ਗੁਰ ਮਰਯਾਦਾ ਦਾ ਪ੍ਰਚਾਰ ਕਰਨ ਵਾਲੇ ਬਾਬਾ ਦਿਆਲ ਜੀ

Monday, May 17, 2021 - 12:41 PM (IST)

" ਨਿਰੰਕਾਰੀ ਵੀਰਾਂ ਦਾ ਮੇਰੇ ਮਨ ਵਿੱਚ ਵੱਡਾ ਮਾਣ ਹੈ,ਕਿਉਂਕਿ ਇਸ ਪੰਥ ਦੇ ਬਜ਼ੁਰਗਾਂ ਨੇ, ਉਸ ਵੇਲੇ ਗੁਰ ਮਰਯਾਦਾ ਦਾ ਪ੍ਰਚਾਰ ਕੀਤਾ, ਜਿਸ ਵੇਲੇ ਅਸਾਡੇ ਸਿੰਘ ਭਾਈ ਵੀ ਪਾਖੰਡ ਜਾਲ ਵਿਚ ਫਸ ਕੇ ਗੁਰਮਤਿ ਦੇ ਵਿਰੋਧੀ ਬਣ ਰਹੇ ਸਨ।ਬਾਬਾ ਦਿਆਲ ਜੀ ਨੇ , ਜੋ ਦੁਖ , ਅਪਮਾਨ ਆਦਿਕ ਵਿਰੋਧੀਆਂ (ਅਗਿਆਨੀਆਂ)
ਦੇ ਹੱਥੋਂ ਸਹਾਰੇ ਹਨ, ਉਹ ਪ੍ਰਸੰਗ ਚੇਤੇ ਕਰਕੇ ਨੇਤਰਾਂ ਵਿਚੋਂ ਬਹਿਬਸ ਜਲ ਧਾਰਾ ਵਹਿ ਜਾਂਦੀ ਹੈ ।"(ਭਾਈ ਕਾਨ੍ਹ ਸਿੰਘ ਨਾਭਾ)

ਕਾਬਲੋਂ ਇਕ ਟੱਬਰ ਪਸ਼ੌਰ (ਪਿਸ਼ਾਵਰ)  ਆ ਕੇ ਵੱਸਿਆ, ਜਿਸ ਦਾ ਕੰਮ ਸ਼ਰਾਫ਼ੀ ਦਾ ਸੀ। ਇਹ ਗੁਰੂ ਘਰ ਦਾ ਪੁਰਾਣਾ ਪ੍ਰੇਮੀ ਪਰਿਵਾਰ ਸੀ। ਪਰਿਵਾਰ ਦਾ ਮੁਖੀਆ ਦੇਵੀ ਸਹਾਇ,  ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਅਨੰਦਪੁਰ ਆਇਆ । ਇਥੇ ਇਨ੍ਹਾਂ ਨੂੰ ਭਾਈ ਭਗਵਾਨ ਸਿੰਘ ਤੇ ਉਸ ਦਾ ਪੁੱਤਰ ਵਿਸਾਖਾ ਸਿੰਘ ਮਿਲੇ, ਜਿਨ੍ਹਾਂ ਦਾ ਜੀਵਨ ਗੁਰਮਤਿ ਰੰਗ ਵਿਚ ਰੱਤਾ ਹੋਇਆ ਸੀ। ਭਾਈ  ਭਗਵਾਨ ਸਿੰਘ ਹੁਣੀ ਤਾਂ ਗੁਰੂ ਘਰ 'ਚ ਖਜ਼ਾਨਚੀ ਦੀ ਸੇਵਾ ਨਿਭਾਅ ਰਹੇ ਸਨ।ਦੇਵੀ ਸਹਾਇ ਤੇ ਭਾਈ  ਭਗਵਾਨ ਸਿੰਘ ਦੀ ਆਪਸ 'ਚ ਗੂੜੀ ਸਾਂਝ ਬਣ ਗਈ । ਸਮਾਂ ਪਾ ਕਿ ਭਾਈ ਭਗਵਾਨ ਸਿੰਘ ਦੇ ਪੁਤਰ ਸ.ਵਿਸਾਖਾ ਸਿੰਘ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ, ਮੁੰਡੇ ਦਾ ਨਾਮ ਮਿਲਖਾ ਸਿੰਘ ਤੇ ਕੁੜੀ ਦਾ ਨਾਮ ' ਲਾਡਿਕੀ ' ਰੱਖਿਆ ਗਿਆ । ਦੇਵੀ ਸਹਾਇ ਦੇ ਪੋਤਰੇ ਨਾਲ ਬੀਬੀ ਲਾਡਿਕੀ ਦਾ ਵਿਆਹ ਹੋਇਆ । ਭਾਈ ਵਿਸਾਖਾ ਸਿੰਘ ਹੁਣਾਂ ਨੇ ਆਪਣੀ ਧੀ ਨੂੰ ਦਾਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਹੀ ਸੁੰਦਰ ਹੱਥ ਲਿਖਤ ਬੀੜ ਦਿੱਤੀ  ਜੋ ਪਰਿਵਾਰ ਨੇ ਪਸ਼ੌਰ ਦੇ ਭਾਈ ਜੋਗਾ ਸਿੰਘ ਦੀ ਧਰਮਸ਼ਾਲਾ (ਗੁਰਦੁਆਰਾ)  ਸਾਹਿਬ ਵਿਖੇ ਪ੍ਰਕਾਸ਼ ਕੀਤੀ ।ਪਹਿਲੀ ਸਿੱਖ ਸੁਧਾਰਕ  ਲਹਿਰ ਦੇ ਮੁਖੀ ਬਾਬਾ ਦਿਆਲ ਜੀ ਦਾ ਜਨਮ 17 ਮਈ 1783 ਨੂੰ ਪਿਸ਼ਾਵਰ ਵਿੱਚ ਰਾਮ ਸਹਾਇ ਮਲਹੋਤਰਾ ਦੇ ਘਰ ਬੀਬੀ ਲਾਡਿਕੀ ਦੀ ਕੁੱਖੋਂ ਹੋਇਆ ਸੀ।ਬਾਬਾ ਦਿਆਲ ਜੀ ਉਪਰ ਉਹਨਾਂ ਦੀ ਗੁਰਸਿੱਖ ਮਾਤਾ ਦੀ ਸ਼ਖ਼ਸੀਅਤ ਦਾ ਬਹੁਤ ਅਸਰ ਸੀ ।
ਬ੍ਰਾਹਮਣਵਾਦ ਤੇ ਅੰਧ ਵਿਸ਼ਵਾਸ ਵਿਚੋਂ ਕੱਢਣ ਲਈ ਬਾਬਾ ਦਿਆਲ ਜੀ ਨੇ ਹੇਠ ਲਿਖੀਆਂ ਗੱਲਾਂ ਤੇ ਵਧੇਰੇ ਜ਼ੋਰ ਦਿੱਤਾ:-
1. ਪੰਡਤਾਂ ਜਾਂ ਬ੍ਰਾਹਮਣਾਂ ਨੂੰ ਜਨਮ, ਸ਼ਾਦੀ ਅਤੇ ਮੌਤ ਸੰਸਕਾਰਾਂ ਉਪਰ ਬਿਲਕੁਲ ਮਾਨਤਾ ਨਾ ਦਿੱਤੀ ਜਾਵੇ।ਸ਼ਰਾਧ ਦਾ ਖੰਡਨ।
2. ਸਾਰੇ ਸੰਸਕਾਰ ਗੁਰੂ ਗ੍ਰੰਥ ਸਾਹਿਬ ਵਿਚ ਦ੍ਰਿੜਾਏ ਉਪਦੇਸ਼ਾਂ ਅਨੁਸਾਰ ਕੀਤੇ ਜਾਣ।
3. ਸੂਤਕ ਪਾਤਕ ਦੀ ਕੋਈ ਵਿਚਾਰ ਨਹੀਂ ਕਰਨੀ । ਬੱਚੇ ਦੇ ਜਨਮ ਸਮੇਂ ਇਸਤਰੀ ਨੂੰ ਅਪਵਿੱਤਰ ਨਹੀਂ ਮੰਨਣਾ।
4.ਵਿਆਹ ਤੇ ਦਾਜ ਦਾ ਵਿਖਾਵਾ ਨਹੀਂ ਕਰਨਾ।
5.ਮੌਤ ਸਮੇਂ ਰੋਣਾ ਪਿੱਟਣਾ  ਜਾਂ ਸਿਆਪਾ ਨਹੀਂ ਕਰਨਾ ,ਸਗੋਂ ਨਿਰੰਕਾਰ ਦਾ ਭਾਣਾ ਮੰਨਣਾ ਹੈ।

ਵਿਸ਼ੇਸ:- ਨਿਰੰਕਾਰੀ ਲਹਿਰ ਨੇ ਸਿੱਖਾਂ ਵਿੱਚ ਅਨੰਦਕਾਰਜ ਦੀ ਮੌਜੂਦਾ ਰੀਤ ਆਰੰਭ ਕੀਤੀ ਸੀ। ਨਿਰੰਕਾਰ ਨਿਰੰਕਾਰ ਜਪਣ ਕਰਕੇ ਇਹ ਨਿਰੰਕਾਰੀ ਅਖਵਾਏ।ਮੁਲਕ ਦੀ ਤਕਸੀਮ ਤੋਂ ਪਹਿਲਾਂ ਇਹਨਾਂ ਦਾ ਹੈੱਡ ਕੁਆਟਰ ਰਾਵਲਪਿੰਡੀ ਸੀ ਤੇ ਬਾਅਦ ਵਿਚ ਚੰਡੀਗੜ੍ਹ ਬਣਿਆ ।ਇਕ ਨਿਰੰਕਾਰੀ ਗਰੁੱਪ ਨੂੰ ਨਕਲੀ ਨਿਰੰਕਾਰੀ ਕਿਹਾ ਜਾਂਦਾ ਹੈ
ਬਲਦੀਪ ਸਿੰਘ ਰਾਮੂੰਵਾਲੀਆ


Harnek Seechewal

Content Editor

Related News