ਜਨਮ ਦਿਹਾੜੇ ’ਤੇ ਵਿਸ਼ੇਸ਼: ਜਾਣੋ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੇ ਮੌਜੂਦਾ ਦੌਰ 'ਚ ਅਸਲ ਅਰਥ
Saturday, Dec 26, 2020 - 12:36 PM (IST)
ਜਦ ਵੀ ਦੇਸ਼ ਦੇ ਮਹਾਨ ਸ਼ਹੀਦਾਂ ਦੀ ਗੱਲ ਚੱਲਦੀ ਹੈ ਤਾਂ ਊਧਮ ਸਿੰਘ ਦਾ ਨਾਂ ਦੇਸ਼ ਦੇ ਚੋਟੀ ਦੇ ਕੌਮੀ ਸ਼ਹੀਦਾਂ ’ਚ ਆਉਂਦਾ ਹੁੰਦਾ ਹੈ। ਬੇਸ਼ੱਕ ਅੱਜ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਉੱਥੇ ਹੀ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਹੈ। ਊਧਮ ਸਿੰਘ ਦਾ ਅਸਲ ਨਾਂ ਸ਼ੇਰ ਸਿੰਘ ਸੀ। ਉਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਸੁਨਾਮ ਉਸ ਸਮੇਂ ਪਟਿਆਲਾ ਰਿਆਸਤ ਦਾ ਹਿੱਸਾ ਸੀ। ਆਪ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫ਼ਾਟਕ ’ਤੇ ਚੌਂਕੀਦਾਰ ਵਜੋਂ ਨੌਕਰੀ ਕਰਦੇ ਸਨ। ਸ਼ੇਰ ਸਿੰਘ ਅਜੇ ਸਿਰਫ ਸੱਤ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੇ ਸਿਰ ’ਤੋਂ ਮਾਂ-ਬਾਪ ਦੋਵਾਂ ਦਾ ਹੀ ਸਾਇਆ ਉੱਠ ਗਿਆ। ਮਾਪਿਆਂ ਦਾ ਸਾਇਆ ਉੱਠਣ ਪਿੱਛੋਂ ਊਧਮ ਸਿੰਘ ਨੂੰ ਖਾਲਸਾ ਯਤੀਮਖ਼ਾਨਾ ਅੰਮਿ੍ਰਤਸਰ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਸੰਨ 1919 ’ਚ ਜਲਿ੍ਹਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦੇ ਫੱਟੜਾਂ ਦੀ ਸੇਵਾ ਉੱਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਂਕੀ ਉਸ ਦੀਆਂ ਅੱਖਾਂ ਅੱਗੋਂ ਦੀ ਲੰਘੀ, ਜਿਸ ਦਾ ਉਸ ਦੇ ਨਿਰਛਲ ਅਤੇ ਕੋਮਲ ਦਿਲ ਉੱਤੇ ਇਸ ਕਦਰ ਡੂੰਘਾ ਅਸਰ ਪਿਆ ਕਿ ਉਸ ਨੇ ਉਕਤ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ’ਚ ਖੜੇ੍ਹ ਹੋ ਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ। ਜਲਿ੍ਹਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਛੇਤੀ ਬਾਅਦ ਉਹ ਇਨਕਲਾਬੀਆਂ ਦੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦਾ ਮੈਂਬਰ ਬਣ ਕੇ ਕੁਝ ਕੰਮ ਕੀਤੇ। ਇਸੇ ਵਿਚਕਾਰ ਇਕ ਠੇਕੇਦਾਰ ਦੀ ਸਹਾਇਤਾ ਨਾਲ ਊਧਮ ਮੈਕਸੀਕੋ ਰਾਹੀਂ ਅਮਰੀਕਾ ਜਾ ਪੁੱਜਾ। ਚੰਗਾ ਮਕੈਨਿਕ ਹੋਣ ਕਰਕੇ ਹਵਾਈ ਜਹਾਜ਼ਾਂ ਦੀ ਇਕ ਕੰਪਨੀ ’ਚ ਨੌਕਰ ਹੋ ਗਿਆ ਤੇ ਉੱਥੇ ਹੀ ਵਿਆਹ ਕੀਤਾ। ਛੇਤੀ ਹੀ ਉੱਥੇ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਉਸ ਦਾ ਮੇਲ ਹੋ ਗਿਆ। ਦੇਸ਼ ਵਾਪਸੀ ’ਤੇ ਉਸ ਕੋਲੋਂ ਹਥਿਆਰ ਅਤੇ ਬੰਬ ਫੜੇ ਗਏ ਜਿਸ ਕਾਰਨ ਅੰਮਿ੍ਰਤਸਰ ਸਟੇਸ਼ਨ ’ਤੇ ਹੀ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਜੁਰਮ ’ਚ ਉਨ੍ਹਾਂ ਨੂੰ ਚਾਰ ਸਾਲ ਕੈਦ ਹੋਈ ਤੇ ਘਰ-ਬਾਰ ਸਭ ਕੁਝ ਜ਼ਬਤ ਹੋ ਗਿਆ।
ਇਹ ਵੀ ਪੜ੍ਹੋ : ਮੋਦੀ ਦੀ ਕਿਸਾਨਾਂ ਨਾਲ ਆਨਲਾਈਨ ਵਿਚਾਰ-ਚਰਚਾ ’ਚ ਨਹੀਂ ਦਿਖੇ ‘ਪੰਜਾਬ ਦੇ ਕਿਸਾਨ’
1931 ’ਚ ਰਿਹਾਅ ਹੋਣ ’ਤੇ ਉਹ ਇਕ ਵਾਰ ਫਿਰ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆ ਗਏ ਪਰ ਸਥਾਨਕ ਪੁਲਸ ਦੁਆਰਾ ਪਰੇਸ਼ਾਨ ਕੀਤੇ ਜਾਣ ’ਤੇ ਉਹ ਫਿਰ ਅੰਮਿ੍ਰਤਸਰ ਵਾਪਸ ਚਲੇ ਗਏ ਅਤੇ ਜਾ ਕੇ ਸਾਈਨਬੋਰਡ ਪੇਂਟਰ ਦੀ ਦੁਕਾਨ ਖੋਲ੍ਹ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਉਹ ਨਾਂ ਸੀ ਜਿਸ ਦੀ ਵਰਤੋਂ ਇਸ ਨੇ ਬਾਅਦ ’ਚ ਇੰਗਲੈਂਡ ’ਚ ਕੀਤੀ ਸੀ। ਇਸ ਨਾਂ ਨੂੰ ਅਪਨਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ ਜੋ ਕਿ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ। ਇਸੇ ਦੌਰਾਨ ਆਪਣਾ ਨਾਂ ਤਬਦੀਲ ਕਰ ਮਹਾਦੀਪਾਂ ’ਚ ਘੁੰਮਦਾ ਘੁਮਾਉਂਦਾ ਇੰਗਲੈਂਡ ਜਾ ਪੁੱਜਾ। ਫਿਰ 1933 ਤੋਂ 1940 ਤੱਕ ਉੱਥੇ ਹੀ ਰਿਹਾ। ਆਖਿਰ ਲੰਮੀ ਉਡੀਕ ਤੋਂ ਬਾਅਦ 13 ਮਾਰਚ 1940 ਨੂੰ ਉਹ ਘੜੀ ਵੀ ਆ ਗਈ ਜਿਸ ਦੀ ਉਸ ਨੂੰ ਸਾਲਾਂ ਤੋਂ ਉਡੀਕ ਸੀ। ਉਸ ਦਿਨ 4.30 ਵਜੇ ਕੈਕਸਟਨ ਹਾਲ, ਲੰਡਨ ’ਚ ਜਿੱਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਮੀਟਿੰਗ ਹੋ ਰਹੀ ਸੀ, ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਮਾਈਕਲ ਓਡਵਾਇਰ ਉੱਤੇ, ਜੋ ਅੰਮਿ੍ਰਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ, ਪੰਜ-ਛੇ ਗੋਲੀਆਂ ਚਲਾਈਆਂ। ਓਡਵਾਇਰ ਦੇ ਦੋ ਗੋਲੀਆਂ ਲੱਗੀਆਂ ਤੇ ਜ਼ਮੀਨ ਤੇ ਡਿੱਗਦੇ ਸਾਰ ਹੀ ਮੌਤ ਦਾ ਸ਼ਿਕਾਰ ਹੋ ਗਿਆ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਭਾਰਤ ਲਈ ਵਿਦੇਸ਼ ਵਿਭਾਗ ਦਾ ਮੁਖੀ ਲਾਰਡ ਜੈੱਟਲੈਂਡ ਵੀ ਜਖ਼ਮੀ ਹੋਇਆ। ਊਧਮ ਸਿੰਘ ਨੂੰ ਤੁਰੰਤ ਉਸ ਦੀ ਧੂੰਆਂ ਛੱਡ ਦੀ ਪਿਸਤੌਲ ਸਮੇਤ ਫੜ ਲਿਆ ਗਿਆ। ਦਰਅਸਲ ਊਧਮ ਸਿੰਘ ਨੇ ਉੱਥੋਂ ਫ਼ਰਾਰ ਹੋਣ ਦਾ ਕੋਈ ਯਤਨ ਨਹੀਂ ਕੀਤਾ ਸਗੋਂ ਉਹ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਸ ਨੇ ਆਪਣੇ ਦੇਸ਼ ਵੱਲੋਂ ਲਗਾਈ ਗਈ ਸੇਵਾ ਪੂਰੀ ਕਰ ਦਿੱਤੀ ਹੈ।
ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਦੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ’ਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਆਖਿਆ। ਜਦੋਂ ਕਿ ਇਸ ਸੰਦਰਭ ’ਚ ਜਰਮਨ ਰੇਡੀਓ ਤੋਂ ਵਾਰ-ਵਾਰ ਇਹੋ ਨਸ਼ਰ ਹੁੰਦਾ ਰਿਹਾ ਕਿ ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।” ਇਸ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਜਦ ਕਿ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਊਧਮ ਸਿੰਘ ਦੀ ਸੂਰਮਗਤੀ ਵਾਲੀ ਦਿ੍ਰੜ੍ਹਤਾ ਇਸ ਗੱਲੋਂ ਹੀ ਪ੍ਰਮਾਣਿਤ ਹੁੰਦੀ ਹੈ ਕਿ ਉਸ ਨੇ ਮਾਈਕਲ ਉਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਤੇ ਇਸ ਤੋਂ ਬਾਅਦ ਉਹ ਹਿਰਾਸਤ ’ਚ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈੱਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਮੈਂ ਉਸ ਉੱਤੇ ਵੀ ਦੋ ਰੌਂਦ ਦਾਗੇ ਸਨ। ਇਸ ਘਟਨਾ ਦੀ ਦੁਨੀਆਂ ਭਰ ’ਚ ਚਰਚਾ ਹੋਈ। ਜਦੋਂ ਕਿ ਊਧਮ ਸਿੰਘ ਨੇ ਅਦਾਲਤ ’ਚ ਬਿਆਨ ਦਿੰਦਿਆਂ ਕਿਹਾ ਕਿ ਮੈਂ ਜਲਿ੍ਹਆਂਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ ਹੈ। ਮੈਂ ਆਪਣੇ ਦੇਸ਼ ਦੀ ਸ਼ਾਨ ਵਿਰੁੱਧ ਓਡਵਾਇਰ ਦਾ ਘਿ੍ਰਣਾ ਭਰਿਆ ਲੈਕਚਰ ਸਹਾਰ ਨਹੀਂ ਸਕਿਆ। ਮੈਂ ਜੋ ਕੁਝ ਕੀਤਾ ਹੈ ਆਪਣੇ ਦੇਸ਼ ਲਈ ਕੀਤਾ ਹੈ।”
ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ
ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਉਡਵਾਇਰ ਨੂੰ ਮਾਰਨ ਤੱਕ ਹੀ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਇਨਕਲਾਬੀ ਸੋਚ ਨੂੰ ਅਕਸਰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। ਇਹੋ ਵਜ੍ਹਾ ਹੈ ਕਿ ਉਹ 1924 ’ਚ ਵਿਦੇਸ਼ੀ ਮੁਲਕਾਂ ’ਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ’ਚ ਸਰਗਰਮ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਨ੍ਹਾਂ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸਨ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਏ ਸਨ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋਏ। ਪ੍ਰੰਤੂ 30 ਅਗਸਤ 1927 ਨੂੰ ਊਧਮ ਨੂੰ ਪੁਲਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ’ਚ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋਈ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਸਮੇਂ ਤੱਕ ਉਹ ਜੇਲ ’ਚ ਹੀ ਸਨ।ਸ਼ਹੀਦ ਊਧਮ ਸਿੰਘ ਇਕ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਮਾਲਕ ਸਨ। ਜਦੋਂ ਲੰਡਨ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਊਧਮ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ ਸੀ। ਦਰਅਸਲ ਊਧਮ ਸਿੰਘ ਦੇ ਅਜਿਹੇ ਨਾਮ ਰੱਖਣ ਦਾ ਮਤਲਬ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਸੀ। ਓਡਵਾਇਰ ਕਤਲ ਮਾਮਲੇ ’ਚ ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਕਿ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ, ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ।
ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ ਲੰਡਨ ’ਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ ’ਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸੰਸਕਾਰ ਸੁਨਾਮ ਵਿਖੇ ਕੀਤਾ ਗਿਆ ਪਰ ਅਫਸੋਸ ਕਿ ਊਧਮ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਆਜ਼ਾਦ ਦੇਸ਼ ਲਈ ਜੋ ਸੁਪਨੇ ਸੰਜੋਏ ਸਨ ਅਤੇ ਜਿਸ ਧਰਮ ਨਿਰਪੱਖ ਦੇਸ਼ ਦੀ ਉਨ੍ਹਾਂ ਕਲਪਨਾ ਕੀਤੀ ਅੱਜ ਉਨ੍ਹਾਂ ਦੇ ਸੁਪਨਿਆਂ ਨੂੰ ਦੇਸ਼ ਦੇ ਅਖੌਤੀ ਲੀਡਰਸ਼ਿੱਪ ਦੁਆਰਾ ਮਨਮਰਜ਼ੀ ਮੁਤਾਬਿਕ ਤਾਰ ਤਾਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਦੇਸ਼ ਅੰਦਰ ਲਗਾਤਾਰ ਅਸਹਿਣਸ਼ੀਲਤਾ ਵਾਲੇ ਮਾਹੌਲ ਨੂੰ ਸਿਰਜਿਆ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਵਿਚਲੇ ਜਮਹੂਰੀ ਨਿਜ਼ਾਮ ਨੂੰ ਖੋਖਲਾ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ ਅਤੇ ਹੱਕ ਸੱਚ ਲਈ ਉੱਠਣ ਵਾਲੀਆਂ ਆਵਾਜ਼ਾਂ ਨੂੰ ਆਨੀ ਬਹਾਨੀ ਦਬਾਇਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਅੱਜ ਪੰਜਾਬ ਦੇ ਹਰ ਆਮ ਖਾਸ ਲੋਕ ਕੇਂਦਰ ਦੁਆਰਾ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕਜੁੱਟ ਹੋਏ ਹਨ ਅਤੇ ਜਿਵੇਂ ਊਧਮ ਸਿੰਘ ਦੇ ਇਹ ਵਾਰਸ ਅੱਜ ਪੂਰੇ ਦੇਸ਼ ਦੇ ਕਿਸਾਨਾਂ ਨੂੰ ਨਾਇਨਸਾਫ਼ੀ ਖ਼ਿਲਾਫ਼ ਲਾਮਬੰਦ ਕਰਨ ’ਚ ਸਫਲ ਹੋਏ ਹਨ ਉਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਊਧਮ ਸਿੰਘ ਦੇ ਵਾਰਸ ਅੱਜ ਵੀ ਜੁਲਮ ਅਤੇ ਤਸ਼ੱਦਦ ਦੇ ਖ਼ਿਲਾਫ਼ ਲੜਨ ਦਾ ਇਹੋ ਜਜ਼ਬਾ ਰੱਖਦੇ ਹਨ ਜੋ ਅੰਗਰੇਜ਼ਾਂ ਸਮੇਂ ਰੱਖਦੇ ਸਨ। ਇਨ੍ਹਾਂ ਪੋਹ ਦੀਆਂ ਠੰਡੀਆਂ ਰਾਤਾਂ ’ਚ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਜਜ਼ਬੇ ਨੂੰ ਵੇਖ ਲੱਗਦਾ ਹੈ ਕਿ ਯਕੀਨਨ ਅੱਜ ਊਧਮ ਸਿੰਘ ਦੀ ਰੂਹ ਇਨ੍ਹਾਂ ਦੇ ਨੇੜੇ ਤੇੜੇ ਹੀ ਹੋਵੇਗੀ ਅਤੇ ਹਰ ਪਲ ਇਨ੍ਹਾਂ ਨੂੰ ਆਪਣੇ ਆਸ਼ੀਰਵਾਦ ਨਾਲ ਨਵਾਜ਼ ਰਹੀ ਹੋਵੇਗੀ..!
ਅੱਬਾਸ ਧਾਲੀਵਾਲ
ਮਾਲੇਰਕੋਟਲਾ ।
ਸੰਪਰਕ 9855259650
ਨੋਟ: ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ,ਕੁਮੈਂਟ ਕਰਕੇ ਦਿਓ ਆਪਣੀ ਰਾਏ