ਕੀ ਬੱਸਾਂ, ਟਰੱਕਾਂ, ਆਟੋ ਚਾਲਕਾਂ ''ਤੇ ਨਹੀਂ ਲਾਗੂ ਹੁੰਦੇ ਟਰੈਫਿਕ ਨਿਯਮ ?

Saturday, Mar 10, 2018 - 01:25 PM (IST)

ਕੀ ਬੱਸਾਂ, ਟਰੱਕਾਂ, ਆਟੋ ਚਾਲਕਾਂ ''ਤੇ ਨਹੀਂ ਲਾਗੂ ਹੁੰਦੇ ਟਰੈਫਿਕ ਨਿਯਮ ?


ਟਰੈਫਿਕ ਸਮੱਸਿਆਵਾਂ ਨਾਲ ਲੋਕਾਂ ਦਾ ਬੁਰਾ ਹਾਲ, ਹਰ ਰੋਜ਼ ਸੜਕਾਂ 'ਤੇ ਗਵਾ ਰਹੇ ਲੱਖਾਂ ਲੋਕ ਜਾਨਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!


ਪੰਜਾਬ ਦੇ ਸ਼ਹਿਰਾਂ, ਕਸਬਿਆਂ ਤੇ ਵੱਡੀਆਂ ਮੇਨ ਸੜਕਾਂ ਵਿਚ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਸਮੱਸਿਆ ਨੂੰ ਦਰੁਸਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਦੇ ਹਰ ਚੌਂਕ, ਕੱਟ ਮੋੜ ਆਦਿ ਤੇ ਸਾਈਨ ਬੋਰਡ ਲਗਾ ਕੇ ਸਪੀਕਰ ਰਾਹੀ ਅਨਾਉਸ ਕਰਵਾ ਕੇ ਜਿੱਥੇ ਪੁਲਿਸ ਵੱਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਨਾ ਕਰਨ ਦੀ ਹਦਾਇਤ ਕੀਤੀ ਜਾਂਦੀ  ਹੈ, ਉੱਥੇ ਹੀ ਇਨਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਤੌਰ ਤੇ ਹੀ ਇੰਨਾ ਅਧਿਕਾਰੀਆਂ ਨੂੰ ਵੀ ਸੜਕੀ ਨਿਯਮਾਂ ਦੀਆਂ ਬੇਝਿਜਕ ਧੱਜੀਆਂ ਉਡਾਉਂਦੇ ਦੇਖਿਆ ਜਾ ਸਕਦਾ ਹੈ। ਬਾਜ਼ਾਰਾਂ ਵਿਚ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ, ਟਰੈਕਟਰਾਂ ਆਦਿ ਤੇ ਉੱਚੀ ਆਵਾਜ਼ਾਂ ਵਿਚ ਗੀਤ, ਪ੍ਰੈਸ਼ਰ ਹਾਰਨ ਦੀ ਪਾਬੰਦੀ ਦੇ ਬਾਵਜੂਦ ਵੀ ਉੱਚੀਆਂ ਆਵਾਜ਼ਾਂ 'ਚ ਵੱਜਦੇ ਹਾਰਨ ਆਦਿ ਆਮ ਹੀ ਦੇਖਣ ਸੁਣਨ ਨੂੰ ਮਿਲ ਰਹੇ ਹਨ। ਟਰੈਫਿਕ ਪੁਲਿਸ ਸਪੈਸ਼ਲ ਨਾਕੇ ਲਗਾ ਕੇ ਹਰ ਰੋਜ਼ ਸੈਂਕੜੇ ਚਲਾਨ ਕੱਟ ਕੇ ਅਖਬਾਰਾਂ ਦੀਆਂ ਸੁਰਖ਼ੀਆਂ ਰਾਹੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਸਵਾਲ ਇਹ ਹੈ ਕਿ ਸਿਰਫ ਚਲਾਨ ਕੱਟਣ ਨਾਲ ਟਰੈਫਿਕ ਸਮੱਸਿਆ 'ਚ ਸੁਧਾਰ ਹੋ ਜਾਵੇਗਾ? ਤਾਂ ਇਸ ਦਾ ਜੁਆਬ ਸ਼ਾਇਦ ਹੀ ਦਿੱਤਾ ਜਾ ਸਕਦਾ ਹੈ ਕਾਰਨ ਨਿਯਮਾਂ ਦੀਆਂ ਉਲੰਘਣਾ ਤੇ ਅਧਿਕਾਰੀਆਂ ਦੀਆਂ ਅਣ ਦੇਖੀਆਂ ਦੇ ਕਾਰਨ ਵੀ ਦਿਨ ਪ੍ਰਤੀ ਦਿਨ ਸੜਕਾਂ 'ਤੇ ਲੱਖਾਂ ਹੀ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। 

ਵਿਸਥਾਰ ਨਾਲ ਗਲ ਕਰੀਏ ਤਾਂ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ, ਓਵਰ ਸਪੀਡ, ਡਰਾਈਵਰ ਸੀਟ ਬੈਲਟ, ਓਵਰ ਲੋਡ ਤੇ ਪਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਆਦਿ ਟਰੈਫਿਕ ਨਿਯਮ ਸਿਰਫ ਕਾਰਾਂ, ਜੀਪਾਂ, ਵੈਨਾਂ ਅਤੇ ਦੋ ਪਹੀਆਂ ਵਹੀਕਲਾਂ 'ਤੇ ਹੀ ਜਬਰੀ ਲਾਗੂ ਕੀਤੇ ਜਾਂਦੇ ਹਨ, ਪਰ ਯਾਤਰੀ ਬੱਸਾਂ, ਟਰੱਕ, ਵੱਡੇ ਟਰਾਲੇ, ਟਰੈਕਟਰ, ਆਟੋ ਆਦਿ ਜਿਹੇ ਵਾਹਨਾਂ ਨੂੰ ਉਕਤ ਨਿਯਮਾਂ ਤੋਂ ਟਰੈਫਿਕ ਵਿਭਾਗ ਨੇ ਲੱਗਦਾ ਛੋਟ ਦੇ ਰੱਖੀ ਜਾਪਦੀ ਹੈ। ਜਦਕਿ ਵੱਡੇ ਐਕਸੀਡੈਂਟ ਇਨ੍ਹਾਂ ਭਾਰੀ ਵਾਹਨਾਂ ਕਾਰਨ ਹੀ ਹੁੰਦੇ ਹਨ। ਜੇਕਰ ਵੱਡੇ ਛੋਟੇ ਸ਼ਹਿਰਾਂ ਜਾਂ ਕਸਬਿਆਂ ਦੀ ਗੱਲ ਕਰੀਏ ਤਾਂ ਚੌਕਾਂ, ਮੋੜਾਂ, ਬਸ ਅੱਡਿਆਂ ਆਦਿ ਹੋਰ ਬਾਜ਼ਾਰਾਂ ਦੇ ਵਿਚਕਾਰ ਅਜਿਹੇ ਕੱਟ ਹਨ ਇਸ ਤੋਂ ਇਲਾਵਾ ਜਿੱਥੇ ਬੱਸਾਂ ਵਾਲੇ ਇਕ ਦੂਜੇ ਤੋਂ ਪਹਿਲਾਂ ਸਵਾਰੀਆਂ ਬਠਾਉਣ ਦੇ ਚੱਕਰ 'ਚ ਬੱਸਾਂ ਮਿਥੀ ਗਈ ਥਾਂ ਤੋਂ ਪਿਛਾਂਹ ਜਾਂ ਸੜਕ ਦੇ ਵਿਚਕਾਰ ਹੀ ਰੋਕ ਲੈਂਦੇ ਹਨ। ਜਿਸ ਕਾਰਨ ਕਈ ਵਾਰ ਲੰਬਾ ਜਾਮ ਜਾਂ ਪਿਛੋਂ ਤੇਜ਼ ਗਤੀ 'ਚ ਆ ਰਹੀਆਂ ਛੋਟੀਆਂ ਗੱਡੀਆਂ ਦੇ ਚਾਲਕਾਂ ਵੱਲੋਂ ਕੰਟਰੋਲ ਖੋ ਜਾਣ ਨਾਲ ਵੱਡੀ ਦੁਰਘਟਨਾ ਹੋ ਜਾਂਦੀ ਹੈ। 

ਹਾਲਾਂਕਿ ਉੱਚ ਅਧਿਕਾਰੀਆਂ ਵੱਲੋਂ ਸਖਤ ਨਿਰਦੇਸ਼ਾਂ ਦੇ ਤਹਿਤ ਇਨ੍ਹਾਂ ਚੌਂਕਾਂ 'ਤੇ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਹੁੰਦੇ ਹਨ, ਜੋ ਕੋਈ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦੇ ਰਹਿੰਦੇ ਹਨ। ਸ਼ਹਿਰ ਜਾਂ ਕਸਬਿਆਂ ਅੰਦਰ ਓਵਰ ਸਪੀਡ ਦੇ ਚਲਾਨ ਵੀ ਕੱਟੇ ਜਾਂਦੇ ਹਨ, ਜੋ ਜ਼ਿਆਦਾਤਰ ਛੋਟੇ ਵਾਹਨ ਜਿਵੇਂ ਕਿ ਕਾਰ, ਜੀਪ ਆਦਿ ਹੀ ਕੱਟੇ ਜਾਂਦੇ ਹਨ। ਜਦੋਂਕਿ ਯਾਤਰੀ ਬੱਸਾਂ, ਟਰੱਕ-ਟਰਾਲੇ ਆਦਿ ਵੱਡੇ ਵਾਹਨ ਸਪੀਡ ਸਿਮਟ ਤੋਂ ਕਈ ਗੁਣਾਂ ਤੇਜ਼ ਨਾਕੇ ਕੋਲੋਂ ਲੰਘਦੇ ਹਨ, ਜਿਨ੍ਹਾਂ ਦਾ ਕੋਈ ਚਲਾਨ ਨਹੀਂ ਹੁੰਦਾ। ਰੋਜ਼ਾਨਾ ਚੱਲਦੇ ਹਜ਼ਾਰਾਂ ਓਵਰਲੋਡ ਵਾਹਨ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਪਾਬੰਦੀ ਸ਼ੁਦਾ ਵਾਹਨ ਵੀ ਸ਼ਹਿਰ ਦੀਆਂ ਸੜਕਾਂ ਤੇ ਆਮ ਦੌੜ ਰਹੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਟਰੈਫਿਕ ਪੁਲਿਸ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ ਚਲਾਨ ਕੱਟਣ 'ਚ ਮਸਰੂਫ ਰਹਿੰਦੀ ਹੈ।  ਲੱਖਾਂ ਹੀ ਜਾਨਾਂ ਖਾਸਕਰ ਮਾਸੂਮ ਸਕੂਲੀ ਜਾਨਾਂ ਇੰਨਾ ਦਰਦਨਾਕ ਘਟਨਾਵਾਂ ਦੀ ਭੇਟ ਚੜ• ਚੁੱਕੀਆਂ ਹਨ ਉਨ੍ਹਾਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੁੱਧੀਜੀਵੀ ਵਰਗ, ਸਮਾਜਿਕ, ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਵੱਲੋਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰ ਕੇ ਆਵਾਜਾਈ ਦੀ ਸਮੱਸਿਆ ਹੱਲ ਕਰਵਾਉਣ ਤਾਂ ਕਿ ਹੋਣ ਵਾਲੀਆਂ ਵੱਡੀਆਂ ਦੁਰਘਟਨਾਵਾਂ ਤੋਂ ਲੱਖਾਂ ਜਾਨਾਂ ਨੂੰ ਬਚਾਇਆ ਜਾ ਸਕੇ ।


ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!
ਹਰਮਿੰਦਰ ਸਿੰਘ ਭੱਟ ਬਿਸਨਗੜ (ਬਈਏਵਾਲ) ਸੰਗਰੂਰ
9914062205


Related News