਰਹੇ ਹਨ ‘ਯੂਨਾਈਟਡ ਸਿੱਖ ਮਿਸ਼ਨ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

ਇਕ ਪਹਿਲੂ ਜੋ ਹੋਰ ਵਿਚਾਰਨਯੋਗ ਹੈ ਉਹ ਹੈ ਜੇਕਰ ਅਸੀਂ ਕੋਈ ਸੂਰਬੀਰਤਾ ਵਾਲੀ ਕਵਿਤਾ, ਕਹਾਣੀ, ਕਿਤਾਬ ਜਾਂ ਫੇਰ ਕੋਈ ਫ਼ਿਲਮ ਦੇਖ ਲਈਏ ਤਾਂ ਪਿੰਡੇ 'ਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਤੇ ਦਿਲ 'ਚ ਵੀ ਇਕ ਜਜ਼ਬਾ ਆ ਜਾਂਦਾ ਹੈ ਤੇ ਕਈਆਂ ਦਾ ਮੈਂ ਜੀਵਨ ਵੀ ਸਿਰਫ਼ ਇਕ ਘਟਨਾ ਨਾਲ ਬਦਲਦੇ ਦੇਖਿਆ। ਪਰ ਬਾਵੇ ਦੇ ਮਾਮਲੇ 'ਚ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਨੇ 'ਤੂਫ਼ਾਨ ਸਿੰਘ' ਫ਼ਿਲਮ 'ਚ ਇਕ ਇਹੋ ਜਿਹਾ ਚਰਿੱਤਰ ਜੀਵਿਆ, ਜੋ ਕੌਮ ਦੀ ਅਣਖ ਲਈ ਸਭ ਕੁਰਬਾਨ ਕਰ ਗਿਆ। ਲੰਮੇ ਚਿਰ 'ਚ ਇਹ ਫ਼ਿਲਮ ਬਣੀ ਸੀ ਪਰ ਪਤਾ ਨਹੀਂ ਕਿਉਂ ਉਹ ਰਣਜੀਤ ਨੂੰ ਇੰਨਾ ਕੁ ਹੌਸਲਾ ਵੀ ਨਹੀਂ ਦੇ ਕੇ ਗਈ ਕਿ ਅੱਜ ਉਸ ਨੂੰ ਇਕ ਸੱਚ ਬੋਲਣ ’ਤੇ ਭੱਜਣ ਦੀ ਲੋੜ ਨਾ ਪੈਂਦੀ।

ਭਾਵੇਂ ਅਧਿਕਾਰਤ ਤੌਰ ’ਤੇ ਗੀਤ ਹਟਾ ਲਿਆ ਗਿਆ ਹੈ ਪਰ ਨਿੱਜੀ ਤੌਰ ’ਤੇ ਹਾਲੇ ਵੀ ਬਹੁਤ ਥਾਂ ਘੁੰਮ ਰਿਹਾ ਹੈ। ਉਸ ਗੀਤ ਦੇ ਮੈਂ ਸਾਰੇ ਬੋਲ ਕਈ ਬਾਰ ਸੁਣ ਕੇ ਇਹ ਲੇਖ ਲਿਖਣ ਬੈਠਾ ਹਾਂ। ਮੈਨੂੰ ਉਸ ਗੀਤ 'ਚ ਇਕ ਵੀ ਇਹੋ ਜਿਹਾ ਸ਼ਬਦ ਨਹੀਂ ਲੱਭਿਆ ਜੋ ਝੂਠ ਹੋਵੇ। ਗੀਤਕਾਰ ਬੀਰ ਸਿੰਘ ਦੀ ਕਲਮ ਦਾ ਮੈਂ ਵੀ ਇਕ ਮੁਰੀਦ ਹਾਂ। ਇਹ ਗੀਤ ਸੁਣ ਕੇ ਸਹਿਜ ਸੁਭਾਅ ਮੈਂ ਉਨ੍ਹਾਂ ਨੂੰ 'ਸ਼ਾਬਾਸ਼ ਸ਼ੇਰਾ' ਵੀ ਕਹਿ ਚੁੱਕਿਆ ਹਾਂ।

ਮੈਨੂੰ ਲਗਦਾ ਗਿੱਦੜਾ ਦੀ ਸਲਾਹ ਕਾਮਯਾਬ ਹੋ ਗਈ ਹੈ, ਜਿਨ੍ਹਾਂ ਅਖੀਰ 'ਅਖੌਤੀ ਸ਼ੇਰ' ਘੇਰ ਹੀ ਲਿਆ। ਇਕ ਸੱਚ ਬੋਲਣਾ ’ਤੇ ਫੇਰ ਭੱਜਣਾ, ਸਮਝ ਤੋਂ ਬਾਹਰ ਦੀ ਗੱਲ ਹੈ? ਮਾਫ਼ ਕਰਨਾ! ਫੇਰ ਤਾਂ ਇਸ ਨੂੰ 'ਮੋਕ' ਮਾਰਨਾ ਹੀ ਕਿਹਾ ਜਾਵੇਗਾ।

PunjabKesari

ਗਾਇਕ ਕਹਿ ਰਿਹਾ ਹੈ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਮੈਂ ਇਸ ਲਈ ਇਹ ਗੀਤ ਹਟਾ ਰਿਹਾ ਹਾਂ। ਪਰ ਦਿਲ ਤਾਂ ਉਦੋਂ ਵੀ ਕਈਆਂ ਦੇ ਦੁਖੇ ਹੋਣੇ ਹਨ ਜਦੋਂ ਤੁਸੀਂ ਕਿਸੇ ਦੀ ਧੀ ਵਲੋਂ ਪਾਏ ਕੱਪੜਿਆਂ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਸੀ। ਤੁਸੀਂ ਆਪਣੇ ਹੋਰ ਵੀ ਗੀਤ ਸੁਣ ਕੇ ਦੇਖ ਲਵੋ ਕਿਸੇ ਨਾ ਕਿਸੇ ਦਾ ਹਿਰਦਾ ਤਾਂ ਹਰ ਗੀਤ ਨੇ ਵਲੂੰਧਰਿਆਂ ਹੋਣਾ। 


rajwinder kaur

Content Editor

Related News