ਅੱਜ ਅਤੇ ਕੱਲ ਦਾ ‘ਦੂਰਦਰਸ਼ਨ ਪੰਜਾਬੀ’

06/30/2020 12:45:04 PM

ਅੱਜ ਟੈਲੀਵਿਜ਼ਨ ਉਪਰ ਅਸੀਂ ਜੋ ਦੂਰਦਰਸ਼ਨ ਪੰਜਾਬੀ ਵੇਖ ਰਹੇ ਹਾਂ ਇਸ ਦਾ ਪ੍ਰਸਾਰਨ ਜਲੰਧਰ ਦੂਰਦਰਸ਼ਨ ਦੇ ਨਾਮ ਸ਼ੁਰੂ ਹੋਇਆ। ਇਸ ਦਾ ਪਹਿਲਾ ਪ੍ਰਸਾਰਨ ਸਤੰਬਰ 1973 ਨੂੰ ਸ਼ੁਰੂ ਹੋਇਆ। ਇਸ ਦਾ ਟਰਾਂਸਮੀਟਰ ਅੰਮ੍ਰਿਤਸਰ ਵਿੱਚ ਸਥਾਪਿਤ ਕੀਤਾ ਗਿਆ। ਘੱਟ ਸ਼ਕਤੀ ਦਾ ਟਰਾਂਸਮੀਟਰ ਹੋਣ ਕਾਰਨ ਪੰਜਾਬ ਦੇ ਸਰੋਤਿਆਂ ਨੂੰ ਇਸ ਦਾ ਬਹੁਤਾ ਲਾਭ ਨਹੀਂ ਸੀ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਦਾ ਨਵਾਂ ਟ੍ਰਾਂਸਮੀਟਰ ਜਲੰਧਰ ਵਿਖੇ ਲਗਾਇਆ ਗਿਆ, ਜੋ ਉੱਚ ਸ਼ਕਤੀ ਭਰਪੂਰ ਸੀ। ਜਿਸ ਤੋਂ ਪ੍ਰਸਾਰਣ ਸੰਨ 1979 ਸ਼ੁਰੂ ਹੋਇਆ, ਜੋ ਪੂਰੇ ਪੰਜਾਬ ਵਿੱਚ ਵਿਖਾਉਣ ਲਈ ਕਈ ਥਾਵਾਂ ’ਤੇ ਹੋਰ ਟਰਾਂਸਮੀਟਰ ਸਥਾਪਤ ਕੀਤੇ ਗਏ ਪੰਜਾਬੀ ਪ੍ਰਸਾਰਣ ਸ਼ਾਮ ਨੂੰ ਕੁਝ ਘੰਟੇ ਹੀ ਪੇਸ਼ ਕੀਤਾ ਜਾਂਦਾ ਸੀ। ਬਾਕੀ ਪ੍ਰੋਗਰਾਮ ਦੂਰਦਰਸ਼ਨ ਦਿੱਲੀ ਪ੍ਰਸਾਰਿਤ ਕਰਦਾ ਸੀ। ਡਿਜੀਟਲ ਤਕਨੀਕ ਰਾਹੀਂ ਇਸ ਦਾ ਪ੍ਰਸਾਰਣ ਸੰਨ 2000 ਵਿੱਚ ਉਪਗ੍ਰਹਿ ਰਾਹੀਂ ਚਾਲੂ ਹੋ ਗਿਆ ਅਤੇ ਦੂਰਦਰਸ਼ਨ ਜਲੰਧਰ ਦਾ ਨਾਮ ਬਦਲ ਕੇ ਦੂਰਦਰਸ਼ਨ ਪੰਜਾਬੀ ਰੱਖ ਦਿੱਤਾ ਗਿਆ। ਇਸ ਦਾ ਪ੍ਰਸਾਰਨ ਦਿਨ ਰਾਤ ਚੌਵੀ ਘੰਟੇ ਦੀ ਸੇਵਾ ਚਾਲੂ ਕਰ ਦਿੱਤੀ ਗਈ, ਜਿਸ ਰਾਹੀਂ ਪੂਰੀ ਦੁਨੀਆਂ ਵਿੱਚ ਵੇਖੀ ਜਾਣ ਲੱਗੀ ਖ਼ਬਰਾਂ ਪੰਜਾਬੀ ਨਾਟਕ ਪੰਜਾਬੀ ਫ਼ਿਲਮਾਂ ਤੇ ਚਿੱਤਰਹਾਰ ਭਰਪੂਰ ਪ੍ਰੋਗਰਾਮ ਲੋਕਾਂ ਦੇ ਮਨੋਰੰਜਨ ਖ਼ਾਸ ਸਾਧਨ ਬਣ ਗਏ।

ਮਨੋਰੰਜਨ ਦੇ ਨਾਲ ਖੇਤੀ ਸਬੰਧੀ ਪ੍ਰੋਗਰਾਮਾਂ ਨੇ ਪੰਜਾਬੀ ਕਿਸਾਨਾਂ ਨੂੰ ਬਹੁਤ ਫ਼ਾਇਦਾ ਦਿੱਤਾ। ਦੂਰਦਰਸ਼ਨ ਜਦੋਂ ਪ੍ਰਸਾਰ ਭਾਰਤੀ ਦਾ ਇੱਕ ਖਾਸ ਵਿਭਾਗ ਬਣ ਗਿਆ ਤਾਂ ਪ੍ਰੋਗਰਾਮਾਂ ਦੇ ਨਾਲ ਕਮਰਸ਼ੀਅਲ ਪ੍ਰੋਗਰਾਮ ਵੀ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਪੰਜ ਕੁ ਸਾਲ ਪਹਿਲਾਂ ਦੂਰਦਰਸ਼ਨ ਪੰਜਾਬੀ ਨੂੰ ਭਾਰਤ ਵਰਸ਼ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਤੇ ਵੱਧ ਪੈਸੇ ਕਮਾਉਣ ਵਾਲੇ ਚੈਨਲ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ। ਉਸ ਸਮੇਂ ਤੋਂ ਬਾਅਦ ਪਤਾ ਨੀ ਕੇਹੀ ਚੰਦਰੀ ਹਵਾ ਚੱਲੀ ਪ੍ਰਸਾਰ ਭਾਰਤੀ ਨੇ ਉੱਚ ਅਧਿਕਾਰੀ ਉਹ ਸਥਾਪਤ ਕਰ ਦਿੱਤੇ, ਜੋ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਤੋਂ ਕੋਹਾਂ ਦੂਰ ਸਨ। ਜਿਸ ਨੂੰ ਭਾਸ਼ਾ ਦਾ ਗਿਆਨ ਨਹੀਂ ਕਿ ਪ੍ਰੋਗਰਾਮ ਬਣਾਉਣੇ ਹਨ ਤੇ ਕੀ ਲੋਕ ਪਸੰਦ ਕਰਦੇ ਹਨ ਉਸ ਨੂੰ ਕਿੱਥੋਂ ਪਤਾ ਲੱਗੇਗਾ।

ਸੱਜਰੀ ਸਵੇਰ ਪ੍ਰੋਗਰਾਮ ਜਦੋਂ ਤੋਂ ਚਾਲੂ ਹੋ ਰਿਹਾ ਸੀ ਦੂਰਦਰਸ਼ਨ ਪੰਜਾਬੀ ਦਾ ਮਜ਼ਬੂਤ ਆਧਾਰ ਸੀ, ਜਿਸ ਵਿੱਚ ਖ਼ਬਰਾਂ ਤੋਂ ਇਲਾਵਾ ਇੱਕ ਖ਼ਾਸ ਵਿਸ਼ੇ ’ਤੇ ਗੱਲਬਾਤ ਕੀਤੀ ਜਾਂਦੀ ਸੀ। ਜਿਸ ਪ੍ਰੋਗਰਾਮ ਨੂੰ ਗੱਲਾਂ ਅਤੇ ਗੀਤ ਦਾ ਨਾਮ ਦਿੱਤਾ ਗਿਆ ਸੀ। ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਆਪਣੇ ਥੰਮ ਗੱਡ ਚੁੱਕਿਆ ਸੀ ਪਰ ਚਾਰ ਕੁ ਸਾਲ ਪਹਿਲਾਂ ਪ੍ਰੋਗਰਾਮ ਮੁੱਖੀ ਦੀ ਭਾਸ਼ਾ ਵੱਲੋਂ ਅਣਜਾਣ ਹੋਣ ਦਾ ਖੁਲਾਸਾ ਮੁੱਖ ਇਹ ਸੀ ਗੱਲਾਂ ਅਤੇ ਗੀਤ ਪ੍ਰੋਗਰਾਮ ਵਿੱਚ ਦਿਨ ਵੇਲੇ ਪੇਸ਼ ਕੀਤੇ ਜਾਣ ਵਾਲੇ ਵਧੀਆ ਪ੍ਰੋਗਰਾਮ ਇਸ ਵਿੱਚ ਘੁਸੇੜ ਕੇ ਇਸ ਪ੍ਰੋਗਰਾਮ ਦਾ ਆਧਾਰ ਕਮਜ਼ੋਰ ਕਰ ਦਿੱਤਾ। ਨਾ ਗੱਲਾਂ ਰਹੀਆਂ ਅਤੇ ਨਾ ਗੀਤ।

ਬੱਸ ਇੱਕ ਖਾਨਾਪੂਰਤੀ ਹੀ ਸੀ ਕਮਾਲ ਉਸ ਸਮੇਂ ਹੋਈ ਜਦੋਂ ਇੱਕ ਵਿਦੇਸ਼ੀ ਸਰੋਤਿਆਂ ਲਈ ਹਰ ਹਫਤੇ ਪੇਸ਼ ਹੁੰਦਾ ਸੁਨੇਹੇ ਪ੍ਰੋਗਰਾਮ, ਜਿਸ ਵਿੱਚ ਵਿਦੇਸ਼ੀ ਸਰੋਤੇ ਫੋਨ ਰਾਹੀਂ ਆਪਣੇ ਸੱਜਣਾਂ ਮਿੱਤਰਾਂ ਨੂੰ ਸੁਨੇਹੇ ਦਿੰਦੇ ਸਨ ਤੇ ਆਪਣੇ ਵਿਦੇਸ਼ੀ ਰਹਿਣ ਸਹਿਣ ਬਾਰੇ ਦੱਸਿਆ ਕਰਦੇ ਸਨ। ਉਸ ਪ੍ਰੋਗਰਾਮ ਨੂੰ ਗੱਲਾਂ ਅਤੇ ਗੀਤ ਵਿੱਚ ਨਾਮ ਸੁਨੇਹੇ ਨਾਲ ਭੇਜ ਦਿੱਤਾ ਪਰ ਉਸ ਵਿੱਚ ਸਰੋਤਿਆਂ ਦੇ ਜਨਮ ਦਿਨ ’ਤੇ ਵਿਆਹ ਦੀਆਂ ਸਾਲਗਿਰਾ ਮਨਾਉਣ ਦੀਆਂ ਵਧਾਈਆਂ ਦਾ ਸਿਲਸਿਲਾ ਚਾਲੂ ਹੋ ਗਿਆ। ਵਿਦੇਸ਼ੀ ਸਰੋਤੇ ਪੂਰਨ ਰੂਪ ਦੂਰਦਰਸ਼ਨ ਪੰਜਾਬੀ ਨਾਲੋਂ ਤੋੜ ਦਿੱਤੇ ਗਏ। ਜਨਮ ਦਿਨ ਵਧਾਈਆਂ ਵੀ ਉਨ੍ਹਾਂ ਸਰੋਤਿਆਂ ਦੀਆਂ ਪੇਸ਼ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦਾ ਪ੍ਰੋਗਰਾਮ ਦੇ ਪੇਸ਼ ਕਰਤਾਵਾਂ ਨਾਲ ਗਹਿਰਾ ਸਬੰਧ ਸੀ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਪਿਛਲੇ ਚਾਰ ਸਾਲ ਦੂਰਦਰਸ਼ਨ ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਵਿਸਾਰ ਕੇ ਲੈਣ ਦੇ ਉੱਪਰੋਂ ਉੱਤਰ ਗਿਆ ਸੀ।

ਦੂਰਦਰਸ਼ਨ ਪੰਜਾਬੀ ਜੋ ਕਿ ਰਾਸ਼ਟਰੀ ਪੁਰਸਕਾਰ ਪਹਿਲੇ ਦਰਜੇ ਦਾ ਜਿੱਤ ਚੁੱਕਿਆ ਸੀ, ਉਹ ਪੱਛੜ ਕੇ ਸੱਤਵੇਂ ਨੰਬਰ ’ਤੇ ਆ ਗਿਆ ਤੇ ਇਸ ਚੈਨਲ ਨੂੰ ਵੇਖਣ ਵਾਲੇ ਸਰੋਤਿਆਂ ਪ੍ਰਸਾਰ ਭਾਰਤੀ ਤੱਕ ਪਹੁੰਚ ਕਰਕੇ ਇਸ ਚੈਨਲ ਨੂੰ ਸੁਧਾਰਨ ਲਈ ਬਹੁਤ ਉਪਰਾਲੇ ਕੀਤੇ ਪਰ ਪੱਲੇ ਕੁਝ ਨਹੀਂ ਪਿਆ ਪਰ ਇਸ ਲੰਮੀ ਹਨੇਰੀ ਰਾਤ ਵਿੱਚੋਂ ਅਚਾਨਕ ਸੂਰਜ ਦਾ ਪ੍ਰਕਾਸ਼ ਹੋਇਆ। ਜਦੋਂ 1 ਮਈ 2020 ਨੂੰ ਪ੍ਰੋਗਰਾਮ ਮੁਖੀ ਦੀ ਕਮਾਂਡ ਸ੍ਰੀ ਮਾਨ ਪੁਨੀਤ ਸਹਿਗਲ ਜੀ ਨੂੰ ਦੇ ਦਿੱਤੀ ਗਈ। ਇਨ੍ਹਾਂ ਨੇ ਆਪਣੀ ਨੌਕਰੀ ਸੇਵਾ ਆਕਾਸ਼ਵਾਣੀ ਤੋਂ ਸ਼ੁਰੂ ਕੀਤੀ ਸੀ। ਆਕਾਸ਼ਵਾਣੀ ਜਲੰਧਰ ਦਾ ਇੱਕ ਨਵਾਂ ਚੈਨਲ ਰੇਨਬੋ ਇਨ੍ਹਾਂ ਦੀ ਰੇਖ ਦੇਖ ਹੇਠ ਚਾਲੂ ਹੋਇਆ।

ਇਨ੍ਹਾਂ ਦੀ ਕੜੀ ਮਿਹਨਤ ਸਦਕਾ ਆਕਾਸ਼ਵਾਣੀ ਨੇ ਤੇਰਾਂ ਰਾਸ਼ਟਰੀ ਪੁਰਸਕਾਰ ਜਿੱਤੇ। ਉਸ ਤੋਂ ਬਾਅਦ ਪ੍ਰੋਗਰਾਮ ਨਿਰਮਾਤਾ ਬਣ ਕੇ ਦੂਰਦਰਸ਼ਨ ਜਲੰਧਰ ਵਿੱਚ ਆਏ ਪਹਿਲਾ ਕਦਮ ਇਨ੍ਹਾਂ ਨੇ ਭਾਗਾਂ ਵਾਲੀਆਂ ਲੜੀਵਾਰ ਪੇਸ਼ ਕੀਤਾ, ਜਿਸ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ। ਮਿਲਣਾ ਹੀ ਸੀ ਕਿਉਂਕਿ ਸਹਿਗਲ ਸਾਹਿਬ ਨਾਟਕਕਾਰ ਅਤੇ ਫ਼ਿਲਮ ਸਬੰਧੀ ਉੱਚ ਸਿੱਖਿਆ ਪ੍ਰਾਪਤ ਹਨ। ਨੌਜਵਾਨ ਪੀੜ੍ਹੀ ਨੂੰ ਗਾਇਕੀ ਨਾਲ ਜੋੜਨ ਲਈ ਇਨ੍ਹਾਂ ਨੇ ਸੰਗੀਤਕ ਮੁਕਾਬਲਾ ਸੁਰ ਸਿਰਤਾਜ ਚਾਲੂ ਕੀਤਾ, ਜਿਸ ਮੁਕਾਬਲੇ ਵਿੱਚ ਹਜ਼ਾਰਾਂ ਨੌਜਵਾਨਾਂ ਤੇ ਮੁਟਿਆਰਾਂ ਨੇ ਹਿੱਸਾ ਲਿਆ ਦੋ ਜਿੱਤੇ ਉਮੀਦਵਾਰ ਗਾਇਕੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਏ। ਬਾਲੀਵੁੱਡ ਤੇ ਪਾਲੀਵੁੱਡ ਵਿੱਚ ਫ਼ਿਲਮੀ ਗੀਤ ਗਾ ਕੇ ਝੰਡੇ ਗੱਡ ਰਹੇ ਹਨ, ਜੋ ਪੰਜਾਬੀ ਗਾਇਕੀ ਲਈ ਇਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਜਦੋਂ ਇਹ ਪ੍ਰੋਗਰਾਮ ਮੁਖੀ ਬਣੇ ਤਾਂ ਪੂਰੀ ਦੁਨੀਆਂ ਮਹਾਮਾਰੀ ਕੋਰੋਨਾ ਨਾਲ ਘਿਰੀ ਹੋਈ ਹੈ।

ਪ੍ਰੋਗਰਾਮ ਬਣਾਉਣ ਲਈ ਅਨੇਕਾਂ ਕਲਾਕਾਰਾਂ ਤੇ ਤਕਨੀਕੀ ਅਧਿਕਾਰੀਆਂ ਦੀ ਜ਼ਰੂਰਤ ਹੈ ਪਰ ਪ੍ਰਸਾਰ ਭਾਰਤੀ ਦੀਆਂ ਹਦਾਇਤਾ ਅਨੁਸਾਰ ਜ਼ਿਆਦਾ ਇਕੱਠ ਕਰਨ ਦੀ ਮਨਾਹੀ ਹੈ ਪਰ ਫਿਰ ਵੀ ਸਭ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦਾ ਟਾਕਰਾ ਕਰਨ ਲਈ ਜਾਨ ਹੈ ਜਹਾਨ ਹੈ। ਪ੍ਰੋਗਰਾਮ ਸ਼ੁਰੂ ਕਰਕੇ ਮਹਾਮਾਰੀ ਤੋਂ ਕਿਸ ਤਰ੍ਹਾਂ ਬਚਾਓ ਕਰਨਾ ਹੈ, ਸਾਰਥਿਕ ਪ੍ਰੋਗਰਾਮ ਪੇਸ਼ ਕੀਤੇ ਸਭ ਤੋਂ ਵੱਡੀ ਮਹਾਨਤਾ ਇਹ ਹੈ ਅਸੀਂ ਜਦੋਂ ਵੀ ਕੋਈ ਸ਼ੁਭ ਕੰਮ ਚਾਲੂ ਕਰੀਏ ਤਾਂ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਯੋਗ ਸਲਾਹ ਉਨ੍ਹਾਂ ਦੇ ਪ੍ਰਵਚਨਾਂ ਤੋਂ ਲੈਂਦੇ ਹਾਂ। ਜਿਸ ਲਈ ਗੁਰੂ ਮਾਨਿਓ ਗ੍ਰੰਥ ਲੜੀਵਾਰ ਸ਼ੁਰੂ ਕਰਕੇ ਠੋਸ ਆਧਾਰ ਰੱਖਿਆ। ਮਨੋਰੰਜਨ ਲਈ ਸਾਡੇ ਗਾਇਕ ਤੇ ਕਲਾਕਾਰਾਂ ਨਾਲ ਸਰੋਤਿਆਂ ਦੀਆਂ ਸਿੱਧੀਆਂ ਮੁਲਾਕਾਤਾਂ ਕਲਾਕਾਰਾਂ ਦੇ ਘਰ ਬੈਠਿਆਂ ਨਾਲ ਨਵੀਂ ਤਕਨੀਕ ਰਾਹੀਂ ਕਰਵਾਈਆਂ।

ਸੱਜਰੀ ਸਵੇਰ ਜੋ ਕੇ ਦੂਰਦਰਸ਼ਨ ਦਾ ਠੋਸ ਆਧਾਰ ਹੈ, ਉਸਨੂੰ ਵੀ ਕੋਰੋਨਾ ਤੋਂ ਕਿਸ ਤਰ੍ਹਾਂ ਬਚਣਾ ਹੈ, ਉਸਦੇ ਆਧਾਰ ਪ੍ਰੋਗਰਾਮ ਸ਼ੁਰੂ ਕਰਕੇ ਖ਼ਬਰਾਂ ਤੇ ਅਖਬਾਰਾਂ ਦੀ ਵਿਚਾਰ ਚਰਚਾ ਤੇ ਮਨੋਰੰਜਨ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ। ਖ਼ਾਸ ਖ਼ਬਰ ਇਕ ਨਜ਼ਰ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਤਾਂ ਇਸ ਵਿੱਚ ਇੱਕ ਖੜੋਤ ਆਈ ਹੋਈ ਸੀ। ਅਖ਼ਬਾਰਾਂ ਦੀਆਂ ਖਬਰਾਂ ਤੇ ਵਿਚਾਰ ਚਰਚਾ ਕਰਨ ਲਈ ਬੁੱਧੀਜੀਵੀ ਤੇ ਐਂਕਰ ਕੁਝ ਪੱਕੇ ਸਥਾਪਿਤ ਕੀਤੇ ਹੋਏ ਸਨ। ਇਸ ਪ੍ਰੋਗਰਾਮ ਵਿੱਚ ਬਹੁਤ ਵਧੀਆ ਸੁਧਾਰ ਹੋਇਆ ਹੈ ਹਰ ਰੋਜ਼ ਨਵਾਂ ਪੱਤਰਕਾਰ ਬੁੱਧੀਜੀਵੀ ਜਾਂ ਸੰਪਾਦਕ ਆਪਣੇ ਵਿਚਾਰ ਦੱਸਣ ਲਈ ਆਉਂਦਾ ਹੈ। ਦੋ ਐਂਕਰ ਬੀਬੀਆਂ ਵੰਦਨਾ ਖੰਨਾ ਤੇ ਨਵਜੋਤ ਕੌਰ ਦਾ ਸੁਆਲ ਪੁੱਛਣ ਦਾ ਤਰੀਕਾ ਬੇਹੱਦ ਸਲਾਹੁਣ ਯੋਗ ਹੁੰਦਾ ਹੈ। ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਜੋ ਖਬਰ ਇਹ ਪੜ੍ਹ ਰਹੀਆਂ ਹਨ ਖੁਦ ਅੱਖੀਂ ਵੇਖੀ ਹੋਈ ਹੈ, ਸਵਾਲ ਬੇਹੱਦ ਸਾਰਥਿਕ ਹੁੰਦੇ ਹਨ ਜਵਾਬ ਕਿਉਂ ਵਧੀਆ ਨਹੀਂ ਹੋਣਗੇ।

ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਬਹੁਤ ਵਧੀਆ ਸੁਧਾਰ ਕੀਤਾ ਗਿਆ ਹੈ। ਹਫ਼ਤੇ ਵਿੱਚ ਤਿੰਨ ਦਿਨ ਸ਼੍ਰੀਮਾਨ ਰਾਜ ਕੁਮਾਰ ਤੁਲੀ ਜੀ ਪ੍ਰੋਗਰਾਮ ਪੇਸ਼ ਕਰਦੇ ਹਨ। ਪ੍ਰੋਗਰਾਮ ਪਹਿਲਾਂ ਖੇਤੀਬਾੜੀ ਵਿਭਾਗ ਦਾ ਦਫ਼ਤਰ ਲੱਗਦਾ ਸੀ। ਹੁਣ ਪਿੰਡ ਦੀ ਸੱਥ ਬਣ ਗਿਆ ਹੈ। ਤੁਲੀ ਸਾਹਿਬ ਜੋ ਦਹਾਕਿਆਂ ਤੋਂ ਅਕਾਸ਼ਵਾਣੀ ਜਲੰਧਰ ਦਾ ਦਿਹਾਤੀ ਪ੍ਰੋਗਰਾਮ ਪੇਸ਼ ਕਰਦੇ ਸਨ, ਹੁਣ ਉਹੀ ਪਾਣ ਮੇਰਾ ਪਿੰਡ ਮੇਰੇ ਖੇਤ ਨੂੰ ਚੜ੍ਹਾ ਦਿੱਤੀ ਹੈ। ਪ੍ਰੋਗਰਾਮ ਦਾ ਸੈੱਟ ਸਾਡੇ ਅਜੋਕੇ ਪਿੰਡ ਦੀ ਸਾਰਥਿਕ ਤਸਵੀਰ ਹੈ ਸਮਾਜਿਕ ਵਿਸ਼ੇ ਤੇ ਖੇਤੀਬਾੜੀ ਬਾਰੇ ਗੱਲਾਂ ਪ੍ਰੋਗਰਾਮ ਵਿੱਚ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਹਨ, ਜਿਸ ਤਰ੍ਹਾਂ ਸੱਥ ਵਿੱਚ ਸਾਰੇ ਪਿੰਡ ਦੇ ਮੋਢੀ ਪਿੰਡ ਬਾਰੇ ਅਤੇ ਖੇਤੀ ਦੇ ਸੁਧਾਰ ਬਾਰੇ ਗੱਲਾਂ ਕਰ ਰਹੇ ਹੋਣ ਮਨੋਰੰਜਨ ਲਈ ਖ਼ਜ਼ਾਨੇ ਵਿੱਚੋਂ ਲੜੀਵਾਰ ਨਾਟਕ ਮਹਾਰਾਜਾ ਰਣਜੀਤ ਸਿੰਘ ਇਹ ਕੇਹੀ ਰੁੱਤ ਆਈ ਲੜੀਵਾਰ ਪੇਸ਼ ਕੀਤੇ ਜਾਂਦੇ ਹਨ, ਜੋ ਸਾਡੇ ਇਤਿਹਾਸ ਤੇ ਵਿਰਸੇ ਦੀ ਤਸਵੀਰ ਪੇਸ਼ ਕਰ ਰਹੇ ਹਨ।

ਮਨੋਰੰਜਨ ਲਈ ਕਿਸੇ ਸਮੇਂ ਦਾ ਥੰਮ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਦਾ ਦੁਬਾਰਾ ਪ੍ਰਸਾਰਣ ਚਾਲੂ ਕੀਤਾ ਗਿਆ ਹੈ। ਸਾਡੀ ਲੋਕਧਾਰਾ ਦੀਆਂ ਗੱਲਾਂ ਅਤੇ ਉਸ ਵਿੱਚ ਪੇਸ਼ ਕੀਤੇ ਜਾਂਦੇ ਲੋਕ ਗੀਤ ਸਾਡੇ ਪੰਜਾਬੀ ਵਿਰਸੇ ਨੂੰ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੰਦੇ ਹਨ। ਪ੍ਰੋਗਰਾਮ ਮੁੱਖੀ ਸ੍ਰੀ ਪੁਨੀਤ ਸਹਿਗਲ ਜੀ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਕੋਰੋਨਾ ਮਹਾਮਾਰੀ ਕਰਕੇ ਪ੍ਰਸਾਰ ਭਾਰਤੀ ਵੱਲੋਂ ਕੁਝ ਖਾਸ ਹਦਾਇਤਾਂ ਹਨ। ਜ਼ਿਆਦਾ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਨ ਕਰਨਾ ਮੁਸ਼ਕਿਲ ਹੈ, ਜਦੋਂ ਵੀ ਹਾਲਾਤ ਠੀਕ ਹੋਣਗੇ ਤਾਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਰੰਗ ਦੂਰਦਰਸ਼ਨ ਪੰਜਾਬੀ ਬਿਖੇਰੇਗਾ ਸਰੋਤਿਆਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਰੋਤਿਆਂ ਦੀਆਂ ਚਿੱਠੀਆਂ ਤੇ ਵਿਚਾਰ ਫੋਨ ਕਾਲਾਂ ਰਾਹੀਂ ਲੈ ਕੇ ਪ੍ਰੋਗਰਾਮ ਸਰੋਤਿਆਂ ਦੀ ਪਸੰਦ ’ਤੇ ਹੋਣੇ ਚਾਹੀਦੇ ਹਨ। ਸੱਜਰੀ ਸਵੇਰ ਪ੍ਰੋਗਰਾਮ ਜਦੋਂ ਦਾ ਚਾਲੂ ਹੋਇਆ ਹੈ ਇਹ ਸਵੇਰੇ ਅੱਠ ਵਜੇ ਪੇਸ਼ ਕੀਤਾ ਜਾਂਦਾ ਹੈ, ਜੋ ਸਰਾਸਰ ਗਲਤ ਹੈ।

ਸੂਬਾ ਖੇਤੀਬਾੜੀ ਪ੍ਰਧਾਨ ਹੈ ਕਿਸਾਨ ਮਜ਼ਦੂਰ ਖੇਤਾਂ ਵੱਲ ਚਲੇ ਜਾਂਦੇ ਹਨ ਤੇ ਨੌਕਰੀ ਸੁਧਾ ਤੇ ਵਿਦਿਆਰਥੀ ਸਕੂਲ ਕਿਹੜੇ ਬਾਕੀ ਬੱਚਦੇ ਸਰੋਤੇ ਹਨ, ਜਿਨ੍ਹਾਂ ਲਈ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਜਿੰਨੇ ਵੀ ਕੇਂਦਰ ਹਨ, ਅਜਿਹਾ ਪ੍ਰੋਗਰਾਮ ਸੱਤ ਵਜੇ ਪੇਸ਼ ਕਰਦੇ ਹਨ। ਅਸੀਂ ਆਸ ਕਰਦੇ ਹਾਂ ਪ੍ਰੋਗਰਾਮ ਮੁਖੀ ਜੀ ਸੱਜਰੀ ਸਵੇਰ ਨੂੰ ਅਸਲੀ ਜਾਮਾਂ ਪਹਿਨਾਉਣਗੇ ਸੁਨੇਹੇ ਪ੍ਰੋਗਰਾਮ, ਜੋ ਸਾਡੇ ਵਿਦੇਸ਼ੀ ਭੈਣਾਂ ਭਰਾਵਾਂ ਲਈ ਸੀ। ਉਸ ਨੂੰ ਵਾਪਿਸ ਬਹਾਲ ਕਰਨਾ ਚਾਹੀਦਾ ਹੈ ਤਾਂ ਜੋ ਵਿਦੇਸ਼ੀ ਸਰੋਤੇ ਕੇਂਦਰ ਨਾਲ ਜੁੜ ਸਕਣ ਜਨਮ ਦਿਨ ਦੀਆਂ ਵਧਾਈਆਂ ਬੱਚਿਆਂ ਦੇ ਪ੍ਰੋਗਰਾਮ ਦਾ ਹਿੱਸਾ ਹੋਣਾ ਚਾਹੀਦਾ ਹੈ। ਨੌਜਵਾਨਾਂ ਤੇ ਬਜ਼ੁਰਗਾਂ ਲਈ ਤਾਂ ਹਾਸੋਹੀਣੀ ਮਾਮਲਾ ਹੈ। ਇੱਕ ਨਵੀਂ ਪੁਲਾਂਘ ਹੋਰ ਪੁੱਟੀ ਗਈ ਹੈ ਕਵੀ ਦਰਬਾਰ ਕੇਂਦਰ ਵਿੱਚ ਕਰਵਾਉਣਾ ਕੋਰੋਨਾ ਮਹਾਮਾਰੀ ਨਹੀਂ ਹੋ ਸਕਦਾ ਵੀਡੀਓ ਕਾਲ ਰਾਹੀਂ ਇਹ ਪ੍ਰੋਗਰਾਮ ਦੇ ਰੰਗ ਬੰਨ੍ਹਣ ਦੀ ਪੂਰੀ ਤਿਆਰੀ ਹੈ। 

ਸਾਰਅੰਸ਼ - ਦੂਰਦਰਸ਼ਨ ਪੰਜਾਬੀ ਕੁਝ ਸਾਲਾਂ ਵਧੀਆ ਪ੍ਰੋਗਰਾਮ ਨਾ ਹੋਣ ਕਰਕੇ ਸਰੋਤਿਆਂ ਨਾਲੋਂ ਟੁੱਟਦਾ ਜਾ ਰਿਹਾ ਸੀ, ਜਿਸ ਕਾਰਨ ਸਰੋਤਿਆਂ ਦੀ ਵੇਖਣ ਗਿਣਤੀ ਵਿੱਚ ਸੱਤਵੇਂ ਨੰਬਰ ’ਤੇ ਆ ਕੇ ਮੂਧੇ ਮੂੰਹ ਡਿੱਗ ਪਿਆ ਸੀ। ਪੁਨੀਤ ਸਹਿਗਲ ਜੀ ਦੀ ਥੋੜ੍ਹੇ ਸਮੇਂ ਵਿੱਚ ਕੜੀ ਮਿਹਨਤ ਅਜਿਹਾ ਰੰਗ ਲੈ ਕੇ ਆਈ ਹੈ ਕਿ ਹੁਣ ਭਾਰਤ ਵਰਸ਼ ਵਿੱਚ ਦੂਰਦਰਸ਼ਨ ਪੰਜਾਬੀ ਨੂੰ ਵੇਖਣ ਵਾਲਿਆਂ ਗਿਣਤੀ ਵਧ ਕੇ ਨੰਬਰ ਦੋ ’ਤੇ ਆ ਗਈ ਹੈ। ਭਵਿੱਖ ਦਾ ਸੱਚ ਸਾਹਮਣੇ ਕੰਧ ’ਤੇ ਲਿਖਿਆ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਰਹੇ ਤਾਂ ਪਹਿਲਾਂ ਵਾਂਗ ਸਰੋਤਿਆਂ ਦੀ ਵੇਖਣ ਗਿਣਤੀ ਨੰਬਰ ਇੱਕ ’ਤੇ ਆ ਜਾਵੇਗੀ। ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਆਪਣੀ ਮਿਹਨਤ ਸਦਕਾ ਤੇਰਾਂ ਕੌਮੀ ਪੁਰਸਕਾਰ ਆਕਾਸ਼ਵਾਣੀ ’ਤੇ ਇੱਕ ਦੂਰਦਰਸ਼ਨ ਦੀ ਝੋਲੀ ਵਿੱਚ ਪਾਇਆ ਸੀ। ਹੁਣ ਸਾਫ਼ ਵਿਖਾਈ ਵੀ ਦੇ ਰਿਹਾ ਹੈ ਕਿ ਹੁਣ ਸ੍ਰੀ ਮਾਨ ਜੀ ਆਪਣਾ ਹੀ ਰਿਕਾਰਡ ਤੋੜ ਕੇ ਇਨਾਮਾਂ ਦੀ ਝੜੀ ਨੂੰ ਸੈਂਕੜਿਆਂ ਤੱਕ ਲੈ ਜਾਣਗੇ

ਆਮੀਨ - ਰਮੇਸ਼ਵਰ ਸਿੰਘ 
ਸੰਪਰਕ ਨੰਬਰ 9914880392  


rajwinder kaur

Content Editor

Related News