ਭਾਰਤੀ ਨੌਜਵਾਨਾਂ ਦਾ ਹੁਣ ਪਸੰਦੀਦਾ ਸ਼ੌਕ ਬਣੀ ਡੇਟਿੰਗ

04/14/2022 4:45:38 PM

ਡੇਟਿੰਗ ਦਾ ਮਤਲਬ ਹੈ ਕਿਸੇ ਵਿਅਕਤੀ (ਉਲਟ ਲਿੰਗ ਦੇ) ਨਾਲ ਘੁੰਮਣਾ-ਫਿਰਨਾ ਜਾਂ ਮਿਲਣਾ-ਜੁਲਣਾ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਅਤੇ ਉਸ ਨੂੰ ਵੀ ਤੁਹਾਡੇ ’ਚ ਦਿਲਚਸਪੀ ਹੈ। ਜੇਕਰ 2 ਲੋਕ ਇਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਰੋਜ਼ ਇਕ-ਦੂਜੇ ਨਾਲ ਗੱਲ ਕਰਦੇ ਹਨ, ਫਿਰ ਭਾਵੇਂ ਫੋਨ ’ਤੇ ਜਾਂ ਆਹਮੋ-ਸਾਹਮਣੇ, ਭਾਵੇਂ ਚੋਰੀ-ਛੁਪੇ ਜਾਂ ਖੁੱਲ੍ਹਮ-ਖੁੱਲ੍ਹਾ ਤਾਂ ਇਸ ਨੂੰ ਡੇਟਿੰਗ ਕਹਿੰਦੇ ਹਨ। ਇਹ ਸ਼ੌਕ ਅੱਜ-ਕੱਲ੍ਹ ਦੇਸ਼ ਦੇ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਆਨਲਾਈਨ ਡੇਟਿੰਗ ਐਪਸ ’ਤੇ ਨੌਜਵਾਨਾਂ ਦਾ ਰੋਮਾਂਸ ਵਧਦਾ ਜਾ ਰਿਹਾ ਹੈ। ਕੋਰੋਨਾ ਕਾਲ ’ਚ ਵੀ ਕਈ ਆਨਲਾਈਨ ਡੇਟਿੰਗ ਸਾਈਟਸ ’ਤੇ ਪਿਆਰ ਦੀ ਰਫ਼ਤਾਰ ਤੇਜ਼ ਹੋਈ ਹੈ।

ਅੱਜ-ਕੱਲ੍ਹ ਕਈ ਤਰ੍ਹਾਂ ਦੀ ਡੇਟਿੰਗ ਦੇਖਣ ’ਚ ਆ ਰਹੀ ਹੈ। ਸਭ ਤੋਂ ਪਹਿਲਾਂ ਆਨਲਾਈਨ ਡੇਟਿੰਗ ਉਹ ਤਰੀਕਾ ਹੈ ਜਿੱਥੇ ਲੋਕ ਇੰਟਰਨੈੱਟ ’ਤੇ ਮਿਲਦੇ ਹਨ। ਕੁਝ ਸਮਾਂ ਇੰਟਰਨੈੱਟ ’ਤੇ ਇਕ-ਦੂਜੇ ਨੂੰ ਜਾਣਨ ਤੋਂ ਬਾਅਦ ਇਹ ਲੋਕ ਨਿੱਜੀ ਤੌਰ ’ਤੇ ਮਿਲਦੇ ਹਨ। ਅਕਸਰ ਆਨਲਾਈਨ ਚੈਟ ਜਾਂ ਈਮੇਲ ਦੌਰਾਨ ਲੋਕ ਆਪਸ ’ਚ ਫੋਟੋ ਵੀ ਐਕਸਚੇਂਜ ਕਰਦੇ ਹਨ। ਇਕ ਵਾਰ ਆਪਸੀ ਵੇਵਲੈਂਥ ਮੈਚ ਕਰਨ ਤੋਂ ਬਾਅਦ ਲੋਕ ਅਕਸਰ ਮਿਲਣ ਲੱਗਦੇ ਹਨ। ਅੱਜ ਦੇ ਸਮੇਂ ’ਚ ਆਨਲਾਈਨ ਡੇਟਿੰਗ ਬਹੁਤ ਸਾਰੇ ਲੋਕਾਂ ਲਈ ਸਹੂਲਤ ਵਾਲਾ ਅਤੇ ਸੌਖਾ ਤਰੀਕਾ ਹੈ।

ਇਸ ਤੋਂ ਬਾਅਦ ਬਲਾਈਂਡ ਡੇਟਿੰਗ ਦਾ ਨੰਬਰ ਆਉਂਦਾ ਹੈ। ਬਲਾਈਂਡ ਡੇਟਿੰਗ ਦੋ ਲੋਕਾਂ ਨੂੰ ਮਿਲਾਉਣ ਦਾ ਇਕ ਅਨੋਖਾ ਤਰੀਕਾ ਹੈ। ਡੇਟਿੰਗ ਦੇ ਇਸ ਤਰੀਕੇ ’ਚ 2 ਲੋਕ, ਜੋ ਇਕ-ਦੂਸਰੇ ਨੂੰ ਬਿਲਕੁਲ ਵੀ ਨਹੀਂ ਜਾਣਦੇ, ਨੂੰ ਆਪਣੇ ਕਿਸੇ ਦੋਸਤ ਵੱਲੋਂ ਡੇਟਿੰਗ ’ਤੇ ਜਾਣ ਲਈ ਤਿਆਰ ਕੀਤਾ ਜਾਂਦਾ। ਬਲਾਈਂਡ ਡੇਟਿੰਗ ਆਮ ਤੌਰ ’ਤੇ ਦੋਸਤਾਂ, ਪਰਿਵਾਰ ਜਾਂ ਕੁਲੀਗਸ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ। ਬਲਾਈਂਡ ਡੇਟਿੰਗ ’ਤੇ ਜਾਣ ਲਈ ਤੁਹਾਨੂੰ ਡੇਟਿੰਗ ਸਾਈਟਸ ਦੀ ਲੋੜ ਨਹੀਂ ਹੁੰਦੀ। ਬਲਾਈਂਡ ਡੇਟਿੰਗ ਲਈ ਤੁਹਾਨੂੰ ਦੋਸਤ ਅਤੇ ਰਿਸ਼ਤੇਦਾਰ ਹੀ ਤੁਹਾਡੇ ਲਈ ਡੇਟਿੰਗ ਸਾਈਟਸ ਦਾ ਕੰਮ ਕਰਦੇ ਹਨ।

ਇਸ ਤੋਂ ਬਾਅਦ ਕੈਜ਼ੁਅਲ ਜਾਂ ਫਿਰ ਚਾਲੂ ਡੇਟਿੰਗ ਦੇਖਣ ਨੂੰ ਮਿਲਦੀ ਹੈ। ਕੋਈ ਡੇਟਿੰਗ ਕੈਜ਼ੁਅਲ ਡੇਟਿੰਗ ਉਦੋਂ ਅਖਵਾਉਂਦੀ ਹੈ ਜਦੋਂ ਕੋਈ ਵਿਅਕਤੀ ਇਕ ਸਮੇਂ ’ਤੇ ਕਈ ਲੋਕਾਂ ਨੂੰ ਡੇਟਿੰਗ ਕਰਦਾ ਹੈ। ਕੈਜ਼ੁਅਲ ਡੇਟਿੰਗ ਉਨ੍ਹਾਂ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜੋ ਆਪਣੇ ਡੇਟਿੰਗ ਪਾਰਟਨਰ ਨਾਲ ਘਰ ਵਸਾਉਣ ’ਚ ਕੋਈ ਦਿਲਚਸਪੀ ਨਹੀਂ ਰੱਖਦੇ। ਕੈਜ਼ੁਅਲ ਡੇਟਿੰਗ ਉਨ੍ਹਾਂ ਲੋਕਾਂ ਲਈ ਹੈ ਜੋ ਸਿਰਫ ਜਿਣਸੀ ਸੰਬੰਧਾਂ ਦੀ ਭਾਲ ’ਚ ਹਨ। ਕੈਜ਼ੁਅਲ ਡੇਟਿੰਗ ਲਈ ਲੋਕ ਵੱਖ-ਵੱਖ ਡੇਟਿੰਗ ਸਾਈਟਸ ਦੀ ਵਰਤੋਂ ਕਰਦੇ ਹਨ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕਮਿਟਮੈਂਟ ਨਹੀਂ ਹੁੰਦੀ। ਦੋਵੇਂ ਸਾਥੀ ਇਕ ਸਮੇਂ ’ਤੇ ਕਈ ਵੱਖ-ਵੱਖ ਲੋਕਾਂ ਨੂੰ ਡੇਟ ਕਰਦੇ ਹਨ।

ਸੀਰੀਅਸ ਡੇਟਿੰਗ ਇਕ ਹੋਰ ਸੰਜੀਦਾ ਕਿਸਮ ਦੀ ਡੇਟਿੰਗ ਹੈ। ਦੋ ਲੋਕਾਂ ਦਰਮਿਆਨ ਸੀਰੀਅਸ ਡੇਟਿੰਗ ਉਦੋਂ ਹੁੰਦੀ ਹੈ, ਜਦੋਂ ਉਹ ਇਕ-ਦੂਸਰੇ ਨੂੰ ਪੂਰੀ ਤਰ੍ਹਾਂ ਸਮਾਂ ਦਿੰਦੇ ਹਨ ਅਤੇ ਖੁਦ ਨੂੰ ਇਕ ਜੋੜਾ ਮੰਨਦੇ ਹਨ। ਸੀਰੀਅਸ ਡੇਟਿੰਗ ’ਚ ਇਕ ਕਮਿਟਮੈਂਟ ਤੇ ਇਕ-ਦੂਸਰੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਸ਼ਾਮਲ ਹੈ। ਇਸ ਕਿਸਮ ਦੀ ਡੇਟਿੰਗ ਅਕਸਰ ਮੰਗਣੀ ਅਤੇ ਉਸ ਤੋਂ ਬਾਅਦ ਅਕਸਰ ਵਿਆਹ ’ਚ ਬਦਲ ਜਾਂਦੀ ਹੈ।

ਕੁਝ ਸਮਾਂ ਪਹਿਲਾਂ ਕੋਰੋਨਾ ਦੇ ਕਹਿਰ ਨੇ ਨੌਜਵਾਨਾਂ ਦੇ ਇਸ਼ਕ ਦੇ ਅਰਮਾਨਾਂ ’ਤੇ ਪਹਿਰਾ ਲਾ ਦਿੱਤਾ ਸੀ। ਇਨ੍ਹਾਂ ਸਭ ਦੇ ਬਾਵਜੂਦ ਭਾਰਤੀ ਨੌਜਵਾਨਾਂ ਦੇ ਰੋਮਾਂਟਿਕ ਜਨੂੰਨ ’ਤੇ ਉਨ੍ਹੀਂ ਦਿਨੀਂ ਪਹਿਰਾ ਲਾਉਣਾ ਸੌਖਾ ਕੰਮ ਨਹੀਂ ਸੀ। ਉਂਝ ਵੀ ਕਹਿੰਦੇ ਹਨ ਇਸ਼ਕ ਉਹ ਚੀਜ਼ ਹੈ ਜੋ ਦਰਿਆ ’ਚ ਵੀ ਆਪਣਾ ਰਸਤਾ ਕੱਢ ਲੈਂਦਾ ਹੈ। ਫਿਰ ਦੇਸ਼ ਦੀ ਡਿਜੀਟਲ ਟੈਕਨਾਲੋਜੀ ’ਚ ਤਰੱਕੀ, ਭਲਾ ਕਿਸ ਦਿਨ ਨੌਜਵਾਨ ਵਰਗ ਦੇ ਕੰਮ ਆਉਣ ਵਾਲੀ ਸੀ। ਕੋਰੋਨਾ ਦੀ ਤਾਲਾਬੰਦੀ ਕਾਰਨ ਜਿਹੜੇ ਨੌਜਵਾਨ ਦਿਲਾਂ ਦੀ ਰੋਮਾਂਸ ਦੀ ਭਾਲ ਮੁਕੰਮਲ ਨਹੀਂ ਹੋ ਸਕੀ, ਉਨ੍ਹਾਂ ਨੇ ਆਨਲਾਈਨ ਡੇਟਿੰਗ ਐਪਸ ਦਾ ਰਾਹ ਅਖਤਿਆਰ ਕਰ ਲਿਆ ਤੇ ਅੱਜ ਵੀ ਇੰਟਰਨੈੱਟ ਅਤੇ ਡਿਜੀਟਲ ਟੈਕਨਾਲੋਜੀ ਰਾਹੀਂ ਕਈ ਨੌਜਵਾਨ ਤੇ ਕੁਝ ਦਿਲਫੈਂਕ ਬਾਲਗ ਵੀ ਇਸ਼ਕ ਦੇ ਘੋੜੇ ’ਤੇ ਡੇਟਿੰਗ ਦੇ ਸਫ਼ਰ ’ਤੇ ਤੇਜ਼ੀ ਨਾਲ ਭੱਜ ਰਹੇ ਹਨ। ਅੱਜ ਘੱਟ ਤੋਂ ਘੱਟ ਦਰਜਨਾਂ ਅਜਿਹੀਆਂ ਆਨਲਾਈਨ ਡੇਟਿੰਗ ਐਪਸ ਹਨ ਜਿਨ੍ਹਾਂ ’ਤੇ ਕਈ ਲੋਕ ਦਿਲ ਖੋਲ੍ਹ ਕੇ ਆਪਣੀ ਆਸ਼ਕੀ ਦਾ ਇਜ਼ਹਾਰ ਕਰ ਰਹੇ ਹਨ।

ਭਾਰਤ ’ਚ ਆਨਲਾਈਨ ਡੇਟਿੰਗ ਐਪਸ ਦੇ ਰਿਵਾਜ਼ ਨੂੰ ਸ਼ੁਰੂ ਹੋਏ ਅਜੇ ਵੱਧ ਸਮਾਂ ਨਹੀਂ ਹੋਇਆ। ਭਾਰਤ ’ਚ ਇੰਟਰਨੈੱਟ ਦੇ ਵਿਸਤਾਰ ਨਾਲ ਇਨ੍ਹਾਂ ਦਾ ਵੀ ਕ੍ਰੇਜ਼ ਲੋਕਾਂ ’ਚ ਵਧਦਾ ਜਾ ਰਿਹਾ ਹੈ। ਇਹ ਡੇਟਿੰਗ ਐਪਸ ਕਈ ਸਿੰਗਲ ਨੌਜਵਾਨਾਂ ਲਈ ਇਕ ਆਸ ਦੀ ਕਿਰਨ ਬਣ ਕੇ ਸਾਹਮਣੇ ਆ ਰਹੀਆਂ ਹਨ। ਇਹ ਇਸ ਦਾ ਹਾਂ-ਪੱਖੀ ਪੱਖ ਹੈ। ਇਸ ਸੰਦਰਭ ’ਚ ਆਨਲਾਈਨ ਡੇਟਿੰਗ ਨਾਲ ਜੁੜੇ ਵਪਾਰਕ ਅੰਕੜੇ ਵੀ ਖੁਸ਼ਨੁਮਾ ਹਨ। ਮੌਜੂਦਾ ਸਮੇਂ ’ਚ ਭਾਰਤ ’ਚ ਆਨਲਾਈਨ ਡੇਟਿੰਗ ਸੈਗਮੈਂਟ ’ਚ 53.6 ਕਰੋੜ ਡਾਲਰ ਦਾ ਅੰਦਾਜ਼ਨ ਕਾਰੋਬਾਰ ਹੋ ਰਿਹਾ ਹੈ। ਇਹ ਕਾਰੋਬਾਰ 17.61 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਨ੍ਹਾਂ ਅੰਕੜਿਆਂ ਨਾਲ ਭਾਰਤ ’ਚ ਡੇਟਿੰਗ ਐਪਸ ਦੇ ਭਵਿੱਖ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਦੇਖਣ ਵਾਲੀ ਗੱਲ ਇਹ ਹੈ ਕਿ ਜੋ ਲੋਕ ਡੇਟਿੰਗ ਐਪਸ ਨੂੰ ਪਹਿਲਾਂ ਨਜ਼ਰਅੰਦਾਜ਼ ਕਰਦੇ ਸਨ, ਉਹ ਵੀ ਹੁਣ ਇਸ ਦੀ ਵਰਤੋਂ ਕਰਨ ਲੱਗੇ ਹਨ। ਇਕ ਤਾਜ਼ਾ ਸਰਵੇ ਕਹਿੰਦਾ ਹੈ ਕਿ ਅਜਿਹੇ 44 ਫ਼ੀਸਦੀ ਲੋਕ ਹਨ ਜੋ ਪਹਿਲਾਂ ਆਨਲਾਈਨ ਡੇਟਿੰਗ ਦੇ ਵਿਰੁੱਧ ਸਨ, ਉਹ ਹੁਣ ਇਸ ਨੂੰ ਧੜੱਲੇ ਨਾਲ ਅਜ਼ਮਾ ਕੇ ਰੋਮਾਂਸ ਦੇ ਖੁਮਾਰ ’ਚ ਗੁਆਚ ਜਾਣਾ ਚਾਹੁੰਦੇ ਹਨ। ਕਈ ਡੇਟਿੰਗ ਐਪਸ ਭਾਰਤ ’ਚ ਯੂਜ਼ਰਾਂ ਦੀ ਅਸਲੀ ਗਿਣਤੀ ਨਹੀਂ ਦੱਸਦੇ। ਚੰਗੀ ਵੱਡੀ ਗਿਣਤੀ ’ਚ ਦੇਸੀ ਨੌਜਵਾਨ ਇਨ੍ਹਾਂ ਡੇਟਿੰਗ ਐਪਸ ’ਤੇ ਪਿਆਰ ਦੀਆਂ ਪੀਂਘਾਂ ਵਧਾਉਣ ’ਚ ਮਸ਼ਰੂਫ ਹਨ ਅਤੇ ਡੇਟਿੰਗ ਉਨ੍ਹਾਂ ਦਾ ਹੁਣ ਪਸੰਦੀਦਾ ਸ਼ੌਕ ਹੈ।

-ਡਾ. ਵਰਿੰਦਰ ਭਾਟੀਆ


Harnek Seechewal

Content Editor

Related News