ਬਾਬੇ ਨਾਨਕ ਦੀ ਗੁਰਮਤਿ

11/30/2020 12:55:27 PM

ਕਿਸੇ ਵੀ ਸਮਕਾਲ 'ਚ ਇਕ ਨਾਲੋਂ ਵੱਧ ਧਰਮ ਆਪਣੀ-ਆਪਣੀ ਚਾਲੇ ਚੱਲਦੇ ਰਹਿੰਦੇ ਹਨ। ਇਸ ਧਾਰਮਿਕ ਵਰਤਾਰੇ ਨੂੰ ਸਮਝਣ ਲਈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕ ਪਰਮਾਤਮਾ ਤੱਕ ਪਹੁੰਚਣ ਦੇ ਵੱਖ-ਵੱਖ ਮਾਰਗ ਹੀ ਵੱਖ-ਵੱਖ ਧਰਮ ਕਹਾਉਂਦੇ ਰਹੇ ਹਨ। ਇਸ ਦੇ ਬਾਵਜੂਦ ਧਰਮਾਂ ਵਿਚਕਾਰ ਸਹਿਹੋਂਦ ਸਥਾਪਤ ਕਰਨ ਦਾ ਰਾਹ ਰੁਕਿਆ ਰਿਹਾ ਹੈ। ਇਸ ਦੇ ਬਾਵਜੂਦ ਮਾਨਵ ਚੇਤਨਾ ਦੀਆਂ ਅਹਿਮ ਉਡਾਰੀਆਂ ਦੇ ਸ੍ਰੋਤ ਧਰਮਾਂ ਦੇ ਧਰਮ-ਗ੍ਰੰਥ ਪਰਵਾਨ ਕੀਤੇ ਜਾਂਦੇ ਰਹੇ ਹਨ। ਮੰਨਿਆ ਇਹੀ ਜਾਂਦਾ ਰਿਹਾ ਹੈ ਕਿ ਧਰਮ ਵਿਹੂਣ ਬੰਦੇ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਏਸੇ ਕਰਕੇ ਹਰ ਧਰਮ ਨੇ ਧਰਮੀਆਂ ਅਤੇ ਅਧਰਮੀਆਂ ਦੀਆਂ ਕੋਟੀਆਂ ਪੈਦਾ ਕੀਤੀਆਂ ਹੋਈਆਂ ਹਨ। ਇਸ ਵੰਡ ਦਾ ਆਧਾਰ ਆਸਥਾ ਨੂੰ ਮੰਨਿਆ ਜਾਂਦਾ ਰਿਹਾ ਹੈ। ਧਰਮ ਨੂੰ ਆਸਥਾ-ਧੜਿਆ ਜਾਂ ਆਸਥਾ-ਭਾਈਚਾਰਿਆਂ ਵਿਚਕਾਰ ਵੰਡਣ ਦੀਆਂ ਕੋਸ਼ਿਸ਼ਾਂ ਵੀ ਨਾਲੋਂ-ਨਾਲ ਚੱਲਦੀਆਂ ਰਹੀਆਂ ਹਨ। ਇਸ ਸੁਰ 'ਚ ਧਾਰਮਿਕ ਦਾਹਵੇਦਾਰੀਆਂ ਆਪਸ 'ਚ ਟਕਰਾਉਂਦੀਆਂ ਵੀ ਰਹੀਆਂ ਹਨ। ਧਰਮਾਂ ਦੇ ਅੰਦਰ ਪੈਦਾ ਹੋਣ ਵਾਲੇ ਟਕਰਾਵਾਂ ਨੂੰ ਸਬੰਧਤ ਧਰਮ ਦੇ ਸਿਧਾਂਤ ਅਤੇ ਰਹਿਤ ਨੂੰ ਲੈਕੇ ਪੈਦਾ ਹੁੰਦੇ ਰਹੇ ਹਨ। ਧਰਮ ਦੁਆਲੇ ਉਨੇ ਹੋਏ ਇਹੋ ਜਿਹੇ ਵਰਤਾਰਿਆਂ ਨੂੰ ਇਸਲਾਮ ਦੀ ਦ੍ਰਿਸ਼ਟੀ ਤੋਂ ਸ਼ੀਆ ਅਤੇ ਸੁੰਨੀਆਂ ਦੀ ਕੱਟੜ ਵੰਡ ਦੁਆਰਾ ਸਮਝਿਆ ਜਾ ਸਕਦਾ ਹੈ। ਇਹੀ ਵੰਡ ਹਿੰਦੂ ਧਰਮ 'ਚ ਜੋਗੀਆਂ, ਬੋਧੀਆਂ ਅਤੇ ਜੈਨੀਆਂ ਆਦਿ ਦੁਆਰਾ ਸਮਝੀ ਜਾ ਸਕਦੀ ਹੈ। ਇਸ ਸਥਿਤੀ 'ਚ ਪੈਦਾ ਹੋ ਰਹੀਆਂ ਦੁਸ਼ਵਾਰੀਆਂ 'ਚ ਵਾਧਾ ਸਬੰਧਤ ਧਰਮਾਂ ਦੀ ਸਿਆਸਤ ਵੀ ਕਰਦੀ ਰਹੀ ਹੈ। ਇਸ ਹਾਲਤ 'ਚ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬਾਬਾ ਨਾਨਕ ਦੇ ਧਰਮ ਦੀ ਲੋੜ ਕਿਉਂ ਪਈ ਅਤੇ ਧਰਮਾਂ ਦੀ ਘੜਮੱਸ 'ਚ ਬਾਬਾ ਨਾਨਕ ਦਾ ਧਰਮ ਕਿਵੇਂ ਟਿਕਿਆ। ਇਸ 'ਚ ਕੋਈ ਸ਼ੱਕ ਨਹੀਂ ਕਿ ਧਰਮ ਦੀ ਪੁਨਰ ਸੁਰਜੀਤੀ ਹੀ ਗੁਰੂ ਨਾਨਕ ਦੇਵ ਜੀ ਦਾ ਧਰਮ ਸੀ। ਧਰਮ ਸੰਸਥਾਪਕਾਂ ਬਾਰੇ ਇਹੀ ਪਰੰਪਰਕ ਪਹੁੰਚ ਨੂੰ ਮਾਨਤਾ ਭਾਈ ਗੁਰਦਾਸ ਨੇ “ਗੁਰੂ ਨਾਨਕ ਜਗ ਮਹਿ ਪਠਾਇਆ“ ਕਹਿਕੇ ਦਿੱਤੀ ਹੋਈ ਹੈ। ਏਸੇ ਦੀ ਪੁਸ਼ਟੀ ਸਿੱਖ ਸਾਹਿਤ 'ਚ ਲਗਾਤਾਰ ਹੁੰਦੀ ਰਹੀ ਹੈ। ਏਸੇ ਨੂੰ ਸਮਝਣ ਦਾ ਯਤਨ ਹੋਣਾ ਚਾਹੀਦਾ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ-ਧਰਮ ਵੀ ਆਮ ਧਰਮਾਂ ਵਰਗਾ ਇਕ ਧਰਮ ਹੀ ਹੈ? ਇਸ ਨਾਲ ਹੀ ਜੁੜਿਆ ਹੋਇਆ ਪ੍ਰਸ਼ਨ ਇਹ ਵੀ ਹੈ ਕਿ ਕੀ ਸਿੱਖ-ਧਰਮ ਵਾਂਗ ਨਵੇਂ ਧਰਮ ਪੈਦਾ ਹੁੰਦੇ ਰਹਿਣੇ ਚਾਹੀਦੇ ਹਨ? ਇਸ ਨਾਲ ਜੁੜੀ ਹੋਈ ਇਹ ਟਿਪਣੀ ਪ੍ਰਾਪਤ ਹੈ ਕਿ “ਜੋ ਜੋ ਹੋਤ ਭਇਓ ਜਗ ਸਿਆਣਾ ਤਿਨ ਤਿਨ ਆਪਣਾ ਪੰਥ ਚਲਾਣਾ“। ਇਸ ਨੂੰ ਸਮਝਣ ਲਈ ਇਹ ਸਮਝਣਾ ਪਵੇਗਾ ਕਿ ਧਰਮ ਅਤੇ ਡੇਰੇਦਾਰੀ 'ਚ ਫਰਕ ਹੈ।

ਧਰਮ 'ਚ ਜੇ ਦੇਹੀ ਉਤਮਤਾ ਨੂੰ ਪਹਿਲ ਪ੍ਰਾਪਤ ਹੋ ਜਾਵੇ ਤਾਂ ਧਰਮ ਵੀ ਡੇਰੇਦਾਰੀ ਵਾਲੇ ਰਾਹ ਪੈ ਜਾਂਦਾ ਹੈ। ਸੋ ਬਾਬਾ ਨਾਨਕ ਸਾਹਮਣੇ ਇਹ ਸਾਰੀਆਂ ਸਮੱਸਿਆਵਾਂ ਸਨ ਅਤੇ ਇਨ੍ਹਾਂ 'ਚ ਵਾਧਾ ਇਹ ਕਿ ਇਹ ਸਾਰਾ ਕੁਝ ਆਸਥਾ ਵਾਂਗ ਸ਼ਰਧਾ-ਮਾਨਸਿਕਤਾ 'ਚ ਟਿਕ ਗਿਆ ਸੀ। ਇਸ ਸਾਰੇ ਕੁਝ ਨੂੰ ਨਾਲ ਲੈ ਕੇ ਕਿਵੇਂ ਤੁਰਿਆ ਜਾਵੇ, ਇਸ ਬਾਰੇ ਬਾਬਾ ਨਾਨਕ ਲਗਾਤਾਰ ਸੋਚਦੇ ਰਹੇ ਸਨ। ਇਸ ਨਾਲ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਧਰਮ ਨੂੰ ਬੰਦੇ ਦੀ ਈਜਾਰੇਦਾਰੀ ਤੋਂ ਬਚਾ ਕੇ ਹੀ ਆਮ ਬੰਦੇ ਦਾ ਧਰਮ ਬਣਾਇਆ ਜਾ ਸਕਦਾ ਹੈ। ਸਿੱਖੀ 'ਚ ਏਸੇ ਨੂੰ ਸੰਗਤੀ-ਧਰਮ ਕਿਹਾ ਅਤੇ ਪਰਵਾਨ ਕੀਤਾ ਜਾ ਰਿਹਾ ਹੈ। ਇਹ ਗੱਲ ਦੂਰ ਤੱਕ ਜਾਂਦੀ ਸੀ ਅਤੇ ਅਵਤਾਰੀਕਰਣ ਨਾਲ ਟਕਰਾ 'ਚ ਵੀ ਆਉਂਦੀ ਸੀ। ਇਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਬਾਬਾ ਨਾਨਕ ਪ੍ਰਾਪਤ ਨਾਲ ਟਕਰਾ 'ਚ ਆ ਕੇ ਕੋਈ ਇਨਕਲਾਬ ਨਹੀਂ ਕਰਨਾ ਚਾਹੁੰਦੇ ਸਨ, ਜਿਵੇਂ ਕਿ ਅੱਜਕਲ ਕੁਝ ਲੋਕਾਂ ਨੂੰ ਲੱਗਣ ਲੱਗ ਪਿਆ ਹੈ। ਉਹ ਇਹੋ ਜਿਹੇ ਸੁਧਾਰਵਾਦੀ ਵੀ ਨਹੀਂ ਸਨ, ਜਿਹੜੇ ਪ੍ਰਾਪਤ ਦਾ ਮੂੰਹ ਮੱਥਾ ਸੁਆਰ ਕੇ ਡੇਰਦਾਰੀ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਜਿਹੋ ਜਿਹਾ ਵਰਤਾਰਾ ਧਰਮ ਦੇ ਨਾਮ ਨਜ਼ਰ ਆ ਰਿਹਾ ਹੈ ਉਸ ਨਾਲ ਤਾਂ ਭਰਮ ਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਨੂੰ ਹੀ ਧਰਮ ਸਮਝਿਆ ਜਾਣ ਲੱਗ ਪਿਆ ਹੈ। ਇਹ ਸਥਿਤੀ ਧਰਮ 'ਚੋਂ ਧਰਮ ਦੇ ਮਨਫੀ ਹੋ ਜਾਣ ਦੀ ਹੈ। ਇਸ ਦੀ ਜ਼ਿੰਮੇਵਾਰੀ ਧਰਮੀਆਂ ਨਾਲੋਂ ਵੱਧ ਧਾਰਮਿਕ ਆਗੂਆਂ ਦੀ ਹੁੰਦੀ ਹੈ। ਇਸ 'ਚ ਸੰਭਵ ਬਦਲਾਵ ਸ਼ਰਧਾਵਾਨ ਦੇ ਮਾਨਸਿਕ ਬਦਲਾਅ ਨਾਲ ਹੀ ਆ ਸਕਦਾ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਇਹ ਕਹਿ ਕੇ ਕੀਤੀ ਸੀ ਕਿ ਧਰਮੀ ਹੋਣ ਵਾਸਤੇ ਧਰਮ ਨੂੰ ਧਾਰਨ ਕੀਤੇ ਜਾਣ ਦੀ ਲੋੜ ਹੈ। ਏਸੇ ਨੂੰ ਹੋਰ ਧਰਮਾਂ ਵਾਲਿਆਂ ਨਾਲ ਸੰਬਾਦ ਰਚਾਉਂਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਆਪਣੇ-ਆਪਣੇ ਧਰਮ ਨਾਲ ਨਿਭਦਿਆਂ ਵੀ ਧਾਰਮਿਕ ਆਸਥਾ ਨੂੰ ਧਾਰਮਿਕ ਨੈਤਿਕਤਾ 'ਚ ਪਰਵਰਤਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਇਸ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਖੁਲ੍ਹੀ ਪਹੁੰਚ ਨੇ ਹੀ

ਉਨ੍ਹਾਂ ਨੂੰ “ਜਗਤ ਗੁਰ ਬਾਬਾ“ ਬਣਾ ਦਿੱਤਾ ਹੈ। ਉਨ੍ਹਾਂ ਦੀ ਇਹ ਪਛਾਣ ਉਨ੍ਹਾਂ ਦੀ ਇਤਿਹਾਸਕਤਾ ਕਰਕੇ ਨਹੀਂ ਬਣੀ, ਉਨ੍ਹਾਂ ਦੀ ਬਾਣੀ ਕਰਕੇ ਬਣੀ ਹੈ। ਬਾਬਾ ਜੀ ਨੂੰ ਉਨ੍ਹਾਂ ਦੇ ਰੰਗ 'ਚ ਉਨ੍ਹਾਂ ਦੀ ਬਾਣੀ ਦੁਆਰਾ ਹੀ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਨੇ ਲੈਣਯੋਗ ਨੂੰ ਜਿਥੋਂ ਵੀ ਮਿਲਿਆ ਲੈ ਲਿਆ ਸੀ ਅਤੇ ਛੱਡਣਯੋਗ ਨੂੰ ਦਿੱਭ ਲੋੜ ਵਾਂਗ ਛੱਡ ਲਿਆ ਸੀ। ਏਸੇ ਦੀ ਪੁਨਰ ਸੁਰਜੀਤੀ ਕਰਦੇ ਰਹਿਣ ਦੀ ਆਸ ਉਨ੍ਹਾਂ ਨੇ ਆਪਣੇ ਨਾਮ ਲੇਵਿਆਂ ਤੋਂ ਕੀਤੀ ਹੋਈ ਹੈ। ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਏਸੇ ਸੇਧ 'ਚ ਮਨਾਏ ਜਾਣ ਦੀ ਲੋੜ ਹੈ। ਇਸ ਪਾਸੇ ਤੁਰਨ ਲਈ ਇਹ ਧਿਆਨ 'ਚ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਬਾਣੀ, ਉਨ੍ਹਾਂ ਵੱਲੋਂ ਸਥਾਪਤ ਸ਼ਬਦ-ਗੁਰੂ ਦੀ ਸਿਧਾਂਤਕਤਾ ਦੀ ਧੁਰੋਹਰ ਹੈ ਅਤੇ ਇਸ ਨੂੰ ਕਿਸੇ ਇਕ ਪ੍ਰਗਟਾ ਮਾਧਿਅਮ ਵਾਂਗ ਮੰਡੀਕਰਣ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਦੀ ਬਾਣੀ ਨੂੰ ਪੂਜਕ ਪਵਿੱਤਰਤਾ ਦੇ ਸ਼ਿਕੰਜਿਆਂ 'ਚ ਕਸਣ ਦੀ ਥਾਂ, ਅਜਿਹੇ ਪ੍ਰਾਪਤ ਮਾਧਿਅਮਾਂ ਨਾਲ ਜੋੜੇ ਜਾਣ ਦੀ ਲੋੜ ਹੈ, ਜਿਹੜੇ ਸਮਝ ਅਤੇ ਅਮਲ ਨੂੰ ਪ੍ਰਚੰਡ ਕਰਣ ਦੀ ਭੂਮਿਕਾ ਨਿਭਾ ਸਕਦੇ ਹਨ। ਬਾਬਾ ਨਾਨਕ ਦਾ ਇਹ ਗਾਡੀ ਰਾਹ ਧਾਰਮਿਕ ਨੈਤਿਕਤਾ ਦਾ ਰਾਹ ਹੈ ਅਤੇ ਇਸ 'ਚੋਂ ਬਾਬੇ ਨਾਨਕ ਦੀ ਨਿਆਰੀ ਲੀਲ੍ਹਾ ਦੇ ਦੀਦਾਰੇ ਹੋ ਸਕਦੇ ਹਨ। ਇਹੀ ਬਖਸ਼ਿਸ਼ ਦਾ ਦਰ ਵੀ ਹੈ ਅਤੇ ਘਰ ਵੀ ਹੈ। ਬਾਬੇ ਨਾਨਕ ਦੇ ਇਸ ਧਰਮ ਨੂੰ ਪ੍ਰੋ. ਪੂਰਨ ਸਿੰਘ ਨੇ ਇਸ ਤਰ੍ਹਾਂ ਸਾਂਝਾ ਕੀਤਾ ਹੋਇਆ ਹੈ:
ਬਖਸ਼ਿਸ਼ ਦੇ ਇਸ ਘਰ 'ਚ, ਪੁੰਨੀ ਪਾਪੀ ਇਕ ਸਮਾਨ,
ਸਭ ਦਾ ਹੋਵੇ ਸੁਆਗਤ ਇਥੇ, ਇਥੇ ਸਭ ਰੱਬ ਦੇ ਮਹਿਮਾਨ,
ਸੰਤ ਅਸੰਤ 'ਚ ਨਹੀਂ ਕੋਈ ਅੰਤਰ।
ਇਥੇ ਰੱਬੀ ਪ੍ਰੇਮ ਦੀਆਂ ਦਾਤਾਂ ਵੰਡੀਆਂ ਜਾਂਦੀਆਂ 
ਇਥੋਂ ਕਵਿਤਾ ਮਿਲਦੀ, ਕਲਾ ਵੀ ਮਿਲਦੀ, ਮਿਲਦਾ ਧਰਮ ਆਚਾਰ।

ਬਲਕਾਰ ਸਿੰਘ ਪਰੋਫੈਸਰ
9316301328


Aarti dhillon

Content Editor

Related News