ਕਿਤਾਬ ਘਰ- ਸੁਰਤਾਲ: ਗ਼ਜ਼ਲਾਂ ਦੀ ਜ਼ਰਖ਼ੇਜ਼ ਜ਼ਮੀਨ

Wednesday, May 12, 2021 - 04:58 PM (IST)

ਗੁਰਭਜਨ ਗਿੱਲ ਕੋਲ ਗ਼ਜ਼ਲਾਂ ਦੀ ਬਹੁਤ ਜ਼ਰਖ਼ੇਜ਼ ਜ਼ਮੀਨ ਹੈ ।ਜ਼ਰਖ਼ੇਜ਼ ਜ਼ਮੀਨ ਦੋਹਾਂ ਸ਼ਬਦਾਂ ਦੇ ਜੋੜ ਵਿਚ ਐਬ ਏ ਤਨਾਫ਼ੁਰ ਹੈ ਪਰ ਗ਼ਜ਼ਲ ਦੇ ਪ੍ਰਸੰਗ ਵਿਚ ਸ਼ਬਦ ਜ਼ਮੀਨ ਹੀ ਸਜਦਾ ਹੈ ਪਰ ਜੇ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਇਹਤਿਹਾਤ ਤੇ ਠਰੰਮੇ ਨਾਲ ਪੜ੍ਹਿਆ ਜਾਵੇ ਤਾਂ ਇਨ੍ਹਾਂ ਦੀ ਸਾਂਝੀ ਧੁਨ ਵਿਚੋਂ ਇਕ ਮਿਠਾਸ ਵੀ ਮਿਲਦੀ ਹੈ।ਗੁਰਭਜਨ ਗਿੱਲ ਨਿਰੰਤਰ ਕਵੀ ਹੈ,ਕਦੀ ਕਦਾਈਂ, ਵਰ੍ਹੇ ਛਿਮਾਹੀਂ ਲਿਖਣ ਵਾਲ਼ਾ ਕਵੀ ਨਹੀਂ । 
ਉਹ ਲਿਖਦਾ ਹੈ :

ਗੀਤ, ਗ਼ਜ਼ਲ , ਕਵਿਤਾਵਾਂ ਮੈਨੂੰ ਰਾਤ ਦਿਨੇ ਅਨੁਵਾਦ ਕਰਦੀਆਂ
ਖ਼ਵਰੇ ਕਿਹੜਾ ਸ਼ਬਦ ਕਿਸੇ ਨੂੰ ਕਿਹੜੇ ਵੇਲੇ ਭਾ ਜਾਂਦਾ ਹੈ। 

ਗ਼ਜ਼ਲ ਨੂੰ ਪਰਦੇਸੀ ਤੇ ਜਾਗੀਰੂ ਸਿਨਫ਼ ਕਹਿ ਕੇ ਬਹੁਤ ਦੇਰ ਅਪ੍ਰਵਾਨ ਕੀਤਾ ਜਾਂਦਾ ਰਿਹਾ ਪਰ ਸ਼ੁਕਰ ਹੈ ਇਸ ਨੂੰ ਸਿੱਧਾ ਜਵਾਬ ਦੇਣ ਦੀ ਵੀ ਲੋੜ ਨਹੀਂ ਪਈ।ਆਧੁਨਿਕ ਸਮਿਆਂ ਵਿਚ ਤੇ ਬਹੁਤ ਸਾਰੀਆਂ ਧਰਤੀਆਂ ਤੇ ਬੇਹੱਦ ਮਕਬੂਲ ਹੋ ਕੇ ਇਸ ਨੇ ਬਿਨਾ ਕਿਹਾਂ ਹੀ ਸਾਬਤ ਕਰ ਦਿੱਤਾ ਕਿ ਸੁਹਣੀਆਂ ਸਿਨਫ਼ਾਂ ਕਦੇ ਨਹੀਂ ਮਰਦੀਆਂ ।ਹਰ ਯੁਗ ਵਿਚ ਤੇ ਹਰ ਧਰਤੀ ਤੇ ਉਹ ਉਸਦੀਆਂ ਹੋ ਜਾਂਦੀਆਂ ਹਨ ।ਉਨ੍ਹਾਂ ਵਿਚ ਬਹੁਤ ਕੁਝ ਸਮੋਣ ਦੀ ਸਮਰੱਥਾ ਹੁੰਦੀ ਹੈ ।ਗੁਰਭਜਨ ਦੀਆਂ ਗ਼ਜ਼ਲਾਂ ਵੀ ਇਸ ਸੱਚ ਦਾ ਪ੍ਰਮਾਣ ਹਨ ।ਉਸਦੀਆਂ ਗ਼ਜ਼ਲਾਂ ਹਰ ਪੱਖੋਂ ਪੰਜਾਬ ਦੀ ਧਰਤੀ ਦੀਆਂ ਜਾਈਆਂ ਲਗਦੀਆਂ ਹਨ ।ਉਨ੍ਹਾਂ ਵਿਚ ਪਿੰਡ, ਖੇਤ, ਕਿਰਤ ਸਭ ਸਮੋਏ ਹੋਏ ਹਨ ।ਇਸ ਸੰਗ੍ਰਹਿ ਵਿਚ ਸ਼ਰੀਂਹ,ਟਾਹਲੀਆਂ ਤੂਤ ਵੀ ਹਾਜ਼ਰ ਹਨ, ਖੂਹ ਵੀ ਤੇ ਤੂੜੀ ਦੀ ਪੰਡ ਵੀ ਤੇ ਜੂਹ ਵਿਚ ਚਰਦੇ ਪਸ਼ੂ ਵੀ, ਰੰਬੀ ਪੱਲੀ ਵੀ :

ਸਿਰ ਸੀ ਭਾਰੀ ਜ਼ਿੰਮੇਵਾਰੀ, ਖਿਸਕਦਿਆਂ ਗੰਢ ਖਿਸਕੀ ਐਸੀ,
ਵਿੱਚ ਦਰਿਆ ਦੇ ਤੂੜੀ ਦੀ ਪੰਡ ਵਾਂਗ ਭਰਾਓ ਖੁੱਲ੍ਹ ਚੱਲੇ ਹਾਂ। 

ਭਰ ਭਰ ਟਿੰਡਾਂ ਜਿੱਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ’
ਵੇਖੋ ਸਾਡੇ ਵੇਖਦਿਆਂ ਹੁਣ ਖ਼ਾਲੀ ਹੋ ਗਏ ਖੂਹੇ। 

ਨਿਖਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗ਼ਾਮੇ ਜੋ,
ਤੂੰ ਅਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ। 

ਘੋੜ-ਸਵਾਰ ਹਕੂਮਤ ਕਰਦੇ, ਵਾਰੋ ਵਾਰੀ ਵਕਤ ਸਵਾਰੀ,
ਓਹੀ ਰੰਬੀ, ਓਹੀ ਪੱਲੀ, ਘਾਹੀਆਂ ਦੇ ਪੁੱਤ ਅੱਜ ਵੀ ਘਾਹੀ। 

ਉਸ ਦੀ ਬੋਲੀ, ਲਹਿਜਾ ਤੇ ਮਿਸਾਲਾਂ ਵੀ ਪਿੰਡ ਦੇ ਸਿਆਣੇ ਜਿਹੀਆਂ ਹਨ :

ਬਚ ਜਾਹ ਪੰਜਾਬ ਸਿੰਹਾਂ ਚੌਕੀਦਾਰ ਕਹਿ ਗਿਆ। 
ਓਨਾ ਤਾਂ ਬਚਾ ਲੈ , ਜਿੰਨਾ ਪੱਲੇ ਤੇਰੇ ਰਹਿ ਗਿਆ। 

ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ ਰੁਕੀਂ ਨਾ,
ਉੱਠਿਆ ਨਹੀਂ ਜਾਣਾ ਜੇ ਤੂੰ ਪਾਣੀ ਵਿਚ ਬਹਿ ਗਿਆ। 

ਚੀਨ ਵੀ ਤਾਂ ਉੱਠਿਆ ਸੀ ‘ਫ਼ੀਮ  ਦੇ ਪਹਾੜ ਚੋਂ,
ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ। 

ਕਈ ਦੇਸੀ ਲਫ਼ਜ਼ਾਂ ਦਾ ਦੇਸੀਪਨ ਤਾਂ ਏਨਾ ਗੂੜ੍ਹਾ ਹੈ ਕਿ ਉਸ ਨੂੰ ਗ਼ਜ਼ਲ ਦੇ ਹੇਠ ਸ਼ਬਦਾਰਥ ਵੀ ਦੇਣਾ ਪਿਆ ਹੈ :
ਧੇਤੇ, ਪੁਤੇਤੇ, ਦਵਾਖੜੀ, ਘਰਕੀਣਾਂ, ਬੋਹੀਆ, ਪੜਾਵੇ, ਟਾਂਡ, ਘੜਵੰਜੀ, ਸੱਬਰਕੱਤਾ, ਚੋਪ, ਤਰੰਗੜ, ਝੁੰਬ, ਦੁੱਪੜ,ਊਰੀ, ਮੂਰਾ, ਦਮਕੜੇ ।
ਸ਼ਬਦਾਂ ਤੋਂ ਇਲਾਵਾ ਉਸ ਦੀਆਂ ਗ਼ਜ਼ਲਾਂ ਦੀਆਂ ਬਹਿਰਾਂ ਵੀ ਪੰਜਾਬੀ ਦੇਸੀ ਛੰਦਾਂ ਦੀਆਂ ਹਨ :

ਸੱਜਣਾਂ ਬਗੀਚਿਓਂ ਗੁਲਾਬ ਭੇਜਿਆ। 
ਬਿਨਾ ਲਿਖੇ ਖ਼ਤ ਦਾ ਜਵਾਬ ਭੇਜਿਆ। 

ਸਾਡੇ ਵੱਲ ਭੇਜ ਹੋਰ ਸੰਦਲੀ ਸਵੇਰ
ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ। 

ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ 
ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ। 

ਵੇਖ ਲਓ ਘੁਮਾਈ ਜਾਵੇ ਅਕਲਾਂ ਦੇ ਗੇੜ ਨੂੰ,
ਕਈ ਵਾਰੀ ਜਾਪਦਾ ਏ ਬਣ ਗਏ ਭੰਬੀਰੀਆਂ। 

ਪੁੱਛਦੇ ਨੇ ਲੋਕ ਜੀ ਹਨ੍ਹੇਰਾ ਕਦੋਂ ਮੁੱਕਣਾ। 
ਪਾਪ ਵਾਲੀ ਜੰਝ ਏਥੋਂ ਡੇਰਾ ਕਦੋਂ ਚੁੱਕਣਾ। 

ਕਦੋਂ ਤੀਕ ਰਹਿਣਾ ਜੀ ਹਨ੍ਹੇਰ ਘੁੱਪ ਘੇਰ ਹੈ,
ਕਦੋਂ ਤੀਕ ਰਹਿਣਾ ਹੈ ਨਿਸ਼ਾਨਿਆਂ ਤੋਂ ਉੱਕਣਾ। 

ਸਿਰਫ਼ ਵਿਰਾਸਤੀ ਸ਼ਬਦਾਵਲੀ ਨੂੰ ਹੀ ਨਹੀਂ ਗੁਰਭਜਨ ਨੇ ਆਪਣੇ ਅਜੋਕੇ ਪੰਜਾਬ ਨੂੰ ਵੀ ਸਮੁੱਚੇ ਸਮਾਜਕ,ਸਭਿਆਚਾਰਕ ਤੇ ਰਾਜਨੀਤਕ ਵਰਤਾਰਿਆਂ ਸਮੇਤ ਆਪਣੀਆਂ ਗ਼ਜ਼ਲਾਂ ਵਿਚ ਸਮੋਇਆ ਹੈ :

ਚੀਨ ਦੀਆਂ ਲੜੀਆਂ ਦਾ ਭਾਵੇਂ, ਚਾਨਣ ਮਿਲਦਾ ਸਸਤੇ ਭਾਅ
ਮੈਂ ਤਾਂ ਦੀਵੇ ਬਾਲ ਹਨ੍ਹੇਰਾ ਮੇਟੂੰ ਫ਼ਰਜ਼ ਪਛਾਨਣ ਲਈ। 

ਪਵਨ ਗੁਰੂ ਨੂੰ ਗੰਧਲਾ ਨਾ ਕਰ, ਸ਼ਾਮ ਪਈ ਤੂੰ ਦਿਨ ਢਲਿਆਂ,
ਕੁੱਲ ਆਲਮ ਵਿਚ ਖੁਸ਼ੀਆਂ ਵੰਡ ਤੂੰ , ਮਿਲੀਆਂ ਨੇ ਜੋ ਮਾਨਣ ਲਈ। 

ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ,
ਐਵੇਂ ਤਾਂ ਨਹੀਂ ਪਹੀਆ ਤੇਰਾ ਪਟੜੀ ਤੋਂ ਲਹਿ ਗਿਆ। 

ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ ਰੁਕੀਂ ਨਾ,
ਉੱਠਿਆ ਨਹੀਂ ਜਾਣਾ ਜੇ ਤੂੰ ਪਾਣੀ ਵਿਚ ਬਹਿ ਗਿਆ। 
ਚੀਨ ਵੀ ਤਾਂ ਉੱਠਿਆ ਸੀ ਫੀਮ ਦੇ ਪਹਾੜ ‘ਚੋਂ,
ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ। 

ਦਿੱਲੀ ਵਿਚ ਦਰਬਾਰੀ ਦੇਖੋ ਦੁੱਧ ਵਿਚ ਕਾਂਜੀ ਘੋਲ ਰਹੇ ਨੇ। 
ਹੋਸ਼ ਹਵਾਸ ਗਵਾ ਬੈਠੇ ਨੇ ਜੋ ਜੀ ਆਇਆ ਬੋਲ ਰਹੇ ਨੇ। 

ਕੁਰਸੀ ਅਜਬ ਖ਼ੁਮਾਰੀ ਦੇ ਵਿਚ,ਨਾਲ ਹਕੀਕਤ ਪਾਏ ਵਿਛੋੜਾ
ਧਰਮ ਧਰਾਤਲ ਵਾਲੇ ਪਾਵੇ, ਤਾਂਹੀਓਂ ਪੈਰੋਂ ਡੋਲ ਰਹੇ ਨੇ 

ਉਸ ਦੀਆਂ ਪਿਆਰ-ਗ਼ਜ਼ਲਾਂ ਦਾ ਰੰਗ ਵੀ ਗੂੜ੍ਹਾ ਪੰਜਾਬੀ ਹੈ :

ਸਾਡੇ ਮਨ ਦੀ ਗਲੀ ਚੋਂ ਅੱਜ ਕੌਣ ਲੰਘਿਆ। 
ਵੇ ਮੈਂ ਜੀਹਦੇ ਕੋਲੋਂ ਬਿਨ ਬੋਲੇ ਦਿਲ ਮੰਗਿਆ। 
ਮੈਨੂੰ ਸੁੱਧ ਬੁੱਧ ਭੁੱਲੀ, ਹੋਈ ਜਿੰਦ ਅਧਮੋਈ,
ਜਦੋਂ ਵਾਲਾਂ ਵਿਚ ਓਸ ਨੇ ਗੁਲਾਬ ਟੰਗਿਆ। 
ਲਾਜਵੰਤੀ ਦੇ ਵਾਂਗ ਮੈਂ ਵੀ ਖੋਲ੍ਹੀ ਨਾ ਜ਼ੁਬਾਨ,
ਉਹ ਵੀ ਛੂਈ ਮੂਈ ਛੂਈ ਮੂਈ ਬੜਾ ਸੰਗਿਆ। 

ਵੇਖੋ ਪਿਆਰ ਨਾਲ ਜੇ ਐਨਕ ਉਤਾਰ ਕੇ। 
ਮਿਟਦੀ ਪਿਆਸ ਇਸਤਰਾਂ ਅੱਖਾਂ ਨੂੰ ਠਾਰ ਕੇ। 

ਚੰਗਾ ਨਹੀਂ ਜੀ ਇਸਤਰਾਂ ਕੰਡ ਕਰ ਕੇ ਪਰਤਣਾ,
ਚੱਲੇ ਕਿਉਂ ਹੋ ਸੁਹਣਿਓਂ ਜੀਂਦੇ ਨੂੰ ਮਾਰ ਕੇ। 

ਮੈਂ ਤੇਰੇ ਸਾਹਾਂ ਚ ਹਾਜ਼ਰ, ਅਲਵਿਦਾ ਕਹਿਣਾ ਨਹੀਂ ਹੈ। 
ਇੱਕ ਪਲ ਕੀ, ਇੱਕ ਸਾਹ ਵੀ ਦੂਰ ਮੈਂ ਰਹਿਣਾ ਨਹੀਂ ਹੈ। 
ਪਲਕ ਦੇ ਅੰਦਰ ਨੂਰਾਨੀ ਰੌਸ਼ਨੀ ਵਿਚ ਘੁਲ ਗਿਆ ਹਾਂ,
ਏਸ ਥਾਂ ਬਿਨ ਹੋਰ ਕਿਧਰੇ ਮੈਂ ਕਦੇ ਬਹਿਣਾ ਨਹੀਂ ਹੈ।
ਤੂੰ ਕਦੇ ਵੀ ਸ਼ਾਮ ਵੇਲੇ ਇਹ ਕਹੀਂ ਨਾ ਜਾਣ ਦੇ ਹੁਣ,
ਬਿਨ ਸਵਾਸਾਂ ਜੀਣ ਵਾਲ਼ਾ ਦਰਦ ਮੈਂ ਸਹਿਣਾ ਨਹੀਂ ਹੈ।

ਪੌਣਾਂ ਹੱਥ ਸੁਨੇਹਾ ਘੱਲਿਆ, ਇਸ ਨੂੰ ਖ਼ੁਦ ਪਰਵਾਨ ਕਰੋ ਜੀ। 
ਏਨੀ ਡੂੰਘੀ ਚੁੱਪ ਧਾਰੀ ਹੈ ਕੁਝ ਤਾਂ ਮੇਰੀ ਜਾਨ ਕਰੋ ਜੀ। 

ਗੁਰਭਜਨ ਗਿੱਲ ਦੀ ਗ਼ਜ਼ਲ ਦੇ ਸਰੋਕਾਰ ਪੰਜਾਬ ਦੇ ਦਰਾਂ ਘਰਾਂ, ਖੇਤਾਂ ਖਲਿਹਾਣਾਂ, ਪਗਡੰਡੀਆਂ ਸ਼ਾਹਰਾਹਾਂ, ਢਾਰਿਆਂ,ਮਹਿਲਾਂ, ਰਾਜੇ ਰੰਕਾਂ, ਅਣਹੋਇਆਂ ਤੇ ਕਹਿੰਦੇ ਕਹਾਉਂਦਿਆਂ ਤੱਕ ਫੈਲੇ ਹੋਏ ਹਨ ।ਇਸ ਸਭ ਕੁਝ ਦੇ ਦਰਮਿਆਨ ਗੁਰਭਜਨ ਗਿੱਲ ਦਾ ਮੋਹ ਤੇ ਰੋਹ ਬਰਕਰਾਰ ਹੈ।

ਸ਼ਬਦ ਵਿਚ ਉਸ ਦੀ ਆਸਥਾ ਕਾਇਮ ਦਾਇਮ ਹੈ। 
ਸਤਿਗੁਰਾਂ, ਸੂਫ਼ੀਆਂ ਸੰਤਾਂ ਤੋਂ ਮਿਲਦਾ ਚਾਨਣ ਅੰਗਸੰਗ ਹੈ, ਗਭਰੂਆਂ ਮੁਟਿਆਰਾਂ ਨੂੰ ਮਿਲਦੀ ਉਸਦੀ ਅਸੀਸ ਜੀਊਂਦੀ ਜਾਗਦੀ ਹੈ ।
ਸੁਰਤਾਲ ਦੀ ਆਮਦ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, 
ਦੁਆਵਾਂ ਤੇ ਸ਼ੁਭ ਇੱਛਾਵਾਂ

ਸੁਰਜੀਤ ਪਾਤਰ(ਡਾ.)
ਚੇਅਰਮੈਨ
ਪੰਜਾਬ ਆਰਟਸ ਕੌਂਸਲ
ਚੰਡੀਗੜ੍ਹ(ਪੰਜਾਬ)


Harnek Seechewal

Content Editor

Related News