ਬਿੱਲੀ ਹੱਜ ਨੂੰ ਚੱਲੀ—ਬਾਲ ਕਹਾਣੀ

10/01/2019 1:49:16 PM

ਬਹੁਤ ਪੁਰਾਣੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਚੰਗਾ ਪਰਿਵਾਰ ਰਹਿੰਦਾ ਸੀ। ਉਸ ਘਰ ਵਿੱਚ ਦੋ ਛੋਟੇ ਬੱਚੇ ਵੀ ਸਨ ਜੋ ਸਕੂਲ ਵਿੱਚ ਪੜ੍ਹਦੇ ਸਨ ਅਤੇ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨ। ਉਹ ਇਕੱਠੇ ਖੇਡਦੇ, ਸਮੇਂ-ਸਮੇਂ ਪੜ੍ਹਦੇ ਅਤੇ ਇਕੱਠੇ ਹੀ ਸਕੂਲ ਜਾਂਦੇ ਸਨ। ਉਹ ਪਸ਼ੂ-ਪੰਛੀਆਂ ਅਤੇ ਦੂਜੇ ਜੀਵਾਂ ਨੂੰ ਬਹੁਤ ਪਿਆਰ ਕਰਦੇ ਸਨ। ਇਸੇ ਲਈ ਹੀ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਬਹੁਤ ਹੀ ਪਿਆਰੀ ਬਿੱਲੀ ਅਤੇ ਇੱਕ ਬੱਤਖ ਰੱਖੀ ਹੋਈ ਸੀ। ਬਿੱਲੀ ਅਤੇ ਬੱਤਖ  ਵੀ ਆਪਸ ਵਿੱਚ ਬਹੁਤ ਪਿਆਰ ਕਰਦੀਆਂ ਸਨ ਅਤੇ ਅਕਸਰ ਆਪਣੇ ਦੁੱਖ-ਸੁੱਖ ਸਾਂਝੇ ਕਰ ਲੈਂਦੀਆਂ ਸਨ।
ਇਕ ਦਿਨ ਉਸ ਬਿੱਲੀ ਨੇ ਬੱਤਖ ਨੂੰ ਕਿਹਾ, ''ਭੈਣੇ! ਮੇਰਾ ਬਹੁਤ ਮਨ ਕਰਦਾ ਹੈ ਕਿ ਮੈਂ ਹੱਜ ਤੇ ਜਾ ਕੇ ਆਵਾਂ। ਇਸ ਲਈ ਤੂੰ ਅੱਲਾ, ਵਾਹਿਗੁਰੂ ਅਤੇ ਪ੍ਰਮਾਤਮਾ ਨੂੰ ਅਰਦਾਸ ਕਰ ਕਿ ਮੇਰੀ ਮਨ ਦੀ ਇੱਛਾ ਪੂਰੀ ਹੋਵੇ ਅਤੇ ਮੇਰੀ ਯਾਤਰਾ ਸਫਲ ਹੋਵੇ।'' ਪਰ ਬੱਤਖ ਤੁਰੰਤ ਹੀ ਬੋਲ ਪਈ, ''ਹੱਜ ਲਈ ਤਾਂ ਬਹੁਤ ਦੂਰ ਜਾਣਾ ਪੈਂਦਾ ਏ, ਇਹ ਤਾਂ ਬੜੀ ਲੰਬੀ ਯਾਤਰਾ ਹੁੰਦੀ ਹੈ, ਨਾਲੇ ਕਿਸੇ ਬਿੱਲੀ ਨੂੰ ਹੱਜ ਤੇ ਜਾਣ ਤੋਂ ਪਹਿਲਾ ਨੌ ਸੌਂ ਚੂਹੇ ਖਾਣੇ ਪੈਂਦੇ ਹਨ, ਤੂੰ ਕਿਵੇਂ ਕਰੇਗੀ?'' ਬਿੱਲੀ ਵੀ ਸੋਚਾਂ ਵਿੱਚ ਪੈ ਗਈ ਅਤੇ ਸੋਚ ਕੇ ਬੋਲੀ ਤੈਨੂੰ ਕਿਥੋਂ ਪਤਾ ਲੱਗਿਆ ਕਿ ਨੌ ਸੌਂ ਚੂਹੇ ਖਾਣੇ ਪੈਣਗੇ? '' ਤਾਂ ਬੱਤਖ ਨੇ ਜਵਾਬ ਦਿੱਤਾ,
ਕੁਝ ਦਿਨ ਪਹਿਲਾ ਇਸ ਘਰ ਦੇ ਦੋਨੋ ਬੱਚੇ ਜੀਤੂ ਅਤੇ ਪ੍ਰੀਤੀ ਬੈਠੇ ਪੜ੍ਹ ਰਹੇ ਸਨ ਅਤੇ ਮੈਂ ਉਨ੍ਹਾਂ ਦੇ ਪਾਸ ਹੀ ਬੈਠੀ ਸੀ । ਜੀਤੂ ਆਪਣੀ ਪੰਜਾਬੀ ਦੀ ਕਿਤਾਬ ਉੱਚੀ-ਉੱਚੀ ਬੋਲ ਕੇ ਪੜ੍ਹ ਰਿਹਾ ਸੀ ਅਤੇ ਕਹਿ ਰਿਹਾ ਸੀ, 'ਨੌ ਸੌਂ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ', ਮੈਂ ਤਾਂ ਉਦੋ ਹੀ ਨੋਟ ਕਰ ਲਿਆ ਸੀ। '' ਹੁਣ ਬਿੱਲੀ ਨੂੰ ਕਿਤਾਬ ਵਿੱਚ ਲਿਖੇ ਤੇ ਯਕੀਨ ਹੋ ਗਿਆ ਅਤੇ ਬੱਤਖ ਨੂੰ ਕਹਿਣ ਲੱਗੀ, '' ਤੈਨੂੰ ਚੂਹੇ ਲੱਭਣ ਵਿੱਚ ਮੇਰੀ ਮਦਦ ਕਰਨੀ ਹੋਵੇਗੀ। '' ਬੱਤਖ ਨੇ ਤਸੱਲੀ ਦੇਂਦੇ ਹੋਏ ਕਿਹਾ , ''ਪਿੰਡ ਦੇ ਬਾਹਰ ਅਨਾਜ ਦੇ ਗੁਦਾਮ ਕੋਲ ਅਨੇਕਾਂ ਚੂਹੇ ਹਨ, ਤੂੰ ਹਰ ਰੋਜ਼ ਉੱਥੇ ਜਾ ਕੇ ਖਾ ਸਕਦੀ ਹੈ, ਪਰ ਗਿਣਤੀ ਆਪ ਕਰਦੀ ਰਹੀ। ਇਸ ਤਰ੍ਹਾਂ ਕਰਨ ਨਾਲ ਤੂੰ ਮਨੁੱਖਾਂ ਦੀ ਅਨਾਜ ਬਚਾ ਕੇ ਸੇਵਾ ਕਰ ਸਕੇਗੀ ਤਾਂ ਤੈਨੂੰ ਉਸ ਸੇਵਾ ਦਾ ਫਲ ਮਿਲੇਗਾ। ''
ਬਿੱਲੀ ਨੇ ਚੂਹੇ ਖਾਣ ਦਾ ਪੱਕਾ ਮਨ ਬਣਾ ਲਿਆ ਅਤੇ ਹਰ ਰੋਜ਼ ਅਨਾਜ਼ ਦੇ ਗੁਦਾਮ ਕੋਲ ਜਾ ਕੇ ਖਾਧੇ ਚੂਹਿਆਂ ਦੀ ਗਿਣਤੀ ਕਰਦੀ ਰਹਿੰਦੀ, ਇਕ ਦਿਨ ਉਸਨੇ ਬੱਤਖ ਨੂੰ ਕਿਹਾ, ''ਅੱਜ ਮੇਰੀ ਗਿਣਤੀ ਪੂਰੀ ਹੋ ਗਈ ਹੈ। ਇਸ ਲਈ ਮੈਂ ਯਾਤਰਾ ਦੀ ਤਿਆਰੀ ਕਰ ਰਹੀ ਹਾਂ। '' ਉਸ ਤੋਂ ਬਾਅਦ ਬਿੱਲੀ ਨੇ ਘਰ ਦੇ ਦੋਹਾਂ ਬੱਚਿਆਂ ਜੀਤੂ ਅਤੇ ਪ੍ਰੀਤੀ ਦਾ ਰੱਜ ਕੇ ਪਿਆਰ ਲਿਆ ਅਤੇ ਚੁਪ-ਚੁਪੀਤੇ ਘਰ ਤੋਂ ਨਿਕਲ ਨੇੜੇ ਦੇ ਸ਼ਹਿਰ ਹਵਾਈ ਅੱਡੇ ਤੇ ਪਹੁੰਚ ਗਈ।
ਉੱਥੇ ਬੈਠੇ ਇੱਕ ਹਾਜੀ ਨੇ ਬਿੱਲੀ ਨੂੰ ਦੇਖਿਆ ਅਤੇ ਉਹ ਉਸਨੂੰ ਬਹੁਤ ਪਿਆਰੀ ਲੱਗੀ ਅਤੇ ਉਸਨੇ ਬਿੱਲੀ ਨੂੰ ਬਿਸਕੁਟ ਪਾਉਣ ਦੇ ਬਹਾਨੇ ਆਪਣੇ ਪਾਸ ਬੁਲਾ ਕੇ ਫੜ੍ਹ ਲਿਆ। ਉਹ ਹਾਜੀ ਹੱਜ ਤੇ ਜਾਣ ਲਈ ਜਹਾਜ਼ ਦੀ ਉਡੀਕ ਕਰ ਰਿਹਾ ਸੀ ਅਤੇ ਖਾਨਦਾਨ ਤੋਂ ਬੜਾ ਅਮੀਰ ਵਿਅਕਤੀ ਸੀ। ਉਹ ਆਪਣੇ ਨਾਲ ਹੀ ਬਿੱਲੀ ਨੂੰ ਹੱਜ ਤੇ ਹਵਾਈ ਜਹਾਜ਼ ਵਿੱਚ ਲੈ ਗਿਆ, ਭਾਵੇਂ ਉਸਨੂੰ ਬਿੱਲੀ ਦਾ ਕਿਰਾਇਆ ਵੀ ਦੇਣਾ ਪਿਆ। ਹੱਜ ਵਾਲੇ ਸ਼ਹਿਰ ਪਹੁੰਚ ਉਸਨੇ ਬਿੱਲੀ ਨੂੰ ਆਪਣੇ ਪਾਸ ਹੀ ਰੱਖਿਆ ਅਤੇ ਆਪਣੀ ਧਾਰਮਿਕ ਪ੍ਰਕਿਰਿਆ ਬਿੱਲੀ ਦੇ ਨਾਲ ਹੀ ਪੂਰੀ ਕੀਤੀ। ਬਿੱਲੀ ਵੀ ਆਪਣੇ ਆਪ ਨੂੰ ਵਡਭਾਗੀ ਸਮਝ ਕੇ ਧੰਨ-ਧੰਨ ਹੋ ਰਹੀ ਸੀ ਅਤੇ ਉਸਨੇ ਅੱਲਾ ਦਾ ਸੌਂ ਸੌਂ ਵਾਰ ਸ਼ੁਕਰ ਕੀਤਾ।
ਹੁਣ ਆਪਣੀ ਯਾਤਰਾ ਪੂਰੀ ਕਰ ਉਹ ਅਮੀਰ ਹਾਜੀ, ਬਿੱਲੀ ਸਮੇਤ ਮੁੜ ਵਤਨਾਂ ਨੂੰ ਪਰਤ ਆਇਆ। ਇਸ ਸਮੇਂ ਦੌਰਾਨ ਉਸਨੇ ਬਿੱਲੀ ਦੀ ਹਰ ਤਰ੍ਹਾਂ ਸੇਵਾ ਕੀਤੀ, ਉਸ ਨੂੰ ਉੱਥੇ ਚੂਹਿਆਂ ਤੋਂ ਬਿਨਾਂ ਖਾਣ ਨੂੰ ਸਭ ਕੁਝ ਮਿਲ ਰਿਹਾ ਸੀ, ਉਹ ਰੱਜ ਕੇ ਦੁੱਧ ਵੀ ਪੀਂਦੀ। ਉਸ ਨੂੰ ਵਾਰ-ਵਾਰ ਬੱਤਖ ਦੀ ਕਹੀ ਗੱਲ, '' ਮਨੁੱਖਾਂ ਦੀ ਸੇਵਾ ਕਰਨ ਨਾਲ ਤੈਨੂੰ ਫਲ ਮਿਲੇਗਾ,'' ਯਾਦ ਆ ਰਹੀ ਸੀ। ਵਾਪਸੀ ਤੇ ਉਸੇ ਹਵਾਈ ਅੱਡੇ ਤੇ ਉਹ ਵਿਅਕਤੀ ਤੇ ਬਿੱਲੀ ਜਹਾਜ਼ ਚੋਂ ਹੇਠਾਂ ਆ ਕੇ ਵਿਸ਼ਰਾਮ ਕਰਨ ਲੱਗੇ।  ਜਦੋ ਕੁਝ ਸਮੇਂ ਲਈ ਉਹ ਵਿਅਕਤੀ ਉੱਥੋਂ ਦੂਰ ਗਿਆ ਤਾਂ ਬਿੱਲੀ ਮੌਕਾ ਦੇਖ ਕੇ, ਹਵਾਈ ਅੱਡੇ ਤੋਂ ਬਾਹਰ ਆਪਣੇ ਘਰ ਦੇ ਰਾਹ ਪੈ ਗਈ।
ਘਰ ਪਹੁੰਚ ਕੇ ਉਸਦੀ ਸਹੇਲੀ ਬੱਤਖ ਅਤੇ ਦੋਵੇਂ ਬੱਚੇ ਜੀਤੂ ਅਤੇ ਪ੍ਰੀਤੀ ਬਹੁਤ ਖੁਸ਼ ਹੋਏ। ਪ੍ਰੀਤੀ ਦੌੜ ਕੇ ਉਸ ਲਈ ਦੁੱਧ ਦਾ ਛੰਨਾ ਭਰ ਲਿਆਈ। ਬੱਤਖ ਉਸਦੀ ਯਾਤਰਾ ਦੀ ਪੂਰੀ ਕਹਾਣੀ ਸੁਨਣ ਲਈ, ਉਸਦੇ ਪਾਸ ਪਾਸ ਨੂੰ ਹੋ ਕੇ ਬੈਠਦੀ ਅਤੇ ਉਸ ਪਾਸੋ ਪੂਰੀ ਕਹਾਣੀ ਸੁਣ ਕੇ ਬਹੁਤ ਖੁਸ਼ ਹੋਈ ਕਿ ਪ੍ਰਮਾਤਮਾ ਨੇ ਉਸਦੀ ਇੱਛਾ ਪੂਰੀ ਕਰਨ ਲਈ ਕਿਸ ਤਰ੍ਹਾਂ ਦਾ ਸਵੱਬ ਬਣਾਇਆ ਹੈ। ਉਹ ਬਿੱਲੀ ਨੂੰ ਕਹਿ ਰਹੀ ਸੀ, ''ਜਿੱਥੇ ਚਾਅ-ਉੱਥੇ ਰਾਹ, '' ਉਧਰ ਜੀਤੂ ਅੱਜ ਫਿਰ ਉਹੀ ਪੰਜਾਬੀ ਦੀ ਕਿਤਾਬ ਦੇ ਉਹ ਸ਼ਬਦ ਪੜ੍ਹ ਉੱਚੀ-ਉੱਚੀ ਬੋਲ ਰਿਹਾ ਸੀ, '' ਨੌ ਸੌਂ ਚੂਹੇ ਖਾਹ ਕੇ ਬਿੱਲੀ ਹੱਜ ਨੂੰ ਚੱਲੀ।'' ਤਾਂ ਬੱਤਖ ਵੀ ਉਸ ਸਮੇਂ ਆਪਣੀ ਬੋਲੀ ਵਿੱਚ ਬੋਲ ਰਹੀ ਸੀ, '' ਨਹੀਂ! ਨਹੀਂ! ਬਿੱਲੀ ਅੱਜ ਹੱਜ ਤੋਂ ਆਈ।''

ਬਹਾਦਰ ਸਿੰਘ ਗੋਸਲ,
ਮਕਾਨ ਨੰਬਰ 3098, ਸੈਕਟਰ-37ਡੀ,
ਚੰਡੀਗੜ੍ਹ। ਮੋ. ਨੰ: 98764-52223


Related News