ਮਾਂ ਦਾ ਦੁੱਧ : ਬੱਚੇ ਲਈ ਸੰਪੂਰਨ ਖੁਰਾਕ ਬ੍ਰੈਸਟ ਫੀਡਿੰਗ ਹਫਤੇ 'ਤੇ ਵਿਸ਼ੇਸ਼

08/18/2018 6:18:21 PM

ਪੁਰਾਣੇ ਸਮੇਂ ਤੋਂ ਹੀ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਆ ਰਹੀਆਂ ਹਨ, ਜੋ ਕਿ ਬੱਚੇ ਨੂੰ ਭਰਪੂਰ ਪੋਸ਼ਣ ਦਿੰਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਸਿਹਤਮੰਦ ਬਣਾਉਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਵੀ ਸਹਾਈ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲੇ ਛੇ ਮਹੀਨੇ ਤਾਂ ਲਾਜ਼ਮੀ ਬੱਚੇ ਨੂੰ ਮਾਂ ਦਾ ਦੁੱਧ ਪਿਲਾਣਾ ਚਾਹੀਦਾ ਹੈ ।ਇਹ ਬੱਚੇ ਲਈ ਇਕ ਪੂਰਕ ਭੋਜਨ ਹੈ ਅਤੇ ਇਸ ਵਿਚ ਬੱਚੇ ਦੇ ਮੁੱਢਲੇ ਵਿਕਾਸ ਲਈ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ।ਇਸ ਵਿਚ ਐਂਟੀ-ਬਾਡੀਜ ਹੁੰਦੇ ਹਨ, ਜੋ ਕਿ ਬੱਚੇ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਖਾਸ ਤੌਰ ਤੇ ਕੁਪੋਸ਼ਣ, ਦਸਤ, ਛਾਤੀ ਦੀ ਇੰਨਫੈਕਸ਼ਨ, ਦਮਾ ਅਤੇ ਕੰਨ ਜਾਂ ਯੁਰਿਨ ਦੀ ਇੰਨਫੈਕਸ਼ਨ ਤੋਂ ਬਚਾਉਂਦੇ ਹਨ।ਮਾਂ ਦਾ ਦੁੱਧ ਬੱਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕ ਕੁਦਰਤੀ ਅਤੇ ਪੌਸ਼ਟਿਕ ਢੰਗ ਹੈ।ਇਸ ਤੋਂ ਬਿਨਾ ਮਾਂ ਦਾ ਦੁੱਧ: 
 

1.ਬੱਚੇ ਲਈ ਕੁਦਰਤੀ ਭੋਜਨ ਹੈ।
 

2.ਹਮੇਸ਼ਾ ਸਾਫ ਹੁੰਦਾ ਹੈ।
 

3.ਬੱਚੇ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
 

4.ਬੱਚੇ ਨੂੰ ਤਾਕਤਵਰ ਅਤੇ ਸਮਝਦਾਰ ਬਣਾਉਦਾ ਹੈ।
 

5.ਬੱਚੇ ਨੂੰ 24 ਘੰਟੇ ਮਿਲ ਸਕਦਾ ਹੈ ਅਤੇ ਇਸ ਲਈ ਕੋਈ ਤਿਆਰੀ ਵੀ ਨਹੀਂ ਕਰਨੀ ਪੈਂਦੀ।
 

6.ਬੱਚੇ ਅਤੇ ਮਾਂ ਵਿਚ ਖਾਸ ਬੰਧਨ ਬਣਾਉਂਦਾ ਹੈ।
 

7.ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ ਗਰਭ ਦੌਰਾਨ ਵਧੇ ਹੋਏ ਭਾਰ ਨੂੰ ਘਟਾ ਸਕਦੀ ਹੈ।
 

8.ਇਹ ਆਸਾਨੀ ਨਾਲ ਪਚਨ ਯੋਗ ਹੋਣ ਦੇ ਨਾਲ-ਨਾਲ ਬੱਚੇ ਦਾ ਇਮਿਊਨ ਸਿਸਟਮ ਵੀ ਵਧਾਉਦਾ ਹੈ।
 

9.ਮਾਂ ਦੇ ਦੁੱਧ ਵਿਚ ਸਾਰੇ ਖੁਰਾਕੀ ਤੱਤ ਜਿਵੇਂ ਕਿ ਕਾਰਬੋਜ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਪਦਾਰਥ ਅਤੇ ਪਾਣੀ ਮੌਜੂਦ ਹੁੰਦੇ ਹਨ। 
 

10.ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿਚ ਅਲਰਜੀ ਤੋਂ ਹੋਣ ਵਾਲੀਆਂ ਤਕਲੀਫਾਂ ਜਿਵੇਂ ਕਿ ਖਾਂਸੀ ਅਤੇ ਚਮੜੀ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
 

11.ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦੇ ਸਰੀਰ ਵਿਚੋਂ ਵਾਧੂ ਕੈਲੋਰੀਆਂ ਦੀ ਖਪਤ ਹੁੰਦੀ ਹੈ, ਜਿਸ ਨਾਲ ਗਰਭ ਦੌਰਾਨ ਮਾਂ ਦਾ ਵਧਿਆ ਹੋਇਆ ਭਾਰ ਘੱਟ ਜਾਂਦਾ ਹੈ।

ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਦੁੱਧ ਵਿਚ ਕੋਲੋਸਟ੍ਰਮ ਬਣਨ ਲੱਗ ਜਾਂਦਾ ਹੈ।ਕੋਲੋਸਟ੍ਰਮ ਮਾਂ ਦਾ ਗਾੜ੍ਹਾ ਦੁੱਧ ਹੁੰਦਾ ਹੈ, ਜੋ ਕਿ ਹਲਕੇ ਪੀਲੇ ਰੰਗ ਦਾ ਹੁੰਦਾ ਹੈ।ਇਹ ਪ੍ਰੋਟੀਨ ਭਰਪੂਰ ਹੁੰਦਾ ਹੈ, ਜੋ ਕਿ ਪਹਿਲੇ ਕੁੱਝ ਦਿਨਾਂ ਵਿਚ ਬੱਚੇ ਲਈ ਲੋੜੀਂਦਾ ਹੈ। ਜਦੋਂ ਬੱਚਾ 2 ਤੋਂ 4 ਦਿਨ ਦਾ ਹੋ ਜਾਂਦਾ ਹੈ ਤਾਂ, ਮਾਂ ਦਾ ਦੁੱਧ ਪਤਲਾ ਅਤੇ ਚਿੱਟੇ ਰੰਗ ਦਾ ਹੋ ਜਾਂਦਾ ਹੈ।ਇਸ ਦੁੱਧ ਨੂੰ ਮੈਚਿਉਰ ਜਾਂ ਪਰਿਪੱਕ ਦੁੱਧ ਕਿਹਾ ਜਾਂਦਾ ਹੈ। 

ਕਈ ਤਰ੍ਹਾਂ ਦੀਆਂ ਰੁਕਾਵਟਾਂ ਕਰਕੇ ਬੱਚੇ ਮਾਂ ਦੇ ਦੁੱਧ ਤੋਂ ਵਾਂਝੇ ਰਹਿ ਜਾਂਦੇ ਹਨ, ਜਿਵੇਂ ਕਿ ਔਰਤਾਂ ਅਤੇ ਬੱਚਿਆਂ ਦੀਆਂ ਸਹਿਤ ਸੇਵਾਵਾਂ ਵਿਚ ਕਮੀ, ਸਮਾਜਿਕ ਅਤੇ ਪਰਿਵਾਰਕ ਕਾਰਨ, ਕੰਮ ਦਾ ਸਥਾਨ ਅਤੇ ਰੁਜ਼ਗਾਰ ਦੀਆਂ ਨੀਤੀਆਂ ਅਤੇ ਬਜਾਰ ਵਿਚ ਕਈ ਤਰ੍ਹਾਂ ਦੇ ਪਾਊਡਰ ਦੁੱਧ ਅਤੇ ਨਕਲੀ ਭੋਜਨਾਂ ਦਾ ਮੌਜੂਦ ਹੋਣਾ। ਮਾਂ ਦਾ ਦੁੱਧ ਪ੍ਰਾਪਤ ਨਾ ਹੋਣ ਕਾਰਨ, ਬੱਚਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਜਿਵੇਂ ਕਿ ਦਸਤ, ਸਾਹ ਦੀ ਬੀਮਾਰੀ ਅਤੇ ਕੁਪੋਸ਼ਣ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਤਾਂ ਬੱਚਾ ਇਨ੍ਹਾਂ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ।
ਸਮਾਜ, ਖਾਸ ਤੌਰ ਤੇ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਵਾਉਣ ਲਈ ਅਤੇ ਬੱਚੇ ਦੀ ਸਿਹਤ ਸੁਧਾਰਨ ਲਈ ਹਰੇਕ ਸਾਲ 1 ਤੋਂ 7 ਅਗਸਤ ਵਿਸ਼ਵ ਬਰੈਸਟ ਫੀਡਿੰਗ ਹਫਤੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਹਫਤੇ ਦਾ ਮੁੱਖ ਉਦੇਸ਼ ਹਰ ਵਰਗ ਦੇ ਮਾਂ ਅਤੇ ਬੱਚੇ ਵਿਚ ਕੁਪੋਸ਼ਣ ਨੂੰ ਰੋਕਣਾ, ਸੰਕਟ ਦੇ ਸਮ੍ਹੇਂ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰੀਬੀ ਦੇ ਚੱਕਰ ਨੂੰ ਤੋੜਨਾ ਹੈ। ਇਸ ਸਾਲ ਬ੍ਰੈਸਟ ਫੀਡਿੰਗ ਹਫਤੇ 2018 ਦਾ ਨਾਅਰਾ ਹੈ “ਇਕੱਠੇ ਮਿਲ ਕੇ ਅਸੀਂ ਇਕ ਖੁਸ਼ਹਾਲ, ਸਿਹਤਮੰਦ ਅਤੇ ਟਿਕਾਉ ਭਵਿੱਖ ਬਣਾ ਸਕਦੇ ਹਾਂ''।  

ਜੇਕਰ ਮਾਂ ਪੌਸ਼ਟਿਕ ਖੁਰਾਕ ਦੀ ਸੇਵਨ ਨਹੀਂ ਕਰਦੀ, ਤਾਂ ਬੱਚੇ ਨੂੰ ਦੁੱਧ ਚੁੰਘਾਉਣ ਕਰਕੇ, ਉਹ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੀ ਹੈ। ਦੂਜੇ ਪਾਸੇ ਜੇ ਮਾਂ ਆਪਣਾ ਦੁੱਧ ਚੁੰਘਾਉਣਾ ਘੱਟ ਕਰਕੇ ਬੱਚੇ ਨੂੰ ਬਾਜਾਰ ਵਿਚ ਮੌਜੂਦ ਨਕਲੀ ਭੋਜਨ ਖਵਾਉਂਦੀ ਹੈ, ਤਾਂ ਵੀ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ। ਕਿਉਂਕਿ ਬਾਹਰੀ ਭੋਜਨਾ ਵਿਚ ਐਂਟੀ-ਆਕਸੀਡੈਂਟ ਨਹੀਂ ਹੁੰਦੇ, ਜਿਸ ਨਾਲ ਬੱਚਾ ਬਹੁਤ ਜਲਦੀ ਬੀਮਾਰ ਹੋ ਜਾਂਦਾ ਹੈ, ਉਸ ਵਿਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਤੋਂ ਬਿਨ੍ਹਾਂ ਬਾਹਰੀ ਭੋਜਨ ਛੇਤੀ ਪਚਦਾ ਵੀ ਨਹੀਂ। ਇਸ ਲਈ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੰਤੁਲਿਤ ਭੋਜਨ ਉਪਲੱਬਧ ਕਰਵਾਉਣਾ ਅਤਿ ਜ਼ਰੂਰੀ ਹੈ, ਤਾਂ ਜੋ ਉਹ ਬੱਚੇ ਨੂੰ ਉਸ ਦੀ ਲੋੜ ਮੁਤਾਬਿਕ ਦੁੱਧ ਦੇ ਸਕਣ। ਇਸ ਨਾਲ ਬੱਚੇ ਅਤੇ ਮਾਂ ਦੋਹਾਂ ਨੂੰ ਕੁਪੋਸ਼ਣ ਤੋਂ ਬਚਾ ਕੇ ਉਹਨਾਂ ਦਾ ਜੀਵਨ ਸਕਾਰਾਤਮਕ ਬਣਾਇਆ ਜਾ ਸਕਦਾ ਹੈ।

ਮਾਂ ਦਾ ਦੁੱਧ ਬੱਚੇ ਨੂੰ ਜੀਵਨ ਦੇ ਸ਼ੁਰੂਆਤੀ ਦਿਨਾਂ ਵਿਚ ਖੁਰਾਕੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਪੂਰੇ ਪਰਿਵਾਰ ਦੀ ਖੁਰਾਕੀ ਸੁਰੱਖਿਅਤਾ ਵਿਚ ਯੋਗਦਾਨ ਪਾਉਂਦਾ ਹੈ ।ਬਰੈਸਟ ਫੀਡਿੰਗ ਮਨੁੱਖੀ ਸਿਹਤ ਅਤੇ ਵਾਤਾਵਰਨ ਵਿਚਕਾਰ ਸੰਬੰਧ ਦਾ ਇਕ ਪ੍ਰਮੁੱਖ ਉਦਾਹਰਣ ਹੈ। ਇਹ ਕੁਦਰਤੀ ਭੋਜਨ ਹੈ, ਇਸ ਨੂੰ ਬਣਾਉਣ ਲਈ ਕਿਸੀ ਫੈਕਟਰੀ, ਪੈਕਿੰਗ, ਬਾਲਣ ਜਾਂ ਪ੍ਰਦੂਸ਼ਣ ਦੀ ਲੋੜ ਨਹੀਂ ਹੁੰਦੀ, ਇਸ ਲਈ ਇਹ ਵਾਤਾਵਰਨ ਪੱਖੀ ਵੀ ਹੈ।ਬਹੁਤ ਸਾਰੇ ਲੋਕ ਭੁੱਖ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪੌਸ਼ਟਿਕ ਭੋਜਨ ਨਹੀਂ ਮਿਲਦਾ। ਮਾਂ ਦਾ ਦੁੱਧ ਇਕ ਵਿਆਪਕ ਹੱਲ ਹੈ, ਜਿਸ ਨਾਲ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਸਮਰੱਥ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ, ਪਰ ਇਸ ਲਈ ਮਾਂ ਨੂੰ ਪੌਸ਼ਟਿਕ ਖੁਰਾਕ ਮਿਲਣੀ ਵੀ ਬਹੁਤ ਜ਼ਰੂਰੀ ਹੈ।
ਮਾਂ ਦਾ ਦੁੱਧ, ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਅਤੇ ਤੰਦਰੁਸਤੀ ਵਿਚ ਸੁਧਾਰ ਕਰਦਾ ਹੈ, ਜਿਹੜੇ ਕਿ ਕਿਸੇ ਵੀ ਦੇਸ਼ ਦੇ ਵਿਕਾਸ ਅਤੇ ਭਵਿੱਖ ਦੀ ਬੁਨਿਆਦ ਹਨ। 

ਦੁੱਧ ਪਿਲਾਉਣ ਸਮ੍ਹੇਂ ਧਿਆਨ ਰੱਖਣ ਯੋਗ ਗੱਲਾਂ:-
 

- ਪੌਸ਼ਟਿਕ ਦੁੱਧ ਲਈ ਜ਼ਰੂਰੀ ਹੈ ਕਿ ਮਾਂ ਆਪ ਪੌਸ਼ਟਿਕ ਖੁਰਾਕ ਖਾਵੇ ਅਤੇ ਚੰਗੀ ਨੀਂਦ ਲਵੇ।

- ਦੁੱਧ ਪਿਲਾਉਣ ਤੋਂ ਪਹਿਲਾਂ ਮਾਂ ਆਪਣੇ ਹੱਥ ਅਤੇ ਛਾਤੀ ਨੂੰ ਚੰਗੀ ਤਰ੍ਹਾਂ ਧੋ ਲਵੇ।ਦੁੱਧ ਪਿਲਾਉਣ ਤੋਂ ਬਾਅਦ ਮਾਂ ਆਪਣੀ ਛਾਤੀ ਅਤੇ ਬੱਚੇ ਦੇ ਮੁੰਹ ਨੂੰ ਪਾਣੀ ਨਾਲ ਧੋ ਕੇ ਸੁੱਕੇ ਕੱਪੜੇ ਨਾਲ ਸਾਫ ਕਰੇ।

- ਬੱਚੇ ਨੂੰ ਵਤਰ-ਵਤਰ ਦੁੱਧ ਪਿਲਉਣ ਨਾਲ ਮਾਂ ਨੂੰ ਸਹੀ ਮਾਤਰਾ ਵਿਚ ਦੁੱਧ ਉਤਰਦਾ ਹੈ, ਇਸ ਲਈ ਜਦੋਂ ਬੱਚਾ ਚਾਹੇ ਉਸ ਨੂੰ ਦੁੱਧ ਪਿਲਾਵੇ।

- ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਮਾਂ ਉਸ ਨੂੰ ਮੋਢੇ ਨਾਲ ਥੱਪਥਪਾ ਕੇ ਡਕਾਰ ਦਵਾਵੇ।ਇਸ ਤਰ੍ਹਾਂ ਕਰਨ ਨਾਲ ਵਾਧੂ ਗੈਸ ਬਾਹਰ ਨਿਕਲ ਜਾਂਦੀ ਹੈ। 
ਡਾ. ਮਨਦੀਪ ਸ਼ਰਮਾ
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ


Related News