18 ਜੂਨ 1916 ਦੇ ਪੰਜ ਗ਼ਦਰੀ ਸ਼ਹੀਦ, ਕੇਂਦਰੀ ਜੇਲ੍ਹ ਲਾਹੌਰ 'ਚ ਦਿੱਤੀ ਗਈ ਫਾਂਸੀ
Sunday, Jun 18, 2023 - 05:12 AM (IST)

ਪਹਿਲੀ ਸੰਸਾਰ ਜੰਗ ਲਗਦਿਆਂ ਗ਼ਦਰ ਪਾਰਟੀ ਦੇ ਸੱਦੇ 'ਤੇ ਅੱਠ ਹਜ਼ਾਰ ਗ਼ਦਰੀ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਕਰਨ ਲਈ ਆਏ। 19 ਫਰਵਰੀ 1915 ਨੂੰ ਗ਼ਦਰ ਅਸਫ਼ਲ ਹੋ ਜਾਣ ਮਗਰੋਂ ਗ਼ਦਰੀ ਦੇਸ਼ ਭਗਤਾਂ ਨੇ ਹਥਿਆਰਾਂ ਦਾ ਪ੍ਰਬੰਧ ਕਰਨ, ਝੋਲੀਚੁੱਕ ਗਦਾਰਾਂ ਨੂੰ ਖ਼ਤਮ ਕਰਨ, ਜੇਲ੍ਹਾਂ ਵਿੱਚੋਂ ਇਨਕਲਾਬੀ ਦੇਸ਼ ਭਗਤਾਂ ਨੂੰ ਛਡਵਾਉਣ ਤੇ ਫਿਰ ਅੰਗਰੇਜ਼ਾਂ ਨੂੰ ਖ਼ਤਮ ਕਰਨ ਲਈ ਮੁੜ ਸੰਘਰਸ਼ ਕਰਨਾ ਸ਼ੁਰੂ ਕੀਤਾ। ਅੱਜ ਦੇ ਦਿਨ 18 ਜੂਨ 1916 ਨੂੰ ਪੰਜ ਗ਼ਦਰੀ ਦੇਸ਼ ਭਗਤਾਂ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਸੰਸਕਾਰ ਜੇਲ੍ਹ ਦੇ ਅਹਾਤੇ ਵਿੱਚ ਕਰ ਦਿੱਤਾ ਸੀ। 102 ਗ਼ਦਰੀਆਂ 'ਤੇ ਚੱਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਵਿੱਚ ਛੇ ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਹੀਰਾ ਸਿੰਘ ਚਰੜ ਜ਼ਿਲ੍ਹਾ ਲਾਹੌਰ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਸੀ।
1. ਈਸ਼ਰ ਸਿੰਘ ਢੁੱਡੀਕੇ (ਜ਼ਿਲ੍ਹਾ ਮੋਗਾ) - ਈਸ਼ਰ ਸਿੰਘ ਢੁੱਡੀਕੇ ਦਾ 1882 ਵਿੱਚ ਮਾਤਾ ਧਰਮ ਕੌਰ ਦੀ ਕੁੱਖੋਂ ਪਿਤਾ ਸੱਜਣ ਸਿੰਘ ਦੇ ਘਰ ਜਨਮ ਹੋਇਆ ਸੀ। ਗ਼ਦਰ ਪਾਰਟੀ ਦੇ ਸੱਦੇ 'ਤੇ ਕੈਨੇਡਾ ਤੋਂ 14 ਦਸੰਬਰ 1914 ਨੂੰ ਭਾਰਤ ਆਇਆ। ਇਸਦੇ ਯਤਨਾਂ ਨਾਲ ਢੁੱਡੀਕੇ ਇਨਕਲਾਬੀ ਸਰਗਰਮੀਆਂ ਦਾ ਗੜ੍ਹ ਬਣ ਗਿਆ ਸੀ। 19 ਫਰਵਰੀ 1915 ਨੂੰ ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਕਰਾਉਣ ਭਾਈ ਰਣਧੀਰ ਸਿੰਘ ਦੇ 60-70 ਗ਼ਦਰੀਆਂ ਦੇ ਜੱਥੇ ਵਿੱਚ ਉੱਤਮ ਸਿੰਘ ਹਾਂਸ ਨਾਲ ਗਿਆ ਸੀ।
25 ਅਪ੍ਰੈਲ 1915 ਨੂੰ ਆਪਣੇ ਪੰਜ ਸਾਥੀਆਂ ਨਾਲ ਨੰਗਲ ਕਲਾਂ (ਹੁਸ਼ਿਆਰਪੁਰ) ਦੇ ਮੁਖ਼ਬਰ ਜੈਲਦਾਰ ਚੰਦਾ ਸਿੰਘ ਨੂੰ ਕਤਲ ਕਰ ਦਿੱਤਾ।
5 ਜੂਨ 1915 ਨੂੰ ਕਪੂਰਥਲਾ ਰਿਆਸਤ ਦੇ ਅਸਲਾਖਾਨੇ 'ਤੇ ਹਮਲਾ ਕਰਕੇ ਹਥਿਆਰ ਖੋਹਣ ਲਈ 19 ਗ਼ਦਰੀ ਕਪੂਰਥਲੇ ਇਕੱਠੇ ਹੋਏ ਪਰ ਗਿਣਤੀ ਘੱਟ ਹੋਣ ਕਾਰਨ ਇਹ ਯੋਜਨਾ 12 ਜੂਨ ਤੱਕ ਟਾਲ ਦਿੱਤੀ ਗਈ। ਹਥਿਆਰ ਪ੍ਰਾਪਤ ਕਰਨ ਲਈ ਵੱਲਾ (ਅੰਮ੍ਰਿਤਸਰ) ਪੁਲ 'ਤੇ ਤਾਇਨਾਤ ਗਾਰਦ 'ਤੇ 11 ਜੂਨ 1915 ਦੀ ਰਾਤ ਨੂੰ ਹਮਲਾ ਕਰਕੇ ਹਥਿਆਰ ਖੋਹਣ 'ਚ ਗ਼ਦਰੀ ਕਾਮਯਾਬ ਹੋ ਗਏ। ਇਸ ਦੌਰਾਨ ਦੋ ਸਿਪਾਹੀ ਮਾਰੇ ਗਏ। ਅਗਲੇ ਦਿਨ ਜੈਲਦਾਰਾਂ ਨੇ ਡਾਕੂ ਡਾਕੂ ਕਹਿ ਕੇ ਪਿੰਡਾਂ ਦੇ ਲੋਕਾਂ ਨੂੰ ਗ਼ਦਰੀਆਂ ਦੇ ਪਿੱਛੇ ਲਾ ਦਿੱਤਾ। ਸੱਠ ਮੀਲ ਮੁਕਾਬਲਾ ਕਰਦੇ ਗ਼ਦਰੀ ਵਰ੍ਹਦੀਆਂ ਗੋਲ਼ੀਆਂ ਵਿੱਚ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਬੇੜੀਆਂ ਖੋਹ ਕੇ ਕਪੂਰਥਲਾ ਰਿਆਸਤ ਦੇ ਪਿੰਡਾਂ ਵੱਲ੍ਹ ਨਿੱਕਲ ਗਏ। ਇਸ ਗੋਲੀਬਾਰੀ ਵਿੱਚ ਦੋ ਜਣੇ ਮਾਰੇ ਗਏ ਸਨ।
ਈਸ਼ਰ ਸਿੰਘ ਤੇ ਉੱਤਮ ਸਿੰਘ ਹਾਂਸ ਨੂੰ ਰਿਆਸਤ ਫ਼ਰੀਦਕੋਟ ਦੇ ਇੱਕ ਪਿੰਡ ਵਿੱਚੋਂ 19 ਸਤੰਬਰ 1915 ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
2. ਸ਼ਹੀਦ ਉੱਤਮ ਸਿੰਘ ਹਾਂਸ (ਲੁਧਿਆਣਾ) - ਉੱਤਮ ਸਿੰਘ ਹਾਂਸ ਦਾ 1880 ਵਿੱਚ ਜੀਤਾ ਸਿੰਘ ਦੇ ਘਰ ਜਨਮ ਹੋਇਆ। ਕੈਨੇਡਾ ਵਿੱਚ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਯਾਤਰੀਆਂ ਨੂੰ ਆਪਣੇ ਗ਼ਦਰੀ ਸਾਥੀਆਂ ਨਾਲ ਇਸ ਜਹਾਜ਼ ਉੱਤੇ ਜਾ ਕੇ 22 ਜੁਲਾਈ 1914 ਨੂੰ ਦੇਸ਼ ਦੀ ਆਜ਼ਾਦੀ ਲਈ ਘੋਲ਼ ਕਰਨ ਲਈ ਭਾਸ਼ਨ ਦਿੱਤਾ। ਗ਼ਦਰ ਕਰਨ ਲਈ ਉਹ 14 ਦਸੰਬਰ 1914 ਨੂੰ ਭਾਰਤ ਮੁੜ ਆਇਆ। ਝਾਬੇਵਾਲ ਤੇ ਲੋਹਟਬੱਦੀ ਦੀਆਂ ਬੰਬ ਫੈਕਟਰੀਆਂ ਵਿੱਚ ਬੰਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। 19 ਫਰਵਰੀ 1915 ਨੂੰ ਫਿਰੋਜ਼ਪੁਰ ਛਾਉਣੀ 'ਤੇ ਹਮਲੇ ਦੀ ਯੋਜਨਾ, ਸਿਆਸੀ ਡਾਕਿਆਂ, ਕਪੂਰਥਲਾ ਅਸਲਾਖਾਨੇ 'ਤੇ ਹਮਲੇ ਅਤੇ ਵੱਲਾ ਪੁਲ਼ ਪੁਲਸ ਗਾਰਦ ਹਮਲੇ ਵਿੱਚ ਹਿੱਸਾ ਲਿਆ।
3. ਸ਼ਹੀਦ ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ) - ਬੀਰ ਸਿੰਘ ਬਾਹੋਵਾਲ ਦਾ 1871 ਵਿੱਚ ਬੂਟਾ ਸਿੰਘ ਦੇ ਘਰ ਜਨਮ ਹੋਇਆ। ਵੈਨਕੂਵਰ (ਕੈਨੇਡਾ) ਤੋਂ 13 ਅਕਤੂਬਰ 1914 ਨੂੰ ਕਲਕੱਤੇ ਆਇਆ। ਬਾਹਰੋਂ ਪੈਸੇ ਨਾ ਆਉਣ ਕਰਕੇ ਗ਼ਦਰੀਆਂ ਨੇ ਪਾਰਟੀ ਦਾ ਕੰਮ ਚਲਾਉਣ ਲਈ ਡਾਕੇ ਮਾਰੇ। ਬੀਰ ਸਿੰਘ 23 ਜਨਵਰੀ 1915 ਨੂੰ ਸਾਨ੍ਹੇਵਾਲ, 27 ਜਨਵਰੀ ਨੂੰ ਮਨਸੂਰਾਂ (ਲੁਧਿਆਣਾ) ਤੇ 2 ਫਰਵਰੀ 1915 ਨੂੰ ਚੱਬਾ (ਅੰਮ੍ਰਿਤਸਰ) ਡਾਕਿਆਂ ਵਿੱਚ ਸ਼ਾਮਲ ਸੀ। ਚੱਬੇ ਡਾਕੇ ਵਿੱਚ ਗ਼ਦਰੀਆਂ ਵੱਲੋਂ ਸੁੱਟੇ ਗਏ ਬੰਬ ਦੇ ਛਰ੍ਹੇ ਬੀਰ ਸਿੰਘ ਦੀ ਪਿੱਠ ਵਿੱਚ ਖੁੱਭ ਗਏ ਸਨ। 5 ਜੂਨ 1915 ਨੂੰ ਕਪੂਰਥਲਾ ਰਿਆਸਤ ਦਾ ਅਸਲਾਖਾਨਾ ਲੁੱਟਣ ਲਈ ਕੀਤੀ ਮੀਟਿੰਗ ਵਿੱਚ ਹਾਜ਼ਰ ਸੀ। ਅਗਲੇ ਦਿਨ ਚਿੱਟੀ (ਜਲੰਧਰ) ਦੇ ਗੁਰੂਦੁਆਰੇ ਵਿੱਚੋਂ ਅਰਜਨ ਸਿੰਘ ਜਗਰਾਉਂ, ਕਪੂਰ ਸਿੰਘ ਕਉਂਕੇ ਤੇ ਬੂਟਾ ਸਿੰਘ ਅਕਾਲਗੜ੍ਹ ਨਾਲ ਗ੍ਰਿਫ਼ਤਾਰ ਕੀਤਾ।
4. ਸ਼ਹੀਦ ਰੰਗਾ ਸਿੰਘ ਖੁਰਦਪੁਰ (ਜਲੰਧਰ) - ਰੰਗਾ ਸਿੰਘ ਖੁਰਦਪੁਰ ਦਾ ਗੁਰਦਿੱਤ ਸਿੰਘ ਦੇ ਘਰ ਜਨਮ ਹੋਇਆ। ਗ਼ਦਰ ਪਾਰਟੀ ਦੇ ਹੁਕਮ 'ਤੇ ਅਮਰੀਕਾ ਤੋਂ 21 ਦਸੰਬਰ 1914 ਨੂੰ ਭਾਰਤ ਆਇਆ। ਢੁੱਡੀਕੇ ਦੇ ਗ਼ਦਰੀਆਂ ਨਾਲ ਮਿਲ਼ ਕੇ 5 ਜੂਨ ਨੂੰ ਕਪੂਰਥਲਾ ਦੇ ਅਸਲਾਖਾਨੇ 'ਤੇ ਹਮਲਾ ਕਰਨ ਗਿਆ। 11 ਜੂਨ 1915 ਦੀ ਰਾਤ ਨੂੰ ਵੱਲਾ ਪੁਲ਼ ਪੁਲਸ ਗਾਰਦ 'ਤੇ ਹਮਲਾ ਕਰਨ ਲਈ ਢੁਕਵੇਂ ਸਮੇਂ ਦਾ ਇੰਤਜ਼ਾਰ ਕਰ ਰਹੇ ਗ਼ਦਰੀ ਸਾਥੀਆਂ ਨਾਲ ਗੁੱਸੇ ਹੋ ਕੇ ਵਾਪਸ ਆ ਗਿਆ ਕਿ ਉਹ ਤੁਰੰਤ ਹਮਲਾ ਕਿਉਂ ਨਹੀਂ ਕਰਦੇ। ਹੋਤੀ ਮਰਦਾਨ ਸਰਹੱਦ ਲਾਗਿਓਂ ਗ੍ਰਿਫ਼ਤਾਰ ਕੀਤਾ।
5. ਸ਼ਹੀਦ ਰੂੜ ਸਿੰਘ ਤਲਵੰਡੀ ਦੁਸਾਂਝ (ਜ਼ਿਲ੍ਹਾ ਮੋਗਾ)-- ਰੂੜ ਸਿੰਘ ਦਾ ਸਮੰਦ ਸਿੰਘ ਦੇ ਘਰ ਜਨਮ ਹੋਇਆ। ਨਾਨਕਿਆਂ ਦੇ ਪਿੰਡ ਢੁੱਡੀਕੇ ਰਹਿੰਦਿਆਂ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਕੇ 5 ਜੂਨ ਕਪੂਰਥਲਾ ਅਸਲਾਖਾਨੇ 'ਤੇ ਹਮਲਾ ਕਰਨ ਵਾਲੀ ਮੀਟਿੰਗ ਵਿੱਚ ਤੇ 11 ਜੂਨ ਦੀ ਰਾਤ ਨੂੰ ਵੱਲਾ ਪੁਲ਼ ਪੁਲਸ ਗਾਰਦ 'ਤੇ ਹਮਲਾ ਕਰਨ ਵਾਲਿਆਂ ਵਿੱਚ ਸ਼ਾਮਲ ਸੀ।
ਸੀਤਾ ਰਾਮ ਮਾਧੋਪੁਰੀ