ਸਿੱਖ ਸੰਘਰਸ਼ ਦੇ ਯੋਧਿਆਂ ਲਈ ਖ਼ਤਰੇ ਦੀ ਘੰਟੀ- ਚੌਕਸ ਹੋਣ ਦੀ ਲੋੜ

Thursday, Jul 18, 2024 - 10:42 AM (IST)

ਸਿੱਖ ਸੰਘਰਸ਼ ਦੇ ਯੋਧਿਆਂ ਲਈ ਖ਼ਤਰੇ ਦੀ ਘੰਟੀ- ਚੌਕਸ ਹੋਣ ਦੀ ਲੋੜ

ਵਿਨੀਪੈੱਗ-  ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਤਾਜ਼ਾ ਸ਼ਹਾਦਤ ਨੇ ਦਿਮਾਗ ਦੀ ਵਰਤੋਂ ਕਰਨ ਵਾਲੇ ਸਿੱਖਾਂ ਲਈ ਇੱਕ ਨਵੀਂ ਫ਼ਿਕਰਮੰਦੀ ਪੈਦਾ ਕੀਤੀ ਹੈ। ਸਾਨੂੰ ਸ਼ਹਾਦਤਾਂ ਦਾ ਇੱਕ ਚਾਅ ਚੜ੍ਹਿਆ ਰਹਿੰਦਾ ਹੈ ਪਰ ਸ਼ਹਾਦਤ ਓਹੀ ਅਖਵਾਉਂਦੀ ਹੈ ਜੋ ਕਿਸੇ ਕੌਮੀ ਕਾਜ਼ ਲਈ ਦਿੱਤੀ ਗਈ ਹੋਵੇ, ਬਿਨਾਂ ਵਜ੍ਹਾ ਗਈ ਕੋਈ ਕੀਮਤੀ ਜਾਨ ਤਾਂ ਇੱਕ ਸਧਾਰਨ ਮੌਤ ਅਖਵਾਉਂਦੀ ਹੈ। ਅੱਜ ਸਾਨੂੰ ਸਿਰ ਜੋੜਕੇ ਸੋਚਣ ਦੀ ਲੋੜ ਹੈ ਕਿ ਆਖਰ ਇੱਕ-ਇੱਕ ਕਰਕੇ ਚੋਣਵੇਂ ਸਿਖਾਂ ਦੀ ਅਹੂਤੀ ਕਿਉਂ ਲਈ ਜਾ ਰਹੀ ਹੈ ਤੇ ਇਸਤੋਂ ਚੌਕਸੀ ਨਾਲ ਕਿਵੇਂ ਬਚਣਾ ਹੈ ? ਖਾਲਸਾ ਜੀ ਦੁਸ਼ਮਣ ਬਹੁਤ ਚਤੁਰ ਅਤੇ ਸਿਆਣਾ ਹੈ ਜੋ ਬਰੀਕੀ ਨਾਲ ਜਾਲ ਬੁਣਕੇ ਬੈਠਾ ਹੈ ਪਰ ਅਸੀਂ ਨਾਅਰੇ/ਜੈਕਾਰੇ ਮਾਰਦੇ ਹੋਏ ਇਸ ਜਾਲ ਵਿਚ ਫਸਕੇ ਕੀਮਤੀ ਜਾਨਾਂ ਗੁਆ ਰਹੇ ਹਾਂ। 

ਪਾਕਿਸਤਾਨ ਜਿਥੇ ਅਸੀਂ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮੰਨਦੇ ਹਾਂ ਭਾਈ ਗਜਿੰਦਰ ਸਿੰਘ ਦੀ ਲਾਹੌਰ ਵਿਚ ਸ਼ਹਾਦਤ ਤੋਂ ਪਹਿਲਾਂ ਭਾਈ ਪੀ.ਐੱਚ.ਡੀ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਲਖਵੀਰ ਸਿੰਘ ਰੋਡੇ ਦੀ ਭੇਦਭਰੀ ਮੌਤ ਤੋਂ ਇਲਾਵਾ ਇੰਗਲੈਂਡ ਵਿਚ ਭਾਈ ਅਵਤਾਰ ਸਿੰਘ ਖੰਡਾ ਦੀ ਅਤੇ ਸਿੱਖ ਸੰਘਰਸ਼ ਦੇ ਮੁਖੀ ਯੋਧੇ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਚ ਗੋਲੀਆਂ ਮਾਰਕੇ ਕੀਤੀ ਹੱਤਿਆ ਸਾਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਆਖਰ ਥੋੜੇ ਹੀ ਸਮੇਂ ਵਿੱਚ ਏਨੀ ਵੱਡੀ ਗਿਣਤੀ ਚ ਸਿੱਖ ਯੋਧਿਆਂ ਦੀ ਸ਼ਹਾਦਤ ਕਿਵੇਂ ਸੰਭਵ ਹੋਈ। ਗੱਲ ਏਥੇ ਹੀ ਨਹੀਂ ਮੁੱਕਦੀ ਅਜੇ ਪਿਛਲੇ ਦਿਨੀਂ ਹੀ ਬਰੈਂਪਟਨ ਵਿਚ ਬਹੁਤ ਵੱਡਾ ਕੌਮੀ ਨੁਕਸਾਨ ਪੁਲਿਸ ਦੀ ਮੁਸਤੈਦੀ ਸਦਕਾ ਟਲ ਗਿਆ ਜਦੋਂ ਬੱਬਰ ਖਾਲਸਾ ਦੇ ਇੱਕ ਆਗੂ ਦੀ ਧੀ ਦੇ ਵਿਆਹ ਸਮਾਗਮ 'ਚ ਇਕੱਤਰ ਹੋਏ ਸੰਘਰਸ਼ ਦੇ ਦਰਜ਼ਨਾਂ ਮੋਢੀਆਂ ਤੇ ਡਰਾਉਣੀ ਗੁਪਤ ਕਾਰਵਾਈ ਹੋਣ ਜਾ ਰਹੀ ਸੀ। ਖੁਦਾ-ਨਾ-ਖਾਸਤਾ ਜੇ ਇਹ੍ਹ ਭਾਣਾ ਵਾਪਰ ਜਾਂਦਾ ਤਾਂ ਇਹ 1984 ਦੇ ਘੱਲੂਘਾਰੇ ਤੋਂ ਬਾਅਦ ਪਹਿਲਾ ਵੱਡਾ ਕੌਮੀ ਨੁਕਸਾਨ ਹੋਣਾ ਸੀ। 

ਖਾਲਸਾ ਜੀ ਸਾਡਾ ਲੂੰ-ਲੂੰ ਸਿੱਖ ਸੰਘਰਸ਼ ਨੂੰ ਸਮਰਪਿਤ ਹੈ ਪਰ ਇੱਕ ਗੱਲ ਵਾਰ-ਵਾਰ ਪ੍ਰੇਸ਼ਾਨ ਕਰ ਰਹੀ ਹੈ ਕਿ ਸਾਡੇ ਵਿੱਚ 'ਡੋਗਰਾ' ਗੱਦਾਰ ਕੌਣ ਹੈ ਜੋ ਭਾਰਤੀ ਹਕੂਮਤ ਨਾਲ ਮਿਲਕੇ ਸਾਜਿਸ਼ਨ ਇਸ ਕੌਮੀ ਸੰਘਰਸ਼ ਨੂੰ ਢਾਹ ਲਗਾ ਰਿਹਾ ਹੈ। ਪਤਾ ਨਹੀਂ ਮੈਂ ਗਲਤ ਵੀ ਹੋ ਸਕਦਾ ਹਾਂ ਪਰ ਮੈਨੂੰ ਖਾਲਿਸਤਾਨ ਦੇ ਨਾਂ ਤੇ ਫੋਕੀ ਬਿਆਨਬਾਜ਼ੀ ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂ ਇੱਕ ਸ਼ੱਕੀ ਕਿਰਦਾਰ ਲੱਗਦਾ ਹੈ ਜੋ ਭਾਰਤੀ ਹਕੂਮਤ ਨਾਲ ਘਿਓ ਖਿਚੜੀ ਹੋਕੇ ਕੌਮ ਦਾ ਨੁਕਸਾਨ ਕਰ ਰਿਹਾ ਹੈ ਕਿਓਂਕਿ ਇਸਦਾ ਭਰਾ ਭਾਰਤ ਵਿਚ ਚੇਅਰਮੈਨੀ ਦਾ ਸੁਖ ਮਾਣ ਰਿਹਾ ਹੈ ਤੇ ਐਲਾਨ ਦੇ ਬਾਵਜੂਦ ਵੀ ਅਜੇ ਤੱਕ ਇਸਦੀ ਜਾਇਦਾਦ ਨੂੰ ਸਰਕਾਰੀ ਕਬਜ਼ੇ ਵਿੱਚ ਨਹੀਂ ਲਿਆ ਗਿਆ, ਜਦੋਂਕਿ ਸ਼ੰਘਰਸ਼ ਦੇ ਹਮਾਇਤੀ ਆਮ ਸਿੱਖਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ। ਖਾਲਸਾ ਜੀ ਸੋਚਿਓ ਕਿਤੇ ਸਾਡੀ ਬੁੱਕਲ ਵਿੱਚ ਸੱਪ ਤਾਂ ਨਹੀਂ ਪਲ ਰਿਹਾ।

ਗੁਰੂ ਪੰਥ ਦਾ ਦਾਸ,
ਨਿਧੜਕ ਸਿੰਘ 'ਬੁੱਧੀਰਾਜਾ'


author

Vandana

Content Editor

Related News