ਗ਼ਰੀਬਾਂ ਦੀ ਮਦਦ ਕਰਨ ਦੀ ਪ੍ਰੇਰਨਾ ਦਿੰਦਾ ਹੈ ‘ਈਦ-ਉਲ-ਫਿਤਰ’ ਦਾ ਤਿਉਹਾਰ

Wednesday, May 12, 2021 - 06:28 PM (IST)

ਗ਼ਰੀਬਾਂ ਦੀ ਮਦਦ ਕਰਨ ਦੀ ਪ੍ਰੇਰਨਾ ਦਿੰਦਾ ਹੈ ‘ਈਦ-ਉਲ-ਫਿਤਰ’ ਦਾ ਤਿਉਹਾਰ

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ 9855259650 
Abbasdhaliwal72@gmail.com 

ਸੰਸਾਰ ’ਚ ਵੱਖ-ਵੱਖ ਧਰਮਾਂ 'ਚ ਵਿਸ਼ਵਾਸ ਰੱਖਣ ਵਾਲੇ ਕਰੋੜਾਂ ਲੋਕ ਵੱਸਦੇ ਹਨ, ਜਿਨ੍ਹਾਂ ਦੇ ਆਪਣੇ ਅਲੱਗ ਅਲੱਗ ਰੀਤੀ ਰਿਵਾਜ ਤੇ ਵੱਖੋ ਵੱਖਰੇ ਤਿਉਹਾਰ ਹੁੰਦੇ ਹਨ। ਜਦ ਅਸੀਂ ਉਨ੍ਹਾਂ ਦੇ ਧਾਰਮਿਕ ਤਿਉਹਾਰਾਂ ਦੀ ਗੱਲ ਕਰਦੇ ਹਾਂ ਤਾਂ ਵੱਖ-ਵੱਖ ਧਰਮਾਂ 'ਚ ਮਨਾਏ ਜਾਂਦੇ ਤਿਉਹਾਰ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਵਿੱਚ ਉਸ ਧਰਮ 'ਚ ਵਾਪਰੀ ਕਿਸੇ ਮੁੱਖ ਘਟਨਾ ਨਾਲ ਜੁੜਿਆ ਹੁੰਦਾ ਹੈ।

ਹਰ ਧਰਮ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਉਨ੍ਹਾਂ ਧਰਮਾਂ ਦੇ ਅਨੁਆਈਆਂ ਨੂੰ ਖ਼ੁਸ਼ੀਆਂ ਪ੍ਰਦਾਨ ਕਰਨ ਦਾ ਇਕ ਵੱਡਾ ਮੌਕਾ ਪ੍ਰਦਾਨ ਕਰਦੇ ਹਨ। ਜਦੋਂ ਇਸ ਸੰਦਰਭ ਵਿੱਚ ਅਸੀਂ ਇਸਲਾਮ ਧਰਮ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਅਨੁਯਾਈ ਅਰਥਾਤ ਮੁਸਲਮਾਨ ਮੁੱਖ ਰੂਪ ਵਿੱਚ ਸਾਲ ’ਚ ਦੋ ਤਿਉਹਾਰ ਈਦ-ਉਲ-ਫ਼ਿਤਰ ਤੇ ਈਦ-ਉਲ-ਜੁਹਾ ਮਨਾਉਂਦੇ ਹਨ। ਜਦੋਂ ਅਸੀਂ ਸ਼ਬਦ ਈਦ-ਉਲ-ਫ਼ਿਤਰ ਦੀ ਉਤਪਤੀ ਦੀ ਪੜਚੋਲ ਕਰਦੇ ਹਾਂ ਤਾਂ ਦਰਅਸਲ ਸ਼ਬਦ 'ਈਦ' ਅਰਬੀ ਭਾਸ਼ਾ ਦੇ ਸ਼ਬਦ 'ਊਦ' ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੁੰਦਾ ਹੈ ਵਾਪਸ ਆਉਣਾ ਜਾਂ ਵਾਰ-ਵਾਰ ਆਉਣਾ। ਈਦ ਕਿਉਂਕਿ ਹਰ ਸਾਲ ਆਉਂਦੀ ਹੈ, ਇਸ ਲਈ ਇਸ ਦਾ ਨਾਂ ਈਦ ਪੈ ਗਿਆ। 

ਦੂਜੇ ਅਰਥਾਂ ਵਿੱਚ ਈਦ ਦੇ ਅਰਥ 'ਖ਼ੁਸ਼ੀ' ਦੇ ਹਨ। ਜਦੋਂ ਕਿ ਇਸ ਨਾਲ ਜੁੜੇ ਫਿਤਰ ਦਾ ਅਰਥ ਹੈ ‘ਰੋਜ਼ਾ ਖੋਲ੍ਹਣਾ’, ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ। ਅਰਥਾਤ ਸ਼ਵਾਲ ਮਹੀਨੇ ਦੀ ਪਹਿਲੀ ਤਰੀਕ ਨੂੰ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਈਦ-ਉਲ-ਫ਼ਿਤਰ ਮਨਾਉਣ ਦਾ ਫ਼ੈਸਲਾ ਕਈ ਵਾਰ 29ਵਾਂ ਰੋਜ਼ਾ ਖੋਲ੍ਹਣ ਤੋਂ ਬਾਅਦ ਚੰਦਰਮਾ ਨਜ਼ਰ ਆਉਣ ਉਪਰੰਤ ਕਰ ਦਿੱਤਾ ਜਾਂਦਾ ਹੈ। ਜੇਕਰ ਚੰਦਰਮਾ ਉਨੱਤੀਆਂ ਦਾ ਨਹੀਂ ਵਿਖਾਈ ਦਿੰਦਾ ਤਾਂ 30 ਰੋਜ਼ੇ ਪੂਰੇ ਕਰ ਲੈਣ ਤੋਂ ਬਾਅਦ ਈਦ-ਉਲ-ਫ਼ਿਤਰ ਮਨਾਈ ਜਾਂਦੀ ਹੈ। 

ਜਦੋਂ ਅਸੀਂ ਈਦ ਦੇ ਇਤਿਹਾਸ ’ਤੇ ਝਾਤ ਮਾਰਦੇ ਹਾਂ ਤਾਂ ਇਸ ਦੀ ਤਾਰੀਖ਼ ਸਦੀਆਂ ਪੁਰਾਣੀ ਹੈ। ਇਕ ਥਾਂ ਇਹ ਵੀ ਰਵਾਇਤ ’ਚ ਮਿਲਦਾ ਹੈ ਕਿ ਜਦੋਂ ਹਜ਼ਰਤ ਆਦਮ (ਅਲੈਹ ਅਲਸਾਮ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆਂ ਵਿੱਚ ਪਹਿਲੀ ਈਦ ਮਨਾਈ ਗਈ। ਇਸੇ ਤਰ੍ਹਾਂ ਹਜ਼ਰਤ ਇਬਰਾਹੀਮ (ਅਲੈਹ ਅਸਲਾਮ) ਨੂੰ ਜਦੋਂ ਨਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਨ੍ਹਾਂ ਨੂੰ ਜਲਾਉਣ ਦੀ ਥਾਂ ਫੁੱਲਾਂ ਦੇ ਬਗ਼ੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਇਸ ਖ਼ੁਸ਼ੀ 'ਚ ਈਦ ਮਨਾਈ।  ਜਦੋਂ ਕਿ ਹਜ਼ਰਤ ਯੂਨਸ (ਅਲੈਹ ਅਸਲਾਮ) ਨੂੰ ਮੱਛੀ ਦੇ ਢਿੱਡ 'ਚੋਂ ਰਿਹਾਈ ਮਿਲੀ ਤਾਂ ਉਨ੍ਹਾਂ ਦੀ ਉਮਤ ਨੇ ਉਸ ਦਿਨ ਈਦ ਮਨਾਈ।  ਜਦੋਂ ਅਲ੍ਹਾ ਪਾਕ ਨੇ ਹਜ਼ਰਤ ਮੂਸਾ (ਅਲੈਹ ਅਸਲਾਮ) ਦੀ ਕੌਮ, ਭਾਵ ਬਨੀ ਇਸਰਾਈਲ ਨੂੰ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ ਤਾਂ ਉਨ੍ਹਾਂ ਵਾਸਤੇ ਉਹੀ ਦਿਨ ਈਦ ਸਮਾਨ ਸੀ।

PunjabKesari

ਅਜੌਕੇ ਸਮੇਂ ਜੋ ਈਦ-ਉਲ-ਫਿਤਰ ਦਾ ਤਿਉਹਾਰ ਇਸਲਾਮ ਵਿੱਚ ਮਨਾਇਆ ਜਾਂਦਾ ਹੈ ਇਸ ਦਾ ਆਰੰਭ 624 ਈਸਵੀ ਤੋਂ ਹੋਇਆ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਹਿਜਰਤ ਕਰ ਕੇ ਆਉਣ ਤਕ ਮਦੀਨੇ ਦੇ ਲੋਕ ਸਾਲ 'ਚ ਦੋ ਦਿਨ ਮੇਲੇ ਦੀ ਸ਼ਕਲ 'ਚ ਖ਼ੁਸ਼ੀਆਂ ਮਨਾਉਂਦੇ ਸਨ। ਇਸ ਮੌਕੇ ਉਹ ਲੋਕ ਤਰ੍ਹਾਂ-ਤਰ੍ਹਾਂ ਦੇ ਖੇਡ ਤਮਾਸ਼ਿਆਂ 'ਚ ਲੱਗੇ ਰਹਿੰਦੇ ਤੇ ਹੁੱਲੜਬਾਜ਼ੀ ਸੀਟੀਆਂ ਮਾਰਨ ਨੂੰ ਈਦ ਖ਼ਿਆਲ ਕਰਦੇ ਸਨ। 

ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਸੰਦਰਭ 'ਚ ਉਕਤ ਦਿਨਾਂ ਨੂੰ ਉਨ੍ਹਾਂ ਦੁਆਰਾ ਮਨਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਇਸੇ ਤਰ੍ਹਾਂ ਸਾਲ 'ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ।  ਹਜ਼ਰਤ ਮੁਹੰਮਦ ਸਾਹਿਬ (ਸ) ਨੇ ਉਨ੍ਹਾਂ ਦੇ ਉਕਤ ਜੁਆਬ ਦੇ ਸੰਦਰਭ ਆਖਿਆ ਕਿ ਇਸ ਨਾਲੋਂ ਬਿਹਤਰ ਦੋ ਦਿਨ ਤਹਾਨੂੰ ਅੱਲ੍ਹਾ ਪਾਕ ਦੁਆਰਾ ਦਿੱਤੇ ਗਏ ਹਨ, ਇੱਕ ਈਦ-ਉਲ-ਫ਼ਿਤਰ ਤੇ ਦੂਜਾ ਈਦ-ਉਲ-ਜੁਹਾ। ਬਿਨਾਂ ਸ਼ੱਕ ਅੱਲ੍ਹਾ ਪਾਕ ਦੁਆਰਾ ਖ਼ੁਸ਼ੀ ਦੇ ਇਹ ਦਿਨ ਉਦੇਸ਼ਾਂ ਤੇ ਮਕਸਦਾਂ  ਭਰਪੂਰ ਹਨ।

ਇਸਲਾਮ ’ਚ ਹਰ ਹਰ ਮੌਕੇ ਗ਼ਰੀਬਾਂ ਨਾਲ ਭਲਾਈ ਤੇ ਹੁਸਨ-ਏ-ਸਲੂਕ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਇਹ ਧਰਮ ਆਪਣੇ ਅਨੁਆਈਆਂ ਨੂੰ ਹਰ ਮੌਕੇ ਤੇ ਬੇਸਹਾਰਾ, ਕਮਜ਼ੋਰ ਤੇ ਆਰਥਿਕ ਤੌਰ 'ਤੇ ਪੱਛੜੇ ਲੋਕਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਤੇ ਪ੍ਰੇਰਨਾ ਦਿੰਦਾ ਹੈ। ਇਸ ਦੀ ਪ੍ਰਤੱਖ ਝਲਕ ਸਾਨੂੰ ਈਦ-ਉਲ-ਫ਼ਿਤਰ ਦੇ ਨਾਲ ਜੁੜੇ ਸਦਕਾ-ਏ-ਫਿਤਰ ਦੇ ਤੋਂ ਭਲੀਭਾਂਤ ਮਿਲਦੀ ਹੈ। ਇਹ ਕਿ ਰੋਜ਼ਿਆਂ ਦੌਰਾਨ ਰੋਜ਼ਾਦਾਰ ਤੋਂ ਜੋ ਕੋਤਾਹੀਆਂ ਹੋ ਜਾਂਦੀਆਂ ਹਨ, ਉਨ੍ਹਾਂ ਦੀ ਤਲਾਫ਼ੀ (ਛੁਟਕਾਰਾ ਜਾਂ ਨਿਜਾਤ ਪਾਉਣ) ਲਈ ਹਜ਼ਰਤ ਮੁਹੰਮਦ ਸਾਹਿਬ ਨੇ ਗ਼ਰੀਬਾਂ ਵਿਚਕਾਰ ਸਦਕਾ-ਏ-ਫ਼ਿਤਰ ਤਕਸੀਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਦਕਾ-ਏ-ਫ਼ਿਤਰ ਘਰ ਦੇ ਹਰ ਜੀਅ ਵੱਲੋਂ (ਨਾਬਾਲਿਗ ਦੇ ਮਾਂ-ਬਾਪ ਜਾਂ ਵਾਰਿਸ) ਵੱਲੋਂ ਦਿੱਤਾ ਜਾਂਦਾ ਹੈ, ਭਾਵ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਜਨਮ ਲਿਆ ਹੈ ਤਾਂ ਉਸ ਦੀ ਤਰਫ਼ੋਂ ਵੀ ਇਹ ਸਦਕਾ-ਏ-ਫ਼ਿਤਰ ਉਸ ਦੇ ਮਾਂ-ਬਾਪ ਵੱਲੋਂ ਕੱਢਿਆ ਜਾਣਾ ਵਾਜਿਬ ਹੈ। ਸਦਕਾ-ਏ-ਫ਼ਿਤਰ ਦਾ ਜੋ ਪ੍ਰਤੀ ਜੀਅ ਦੇ ਹਿਸਾਬ ਨਾਲ ਜੋ ਹਿੱਸਾ ਬਣਦਾ ਹੈ, ਉਹ ਦੋ ਕਿੱਲੋ ਕਣਕ, ਜਾਂ ਸਾਢੇ ਤਿੰਨ ਕਿਲੋ ਜੌਂ ਜਾਂ ਖਜੂਰ ਕਿਸ਼ਮਿਸ਼, ਕਣਕ ਜਿਸ ਦੀ ਕੀਮਤ ਅੱਜ ਭਾਰਤੀ ਕਰੰਸੀ ਮੁਤਾਬਕ ਕਰੀਬ 50 ਰੁਪਏ ਹੈ, ਇਹ ਪੈਸਾ ਵੀ ਜ਼ਕਾਤ ਦੀ ਤਰ੍ਹਾਂ ਗ਼ਰੀਬ ਲੋਕਾਂ ਵਿੱਚ ਤਕਸੀਮ ਕਰਨ ਦਾ ਹੁਕਮ ਹੈ ਤਾਂ ਜੋ ਉਹ ਲੋਕ ਆਪਣੇ ਬੱਚਿਆਂ ਸਮੇਤ ਈਦ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋ ਸਕਣ।

ਇਕ ਵਾਕਿਆ ਬਹੁਤ ਮਸ਼ਹੂਰ ਹੈ ਕਿ ਇਕ ਈਦ ਮੌਕੇ ਹਜ਼ਰਤ ਮੁਹੰਮਦ ਸਲੱਲਾਹੋ ਅਲੈਵਸਲੱਮ ਆਪਣੇ ਦੋਵੇਂ ਦੋਹਤਿਆਂ ਹਜ਼ਰਤ ਹਸਨ ਤੇ ਹੁਸੈਨ ਨਾਲ ਈਦ ਦੀ ਨਮਾਜ਼ ਪੜ੍ਹਨ ਜਾ ਰਹੇ ਸਨ ਕਿ ਰਸਤੇ ਵਿੱਚ ਕੁੱਝ ਬੱਚੇ ਖੇਡਦੇ ਵਿਖਾਈ ਦਿੱਤੇ। ਉਨ੍ਹਾਂ ਬੱਚਿਆਂ 'ਚੋਂ ਇਕ ਬੱਚਾ ਬਹੁਤ ਨਿਰਾਸ਼ ਤੇ ਪਰੇਸ਼ਾਨ ਵਿਖਾਈ ਦਿੱਤਾ ਤਾਂ ਉਨ੍ਹਾਂ ਨੇ ਉਸ ਪਾਸੋਂ ਦੁਖੀ ਹੋਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜਾ ਵਿਆਹ ਕਰ ਲਿਆ ਹੈ। ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ। ਹਜ਼ਰਤ ਮੁਹੰਮਦ ਸਾਹਿਬ (ਸ) ਨੇ ਬੱਚੇ ਨੂੰ ਤਸੱਲੀ ਦਿੱਤੀ ਅਤੇ ਕਿਹਾ ਕਿ ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ (ਸ) ਤੇਰਾ ਬਾਪ ਹੋਵੇ ਤੇ ਆਇਸ਼ਾ (ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਫ਼ਾਤਿਮਾ (ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ? 

ਜ਼ਿਕਰਯੋਗ ਹੈ ਕਿ ਆਇਸ਼ਾ (ਰਜ਼ੀ ਅਲਾਹ ਅਨਹਾਂ) ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਪਤਨੀ ਤੇ ਫ਼ਾਤਿਮਾ ਉਨ੍ਹਾਂ ਦੀ ਲਾਡਲੀ ਧੀ ਸੀ। ਇਸ ਉਪਰੰਤ ਉਹ ਉਸ ਬੱਚੇ ਨੂੰ ਆਪਣੇ ਘਰ ਲੈ ਆਏ ਅਤੇ ਆਪਣੀ ਪਤਨੀ ਆਇਸ਼ਾ ਨੂੰ ਫਰਮਾਇਆ ਕਿ ਤੈਨੂੰ ਪੁੱਤਰ ਦੀ ਖ਼ਵਾਹਿਸ਼ ਸੀ, ਇਹ ਤੇਰਾ ਬੇਟਾ ਹੈ ਤੇ ਫ਼ਾਤਿਮਾ ਨੂੰ ਕਿਹਾ ਕਿ ਤੈਨੂੰ ਭਰਾ ਚਾਹੀਦਾ ਸੀ, ਇਹ ਤੇਰਾ ਭਰਾ ਹੈ ਤੇ ਫਿਰ ਕਿਹਾ ਹਸਨ ਅਤੇ ਹੁਸੈਨ ਦੇ ਕੱਪੜੇ ਲਿਆ ਕੇ ਉਨ੍ਹਾਂ 'ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਈਦ ਦੀ ਨਮਾਜ਼ ਪੜ੍ਹਨ ਲਈ ਤਸ਼ਰੀਫ਼ ਲੈ ਗਏ।

ਈਦ ਦੀਆਂ ਸੁੰਨਤਾਂ ਵਿੱਚ ਗ਼ੁਸਲ ਕਰਨਾ (ਇਸ਼ਨਾਨ, ਨਹਾਉਣਾ), ਆਪਣੀ ਹੈਸੀਅਤ ਮੁਤਾਬਕ ਫ਼ਜ਼ੂਲ ਖ਼ਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਜਾਂ ਧੋਤੇ ਹੋਏ ਕੱਪੜੇ ਪਹਿਨਣਾ, ਖਜੂਰ ਖਾਣਾ, ਈਦ ਪੜ੍ਹਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਘਰ ਵਾਪਸ ਆਉਣਾ, ਰਸਤੇ ਵਿੱਚ ਜਾਂਦੇ-ਆਉਂਦੇ ਧੀਮੀ ਆਵਾਜ਼ ਵਿਚ ਇਹ ਤਕਬੀਰਾਂ ਪੜ੍ਹਨਾ, ਜਿਵੇਂ ਅਲ੍ਹਾ ਹੂ ਅਕਬਰ, ਅਲ੍ਹਾ ਹੂ ਅਕਬਰ, ਲਾ-ਇਲਾਹਾ ਇਲਲਾਹ ਹੂ ਵਲਾਹ ਹੋ ਅਕਬਰ, ਅਲਾਹ ਹੂ ਅਕਬਰ, ਵਾਲਿਲਾਹ ਹਿਲ ਹਮਦ, ਵੀ ਸੁੰਨਤ ਹੈ।

ਈਦ ਦੀ ਨਮਾਜ਼ ਉਪਰੰਤ ਇਮਾਮ ਵੱਲੋਂ ਜੋ ਖੁਤਬਾ (ਪ੍ਰਵਚਨ) ਦਿੱਤਾ ਜਾਂਦਾ ਹੈ, ਜਿਸ ਵਿੱਚ ਰੱਬ ਦੀ ਵਡਿਆਈ ਤੇ ਉਸਤਤ ਦੇ ਨਾਲ-ਨਾਲ ਸੰਸਾਰ ਦੀ ਸੁੱਖ-ਸ਼ਾਂਤੀ ਲਈ ਦੁਆ ਤੇ ਆਪਣੇ ਦੁਆਰਾ ਕੀਤੇ ਗ਼ੁਨਾਹਾਂ ਦੀ ਮਾਫ਼ੀ ਮੰਗਦਾ ਹੈ। ਉਸ ਖੁਤਬਾ ਨੂੰ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜਿਬ ਹੈ। ਇਕ ਰਵਾਇਤ ਵਿੱਚ ਆਇਆ ਹੈ ਕਿ ਹਜ਼ਰਤ ਮੁਹੰਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਹੈ ਕਿ ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ ਜਦੋਂ ਬੰਦੇ ਆਪਣੇ ਘਰੀਂ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਦੇ ਗੁਨਾਹ ਮਾਫ਼ ਹੋ ਚੁੱਕੇ ਹੁੰਦੇ ਹਨ।


author

rajwinder kaur

Content Editor

Related News