ਐਵਾਨ-ਏ-ਗ਼ਜ਼ਲ : ਬਖਸ਼ ਦੇ ਤੂੰ ਦਾਤਾ ਗੁਨਾਹ ਮੇਰੇ...
Sunday, Dec 06, 2020 - 11:31 AM (IST)

ਸੱਤ
ਬਖਸ਼ ਦੇ ਤੂੰ ਦਾਤਾ ਗੁਨਾਹ ਮੇਰੇ ,
ਗੁਨਾਹਗਾਰ ਮੈਂ ਹਾਂ ਬਖਸ਼ਣਹਾਰ ਤੂੰ ਹੈਂ।
ਝੋਲੀ ਅੱਡ ਕੇ ਖੜਾ ਦੁਆਰ ਤੇਰੇ ,
ਮੈ ਹਾਂ ਮੰਗਤਾ ਅਤੇ ਦਾਤਾਰ ਤੂੰ ਹੈਂ।
ਪੱਤਾ ਹਿਲਦਾ ਨਹੀਂ ਤੇਰੇ ਹੁਕਮ ਬਾਝੋਂ ,
ਦੀਨ ਦੁਨੀ ਸਭ ਦਾ ਸਿਰਜਣਹਾਰ ਤੂੰ ਹੈਂ।
ਮੈਂ ਨਾਚੀਜ ਇਕ ਪਾਣੀ ਦਾ ਬੁਲਬੁਲਾ ਹਾਂ ,
ਸਦਾਂ ਸਦਾਂ ਤੂੰ ਹੈਂ ਆਖਰ ਕਾਰ ਤੂੰ ਹੈਂ।
ਅੱਠ
ਬਣਦਾ ਹੈ ਦਿਲ ਦਾ ਸਾਥੀ ਦਿਲਦਾਰ ਉੱਤੋਂ ਉੱਤੋਂ।
ਕਰਦਾ ਹੈ ਪਿਆਰ ਦਾ ਵੀ ਇਜ਼ਹਾਰ ਉੱਤੋਂ ਉੱਤੋਂ।
ਹਰ ਵਕਤ ਭੜਕਦੀ ਹੈ ਅੱਗ ਈਰਖਾ ਦੀ ਅੰਦਰ,
ਬਣਦਾ ਹੈ ਗੈਰ ਸਾਡਾ ਗ਼ਮਖਾਰ ਉੱਤੋਂ ਉੱਤੋਂ।
ਜਿਸ ਨਾਲ ਸਾਂਝ ਪੈ ਗਈ ਸਿਰ ਦੇ ਕੇ ਪਾਲਦੇ ਨੇ,
ਕਰਦੇ ਕਦੇ ਨਾ ਵਾਅਦੇ ਸਰਦਾਰ ਉੱਤੋਂ ਉੱਤੋਂ।
ਦੇਂਦਾ ਸੀ ਦਿਲ ਗਵਾਹੀ ਵਿਗੜੇਗੀ ਖੇਡ ਇਕ ਦਿਨ,
ਦੇਂਦੀ ਸੀ ਆਗਿਆ ਬਸ ਸਰਕਾਰ ਉੱਤੋਂ ਉੱਤੋਂ।
ਸੁਣ ਕੇ ਮੇਰੀ ਕਹਾਣੀ ਦਿਲ ਵਿਚ ਮਨਾਈਆਂ ਖੁਸ਼ੀਆਂ,
ਉਂਝ ਕੇਰਦੇ ਰਹੇ ਹੰਝੂ ਕੁਝ ਯਾਰ ਉੱਤੋਂ ਉੱਤੋਂ।
ਹਰ ਤਰਫ ਝਗੜੇ ਝਾਂਜੇ ਘਰ ਹੈ ਵਖੇੜਿਆਂ ਦਾ,
ਲਗਦਾ ਹੈ ਸੋਹਣਾ 'ਦਰਦੀ' ਸੰਸਾਰ ਉੱਤੋਂ ਉੱਤੋਂ।
ਨੌਂ
ਭੱਟਕਦੀ ਦੁਨੀਆਂ ਨੂੰ ਸੱਚੇ ਰਹਿਬਰਾਂ ਦੀ ਲੋੜ ਹੈ।
ਦੋਸਤੋ ਚਾਰਾ ਕਰੋ ਚਾਰਾਗਰਾਂ ਦੀ ਲੋੜ ਹੈ।
ਹੀਰ ਰਾਂਝੇ ਮਿਰਜ਼ਿਆਂ ਦੀ ਇਹ ਕਹਾਣੀ ਰਹਿਣ ਦੇ,
ਦੇਸ਼ ਖਾਤਰ ਮਰਨ ਵਾਲੇ ਆਸ਼ਕਾਂ ਦੀ ਲੋੜ ਹੈ।
ਸਾਗਰਾਂ ਵਿਚ ਰੋੜ੍ਹ ਦੇਵੋ ਐਟਮਾਂ ਦੇ ਢੇਰ ਨੂੰ,
ਤੋਤਲੇ ਬੋਲਾਂ ਦੀ ਖਿੱੜਦੇ ਹਾਸਿਆਂ ਦੀ ਲੋੜ ਹੈ।
ਚੰਦ ਉੱਤੇ ਪਹੁੰਚ ਕੇ ਬਸਤੀ ਬਨਾਵਣ ਵਾਲਿਓ ,
ਭੁਖਿਆਂ ਢਿਡਾਂ ਨੂੰ ਹਾਲੇ ਬੁਰਕੀਆਂ ਦੀ ਲੋੜ ਹੈ।
ਜਾਂਚ ਪੜਤਾਲਾਂ ਬਹਾਨੇ ਜਖ਼ਮ ਛਿੱਲੇ ਜਾ ਰਹੇ,
ਜਖ਼ਮ ਤਾਈਂ ਲੂਣ ਦੀ ਨਹੀਂ ਮੱਲ੍ਹਮਾਂ ਦੀ ਲੋੜ ਹੈ।
ਦੇਸ਼ ਮਾਪੇ ਯਾਰਾਂ ਤਾਈਂ ਕਹਿ ਰਿਹਾ ਹੈ ਅਲਵਿਦਾ,
ਲਾਲਚੀ ਬੰਦੇ ਨੂੰ ਹੁਣ ਬਸ ਡਾਲਰਾਂ ਦੀ ਲੋੜ ਹੈ।
ਬਹੁਤ ਕੁਝ ਹੈ ਚਾਹੀਦਾ ਇਸ ਜ਼ਿਦੰਗੀ ਦੇ ਜੀਣ ਨੂੰ,
ਦੋਸਤਾਂ ਦੀ ਲੋੜ ਦਾਨੇ ਦੁਸ਼ਮਣਾ ਦੀ ਲੋੜ ਹੈ।
ਨਾ ਗਵਾ ਐਵੇਂ ਸਮਾਂ ਨਾ ਭਾਲ ਕੋਈ ਆਸਰਾ,
ਅਰਸ਼ ਵਿਚ ਉੱਡਣ ਲਈ ਆਪਣੇ ਪਰਾਂ ਦੀ ਲੋੜ ਹੈ।
ਉਮੁਰ ਭਰ 'ਦਰਦੀ' ਦੀਆਂ ਲੋੜਾਂ ਨਾ ਹੋਈਆਂ ਪੂਰੀਆਂ,
ਮਰਨ ਪਿੱਛੋ ਵੀ ਕੁਝ ਮਣ ਲੱਕੜਾਂ ਦੀ ਲੋੜ ਹੈ।
ਲੇਖਕ: ਸਤਨਾਮ ਸਿੰਘ ਦਰਦੀ ਚਾਨੀਆਂ-ਜਲੰਧਰ
92569-73526