ਆਜ਼ਾਦੀ ਦੀ ਉਡੀਕ

Saturday, Jun 30, 2018 - 02:16 PM (IST)

ਆਜ਼ਾਦੀ ਦੀ ਉਡੀਕ

ਆਜ਼ਾਦੀ 1940 ਵੇਲੇ ਦੀ ਗੱਲ ਏ ਲਾਹੌਰ ਲੱਗੇ ਪਿੰਡ ਬਿਆਸੀਚੱਕ ਦੀ ਇਕ 10 ਕੁ ਸਾਲ ਦੀ ਬੱਚੀ ਰਾਣੋਂ ਆਪਣੇ ਬਾਪੂ ਸਰਦਾਰੇ ਕੋਲ ਜਾ ਕੇ ਪੁੱਛਣ ਲੱਗੀ। 
“ਬਾਪੂ ਇਹ ਆਜ਼ਾਦੀ ਕੀ ਹੁੰਦੀ ਆ''।
“ਪੁੱਤ ਖੁੱਲ੍ਹੀ ਹਵਾ ਵਿਚ ਸਾਹ ਲੈਣ ਨੂੰ ਆਜ਼ਾਦੀ ਕਹਿੰਦੇ ਆ''।
ਹੈਰਾਨੀ ਵਿਚ “ਸਾਹ ਤਾਂ ਹੁਣ ਵੀ ਲੈਣੇ ਆ ਬਾਪੂ''
“ਨਹੀਂ ਪੁੱਤ ਹੁਣ ਆਪਣੇ ਤੇ ਅੰਗਰੇਜ਼ ਰਾਜ ਕਰਦੇ ਆ ਜਦੋਂ ਉਹ ਜਾਣ ਗੇ ਉਦੋਂ ਆਪਾ ਆਜ਼ਾਦ ਹੋਵਾਂਗੇ।   ਉਹ ਆਜ਼ਾਦੀ ਹੋਣੀ ਆ ਜਦੋਂ ਆਪਾ ਨੂੰ ਕਿਸੇ ਦਾ ਡਰ ਨੀ ਹੋਣਾ।''
“ਅੱਛਾ ਫਿਰ ਕਦੋਂ ਮਿਲੂ ਆਜ਼ਾਦੀ ਕਦੋਂ ਜਾਣ ਗੇ ਅੰਗਰੇਜ਼''।
“ਜਲਦੀ ਹੀ ਪੁੱਤ''
ਆਖਰ ਆ ਗਿਆ ਉਹ ਦਿਨ 14 ਅਗਸਤ 1947 ਸਰਦਾਰਾ ਪਿੰਡ ਵਿਚੋ ਘਰ ਨੂੰ ਆਉਂਦਾ ਤੇ ਆਪਣੀ ਧੀ ਨੂੰ ਜ਼ਰੂਰੀ ਸਮਾਨ ਚੱਕ ਕੇ ਤੁਰਨ ਨੂੰ ਕਹਿੰਦਾ
“ਕੀ ਹੋਇਆ ਬਾਪੂ ਹੁਣ ਤਾਂ ਆਜ਼ਾਦੀ ਮਿਲਣ ਲੱਗੀ ਆ ਆਪਾਂ ਘਰ ਕਿਉਂ ਛੱਡਣ ਲੱਗੇ ਆ''
“ਪੁੱਤ ਦੇਸ਼ ਵੰਡਣ ਲੱਗੇ ਆ ਆਪਾਂ ਨੂੰ ਹਿੰਦੋਸਤਾਨ ਜਾਣਾ ਪੈਣਾ ਇਹ ਜਗ੍ਹਾ ਪਾਕਿਸਤਾਨ 'ਚ ਆਉਂਣੀ ਆ, ਕਹਿੰਦੇ ਇੱਥੇ ਇਕੱਲੇ ਮੁਸਲਮਾਣ ਹੀ ਰਹਿਣਗੇ''।
ਇਹ ਕਹਿ ਕੇ ਕੁੜੀ ਸਮਾਨ, ਜ਼ਰੂਰੀ ਕਾਗਜ਼ ਵਗੈਰਾ ਚੱਕਣ ਲੱਗ ਗਈ ਤੇ ਸਰਦਾਰੇ ਨੇ ਆਪਣੇ ਨਾਲ ਪੁਰਾਣਾ ਪਿਆ ਪਿਸਤੌਲ ਚੱਕ ਲਿਆ ਉਸ 'ਚ 3 ਰੌਂਦ ਹੀ ਸੀ। ਸਰਦਾਰੇ ਨੂੰ ਪਤਾ ਸੀ ਕਿ ਧਰਮ ਦੇ ਰਾਖੇ ਖੂਨ ਦੇ ਭੁੱਖੇ ਹੋਏ ਪਏ ਆ ਤੇ ਕੁੜੀਆਂ ਨੂੰ ਆਪਣੀ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਂਦੇ ਨੇ। 
ਇੰਨੇ ਨੂੰ ਪਿੰਡ 'ਚ ਰੌਲਾਂ ਪੈ ਗਿਆ ਆਸਮਾਨ ਵਿਚ ਧੂੰਆ ਉਡਦਾ ਦਿੱਸਿਆ। ਰੌਲਾ ਪੈਣਾ ਸ਼ੁਰੂ ਹੋ ਗਿਆ।
“ਪੁੱਤ ਅੰਦਰ ਜਾ ਬਾਹਰ ਨਾ ਆਵੀਂ''।
ਸਰਦਾਰਾ ਖੜ੍ਹਾ ਆਪਣੀ ਧੀ ਰਾਣੋਂ ਨੂੰ ਦਿੱਤੀ ਆਜ਼ਾਦੀ ਦੀ ਪਰਿਭਾਸ਼ਾ ਯਾਦ ਕਰਨ ਲੱਗਿਆ ਕਿ ਕਿੱਥੇ ਖੁੱਲ੍ਹੀ ਹਵਾ ਤੇ ਕਿੱਥੇ ਲੋਕਾਂ ਦੇ ਜਿਉਂਦਿਆਂ ਸਰੀਰ 'ਚ ਨਿਕਲਦਾ ਧੂੰਆ।
ਸਰਦਾਰਾ ਜਾਣਦਾ ਸੀ ਕਿ ਉਸਨੇ ਵੀ ਧੂੰਆ ਹੀ ਹੋਣਾ ਪਰ ਕਿਵੇਂ ਆਪਣੀ ਧੀ ਨੂੰ ਉਹਨਾਂ ਦਰਿੰਦਿਆਂ ਦੇ ਹੱਥ ਲੱਗਣ ਦੇਵੇ। 
ਆਖਰ ਉਸ ਦੇ ਘਰ ਦੇ ਬਾਹਰ ਤਲਵਾਰ ਚੱਕੀ ਇਕ ਆਦਮੀ ਆਇਆ ਸਰਦਾਰੇ ਨੇ ਗੋਲੀ ਚਲਾਈ ਤੇ ਉਹ   ਉੱਥੇ ਹੀ ਢੇਰ ਹੋ ਗਿਆ। ਨਾਲ ਹੀ ਉਹਦੇ ਨਾਲ ਦੇ ਆਏ ਤੇ ਉਹਨਾਂ ਵਲੋਂ ਮਾਰੀ ਗੋਲੀ ਸਰਦਾਰੇ ਦੇ ਸੀਨੇ ਤੇ ਵੱਜੀ ਸਰਦਾਰਾ ਡਿਗ ਪਿਆ ਇਹ ਦੇਖ ਕੇ ਰਾਣੋਂ ਰੋਦੀਂ ਬਾਹਰ ਆਈ।
“ਬਾਪੂ ਮੈਨੂੰ ਆਜ਼ਾਦੀ ਨੀ ਚਾਹੀ ਦੀ ਇਹਨਾਂ ਨੂੰ ਕਹਿ ਦੇ ਇਹ ਇੱਥੋਂ ਚਲ ਜਾਣ''।
“ਕੋਈ ਨੀ ਪੁੱਤ ਤੈਨੂੰ ਇਹਨਾਂ ਦੇ ਹੱਥ ਨੀ ਲੱਗਣ ਦਿੰਦਾ''
ਉਹਨਾਂ ਦਰਿੰਦਿਆ ਵਿਚੋਂ ਇਕ ਹੱਸਦਾ ਹੋਇਆ ਰਾਣੋਂ ਅੱਲ ਨੂੰ ਆਉਣ ਲੱਗਾ। ਸਰਦਾਰੇ ਨੇ ਪਿਸਤੌਲ ਚੱਕਿਆ ਤੇ ਗੋਲੀ ਚਲਾਈ।
ਰਾਣੋਂ ਡਿੱਗ ਪਈ।
“ਪੁੱਤ ਮਾਫ ਕਰੀ''
“ਧੰਨਵਾਦ ਬਾਪੂ, ਮੈਨੂੰ ਇਹ ਆਜ਼ਾਦੀ ਮਨਜ਼ੂਰ ਆ''
ਦੋਵੇਂ ਆਜ਼ਾਦੀ ਦੀ ਉਡੀਕ 'ਚ ਉੱਥੇ ਹੀ ਸਾਹ ਛੱਡ ਗਏ।
ਕੰਵਰਪ੍ਰੀਤ ਸਿੰਘ
ਮੱਲੇਆਣਾ(ਮੋਗਾ)

 


Related News