ਕੀ ਕੈਨੇਡਾ 'ਚ ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ?

07/10/2023 2:55:54 PM

ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ 8 ਜੁਲਾਈ ਨੂੰ ਖਾਲਿਸਤਾਨ ਇਨਸਾਫ਼ ਆਜ਼ਾਦੀ ਲਈ ਰੈਲੀਆਂ ਕੱਢੀਆਂ ਗਈਆਂ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਇਕ ਵੀਡੀਓ ਰਾਹੀਂ ਐਲਾਨ ਕੀਤਾ ਸੀ ਕਿ ਇਹ ਰੈਲੀਆਂ ਦੁਨੀਆ ਭਰ ਵਿੱਚ ਭਾਰਤੀ ਦੂਤਾਵਾਸਾਂ ਅੱਗੇ ਹੋਣਗੀਆਂ। ਕੈਨੇਡਾ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਿੰਨ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਖਾਲਿਸਤਾਨ ਪੱਖੀ ਸਮੂਹਾਂ ਨੇ ਜਨਤਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ।

ਇਸ ਤੋਂ ਇਲਾਵਾ ਮਈ ਵਿੱਚ ਸਿੱਖ ਖਾਲਸਾ ਡੇਅ ਪਰੇਡ ਵਿੱਚ ਇਕ ਟਰੱਕ ਫਲੋਟ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗ ਰੱਖਿਅਕਾਂ ਦੁਆਰਾ 1984 ਵਿੱਚ ਕੀਤੇ ਗਏ ਕਤਲ ਨੂੰ ਦਰਸਾਇਆ ਗਿਆ ਸੀ। ਭਾਰਤ ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਲਗਾਤਾਰ ਨਿਖੇਧੀ ਕੀਤੀ ਹੈ। ਪਰ ਕੈਨੇਡਾ ਵਿੱਚ ਅਜਿਹੀਆਂ ਘਟਨਾਵਾਂ ਪਹਿਲਾਂ ਨਾਲੋਂ ਜ਼ਿਆਦਾ ਸਾਹਮਣੇ ਆ ਰਹੀਆਂ ਹਨ ਅਤੇ ਟਰੂਡੋ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਮੌਜੂਦਾ ਘਟਨਾ 'ਚ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਪੋਸਟਰ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਤਿਆਰ ਕੀਤੇ ਗਏ ਪੋਸਟਰ ਵਿੱਚ ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਹਨ ਅਤੇ ਉਨ੍ਹਾਂ ਦੇ ਫ਼ੋਨ ਨੰਬਰ ਵੀ ਲਿਖੇ ਹੋਏ ਸਨ। ਫੋਟੋ ਦੇ ਉੱਪਰ, ਬੰਦੂਕਾਂ ਅਤੇ ਚਾਕੂ ਰੱਖੇ ਹੋਏ ਹਨ।

ਭਾਰਤ ਸਰਕਾਰ ਨੇ ਵੀ ਇਸ ਪੋਸਟਰ ਦਾ ਸਖ਼ਤ ਨੋਟਿਸ ਲਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ, "ਸਾਡੇ ਕੋਲ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਭਾਈਵਾਲ ਦੇਸ਼ ਹਨ, ਜਿੱਥੇ ਕਈ ਵਾਰ ਖਾਲਿਸਤਾਨੀ ਗਤੀਵਿਧੀਆਂ ਹੁੰਦੀਆਂ ਹਨ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਖਾਲਿਸਤਾਨੀਆਂ ਨੂੰ ਜਗ੍ਹਾ ਨਾ ਦੇਣ।" ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਵੀਏਨਾ ਕਨਵੈਨਸ਼ਨਾਂ ਤਹਿਤ ਡਿਪਲੋਮੈਟਾਂ ਦੀ ਸੁਰੱਖਿਆ ਪ੍ਰਤੀ ਕੈਨੇਡਾ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਕੈਨੇਡਾ ਨੇ 8 ਜੁਲਾਈ ਨੂੰ ਹੋਏ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਆਨਲਾਈਨ ਸਮੱਗਰੀ ਬਾਰੇ ਭਾਰਤੀ ਅਧਿਕਾਰੀਆਂ ਦੇ ਸੰਪਰਕ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਮੱਗਰੀ ਸਵੀਕਾਰਯੋਗ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ "ਅਸੀਂ ਸਮਝਦੇ ਹਾਂ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ ਜਿਸ ਕਰਕੇ ਸਾਰੀ ਸਿੱਖ ਕੌਮ ਜਾਂ ਕੈਨੇਡੀਅਨਾਂ ਨੂੰ ਇਸ ਦਾ ਭਾਗੀਦਾਰ ਨਹੀਂ ਸਮਝਣਾ ਚਾਹੀਦਾ।

ਹਰਜੀਤ ਸਿੰਘ ਨਿੱਝਰ ਦਾ ਕਤਲ

45 ਸਾਲਾ ਹਰਦੀਪ ਸਿੰਘ ਨਿੱਝਰ, ਜੋ ਕਿ ਖਾਲਿਸਤਾਨ ਸਮਰਥਕਾਂ ਅਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ ਦਾ ਕੈਨੇਡਾ ਦੇ ਸਰੀ, ਬੀ.ਸੀ. ਵਿੱਚ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕਈ ਖਾਲਿਸਤਾਨੀ ਗਰੁਪ ਸਰਗਰਮ ਹੋ ਗਏ ਤੇ ਕਈ ਦੇਸ਼ਾਂ ਵਿਚ ਭਾਰਤ ਸਰਕਾਰ ਦੇ ਵਿਰੋਧ ਵਿਚ ਰੈਲੀਆਂ ਕੱਢ ਰਹੇ ਹਨ। ਪਰ ਜੇਕਰ ਇਸ 'ਤੇ ਇਕ ਨਜ਼ਰ ਮਾਰੀ ਜਾਏ ਤਾਂ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਕਰ ਰਹੇ ਮੁੱਠੀ ਭਰ ਖਾਲਿਸਤਾਨ ਸਮਰਥਕਾਂ ਬਾਰੇ ਇੱਕ ਸਰਵੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਐਸੋਸੀਏਟਿਡ ਟਾਈਮਜ਼ ਦੇ ਸਰਵੇਖਣ ਅਨੁਸਾਰ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬ ਤੋਂ ਸਿਰਫ਼ 2% ਭਾਰਤੀ ਪ੍ਰਵਾਸੀ ਖਾਲਿਸਤਾਨੀ ਏਜੰਡੇ ਦਾ ਸਮਰਥਨ ਕਰਦੇ ਹਨ। ਜਦਕਿ 98 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਵਿਰੋਧੀ ਤੱਤ ਖਾਲਿਸਤਾਨੀ ਏਜੰਡੇ ਨੂੰ ਹਵਾ ਦੇ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਪੰਜਾਬ 'ਚ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ, ਪਰ ਸਰਵੇ 'ਚ ਜਵਾਬ ਦੇਣ ਵਾਲਿਆਂ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ 'ਚ ਖਾਲਿਸਤਾਨ ਦੇ ਨਾਂ 'ਤੇ ਪੈਸਾ ਇਕੱਠਾ ਕਰਨਾ ਤੇ ਆਪਣੀ ਰੋਟੀ ਰੋਜ਼ੀ ਚਲਾਉਣਾ ਹੀ ਇਹਨਾਂ ਦਾ ਇਕ ਮਕਸਦ ਹੈ। ਨਿੱਜੀ ਹਿੱਤਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਸਰਵੇਖਣ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਕੈਨੇਡਾ 'ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ 'ਚ ਭਾਰੀ ਰੋਸ ਹੈ।

ਐਸੋਸੀਏਟਿਡ ਟਾਈਮਜ਼ ਦੇ ਸਰਵੇਖਣ ਵਿੱਚ ਕੈਨੇਡਾ ਦੇ ਕਈ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਹਨਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਕਿਊਬਿਕ ਸ਼ਾਮਲ ਹਨ। ਸਰਵੇਖਣ ਵਿੱਚ ਪੰਜਾਬੀ ਭਾਰਤੀਆਂ ਨੇ ਖਾਲਿਸਤਾਨ ਦੇ ਪ੍ਰਚਾਰ ਅਤੇ ਲਹਿਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਸਰਵੇਖਣ ਵਿੱਚ ਸਪੱਸ਼ਟ ਕੀਤਾ ਹੈ ਕਿ ਲੋਕਾਂ ਦਾ ਇੱਕ ਛੋਟਾ ਸਮੂਹ ਖਾਲਿਸਤਾਨ ਲਹਿਰ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਇਸ ਸਮੂਹ ਦੇ ਮਨਸੂਬਿਆਂ ਬਾਰੇ ਸ਼ੱਕ ਪੈਦਾ ਹੋ ਰਿਹਾ ਹੈ।

ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਬੇਰੁਜ਼ਗਾਰ ਲੋਕ ਇਹ ਦਾਅਵਾ ਕਰਕੇ ਹਜ਼ਾਰਾਂ ਡਾਲਰ ਕਮਾ ਰਹੇ ਹਨ ਕਿ ਉਹ ਖਾਲਿਸਤਾਨ, ਭਾਰਤ ਵਿੱਚ ਸੰਘਰਸ਼ ਕਰ ਰਹੇ ਪਰਿਵਾਰਾਂ ਦੀ ਸਹਾਇਤਾ ਲਈ ਪੈਸੇ ਇਕੱਠੇ ਕਰ ਰਹੇ ਹਨ। ਵਾਅਦੇ ਮੁਤਾਬਕ ਇਹ ਸਹਾਇਤਾ ਭਾਰਤ ਨੂੰ ਭੇਜਣ ਦੀ ਬਜਾਏ ਉਹ ਕਥਿਤ ਤੌਰ 'ਤੇ ਨਿੱਜੀ ਤੌਰ 'ਤੇ ਵਰਤ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨ ਦੇ ਨਾਂ 'ਤੇ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਕੁਝ ਲੋਕ ਗੈਰ-ਕਾਨੂੰਨੀ ਲਾਭਾਂ ਨਾਲ ਕੈਨੇਡਾ ਵਿੱਚ ਘਰ ਬਣਾ ਰਹੇ ਹਨ ਅਤੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਸ ਖੁਲਾਸੇ ਨੇ ਸਮੁੱਚੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਕੈਨੇਡਾ ਵਿਚ ਖਾਲਿਸਤਾਨ ਲਹਿਰ ਦੀ ਅਸਲ ਤਸਵੀਰ 'ਤੇ ਸਵਾਲ ਖੜ੍ਹੇ ਕੀਤੇ ਹਨ। 2021 ਵਿੱਚ ਉਪਲਬਧ ਨਵੇਂ ਅੰਕੜਿਆਂ ਅਨੁਸਾਰ ਲਗਭਗ 1.4 ਮਿਲੀਅਨ ਭਾਰਤੀ ਮੂਲ ਦੇ ਲੋਕ ਕੈਨੇਡਾ ਵਿੱਚ ਰਹਿੰਦੇ ਸਨ। ਕੈਨੇਡਾ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦੀ ਗਿਣਤੀ 2.1 ਫੀਸਦੀ ਹੈ।

ਖਾਲਿਸਤਾਨੀ ਮੁੱਦੇ ਨੂੰ ਸਿਆਸਤਦਾਨ ਵੀ ਵਰਤ ਰਹੇ

ਸਰਵੇਖਣ ਦੇ ਨਤੀਜਿਆਂ ਵਿੱਚ ਕੁਝ ਉੱਚ-ਪ੍ਰੋਫਾਈਲ ਕੈਨੇਡੀਅਨ ਸਿਆਸਤਦਾਨਾਂ ਅਤੇ ਵਿਅਕਤੀਆਂ ਬਾਰੇ ਪਰੇਸ਼ਾਨ ਕਰਨ ਵਾਲੀ ਜਾਣਕਾਰੀ ਵੀ ਸਾਹਮਣੇ ਆਈ ਹੈ। ਐਸੋਸੀਏਟਿਡ ਟਾਈਮਜ਼ ਨੇ ਸਰਵੇਖਣ ਵਿਚ ਸ਼ਾਮਲ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਲੋਕ ਕਥਿਤ ਤੌਰ 'ਤੇ ਖ਼ਾਲਿਸਤਾਨ ਮੁੱਦੇ ਨੂੰ ਨਿੱਜੀ ਲਾਭ ਲਈ ਵਰਤ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਅਸਲ ਇਰਾਦਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ਵਿੱਚ ਖਾਲਿਸਤਾਨ ਦੀ ਗੱਲ ਕੋਈ ਨਹੀਂ ਕਰਦਾ। ਕੈਨੇਡਾ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਬਾਰੇ ਬਹਿਸ ਚੱਲ ਰਹੀ ਹੈ। ਹਾਲਾਂਕਿ ਪੰਜਾਬ ਦੇ ਲੋਕ ਇਸ ਦੇ ਹੱਕ ਵਿੱਚ ਨਹੀਂ ਹਨ।

ਅਸਲ ਵਿੱਚ, ਇਹ ਕਿਵੇਂ ਸ਼ੁਰੂ ਹੋਇਆ, ਸਿੱਖ 1980 ਦੇ ਦਹਾਕੇ ਦੌਰਾਨ ਵਿਦੇਸ਼ਾਂ ਵਿੱਚ ਵੱਸ ਗਏ, ਜਦੋਂ ਪੰਜਾਬ ਦਹਿਸ਼ਤ ਅਤੇ ਖੂਨ-ਖਰਾਬੇ ਨਾਲ ਗ੍ਰਸਤ ਸੀ। ਭਾਰਤ ਸਰਕਾਰ ਅਤੇ ਖਾਲਿਸਤਾਨੀ ਕੱਟੜਪੰਥੀਆਂ ਦੋਵਾਂ ਨੇ ਉਸ ਸਮੇਂ ਦੌਰਾਨ ਕਈ ਮਾੜੇ ਕੰਮ ਕੀਤੇ। ਇਸ ਦਾ ਨਤੀਜਾ ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਦੋਹਾਂ ਨੂੰ ਝੱਲਣਾ ਪਿਆ। ਕੁਝ ਲੋਕ ਮੰਨਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਸਾਰੇ ਨਕਾਰਾਤਮਕ ਅਨੁਭਵਾਂ ਲਈ ਜ਼ਿੰਮੇਵਾਰ ਹੈ ਅਤੇ ਉਹ ਸੋਚਦੇ ਹਨ ਕਿ ਖਾਲਿਸਤਾਨ ਹੀ ਇੱਕੋ ਇੱਕ ਹੱਲ ਹੈ। ਉਹ ਪੰਜਾਬ ਅਤੇ ਭਾਰਤ ਵਿਚ ਇਹ ਦੇਖਣ ਲਈ ਘੱਟ ਹੀ ਆਉਂਦੇ ਹਨ ਕਿ ਹਾਲਾਤ ਕਿਵੇਂ ਬਦਲ ਚੁੱਕੇ ਹਨ। ਪੰਨੂੰ ਅਤੇ ਹੋਰਾਂ ਵਰਗੇ ਕੁਝ ਸਮਰਥਕ ਸੱਤਾ ਦੀ ਇੱਛਾ ਰੱਖਦੇ ਹਨ। ਉਹ ਸਿਆਸੀ ਮਾਨਤਾ ਅਤੇ ਪ੍ਰਭਾਵ ਹਾਸਲ ਕਰਨ ਦੇ ਉਦੇਸ਼ ਨਾਲ ਕਾਲਪਨਿਕ ਖਾਲਿਸਤਾਨ ਲਹਿਰ ਦੀ ਹਮਾਇਤ ਕਰਨ ਲਈ ਲੋਕਾ ਨੂੰ ਭਰਮਾ ਰਹੇ ਹਨ।

ਸਿਆਸਤਦਾਨ ਅਤੇ 1984 ਸਿੱਖ ਨਸਲਕੁਸ਼ੀ: ਹਰ ਕੋਈ ਸ਼ਾਂਤੀ ਚਾਹੁੰਦਾ ਹੈ। ਸਿਆਸਤਦਾਨ ਇਸ ਵਿੱਚ ਵਿਘਨ ਪਾਉਂਦੇ ਹਨ। 1984 ਸਿੱਖ ਨਸਲਕੁਸ਼ੀ ਦੇ ਕਾਰਨ ਭਾਰਤੀ ਇਤਿਹਾਸ ਵਿੱਚ ਇੱਕ ਕਾਲਾ ਸਾਲ ਸੀ, ਜਿਸ ਵਿੱਚ ਸਰਕਾਰ ਕਾਰਵਾਈ ਕਰਨ ਵਿੱਚ ਅਸਫਲ ਰਹੀ। ਰਾਜੀਵ ਗਾਂਧੀ ਨੇ ਵੀ ਇਸ ਘਟਨਾ ਬਾਰੇ ਬੇਤੁਕੇ ਬਿਆਨ ਦਿੱਤੇ ਸਨ। ਇਸ ਨਾਲ ਸਪੱਸ਼ਟ ਤੌਰ 'ਤੇ ਸਿੱਖ ਗੁੱਸੇ ਵਿਚ ਸਨ। ਸਿੱਖਾਂ ਨੂੰ ਪੂਰੇ ਇਤਿਹਾਸ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਦੇਸ਼ਭਗਤ ਭਾਈਚਾਰੇ ਵਜੋਂ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਨੂੰ ਕਾਫੀ ਕੁਝ ਦਿੱਤਾ ਹੈ। ਉਨ੍ਹਾਂ ਨੂੰ ਸਹੀ-ਗ਼ਲਤ ਦੀ ਚੰਗੀ ਸਮਝ ਹੈ। 9ਵੇਂ ਸਿੱਖ ਗੁਰੂ ਸਾਹਿਬ ਨੂੰ ਇਕ ਕਾਰਨ ਕਰਕੇ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ।

ਸਿੱਖਾਂ ਨੂੰ ਭਾਰਤ ਦਾ ਅਹਿਮ ਹਿੱਸਾ ਹੋਣ 'ਤੇ ਮਾਣ ਹੈ। ਉਹ ਭਾਰਤੀ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸਤਿਕਾਰਤ ਅਹੁਦਿਆਂ 'ਤੇ ਹਨ, ਜੋ ਆਪਣੇ ਦੇਸ਼ ਲਈ ਸਖ਼ਤ ਮਿਹਨਤ ਅਤੇ ਪਿਆਰ ਨਾਲ ਕੰਮ ਕਰਦੇ ਹਨ। ਹੁਨਰਮੰਦ ਸਿੱਖ ਵੱਖ-ਵੱਖ ਖੇਤਰਾਂ ਜਿਵੇਂ ਕਿ ਦਵਾਈ, ਆਈ.ਟੀ., ਸਾਫਟਵੇਅਰ, ਪ੍ਰਬੰਧਨ, ਮਾਰਕੀਟਿੰਗ ਅਤੇ ਇੰਜੀਨੀਅਰਿੰਗ ਵਿੱਚ ਉੱਤਮ ਹਨ। ਖਾਲਿਸਤਾਨ ਨੇ 1980 ਤੋਂ 1988 ਤੱਕ ਪੰਜਾਬ ਵਿੱਚ ਖੂਨ-ਖਰਾਬਾ ਕੀਤਾ। ਕੋਈ ਵੀ ਪੰਜਾਬੀ ਤੁਹਾਨੂੰ ਦੱਸ ਸਕਦਾ ਹੈ ਕਿ ਕੀ ਹੋਇਆ ਸੀ। ਕਸ਼ਮੀਰ ਅਤੇ ਪੰਜਾਬ ਦੋਵੇਂ ਹੀ ਅਤਿ ਅਸ਼ਾਂਤੀ ਅਤੇ ਹਿੰਸਾ ਦੀ ਸਥਿਤੀ ਵਿੱਚ ਸਨ। ਇਸ ਸੰਦਰਭ ਵਿੱਚ ਹਿੰਦੂ ਜਾਂ ਸਿੱਖ ਹੀ ਨਹੀਂ ਬਲਕਿ ਸਭ ਨੇ ਬਹੁਤ ਕੁਝ ਸਹਿਣ ਕੀਤਾ ਹੈ। ਹਿੰਦੂ ਅਤੇ ਸਿੱਖ ਦੋਵੇਂ ਹੀ ਅੰਨ੍ਹੇਵਾਹ ਕਤਲ ਕੀਤੇ ਗਏ ਸਨ।

ਤਰਕਸ਼ੀਲ ਸਿੱਖ ਅਤੇ ਪੰਜਾਬੀ ਉਹ ਪਿਛਲੀਆਂ ਘਟਨਾਵਾਂ ਜਿਵੇਂ ਕਿ ਸਾਕਾ ਨੀਲਾ ਤਾਰਾ, 1984 ਦੀ ਨਸਲਕੁਸ਼ੀ, ਖਾਲਿਸਤਾਨ ਲਹਿਰ ਅਤੇ ਹੋਰ ਬਹੁਤ ਕੁਝ ਤੋਂ ਜਾਣੂ ਹਨ। ਉਹ ਜਾਣਦੇ ਹਨ ਕਿ 1984 ਦੀ ਨਸਲਕੁਸ਼ੀ ਕਾਂਗਰਸ ਪਾਰਟੀ ਦੇ ਸਿਆਸਤਦਾਨਾਂ ਨੇ ਕੀਤੀ ਸੀ, ਭਾਰਤ ਨੇ ਨਹੀਂ। ਭਾਰਤ ਦੋਸ਼ੀਆਂ ਖ਼ਿਲਾਫ਼ ਇਕਜੁੱਟ ਹੈ। ਉਹ ਕਾਲੇ ਦੌਰ ਨੂੰ ਮੰਨਦੇ ਹਨ, ਪਰ ਸਾਰਾ ਭਾਰਤ ਬੁਰਾ ਨਹੀਂ ਹੈ। ਪੰਜਾਬ ਵਿੱਚ 2002 ਅਤੇ 1980 ਦੇ ਦਹਾਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ। ਅੰਦਰੂਨੀ ਅਤੇ ਬਾਹਰੀ ਸਰੋਤਾਂ ਤੋਂ ਸੁਰੱਖਿਆ ਅਸਥਿਰਤਾ ਜਾਰੀ ਰਹੇਗੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਖਾਲਿਸਤਾਨ ਨਹੀਂ ਹੋਵੇਗਾ, ਸਗੋਂ ਸੱਤਾ ਦੇ ਭੁੱਖੇ ਵਿਅਕਤੀਆਂ ਦੁਆਰਾ ਨਿਯੰਤਰਿਤ ਖਾਲਿਸਤਾਨ ਹੋਵੇਗਾ। ਪਾਕਿਸਤਾਨ ਨੂੰ ਲਗਾਤਾਰ ਖ਼ਤਰਾ ਹੈ। ਜੇਕਰ ਪਾਕਿਸਤਾਨੀ ਫੌਜ ਆਪਣੇ ਆਧੁਨਿਕ ਹਥਿਆਰਾਂ ਨਾਲ ਪੰਜਾਬ 'ਤੇ ਹਮਲਾ ਕਰਦੀ ਹੈ ਤਾਂ ਕੀ ਹੋਵੇਗਾ? ਕੀ ਖਾਲਿਸਤਾਨ ਦਾ ਮੌਕਾ ਮਿਲ ਸਕਦਾ ਹੈ? ਸ਼ਾਇਦ ਕਦੇ ਨਹੀਂ !

ਸੁਰਜੀਤ ਸਿੰਘ ਫਲੋਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News