ਮਿਰਚਾਂ ਨੂੰ ਟਾਹਣੀਆਂ ਦੇ ਸੋਕੇ ਅਤੇ ਫਲਾਂ ਦੇ ਗਾਲੇ•ਤੋਂ ਬਚਾਉਣ ਲਈ ਰਹੋ ਸਾਵਧਾਨ-ਪੀਏਯੂ ਮਾਹਿਰ
Friday, Aug 10, 2018 - 06:10 PM (IST)
ਬਰਸਾਤ ਦੇ ਸਿੱਲ੍ਹੇ ਮੌਸਮ ਵਿਚ ਸਬਜ਼ੀਆਂ ਦੀ ਖੇਤੀ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ। ਮਿਰਚਾਂ ਦੀ ਫਸਲ ਇਸ ਮੌਸਮ ਵਿਚ ਟਾਹਣੀਆਂ ਦੇ ਸੋਕੇ ਅਤੇ ਫਲਾਂ ਦੇ ਗਾਲੇ ਤੋਂ ਪੀੜਤ ਹੋ ਸਕਦੀ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਇਕ ਉਲੀ ਰੋਗ ਹੈ ਜੋ ਗਰਮ ਅਤੇ ਸਿੱਲ੍ਹੇ ਮੌਸਮ ਦੌਰਾਨ ਮਿਰਚਾਂ ਤੇ ਹਮਲਾ ਕਰਦਾ ਹੈ। ਇਸ ਦੇ ਹਮਲੇ ਨਾਲ ਬੂਟੇ ਦੀਆਂ ਫਲਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ਉਤੇ ਉਲੀ ਦੇ ਕਾਲੇ ਰੰਗ ਦੇ ਟਿਮਕਣੇ ਦਿਖਾਈ ਦਿੰਦੇ ਹਨ। ਇਹ ਬੀਮਾਰੀ ਮੁੱਖ ਤੌਰ ਤੇ ਲਾਲ ਮਿਰਚਾਂ ਤੇ ਆਉਂਦੀ ਹੈ ਪਰ ਹਰੀਆਂ ਮਿਰਚਾਂ ਤੇ ਵੀ ਇਸ ਦਾ ਹਮਲਾ ਦੇਖਣ ਨੂੰ ਮਿਲਦਾ ਹੈ। ਬੀਮਾਰੀ ਨਾਲ ਪ੍ਰਭਾਵਿਤ ਮਿਰਚਾਂ ਤੇ ਗੋਲ ਤੋਂ ਲੰਬੂਤਰੇ ਹੇਠਾਂ ਧੱਸੇ ਹੋਏ ਧੱਬੇ ਪੈ ਜਾਂਦੇ ਹਨ। ਬੀਮਾਰੀ ਵਾਲੀਆਂ ਮਿਰਚਾਂ ਘਸਮੈਲੇ ਰੰਗ ਦੀਆਂ ਹੋ ਕੇ ਡਿਗ ਪੈਂਦੀਆਂ ਹਨ। ਬੀਮਾਰੀ ਦੀ ਉੱਲੀ ਬੀਜ ਉੱਤੇ ਪੱਲਦੀ ਰਹਿੰਦੀ ਹੈ ਜੋ ਮੁੱਢਲੀ ਲਾਗ ਲਾਉਣ ਵਿਚ ਸਹਾਈ ਹੁੰਦੀ ਹੈ ਅਤੇ ਬਾਅਦ ਵਿਚ ਬੀਮਾਰੀ ਗਰਮ ਅਤੇ ਸਿੱਲੇ ਮੌਸਮ ਦੌਰਾਨ ਹਵਾ ਰਾਹੀਂ ਅੱਗੇ ਫੈਲ ਜਾਂਦੀ ਹੈ ।
ਪੀਏਯੂ ਦੇ ਖੇਤੀ ਮਾਹਿਰ ਡਾ. ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਚੱਲ ਰਿਹਾ ਮੌਸਮ ਇਸ ਬੀਮਾਰੀ ਦੇ ਵਾਧੇ ਲਈ ਅਨੁਕੂਲ ਹੈ ਇਸ ਕਰਕੇ ਮਿਰਚਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ 250 ਮਿ.ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ -45 ਜਾਂ ਬਲਾਈਟੌਕਸ ਨੂੰ 250 ਲੀਟਰ ਨੂੰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਬਾਅਦ ਵਿਚ 10 ਦਿਨਾਂ ਦੇ ਵਕਫੇ ਤੇ ਫਿਰ ਦੁਹਰਾਓ। ਜੇਕਰ ਫੋਲੀਕਰ ਦਾ ਛਿੜਕਾਅ ਕੀਤਾ ਹੋਵੇ ਤਾਂ ਮਿਰਚ ਦੀ ਤੁੜਾਈ 4 ਦਿਨ ਬਾਅਦ ਕਰੋ।
