ਮਹਾਮਾਰੀ ਦੇ ਦੌਰ ਚ ਵਧਿਆ ਘਰੇਲੂ ਹਿੰਸਾ ਦਾ ਪ੍ਰਕੋਪ
Friday, May 08, 2020 - 02:15 PM (IST)
ਮਨਦੀਪਜੋਤ ਸਿੰਘ
ਭਾਰਤ ਵਿੱਚ ਲਾਕਡਾਊਨ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ, ਯੂ.ਪੀ ਪੁਲਸ ਵੱਲੋਂ ਇੱਕ ਸਥਾਨਕ ਅਖ਼ਬਾਰ ਦੇ ਪਹਿਲੇ ਪੰਨੇ ਤੇ ਇੱਕ ਇਸ਼ਤਿਹਾਰ ਛਾਪਿਆ ਗਿਆ ਸੀ, ਜਿਸ ਉਪਰ ਬਣੇ ਇੱਕ ਔਰਤ ਦੇ ਸਕੈੱਚ, ਜਿਸ ਵਿੱਚ ਉਹ ਆਪਣੀ ਸ਼ਕਲ ਨੂੰ ਮਾਸਕ ਨਾਲ ਢੱਕੀ ਬੈਠੀ ਦਿਖਾਈ ਦਿੱਤੀ ਹੈ । ਉੱਤੇ ਲਿਖੇ ਇੱਕ ਸਲੋਗਨ ਨੇ ਆਉਣ ਵਾਲੇ ਸਮੇਂ ਬਾਰੇ ਇਸ਼ਾਰਾ ਕਰਦਿਆਂ ਲਿਖਿਆ ਸੀ, "Suppres corona, not your voice" ਭਾਵ "ਕੋਰੋਨਾ ਨੂੰ ਦਬਾਓ ,ਆਪਣੀ ਆਵਾਜ਼ ਨੂੰ ਨਹੀਂ " ਇਹ ਇੱਕ ਤਰ੍ਹਾਂ ਦਾ ਉਨ੍ਹਾਂ ਔਰਤਾਂ ਵੱਲ ਇਸ਼ਾਰਾ ਸੀ । ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਚੁੱਕੀਆਂ ਸਨ ਜਾਂ ਹੋ ਰਹੀਆਂ ਸਨ ।
ਪੂਰੇ ਸੰਸਾਰ ਵਿੱਚ ਜਿੱਥੇ ਇਸ ਮਹਾਮਾਰੀ ਦਾ ਬੋਲਬਾਲਾ ਹੈ ਅਤੇ ਕੁੱਲ ਸੰਸਾਰ ਘਰਾਂ ਚ ਬੰਦ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਅਤੇ ਇਸ ਭੈੜੀ ਬਿਮਾਰੀ ਤੋਂ ਨਿਜਾਤ ਪਾਉਣ ਵਿੱਚ ਲੱਗਿਆ ਹੈ । ਉੱਥੇ ਜੋ ਸਭ ਤੋਂ ਵੱਡੀ ਸਮੱਸਿਆ ਸਾਨੂੰ ਦੇਖਣ ਨੂੰ ਮਿਲ ਰਹੀ ਹੈ । ਉਹ ਹੈ ਘਰਾਂ ਚ ਬੰਦ ਹੋਣ ਕਰਕੇ ਵਧ ਰਹੀ ਘਰੇਲੂ ਹਿੰਸਾ । ਬੇਸ਼ਕ ਘਰੇਲੂ ਹਿੰਸਾ ਕੋਰੋਨਾ ਦੇ ਕਹਿਰ ਤੋਂ ਪਹਿਲਾਂ ਹੀ ਸਮਾਜ ਚ ਸੀ । ਪ੍ਰੰਤੂ ਇਸ ਮਹਾਮਾਰੀ ਕਾਰਨ ਜਦੋਂ ਲੋਕ ਘਰਾਂ ਚ ਬੰਦ ਹੋ ਕੇ ਰਹਿਣ ਲਈ ਮਜਬੂਰ ਹਨ । ਉਦੋਂ ਇਸ ਦਾ ਪਸਾਰ ਅੱਗੇ ਨਾਲੋਂ ਕਈ ਗੁਣਾ ਵਧਿਆ ਹੈ । ਜੋ ਕਿ ਸਾਡੇ ਸਮਾਜ,ਸਾਡੀ ਮਨੁੱਖਤਾ ਲਈ ਇੱਕ ਸ਼ਰਮਨਾਕ ਬਿਰਤਾਂਤ ਹੈ ।
ਅਸੀਂ ਆਪਣੀ ਖਿਝ, ਆਪਣਾ ਤਣਾਅ ਭਰਪੂਰ ਮਨ, ਜਿਸ ਨੂੰ ਅਸੀਂ ਆਪਣੇ ਆਪੇ ਵਿੱਚ ਨਹੀਂ ਰੱਖ ਸਕਦੇ । ਸਾਡੇ ਲਈ ਅਤੇ ਸਾਡੇ ਪਰਿਵਾਰ ਲਈ ਕਿੰਨਾ ਨੁਕਸਾਨਦੇਹ ਹੁੰਦਾ ਹੈ, ਇਸ ਦਾ ਅੰਦਾਜ਼ਾ ਭਾਰਤ ਦੀ ਇਕ ਸੰਸਥਾ "ਨੈਸ਼ਨਲ ਕਮਿਸ਼ਨ ਫਾਰ ਵੂਮੈਨ "(ਐੱਨ.ਸੀ.ਡਬਲਿਊ) ਵਲੋਂ ਜਾਰੀ ਕੀਤੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ, ਜਿਸ ਦੇ ਅਨੁਸਾਰ ਜਨਵਰੀ ਵਿੱਚ ਇਸ ਕਮਿਸ਼ਨ ਨੇ ਕੁੱਲ ਵੱਖ-ਵੱਖ ਤਰ੍ਹਾਂ ਦੇ 1462 ਕੇਸ ਰਜਿਸਟਰਡ ਕੀਤੇ ਸਨ । ਜਿਨ੍ਹਾਂ ਚੋਂ 270 ਘਰੇਲੂ ਹਿੰਸਾ ਦੇ ਸਨ। ਇਹ ਅੰਕੜਾ ਫਰਵਰੀ ਚ 302 ਅਤੇ ਮਾਰਚ ਚ 23 ਮਾਰਚ ਤੋਂ ਲੈ ਕੇ 30 ਮਾਰਚ ਤੱਕ 58 ਕੇਸ ਘਰੇਲੂ ਹਿੰਸਾ ਦੇ ਹੀ ਹਨ । ਇੱਥੇ ਜ਼ਿਕਰਯੋਗ ਹੈ ਕਿ ਦੇ swayam ਜੋ ਕਿ ਇੱਕ ਅਜਿਹੀ ਸੰਸਥਾ ਹੈ, ਜਿੱਥੇ ਬਰਾਬਰਤਾ ਦੇ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਦੇ ਸੰਸਥਾਪਕ ਨੇ ਦੱਸਿਆ ਕਿ ਬੰਗਾਲ ਵਿੱਚ ਲੋਕਡਾਊਨ ਦੇ ਚੱਲਦਿਆਂ ਇਕ ਪਰਿਵਾਰ ਵਿੱਚ ਮਾਮੂਲੀ ਨੋਕ ਝੋਕ ਤੇ ਪਤੀ ਨੇ ਆਪਣੀ ਪਤਨੀ ਦਾ ਰਾਸ਼ਨ ਕਾਰਡ, ਜਿਸ ਦੇ ਆਧਾਰ ਤੇ ਉਸ ਨੂੰ ਸਰਕਾਰੀ ਰਾਸ਼ਨ - ਪਾਣੀ ਮਿਲਣਾ ਸੀ । ਖੋਹ ਲਿਆ ਅਤੇ ਉਸ ਔਰਤ ਨੂੰ ਭੁੱਖੇ ਰਹਿਣ ਲਈ ਮਜਬੂਰ ਕਰ ਦਿੱਤਾ । ਜੋ ਕਿ ਸਮੁੱਚੀ ਮਨੁੱਖਤਾ ਲਈ ਇਕ ਸ਼ਰਮਨਾਕ ਹਰਕਤ ਸੀ।
ਸ਼ਰੂਤੀ ਨਾਗਵੰਸ਼ੀ ਜੋ ਕਿ "ਪੀਪਲਜ਼ ਵਿਜੀਲੈਂਸ ਕਮੇਟੀ ਆਨ ਹਿਊਮਨ ਰਾਈਟਸ" (ਪੀ.ਵੀ.ਸੀ.ਐੱਚ.ਆਰ) ਦੀ ਸੰਸਥਾਪਕ ਹੈ, ਨੇ ਕਿਹਾ ਕਿ ਲਾਕਡਾਊਨ ਕਰ ਕੇ ਘਰਾਂ ਚ ਬੈਠੇ ਭੁੱਖੇ ਅਤੇ ਬੇਰੁਜ਼ਗਾਰ ਮਰਦ, ਆਪਣੇ ਆਪ ਨੂੰ ਮਜ਼ਬੂਰ ਬੇਵੱਸ ਤੇ ਲਾਚਾਰ ਅਨੁਭਵ ਕਰਦੇ ਹਨ । ਉਨ੍ਹਾਂ ਦੀ ਇਹੀ ਬੇਵਸੀ ਤੇ ਮਜ਼ਬੂਰੀ ਘਰੇਲੂ ਹਿੰਸਾ ਵਿੱਚ ਤਬਦੀਲ ਹੋਣ ਲੱਗਦੀ ਹੈ, ਜੋ ਕਿ ਇੱਕ ਮੰਦਭਾਗੀ ਵਰਤਾਰਾ ਹੈ।ਹਰਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ 'ਸਕੂਨ' ਨਾਮਕ ਕੇਂਦਰ ਜੋ ਕਿ 2014 ਵਿੱਚ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ਦਾ ਮੰਤਵ ਚਕਿਤਸਕ ਰੋਗੀਆਂ ਨੂੰ ਠੀਕ ਕਰਨਾ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਖਹਿੜਾ ਛੁਡਵਾ ਕੇ ਸ਼ਾਂਤੀ ਬਹਾਲ ਕਰਨਾ ਸੀ। ਉਨ੍ਹਾਂ ਨੂੰ ਵੀ ਫਿਰ ਤੋਂ ਖੋਲ੍ਹਿਆ ਗਿਆ ਹੈ।
'ਜਗੋਰੀ ਰੂਰਲ ਚੈਰੀਟੇਬਲ ਟਰੱਸਟ' ਦੇ ਡਾਇਰੈਕਟਰ ਦੇ ਕਥਨ ਅਨੁਸਾਰ ਇੱਕ ਪੀੜਤ ਲੜਕੀ ਨਾਲ ਜਦ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਕਰਫਿਊ ਦੌਰਾਨ ਜਦੋਂ ਉਸ ਨੇ ਵੀਡੀਓਜ਼ ਦੇਖਿਆ ਕਿ ਕਰਫਿਊ ਦੀ ਉਲੰਘਣਾ ਕਰਨ ਤੇ ਪੁਲਸ ਕਰਮਚਾਰੀ ਸਖਤੀ ਨਾਲ ਕਾਰਵਾਈ ਕਰ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਬਾਹਰ ਗ਼ੈਰ ਲੋਕਾਂ ਤੋਂ ਕੁੱਟ ਖਾਣ ਨਾਲ ਬੇਹਤਰ ਹੈ ਕਿ ਘਰ ਰਹਿ ਕੇ ਆਪਣੇ ਬੰਦੇ ਤੋਂ ਹੀ ਕੁੱਟ ਖਾ ਲਈ ਜਾਵੇ। ਅਜਿਹੇ ਦੌਰ ਵਿੱਚ ਅਸੀਂ ਆਪਣੇ ਆਪ ਨੂੰ ਸੱਭਿਅਕ ਕਹਾਉਣ ਦੇ ਲਾਇਕ ਨਹੀਂ ਹਾਂ। ਸਾਨੂੰ ਆਪਣੇ ਮਰਦਪੁਣੇ ਤੇ ਝਾਤ ਮਾਰਨੀ ਚਾਹੀਦੀ ਅਤੇ ਅਜਿਹੀ ਕਰੂਰਤਾਂ ਵਾਲੀਆਂ ਕਰਤੂਤਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ।
"ਦੀ ਇੰਟਰਨੈਸ਼ਨਲ ਫਾਊਡੇਸ਼ਨ ਫਾਰ ਕਰਾਈਮ ਪਰੀਵੈਨਸ਼ਨ ਐਂਡ ਵਿਕਟਿਮ ਕੇਅਰ" (ਪੀ.ਸੀ.ਵੀ.ਸੀ) ਦੇ ਵਿਭਾਗ ਦੀ ਡਾਇਰੈਕਟਰ ਸਵੇਦਾ ਸ਼ੰਕਰ ਨੇ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ ਇਕ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਨੇ ਜਦ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਦੇ ਪਤੀ ਤੇ ਕਾਰਵਾਈ ਕਰਦਿਆਂ ਉਸ ਨੂੰ ਆਪਣੀ ਮਾਂ ਵਾਲੇ ਘਰ ਚ ਸ਼ਿਫਟ ਕੀਤਾ ਗਿਆ ਹੈ ਅਤੇ ਜਦ ਤੱਕ ਲਾਕਡਾਊਨ ਖਤਮ ਨਹੀਂ ਹੁੰਦਾ ਉਦੋਂ ਤੱਕ ਉਹ ਉੱਥੇ ਹੀ ਰਹੇਗਾ। NCW ਨੇ ਦੱਸਿਆ ਕਿ ਪਹਿਲੇ ਹਫਤੇ ਆਈਆਂ ਕਾਲਾਂ ਚੋਂ ਇੱਕ ਕਾਲਜ ਅਜਿਹੀ ਸੀ ਕਿ ਜਿਸ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਉਸ ਦਾ ਘਰ ਵਾਲਾ ਪਿਛਲੇ ਤਿੰਨ ਦਿਨਾਂ ਤੋਂ ਮਾਰ ਰਿਹਾ ਹੈ ਅਤੇ ਖਾਣਾ ਵੀ ਨਹੀਂ ਦੇ ਰਿਹਾ ।
ਇਸ ਘਰੇਲੂ ਹਿੰਸਾ ਦਾ ਪ੍ਰਕੋਪ ਇਕੱਲੇ ਭਾਰਤ ਚ ਹੀ ਨਹੀਂ ਸਗੋਂ ਚਾਈਨਾ ,ਫਰਾਂਸ, ਯੂ ਕੇ, ਜਰਮਨੀ ਅਤੇ ਸਪੇਨ ਚ ਵੀ ਵਧਿਆ ਹੈ। ਉਧਰ ਵੀ ਕਈ ਥਾਵਾਂ ਤੇ ਅਜਿਹੇ ਚਕਿਤਸਕ ਕੇਂਦਰਾਂ ਨੂੰ ਖੋਲ੍ਹਿਆ ਗਿਆ ਹੈ ਤਾਂ ਕਿ ਉਨ੍ਹਾਂ ਦੀਆਂ ਔਰਤਾਂ ਨੂੰ ਅਜਿਹੇ ਰਾਕਸ਼ਾਂ ਤੋਂ ਬਚਾਇਆ ਜਾ ਸਕੇ। ਫਰਾਂਸ ਸਰਕਾਰ ਨੇ ਤਾਂ ਇੱਕ ਮਿਲੀਅਨ ਯੂਰੋ ਦਾ "ਐਂਟੀ ਡੋਮੈਸਟਿਕ ਵਾਇਲੈਂਸ ਫੰਡ" ਜਾਰੀ ਕਰਦੇ ਹੋਏ ਸ਼ਹਿਰ ਦੇ ਕਈ ਹੋਟਲਾਂ ਦੇ ਕਮਰੇ ਵੀ ਖੁਲ੍ਹਵਾਏ ਹਨ, ਜਿੱਥੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਰੱਖਿਆ ਜਾ ਸਕੇ। ਘਰੇਲੂ ਹਿੰਸਾ ਮਨੁੱਖਤਾ ਲਈ ਇਕ ਕੋਝੀ ਹਰਕਤ ਹੈ, ਸਗੋਂ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਇਸ ਕਰੋਨਾ ਮਹਾਮਾਰੀ ਦੇ ਭੈੜੇ ਸਮੇਂ ਵਿੱਚ ਆਪਣੇ ਪਰਿਵਾਰ ਨਾਲ ਖੁਸ਼ੀ ਭਰੇ ਮਾਹੌਲ ਵਿੱਚ ਦਿਨ ਗੁਜ਼ਾਰੀਏ ਤੇ ਆਪਣੀ ਖਿਝ, ਆਪਣੇ ਤਣਾਅ , ਆਪਣੇ ਫਿਕਰਾਂ ਨੂੰ ਇਨ੍ਹਾਂ ਆਪਣੇ ਆਪ ਤੇ ਭਾਰੀ ਨਾ ਕਰ ਲਈਏ ਕਿ ਅਸੀਂ ਇਨਸਾਨ ਤੋਂ ਬਦਮਾਸ਼ ਬਣ ਜਾਈਏ। ਇਹ ਔਖੀ ਘੜੀ ਸਮੁੱਚੀ ਇਨਸਾਨੀਅਤ ਤੇ ਆਈ ਹੈ ਤੇ ਸਾਨੂੰ ਇਸ ਨਾਲ ਨਜਿੱਠਣ ਲਈ ਸੰਜਮ ਨਾਲ ਘਰ ਰਹਿ ਕੇ ਪ੍ਰਮਾਤਮਾ ਦੀ ਅਰਦਾਸ ਕਰਦਿਆਂ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਹੀ ਸਮੇਂ ਦੀ ਉਡੀਕ ਕਰਨੀ ਪਏਗੀ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਕੰਮਕਾਰ, ਸਭ ਦੁਬਾਰਾ ਚੱਲ ਪੈਣਗੇ। ਪਰ ਜੇਕਰ ਜ਼ਿੰਦਗੀ ਦੀ ਡੋਰ ਹੱਥੋਂ ਚਲੀ ਗਈ ਤਾਂ ਕਦੇ ਮੁੜ ਹੱਥ ਵਿੱਚ ਨਹੀਂ ਆਉਣੀ। ਜਿਵੇਂ ਕਿ ਸਿਆਣੇ ਕਹਿੰਦੇ ਨੇ "ਜਾਨ ਹੈ ਤਾਂ ਜਹਾਨ ਹੈ", ਸੋ ਘਰ ਰਹੋ, ਤੰਦਰੁਸਤ ਰਹੋ ਅਤੇ ਸ਼ਾਂਤ ਰਹੋ।