ਸਾਕਾ ਸਰਹਿੰਦ: ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ

Tuesday, Dec 27, 2022 - 10:40 PM (IST)

ਸਾਕਾ ਸਰਹਿੰਦ: ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ

ਫਤਹਿਗੜ੍ਹ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿਥੇ ਕਿ ਸਿੱਖਾਂ ਦਾ ਕਰਬਲਾ ਮੰਨਿਆ ਜਾਂਦਾ ਸਾਕਾ ਵਾਪਰਿਆ। ਇਹ ਧਰਤੀ ਗ਼ਵਾਹ ਹੈ ਮੁਗਲ ਸਰਕਾਰ ਦੇ ਜ਼ੁਲਮ ਦੀ ਇੰਤਹਾ ਦਾ। ਇਸ ਧਰਤੀ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਆਪਣੀ ਪਿਆਰੀ ਦਾਦੀ ਮਾਤਾ ਗੁਜਰੀ ਜੀ ਸਮੇਤ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਦੁਨੀਆਂ ਦੇ ਇਤਿਹਾਸ ਵਿਚ ਨਵਾਂ ਰਿਕਾਰਡ ਕਾਇਮ ਕਰ ਗਏ ਅਤੇ ਆਪਣੇ ਦਾਦੇ ਤੇ ਪੜਦਾਦੇ ਵਾਂਗ ਜ਼ੁਲਮ ਅੱਗੇ ਨਾ ਝੁਕਣ ਸਗੋਂ ਡੱਟ ਕੇ ਮੁਕਾਬਲਾ ਕਰਨ ਦੀ ਮਿਸਾਲ ਪੇਸ਼ ਕਰ ਗਏ। ਭਗਤ ਕਬੀਰ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਵਿੱਤਰ ਫੁਰਮਾਨ ਹੈ:-

‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’’ 

ਇਸ ਦੇ ਨਾਲ ਹੀ ਭਗਤ ਕਬੀਰ ਜੀ ਨੇ ਮੌਤ ਨੂੰ ਪਰਮੇਸ਼ਰ ਨਾਲ ਮਿਲਣ ਦਾ ਰਸਤਾ ਦੱਸਦਿਆਂ ਬੜੇ ਗੁਹਜ ਸ਼ਬਦਾਂ ਵਿਚ ਕਿਹਾ ਹੈ:- 

‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ॥’’

ਜਦੋਂ ਅਸੀਂ ਫਤਹਿਗੜ੍ਹ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਕਦਮ ਸਾਡੇ ਜ਼ਹਿਨ ਵਿਚ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਲਖਤਿ ਜਿਗਰ ਸਾਹਿਬਜ਼ਾਦਾ ਫਤਹਿ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਗੁਰੂ ਸਾਹਿਬ ਦੀ ਮਾਤਾ ਗੁਜਰੀ ਜੀ ਦੀ ਯਾਦ ਆ ਜਾਂਦੀ ਹੈ। ਇਹ ਅਸਥਾਨ ਗ਼ਵਾਹ ਹੈ ਉਨ੍ਹਾਂ ਇਤਿਹਾਸਕ ਪਲਾਂ ਦਾ ਜਦੋਂ ਛੋਟੀ-ਛੋਟੀ ਉਮਰ ਦੇ ਬੱਚਿਆਂ ਨੇ ਦੇਸ਼ ਦੀ ਹਕੂਮਤ ਅੱਗੇ ਸਿਰ ਨਾ ਝੁਕਾਇਆ, ਨਾ ਹੀ ਈਨ ਮੰਨੀ ਅਤੇ ਨਾ ਹੀ ਉਨ੍ਹਾਂ ਦੀ ਕੋਈ ਗੱਲ ਮੰਨਣ ਵਿਚ ਰੂਚੀ ਦਿਖਾਈ। ਇਸਲਾਮ ਦੇ ਪ੍ਰਚਾਰਕ ਸਿੱਖ ਧਰਮ ਨੂੰ ਬਹੁਤ ਕੌੜੀ ਨਿਗਾਹ ਨਾਲ ਵੇਖਦੇ ਸਨ, ਇਹੋ ਕਾਰਨ ਸੀ ਕਿ ਉਹ ਤਲਵਾਰ ਦੇ ਜ਼ੋਰ ਨਾਲ ਸਾਰਿਆਂ ਨੂੰ ਇਕੋ ਝੰਡੇ ਹੇਠ ਇਕੱਠਾ ਕਰਨਾ ਚਾਹੁੰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਇਸੇ ਜ਼ਬਰ ਦੇ ਵਿਰੁੱਧ ਆਪਣਾ ਸੀਸ ਦੇਸ਼ ਤੋਂ ਵਾਰਿਆ ਸੀ, ਕਿਉਂਕਿ ਔਰੰਗਜੇਬ ਤੇ ਉਸ ਦੇ ਇਸਲਾਮੀ ਪ੍ਰਚਾਰਕ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਗੁਰੂ ਹੁੰਦਿਆਂ ਪੂਰੀ ਦੁਨੀਆਂ ਦਾ ਰਹਿਬਰ ਬਣਕੇ ਸਾਰੀ ਸ੍ਰਿਸ਼ਟੀ ਦੇ ਧਰਮ ’ਤੇ ਚਾਦਰ ਪਾਈ ਅਤੇ ਜ਼ਬਰੀ ਧਰਮ ਪਰਿਵਰਤਨ ਨੂੰ ਰੋਕਿਆ।

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ’ਚੋਂ ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਮੱਘਰ ਸੁਦੀ 3 ਸੰਮਤ 1753 ਨੂੰ ਅਤੇ ਬਾਬਾ ਫਤਹਿ ਸਿੰਘ ਜੀ ਦਾ ਪ੍ਰਕਾਸ਼ ਫੱਗਣ ਸੁਦੀ 7 ਸੰਮਤ 1755 ਨੂੰ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ। ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਦੋਂ ਮੁਗਲ ਸੈਨਾ ਅਤੇ ਬਾਈਧਾਰ ਦੇ ਰਾਜਿਆਂ ਨੇ ਇਕੱਠੇ ਹੋ ਕੇ ਕਿਲੇ ਨੂੰ ਘੇਰਾ ਪਾ ਲਿਆ ਤਾਂ ਇਹ ਘੇਰਾ ਕਾਫੀ ਲੰਬਾ ਹੋ ਗਿਆ। ਅਜਿਹੇ ਵਿਚ ਬਾਹਰੋਂ ਰਾਸ਼ਨ ਪਾਣੀ ਆਉਣਾ ਬੰਦ ਹੋ ਗਿਆ ਅਤੇ ਸਿੰਘਾਂ ਨੂੰ ਦਰਖਤਾਂ ਦੇ ਪੱਤੇ ਅਤੇ ਛਿੱਲ ਤੱਕ ਖਾ ਕੇ ਗੁਜਾਰਾ ਕਰਨਾ ਪਿਆ। ਸਿੰਘਾਂ ਨੇ ਗੁਰੂ ਜੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਜੀ ਕਿਲਾ ਛੱਡ ਦੇਣ, ਕਿਉਂਕਿ ਬਾਹਰੋਂ ਮੁਗਲ ਸੈਨਾ ਅਤੇ ਪਹਾੜੀ ਰਾਜੇ ਵਾਰ-ਵਾਰ ਆਖ ਰਹੇ ਸਨ ਕਿ ਜੇਕਰ ਗੁਰੂ ਜੀ ਕਿਲਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ ਅਤੇ ਇਥੋਂ ਨਿਕਲ ਜਾਣ ਦਾ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ। ਅਖੀਰ ਗੁਰੂ ਜੀ ਨੇ ਸਿੰਘਾਂ ਦੇ ਵਾਰ-ਵਾਰ ਅਪੀਲ ਕਰਨ ’ਤੇ ਕਿਲਾ ਛੱਡ ਦਿੱਤਾ ਅਤੇ ਉਹ ਹੋਇਆ, ਜਿਸ ਦਾ ਡਰ ਸੀ। ਦੁਸ਼ਮਣਾਂ ਨੇ ਆਪਣੀਆਂ ਕਸਮਾਂ, ਸੌਗੰਧਾਂ ਤੋੜਦੇ ਹੋਏ ਗੁਰੂ ਜੀ ਦੀ ਵਹੀਰ ’ਤੇ ਹਮਲਾ ਕਰ ਦਿੱਤਾ। 

‘‘ਤਾਰੋਂ ਕੀ ਛਾਓਂ ਕਿਲਾ ਸੇ ਸਤਗੁਰ ਰਵਾਂ ਹੁਏ।
ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੁਏ।
ਆਗੇ ਲਿਏ ਨਿਸ਼ਾਂ ਕਈ ਸ਼ੇਰੇ ਯਿਆਂ ਹੁਏ।
ਕੁਝ ਪੀਛੇ ਜਾਂ-ਨਿਸਾਰ ਗੁਰੂ ਦਰਮਿਯਾਂ ਹੁਏ।
ਚਾਰੋਂ ਪਿਸਰ ਹੁਜ਼ੂਰ ਕੇ ਹਮਰਾਹ ਸਵਾਰ ਥੇ।
ਜ਼ੋਰ-ਆਵਰ ਔਰ ਫ਼ਤਹ, ਅਜੀਤ ਔਰ ਜੁਝਾਰ ਥੇ।’’

ਸਰਸਾ ਨਦੀ ਦੇ ਕਿਨਾਰੇ ਆ ਕੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਹੋਰ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਨੂੰ ਚਲੇ ਗਏ। ਦੂਜੇ ਪਾਸੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਇਕ ਰਸੋਈਆ ਗੰਗੂ ਆਪਣੇ ਨਾਲ ਆਪਣੇ ਪਿੰਡ ਸਹੇੜੀ ਵੱਲ ਲੈ ਗਿਆ। ਇਤਿਹਾਸ ਦੱਸਦਾ ਹੈ ਕਿ ਗੰਗੂ ਦਾ ਮਨ ਬੇਈਮਾਨ ਹੋ ਗਿਆ। ਜੋਗੀ ਜੀ ਲਿਖਦੇ ਹਨ:-

‘‘ਮਾਤਾ ਕੇ ਸਾਥ ਡੱਬਾ ਥਾ ਇਕ ਜ਼ੇਵਰਾਤ ਕਾ।
ਲਲਚਾ ਜਿਸੇ ਥਾ ਦੇਖ ਕੇ ਜੀ ਬਦ-ਸਿਫ਼ਾਤ ਕਾ।
ਕਹਤੇ ਹੈਂ ਜਬ ਕਿ ਵਕਤ ਹੁਆ ਆਧੀ ਰਾਤ ਕਾ।
ਜੀ ਮੇਂ ਕਿਯਾ ਨਾ ਖੌਫ਼ ਕੁਝ ਆਕਾ ਕੀ ਮਾਤ ਕਾ।
ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉੜਾ ਗਯਾ।
ਧੋਕੇ ਸੇ ਬਰਹਮਨ ਵੁਹ ਖ਼ਜ਼ਾਨਾ ਚੁਰਾ ਗਯਾ।’’

ਉਸ ਨੇ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਵੇਖ ਲਈ ਜੋ ਕਿ ਰਾਤ ਵੇਲੇ ਉਸ ਨੇ ਚੋਰੀ ਕਰ ਲਈ। ਜਦੋਂ ਮਾਤਾ ਜੀ ਨੇ ਸਵੇਰ ਵੇਲੇ ਉਸ ਕੋਲੋਂ ਮੋਹਰਾਂ ਬਾਬਤ ਪੁੱਛਿਆ ਤਾਂ ਉਹ ਸਾਫ ਹੀ ਮੁਕਰ ਗਿਆ, ਉਲਟਾ ਸ਼ੋਰ ਮਚਾਉਣ ਲੱਗ ਪਿਆ ਕਿ ਇਕ ਤਾਂ ਉਸ ਨੇ ਬਾਦਸ਼ਾਹ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ, ਦੂਜਾ ਉਸ ’ਤੇ ਚੋਰੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਉਸ ਨੇ ਮੋਰਿੰਡਾ ਥਾਣੇ ਵਿਖੇ ਪਹੁੰਚ ਕੇ ਜਾਨੀ ਖ਼ਾਂ ਤੇ ਮਾਨੀ ਖ਼ਾਂ ਕੋਲ ਮੁਖਬਰੀ ਕਰ ਦਿੱਤੀ ਅਤੇ ਦੋਵੇਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। 

ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡਾ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਅੱਗੇ ਸਰਹਿੰਦ ਵਿਖੇ ਸੂਬਾ ਵਜ਼ੀਰ ਖ਼ਾਂ ਕੋਲ ਭੇਜ ਦਿੱਤਾ ਗਿਆ। ਵਜ਼ੀਰ ਖ਼ਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਇਹ ਗੱਲ 9 ਪੋਹ ਸੰਮਤ 1761 ਬਿਕਰਮੀ ਦੀ ਹੈ। 10 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ ਵਿਚ ਪੇਸ਼ ਕੀਤਾ ਜਾਣਾ ਸੀ। ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦੇ-ਪੜਦਾਦੇ ਅਤੇ ਬਾਕੀ ਗੁਰੂ ਸਾਹਿਬਾਨ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਆਪਣੇ ਧਰਮ ਤੋਂ ਨਹੀਂ ਡੋਲਣਾ। ਜੋਗੀ ਜੀ ਲਿਖਦੇ ਹਨ:-

‘‘ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ।’’

ਸੂਬੇ ਨੇ ਉਨ੍ਹਾਂ ਨੂੰ ਦੀਨ ਕਬੂਲ ਕਰਨ ਲਈ ਕਿਹਾ, ਪਰ ਸਾਹਿਬਜ਼ਾਦਿਆਂ ਨੇ ਉਸ ਨੂੰ ਕੜਕ ਕੇ ਜਵਾਬ ਦੇ ਦਿੱਤਾ। ਸਾਰਿਆਂ ਨੇ ਬਹੁਤ ਜ਼ੋਰ ਲਗਾਇਆ ਕਿ ਕਿਸੇ ਨਾ ਕਿਸੇ ਤਰੀਕੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾ ਦਿੱਤਾ ਜਾਵੇ, ਪਰ ਸਾਹਿਬਜ਼ਾਦੇ ਉਨ੍ਹਾਂ ਕੋਲੋਂ ਬਿਲਕੁਲ ਵੀ ਡਰੇ ਨਹੀਂ। ਅਗਲੇ ਦਿਨ ਫਿਰ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਫੇਰ ਨਾਂਹ ਕਰ ਦਿੱਤੀ। ਸਾਹਿਬਜ਼ਾਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ, ਪਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ, ਇਸ ਲਈ ਕੋਈ ਵੀ ਲਾਲਚ ਉਨ੍ਹਾਂ ਨੂੰ ਡੁਲਾ ਨਾ ਸਕਿਆ। 13 ਪੋਹ ਨੂੰ ਸਾਹਿਬਜ਼ਾਦਿਆਂ ਦੀ ਅੰਤਿਮ ਪੇਸ਼ੀ ਹੋਈ, ਪਰ ਸਾਹਿਬਜ਼ਾਦਿਆਂ ਨੇ ਨਾ ਕਿਸੇ ਦਾ ਡਰ ਮੰਨਣਾ ਸੀ ਤੇ ਨਾ ਹੀ ਉਨ੍ਹਾਂ ਮੰਨਿਆ। ਅਖੀਰ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਕੰਧਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ। ਉਸ ਕਚਿਹਰੀ ਵਿਚ ਮੌਜੂਦ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸੂਬੇ ਨੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਬਦਲਾ ਇਨ੍ਹਾਂ ਸਾਹਿਬਜ਼ਾਦਿਆਂ ਕੋਲੋਂ ਲੈ ਲਵੇ, ਪਰ ਸ਼ੇਰ ਮੁਹੰਮਦ ਨੇ ਇਸ ਜ਼ੁਲਮ ਦੇ ਵਿਰੁੱਧ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਇਸਲਾਮ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਸ ਨੇ ਕਿਹਾ ਕਿ ਜੇਕਰ ਬਦਲਾ ਲੈਣਾ ਹੀ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਲਵੇਗਾ। ਜੋਗੀ ਜੀ ਅਨੁਸਾਰ:-

‘‘ਦੋ ਭਾਈ ਸ਼ੇਰ ਖ਼ਾਨ-ਓ-ਖ਼ਿਜ਼ਰ ਖ਼ਾਂ ਪਠਾਨ ਥੇ।
ਮਾਲੇਰ ਕੋਟਲਾ ਕੇ ਜੁ ਮਸ਼ਹੂਰ ਖ਼ਾਨ ਥੇ।
ਇਕ ਰੋਜ਼ ਆ ਕੇ ਰਨ ਮੇਂ ਲੜੇ ਕੁਝ ਜਵਾਨ ਥੇ।
ਗੋਬਿੰਦ ਇਨ ਕੇ ਬਾਪ ਕੀ ਲੈ ਬੈਠੇ ਜਾਨ ਥੇ।
ਨਾਜ਼ਿਮ ਨੇ, ਸੁੱਚਾ ਨੰਦ ਨੇ ਉਨ ਸੇ ਕਹਾ ਕਿ ਲੋ।
ਬਦਲਾ ਪਿਦਰ ਕਾ ਇਨ ਕੇ ਲਹੂ ਕੋ ਬਹਾ ਕੇ ਲੋ।
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਹਮ ਬਾਪ ਸੇ।
ਮਹਿਫੂਜ ਰਖੇ ਹਮ ਕੋ ਖੁਦਾ ਐਸੇ ਪਾਪ ਸੇ।’’

ਵਜ਼ੀਰ ਖ਼ਾਂ ਨੇ ਇਕ ਹੋਰ ਚਾਲ ਚੱਲੀ ਤੇ ਉਸ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਉਹ ਇਥੋਂ ਜਾ ਕੇ ਫੌਜਾਂ ਇਕੱਠੀਆਂ ਕਰਨਗੇ ਅਤੇ ਜ਼ੁਲਮ ਨਾਲ ਲੜਨਗੇ। ਅਖੀਰ ਸੁੱਚਾ ਨੰਦ ਨੇ ਫਿਰ ਵਜ਼ੀਰ ਖ਼ਾਂ ਨੂੰ ਭੜਕਾਇਆ ਅਤੇ ਕਿਹਾ ਕਿ,‘ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਨ੍ਹਾਂ ਨੂੰ ਕਤਲ ਕਰਨਾ ਹੀ ਠੀਕ ਹੈ, ਇਹ ਨਹੀਂ ਮੰਨਣ ਲੱਗੇ।’ 

ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਜਦੋਂ ਸਾਹਿਬਜ਼ਾਦੇ ਸ਼ਾਮ ਵੇਲੇ ਮਾਤਾ ਗੁਜਰੀ ਜੀ ਕੋਲ ਪਹੁੰਚੇ ਤਾਂ ਉਨ੍ਹਾਂ ਮਾਤਾ ਜੀ ਨੂੰ ਸਾਰੀ ਗੱਲ ਦੱਸੀ। ਮਾਤਾ ਜੀ ਆਪਣੇ ਪੋਤਰਿਆਂ ਦੀ ਦਲੇਰੀ ਤੋਂ ਬਹੁਤ ਖੁਸ਼ ਹੋਏ। ਵਜ਼ੀਰ ਖ਼ਾਂ ਦਾ ਇਕ ਕਰਮਚਾਰੀ ਮੋਤੀ ਮਹਿਰਾ ਬਹੁਤ ਰਹਿਮ ਦਿਲ ਸੀ। ਉਸ ਕੋਲ ਕੋਈ ਵੱਡਾ ਰੁਤਬਾ ਤਾਂ ਨਹੀਂ ਸੀ ਕਿ ਉਹ ਸਾਹਿਬਜ਼ਾਦਿਆਂ ਵਿਰੁੱਧ ਹੋ ਰਹੇ ਅਨਿਆਂ ਬਾਰੇ ਸ਼ਰੇਆਮ ਆਪਣੀ ਆਵਾਜ਼ ਬੁਲੰਦ ਕਰ ਸਕਦਾ, ਪਰ ਉਸਨੇ ਆਪਣੀ ਜਾਇਦਾਦ ਤੱਕ ਵੇਚ ਕੇ ਸਿਪਾਹੀਆਂ ਨੂੰ ਰਿਸ਼ਵਤ ਦਿੰਦੇ ਹੋਏ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਰੋਜ਼ਾਨਾ ਰਾਤ ਵੇਲੇ ਚੋਰੀ ਚੋਰੀ ਦੁੱਧ ਪਿਲਾਉਣ ਦਾ ਪ੍ਰਣ ਜ਼ਰੂਰ ਨਿਭਾਇਆ। ਇਹ ਬਹੁਤ ਹੀ ਖਤਰਾ ਮੁੱਲ ਲੈਣ ਵਾਲੀ ਗੱਲ ਸੀ, ਪਰ ਮੋਤੀ ਮਹਿਰਾ ਜੀ ਨੇ ਆਪਣੀ ਜਾਨ ਤਲੀ ’ਤੇ ਧਰ ਕੇ ਇਸ ਗੱਲ ਨੂੰ ਅੰਜਾਮ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਅਦ ਵਿਚ ਮੋਤੀ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਰਾਹੀਂ ਪੀੜ ਦਿੱਤਾ ਗਿਆ। ਸਿੱਖ ਕੌਮ ਮੋਤੀ ਮਹਿਰਾ ਜੀ ਦੀ ਬਹੁਤ ਰਿਣੀ ਹੈ। ਅਖੀਰ ਉਹ ਦਿਨ ਆ ਗਿਆ ਜਦੋਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਿਆ ਜਾਣਾ ਸੀ। ਸਾਹਿਬਜ਼ਾਦੇ ਬਿਲਕੁਲ ਅਡੋਲ ਰਹੇ ਅਤੇ ਵਾਹਿਗੁਰੂ ਦਾ ਜਾਪ ਕਰਦੇ ਰਹੇ। ਜਦੋਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਿਆ ਜਾ ਰਿਹਾ ਸੀ, ਉਸ ਵੇਲੇ ਵਜੀਦ ਖ਼ਾਂ ਨੇ ਫੇਰ ਕਿਹਾ ਕਿ ਆਪਣਾ ਧਰਮ ਬਦਲ ਲਓ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਇਸ ਸਮੇਂ ਦਾ ਵਰਣਨ ਇਉਂ ਕਰਦੇ ਹਨ:-

‘‘ਗੋਡਿਆਂ ਤੋੜੀਂ ਕੰਧ ਜੋ ਆਈ॥ ਚਿਣਦੇ ਜਾਵਣ ਤੁਰਕ ਕਸਾਈ॥
ਜਾਇ ਬਜੀਦਾ ਫੇਰ ਪੁਕਾਰਾ॥ ਹੁਣ ਬੀ ਮੰਨੋ ਹੋਇ ਛੁਟਕਾਰਾ॥’’

ਇਹ ਸੁਣ ਕੇ ਜ਼ੋਰਾਵਰ ਸਿੰਘ ਨੇ ਕਿਹਾ:-
‘‘ਮੌਤ ਅਸਾਨੂੰ ਪਿਆਰੀ ਲੱਗੇ॥ ਧਰਮ ਤਿਆਗਣਾ ਕਾਤੀ ਵੱਗੇ॥’’
ਵਜੀਦ ਖ਼ਾਂ ਝੂੰਜਲਾ ਕੇ ਰਹਿ ਗਿਆ। ਉਸਨੂੰ ਆਪਣੇ ਅੰਦਰੋਂ ਡਰ ਵੱਢ ਵੱਢ ਖਾ ਰਿਹਾ ਸੀ ਤੇ ਇਸ ਦਾ ਗੁੱਸਾ ਉਸਨੇ ਇਨ੍ਹਾਂ ਛੋਟੇ ਛੋਟੇ ਬੱਚਿਆਂ ’ਤੇ ਕੱਢਿਆ। ਉਸਨੇ ਕੰਧਾਂ ’ਚ ਚਿਣਨ ਤੋਂ ਬਾਅਦ ਬਾਹਰ ਕੱਢ ਕੇ ਛੋਟੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਗਿਆਨੀ ਗਿਆਨ ਸਿੰਘ ਜੀ ਅਨੁਸਾਰ:-

‘‘ਸਾਸਲ ਬੇਗ ਅਰ ਬਾਸਲ ਬੇਗ॥ ਉਭੈ ਜਲਾਦਨ ਖਿਚ ਕੈ ਤੇਗ॥
ਤਿਸਹੀਂ ਠੌਰ ਖਰਿਓਂ ਕੇ ਸੀਸ॥ ਤੁਰਤ ਉਤਾਰੇ ਦੁਸ਼ਟੈ ਰੀਸ॥’’ ਅਤੇ 
‘‘ਤੇਰਾਂ ਪੋਹ ਥਾ ਮੰਗਲਵਾਰ॥ ਮਚਿਓ ਸ਼ਹਿਰ ਮੈਂ ਹਾਹਾਕਾਰ॥’’

ਇੰਝ ਇਹ ਜ਼ੁਲਮੀ ਕਾਰਾ ਕੀਤਾ ਗਿਆ। ਇਸ ਖੂਨੀ ਸਾਕੇ ਨੂੰ ਸੁਣ ਕੇ ਪੱਥਰ ਤੋਂ ਪੱਥਰ ਦਿਨ ਵੀ ਪੰਘਰ ਜਾਂਦਾ ਹੈ। ਜੋਗੀ ਜੀ ਲਿਖਦੇ ਹਨ:-
‘‘ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।
ਗੱਦੀ ਸੇ ਤਾਜੋ ਤਖਤ ਬਸ ਅਬ ਕੌਮ ਪਾਏਗੀ।
ਦੁਨੀਆ ਸੇ ਜ਼ਾਲਿਮੋ ਕਾ ਨਿਸ਼ਾਂ ਤੱਕ ਮਿਟਾਏਗੀ।’’

ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਾਕੇ ਦਾ ਬਦਲਾ ਸਰਹਿੰਦ ਨੂੰ ਤਹਿਸ ਨਹਿਸ ਕਰਕੇ ਤੇ ਵਜ਼ੀਰ ਖ਼ਾਂ ਨੂੰ ਘੋੜੇ ਪਿੱਛੇ ਸੁਹਾਗੇ ਵਾਂਗ ਬੰਨ੍ਹ ਕੇ ਸਾਰੇ ਸ਼ਹਿਰ ਵਿਚ ਘੜੀਸ ਘੜੀਸ ਕੇ ਮਾਰਦਿਆਂ ਲਿਆ। ਅੱਜ ਲੋੜ ਹੈ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਇਹ ਸਾਕਾ ਦ੍ਰਿੜ੍ਹ ਕਰਵਾਉਣ ਦੀ ਤਾਂ ਜੋ ਪੱਛਮੀ ਸਭਿਅਤਾ ਪਿੱਛੇ ਰੁੜ੍ਹੀ ਜਾ ਰਹੀ ਨਵੀਂ ਪਨੀਰੀ ਨੂੰ ਠੱਲ੍ਹ ਪੈ ਸਕੇ।

ਗੁਰਪ੍ਰੀਤ ਸਿੰਘ ਨਿਆਮੀਆਂ


author

Anmol Tagra

Content Editor

Related News